ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 599


ਜੋ ਅੰਤਰਿ ਸੋ ਬਾਹਰਿ ਦੇਖਹੁ ਅਵਰੁ ਨ ਦੂਜਾ ਕੋਈ ਜੀਉ ॥

(ਹੇ ਮੇਰੇ ਮਨ!) ਜੇਹੜਾ ਪ੍ਰਭੂ ਤੇਰੇ ਅੰਦਰ ਵੱਸ ਰਿਹਾ ਹੈ ਉਸ ਨੂੰ ਬਾਹਰ (ਸਾਰੀ ਕੁਦਰਤਿ ਵਿਚ) ਵੇਖ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ।

ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ ਘਟਿ ਘਟਿ ਜੋਤਿ ਸਮੋਈ ਜੀਉ ॥੨॥

ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਇੱਕ ਨੂੰ ਵੇਖਣ ਵਾਲੀ ਨਜ਼ਰ ਬਣਾ (ਫਿਰ ਤੈਨੂੰ ਦਿੱਸ ਪਏਗਾ ਕਿ) ਹਰੇਕ ਸਰੀਰ ਵਿਚ ਪਰਮਾਤਮਾ ਦੀ ਹੀ ਜੋਤਿ ਮੌਜੂਦ ਹੈ ॥੨॥

ਚਲਤੌ ਠਾਕਿ ਰਖਹੁ ਘਰਿ ਅਪਨੈ ਗੁਰ ਮਿਲਿਐ ਇਹ ਮਤਿ ਹੋਈ ਜੀਉ ॥

ਇਸ (ਬਾਹਰ) ਭਟਕਦੇ (ਮਨ) ਨੂੰ ਰੋਕ ਕੇ ਆਪਣੇ ਅੰਦਰ (ਵੱਸਦੇ ਪ੍ਰਭੂ ਵਿਚ) ਹੀ ਟਿਕਾ ਰੱਖ। ਪਰ ਗੁਰੂ ਨੂੰ ਮਿਲਿਆਂ ਹੀ ਇਹ ਅਕਲ ਆਉਂਦੀ ਹੈ।

ਦੇਖਿ ਅਦ੍ਰਿਸਟੁ ਰਹਉ ਬਿਸਮਾਦੀ ਦੁਖੁ ਬਿਸਰੈ ਸੁਖੁ ਹੋਈ ਜੀਉ ॥੩॥

ਮੈਂ ਤਾਂ (ਗੁਰੂ ਦੀ ਕਿਰਪਾ ਨਾਲ) ਉਸ ਅਦ੍ਰਿਸ਼ਟ ਪ੍ਰਭੂ ਨੂੰ (ਸਭ ਵਿਚ ਵੱਸਦਾ) ਵੇਖ ਕੇ ਵਿਸਮਾਦ ਅਵਸਥਾ ਵਿਚ ਅੱਪੜ ਜਾਂਦਾ ਹਾਂ। (ਜੇਹੜਾ ਭੀ ਇਹ ਦੀਦਾਰ ਕਰਦਾ ਹੈ, ਉਸ ਦਾ) ਦੁੱਖ ਮਿਟ ਜਾਂਦਾ ਹੈ ਉਸ ਨੂੰ ਆਤਮਕ ਆਨੰਦ ਮਿਲ ਜਾਂਦਾ ਹੈ ॥੩॥

ਪੀਵਹੁ ਅਪਿਉ ਪਰਮ ਸੁਖੁ ਪਾਈਐ ਨਿਜ ਘਰਿ ਵਾਸਾ ਹੋਈ ਜੀਉ ॥

ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਉ, (ਇਹ ਨਾਮ-ਰਸ ਪੀਤਿਆਂ) ਸਭ ਤੋਂ ਉੱਚਾ ਆਤਮਕ ਆਨੰਦ ਮਿਲਦਾ ਹੈ, ਅਤੇ ਆਪਣੇ ਘਰ ਵਿਚ ਟਿਕਾਣਾ ਹੋ ਜਾਂਦਾ ਹੈ (ਭਾਵ, ਸੁਖਾਂ ਦੀ ਖ਼ਾਤਰ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ)।

ਜਨਮ ਮਰਣ ਭਵ ਭੰਜਨੁ ਗਾਈਐ ਪੁਨਰਪਿ ਜਨਮੁ ਨ ਹੋਈ ਜੀਉ ॥੪॥

ਜਨਮ ਮਰਨ ਦਾ ਚੱਕ੍ਰ ਨਾਸ ਕਰਨ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, (ਇਸ ਤਰ੍ਹਾਂ) ਮੁੜ ਮੁੜ ਜਨਮ (ਮਰਨ) ਨਹੀਂ ਹੁੰਦਾ ॥੪॥

ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ ॥

ਪਰਮਾਤਮਾ ਸਾਰੇ ਜਗਤ ਦਾ ਅਸਲਾ ਹੈ (ਆਪ) ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਪ੍ਰਭੂ ਪਾਰਬ੍ਰਹਮ ਪਰੇ ਤੋਂ ਪਰੇ ਹੈ ਸਭ ਤੋਂ ਵੱਡਾ ਮਾਲਕ ਹੈ।

ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ॥੫॥੧੧॥

ਹੇ ਨਾਨਕ! ਜੋ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ ਉਸ ਨੂੰ (ਇਹ ਦਿੱਸ ਪੈਂਦਾ ਹੈ ਕਿ) ਉਸ ਪ੍ਰਭੂ ਦੀ ਜੋਤਿ ਹਰ ਥਾਂ ਸੋਭ ਰਹੀ ਹੈ (ਤੇ ਉਸ ਦੀ ਵਿਆਪਕਤਾ ਵਿਚ ਕਿਤੇ) ਕੋਈ ਵਿੱਥ ਵਿਤਕਰਾ ਨਹੀਂ ਹੈ ॥੫॥੧੧॥

ਸੋਰਠਿ ਮਹਲਾ ੧ ਘਰੁ ੩ ॥

ਰਾਗ ਸੋਰਠਿ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਾ ਤਿਸੁ ਭਾਵਾ ਤਦ ਹੀ ਗਾਵਾ ॥

(ਹੇ ਮੇਰੇ ਮਨ!) ਜਦੋਂ ਮੈਂ ਉਸ ਪ੍ਰਭੂ ਨੂੰ ਚੰਗਾ ਲੱਗਦਾ ਹਾਂ (ਭਾਵ, ਜਦੋਂ ਉਹ ਮੇਰੇ ਉਤੇ ਖ਼ੁਸ਼ ਹੁੰਦਾ ਹੈ) ਤਦੋਂ ਹੀ ਮੈਂ ਉਸ ਦੀ ਸਿਫ਼ਤ-ਸਾਲਾਹ ਕਰ ਸਕਦਾ ਹਾਂ,

ਤਾ ਗਾਵੇ ਕਾ ਫਲੁ ਪਾਵਾ ॥

ਤਦੋਂ ਹੀ (ਭਾਵ, ਉਸ ਦੀ ਮੇਹਰ ਨਾਲ ਹੀ) ਮੈਂ ਸਿਫ਼ਤ-ਸਾਲਾਹ ਕਰਨ ਦਾ ਫਲ ਪ੍ਰਾਪਤ ਕਰ ਸਕਦਾ ਹਾਂ।

ਗਾਵੇ ਕਾ ਫਲੁ ਹੋਈ ॥

ਸਿਫ਼ਤ-ਸਾਲਾਹ ਕਰਨ ਦਾ ਜੋ ਫਲ ਹੈ (ਕਿ ਸਦਾ ਉਸ ਦੇ ਚਰਨਾਂ ਵਿਚ ਲੀਨ ਰਹਿ ਸਕੀਦਾ ਹੈ, ਇਹ ਭੀ ਤਦੋਂ ਹੀ ਮਿਲਦਾ ਹੈ)

ਜਾ ਆਪੇ ਦੇਵੈ ਸੋਈ ॥੧॥

ਜਦੋਂ ਉਹ ਪ੍ਰਭੂ ਆਪ ਹੀ ਦੇਂਦਾ ਹੈ ॥੧॥

ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥

ਹੇ ਮੇਰੇ ਮਨ! ਜਿਸ ਮਨੁਖ ਨੇ ਗੁਰੂ ਦੇ ਬਚਨਾਂ ਤੇ ਤੁਰ ਕੇ (ਸਿਫ਼ਤ-ਸਾਲਾਹ ਦਾ) ਖ਼ਜ਼ਾਨਾ ਲੱਭ ਲਿਆ,

ਤਾ ਤੇ ਸਚ ਮਹਿ ਰਹਿਆ ਸਮਾਈ ॥ ਰਹਾਉ ॥

ਉਹ ਉਸ (ਖ਼ਜ਼ਾਨੇ) ਦੀ ਬਰਕਤਿ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਸਦਾ ਟਿਕਿਆ ਰਹਿੰਦਾ ਹੈ। ਰਹਾਉ॥

ਗੁਰ ਸਾਖੀ ਅੰਤਰਿ ਜਾਗੀ ॥

ਜਦੋਂ ਜਿਸ ਮਨੁੱਖ ਦੇ ਅੰਦਰ ਸਤਿਗੁਰੂ ਦੀ (ਸਿਫ਼ਤ-ਸਾਲਾਹ ਕਰਨ ਦੀ ਸਿੱਖਿਆ ਦੀ) ਜੋਤਿ ਜਗ ਪੈਂਦੀ ਹੈ,

ਤਾ ਚੰਚਲ ਮਤਿ ਤਿਆਗੀ ॥

ਤਦੋਂ ਉਹ ਮਨੁੱਖ ਉਹ ਮੱਤ ਛੱਡ ਦੇਂਦਾ ਹੈ ਜੋ ਮਾਇਆ ਪਿਛੇ ਭਟਕਣ ਵਲ ਪਾਈ ਰੱਖਦੀ ਹੈ।

ਗੁਰ ਸਾਖੀ ਕਾ ਉਜੀਆਰਾ ॥

ਜਦੋਂ (ਮਨੁੱਖ ਦੇ ਅੰਦਰ) ਗੁਰੂ ਦੇ ਉਪਦੇਸ਼ ਦਾ (ਆਤਮਕ) ਚਾਨਣ ਹੁੰਦਾ ਹੈ,

ਤਾ ਮਿਟਿਆ ਸਗਲ ਅੰਧੵਾਰਾ ॥੨॥

ਤਦੋਂ ਉਸ ਦੇ ਅੰਦਰੋਂ (ਅਗਿਆਨਤਾ ਵਾਲਾ) ਸਾਰਾ ਹਨੇਰਾ ਦੂਰ ਹੋ ਜਾਂਦਾ ਹੈ ॥੨॥

ਗੁਰ ਚਰਨੀ ਮਨੁ ਲਾਗਾ ॥

ਜਦੋਂ ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜਦਾ ਹੈ,

ਤਾ ਜਮ ਕਾ ਮਾਰਗੁ ਭਾਗਾ ॥

ਤਦੋਂ ਉਸ ਮਨੁੱਖ ਦਾ ਉਹ ਜੀਵਨ-ਰਸਤਾ ਖ਼ਤਮ ਹੋ ਜਾਂਦਾ ਹੈ ਜਿਸ ਤੇ ਤੁਰਿਆਂ ਆਤਮਕ ਮੌਤ ਹੋ ਰਹੀ ਸੀ।

ਭੈ ਵਿਚਿ ਨਿਰਭਉ ਪਾਇਆ ॥

ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਜਦੋਂ ਮਨੁੱਖ ਨਿਰਭਉ ਪ੍ਰਭੂ ਨਾਲ ਮਿਲਾਪ ਹਾਸਲ ਕਰਦਾ ਹੈ,

ਤਾ ਸਹਜੈ ਕੈ ਘਰਿ ਆਇਆ ॥੩॥

ਤਦੋਂ ਉਹ ਅਡੋਲ ਆਤਮਕ ਅਵਸਥਾ ਦੇ ਘਰ ਵਿਚ ਟਿਕ ਜਾਂਦਾ ਹੈ ॥੩॥

ਭਣਤਿ ਨਾਨਕੁ ਬੂਝੈ ਕੋ ਬੀਚਾਰੀ ॥

ਪਰ, ਨਾਨਕ ਆਖਦਾ ਹੈ ਕਿ ਕੋਈ ਵਿਰਲਾ ਵਿਚਾਰਵਾਨ ਹੀ ਸਮਝਦਾ ਹੈ,

ਇਸੁ ਜਗ ਮਹਿ ਕਰਣੀ ਸਾਰੀ ॥

ਕਿ ਇਸ ਜ਼ਿੰਦਗੀ ਵਿਚ (ਪਰਮਾਤਮਾ ਦੀ ਸਿਫ਼ਤ ਹੀ) ਸ੍ਰੇਸ਼ਟ ਕਰਨ-ਜੋਗ ਕੰਮ ਹੈ।

ਕਰਣੀ ਕੀਰਤਿ ਹੋਈ ॥

ਸਿਫ਼ਤ-ਸਾਲਾਹ ਦੀ (ਸ੍ਰੇਸ਼ਟ) ਕਾਰ ਉਦੋਂ ਮਿਲ ਜਾਂਦੀ ਹੈ,

ਜਾ ਆਪੇ ਮਿਲਿਆ ਸੋਈ ॥੪॥੧॥੧੨॥

ਜਦੋਂ ਪ੍ਰਭੂ ਆਪ (ਮੇਹਰ ਕਰ ਕੇ ਜੀਵ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ ॥੪॥੧॥੧੨॥

ਸੋਰਠਿ ਮਹਲਾ ੩ ਘਰੁ ੧ ॥

ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥

ਹੇ ਪ੍ਰਭੂ! ਤੇਰੇ ਜਿਨ੍ਹਾਂ ਸੇਵਕਾਂ ਨੂੰ ਗੁਰੂ ਦੇ ਸ਼ਬਦ ਦਾ ਰਸ ਆ ਜਾਂਦਾ ਹੈ, ਉਹੀ ਸਾਰੇ ਤੇਰੀ ਸੇਵਾ-ਭਗਤੀ ਕਰਦੇ ਹਨ।

ਗੁਰ ਕਿਰਪਾ ਤੇ ਨਿਰਮਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ ॥

ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ।

ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ ॥੧॥

ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ॥੧॥

ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥

ਹੇ ਮੇਰੇ ਮਾਲਕ-ਪ੍ਰਭੂ! ਅਸੀਂ (ਜੀਵ) ਤੇਰੇ ਬੱਚੇ ਹਾਂ, ਤੇਰੀ ਸਰਨ ਆਏ ਹਾਂ।

ਏਕੋ ਸਚਾ ਸਚੁ ਤੂ ਕੇਵਲੁ ਆਪਿ ਮੁਰਾਰੀ ॥ ਰਹਾਉ ॥

ਸਿਰਫ਼ ਇਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ, ਹੇ ਪ੍ਰਭੂ! ਰਹਾਉ॥

ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ ॥

ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਮੁਕਾ ਲੈਂਦੇ ਹਨ, ਉਹ (ਮਾਇਆ ਦੇ ਮੋਹ ਆਦਿਕ ਵਲੋਂ) ਸੁਚੇਤ ਰਹਿੰਦੇ ਹਨ, ਉਹਨਾਂ ਨੇ ਹੀ ਪਰਮਾਤਮਾ ਦਾ ਮਿਲਾਪ ਪ੍ਰਾਪਤ ਕੀਤਾ ਹੈ।

ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥

ਪਰਮਾਤਮਾ ਦੇ ਭਗਤ ਗੁਰੂ ਦੇ ਬਖ਼ਸ਼ੇ ਅਸਲ ਗਿਆਨ ਦੀ ਰਾਹੀਂ ਵਿਚਾਰਵਾਨ ਹੋ ਕੇ ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਮਾਇਆ ਵਲੋਂ ਵਿਰਕਤ ਰਹਿੰਦੇ ਹਨ।

ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਾਖਿਆ ਉਰ ਧਾਰੀ ॥੨॥

ਉਹ ਭਗਤ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ ਆਤਮਕ ਆਨੰਦ ਮਾਣਦੇ ਹਨ, ਤੇ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ ॥੨॥

ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ ॥

ਇਹ ਅੱਲ੍ਹੜ ਮਨ ਮਾਇਆ ਦੇ ਮੋਹ ਵਿਚ ਫਸ ਕੇ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਤੇ, (ਜੀਵਨ ਦੇ ਸਹੀ ਰਸਤੇ ਤੋਂ) ਖੁੰਝਿਆ ਰਹਿੰਦਾ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430