ਜਿਨ੍ਹਾਂ ਸਾਰੇ ਸਿੱਧਾਂ ਨੇ, ਸਾਧਿਕਾਂ ਨੇ, ਮੁਨੀਆਂ ਨੇ ਆਪਣੇ ਮਨ ਵਿਚ (ਗੁਰੂ-ਚਰਨਾਂ ਵਿਚ) ਸਰਧਾ ਬਣਾ ਕੇ ਪਰਮਾਤਮਾ ਦਾ ਧਿਆਨ ਧਾਰਿਆ,
ਗੁਰੂ ਨੇ ਉਹਨਾਂ ਨੂੰ ਉਹ ਅਲੱਖ ਹਰੀ ਉਸ ਅਪਰੰਪਰ ਪਾਰਬ੍ਰਹਮ ਸੁਆਮੀ (ਅੰਦਰ-ਵੱਸਦਾ) ਵਿਖਾ ਦਿੱਤਾ ॥੧॥ ਰਹਾਉ ॥
ਅਸੀਂ ਜੀਵ ਨੀਵੇਂ ਤੇ ਹੌਲੇ ਮੇਲ ਦੇ ਕੰਮ ਹੀ ਕਰਦੇ ਰਹਿੰਦੇ ਹਾਂ, ਕਦੇ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਨਹੀਂ ਕਰਦੇ।
ਪਰਮਾਤਮਾ ਨੇ ਜਿਸ ਨੂੰ ਗੁਰੂ ਲਿਆ ਕੇ ਮਿਲਾ ਦਿੱਤਾ, ਗੁਰੂ ਨੇ ਉਸ ਨੂੰ ਇਕ ਖਿਨ ਵਿਚ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦਿਵਾ ਦਿੱਤੀ ॥੧॥
ਪ੍ਰਭੂ ਨੇ ਜਿਸ ਮਨੁੱਖ ਦੇ ਮੱਥੇ ਉਤੇ (ਗੁਰੂ-ਮਿਲਾਪ ਦਾ) ਲੇਖ ਲਿਖ ਦਿੱਤਾ, ਉਸ ਨੇ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਵਿਚ ਸੁਰਤ ਜੋੜ ਲਈ;
ਜਿਸ ਪਰਮਾਤਮਾ ਦੀ ਹਜ਼ੂਰੀ ਵਿਚ ਹਰ ਵੇਲੇ (ਮਾਨੋ) ਪੰਜਾਂ ਕਿਸਮਾਂ ਦੇ ਸਾਜ਼ਾਂ ਦਾ ਰਾਗ ਹੋ ਰਿਹਾ ਹੈ (ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਨੂੰ ਉਹ ਪਰਮਾਤਮਾ ਮਿਲ ਪਿਆ, ਉਹ ਮਨੁੱਖ ਸਦਾ ਸਿਫ਼ਤ-ਸਾਲਾਹ ਦਾ ਗੀਤ ਹੀ ਗਾਂਦਾ ਰਹਿੰਦਾ ਹੈ ॥੨॥
ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਭੀ ਪਵਿੱਤਰ ਕਰਨ ਵਾਲਾ ਹੈ, ਪਰ ਬਦ-ਕਿਸਮਤ ਬੰਦਿਆਂ ਨੂੰ ਹਰਿ-ਨਾਮ ਪਿਆਰਾ ਨਹੀਂ ਲੱਗਦਾ।
ਜਿਵੇਂ ਲੂਣ ਪਾਣੀ ਵਿਚ ਪਿਆ ਹੋਇਆ ਗਲ ਜਾਂਦਾ ਹੈ, ਤਿਵੇਂ ਉਹ (ਮੰਦ-ਭਾਗੀ) ਬੰਦੇ (ਨਾਮ-ਹੀਣ ਰਹਿ ਕੇ) ਅਨੇਕਾਂ ਜੂਨਾਂ ਵਿਚ ਗਾਲੇ ਜਾਂਦੇ ਹਨ ॥੩॥
ਹੇ ਹਰੀ! ਹੇ ਅਪਹੁੰਚ ਪ੍ਰਭੂ! ਹੇ ਠਾਕੁਰ! ਮੈਨੂੰ ਅਜਿਹੀ ਮੱਤ ਦੇਹ ਕਿ ਮੈਂ ਗੁਰੂ ਦੇ ਚਰਨਾਂ ਵਿਚ ਆਪਣਾ ਮਨ ਜੋੜੀ ਰੱਖਾਂ,
ਹੇ ਦਾਸ ਨਾਨਕ! (ਬੇਨਤੀ ਕਰ ਕਿ ਗੁਰੂ ਦੀ ਕਿਰਪਾ ਨਾਲ) ਮੈਂ ਹਰਿ-ਨਾਮ ਵਿਚ ਹੀ ਜੁੜਿਆ ਰਹਾਂ, ਮੈਂ ਹਰਿ-ਨਾਮ ਵਿਚ ਹੀ ਲੀਨ ਰਹਾਂ ॥੪॥੩॥
ਮੇਰਾ ਮਨ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਹਰਿ-ਨਾਮ ਦੇ ਸੁਆਦ ਵਿਚ ਮਗਨ ਰਹਿੰਦਾ ਹੈ।
(ਮੈਨੂੰ ਗੁਰੂ ਮਿਲਿਆ ਹੈ ਮੇਰੇ (ਹਿਰਦੇ-) ਕੌਲ ਫੁੱਲ ਦਾ ਖਿੜਾਉ ਹੋ ਗਿਆ ਹੈ, ਮੈਂ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ, ਤੇ (ਮੇਰੇ ਅੰਦਰੋਂ) ਹਰੇਕ ਕਿਸਮ ਦੀ ਭਟਕਣ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ਹੈ ॥੧॥ ਰਹਾਉ ॥
ਗੁਰੂ ਦੀ ਮੱਤ ਦੀ ਬਰਕਤਿ ਨਾਲ ਮੇਰਾ ਸੁੱਤਾ ਹੋਇਆ ਮਨ ਜਾਗ ਪਿਆ ਹੈ, ਮੇਰਾ ਹਿਰਦਾ ਅਦਬ ਅਤੇ ਪ੍ਰੇਮ ਨਾਲ ਪ੍ਰਭੂ ਦੀ ਭਗਤੀ ਵਿਚ ਲੱਗਾ ਰਹਿੰਦਾ ਹੈ।
ਵੱਡੇ ਭਾਗਾਂ ਨਾਲ ਮੈਂ ਪਰਮਾਤਮਾ ਨੂੰ ਆਪਣੇ ਵਿਚ ਵਸਾ ਲਿਆ ਹੈ, ਹੁਣ ਮੇਰੇ ਸਾਰੇ ਪਾਪ ਨਾਸ ਹੋ ਗਏ ਹਨ ਤੇ ਮੇਰੇ ਅੰਦਰ ਠੰਢ ਵਰਤ ਰਹੀ ਹੈ ॥੧॥
ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਕੱਚੇ ਰੰਗ ਵਾਲਾ ਕਸੁੰਭਾ ਹੀ ਹੈ, ਕਸੁੰਭੇ ਦੇ ਫੁੱਲ ਦਾ ਰੰਗ ਚਾਰ ਦਿਨ ਹੀ ਚੰਗਾ ਰਹਿੰਦਾ ਹੈ।
(ਉਸ ਦੇ ਅੰਦਰੋਂ ਸੁਖ ਇਕ ਖਿਨ ਵਿਚ ਹੀ ਨਾਸ ਹੋ ਜਾਂਦਾ ਹੈ, ਉਹ (ਸਦਾ) ਦੁਖੀ ਰਹਿੰਦਾ ਹੈ, ਸਿਰ ਉੱਤੇ ਧਰਮਰਾਜ ਦਾ ਡੰਡਾ ਕਾਇਮ ਰਹਿੰਦਾ ਹੈ ॥੨॥
ਸਾਧ ਸੰਗਤ ਵਿਚ ਰਹਿ ਕੇ ਗੁਰੂ (ਦੇ ਚਰਨਾਂ) ਨਾਲ ਬਹੁਤ ਗੂੜ੍ਹਾ ਪਿਆਰ ਬਣਦਾ ਹੈ (ਉਹ ਪਿਆਰ ਇਉਂ ਹੀ ਪੱਕਾ ਹੁੰਦਾ ਹੈ) ਜਿਵੇਂ ਮਜੀਠ ਦਾ ਰੰਗ ਬਹੁਤ ਪੱਕਾ ਹੁੰਦਾ ਹੈ, (ਮਜੀਠ ਨਾਲ ਰੰਗੇ ਹੋਏ) ਕੱਪੜੇ ਪਾਟ ਭਾਵੇਂ ਜਾਣ (ਪਰ ਰੰਗ ਨਹੀਂ ਉਤਰਦਾ)।
ਸਰੀਰ-ਕੱਪੜਾ ਨਾਸ ਭਾਵੇਂ ਹੋ ਜਾਏ, ਪਰ ਇਸ ਦਾ ਹਰਿ-ਨਾਮ ਦਾ ਭਾਗਾਂ ਵਾਲਾ ਰੰਗ ਨਹੀਂ ਉਤਰਦਾ ॥੩॥
ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦਾ ਨਾਮ-ਰੰਗ ਚਾੜ੍ਹ ਦੇਂਦਾ ਹੈ, ਉਹ ਮਨੁੱਖ ਹਰਿ-ਨਾਮ ਦੇ ਗੂੜ੍ਹੇ ਰੰਗ ਵਿਚ ਰੰਗਿਆ ਰਹਿੰਦਾ ਹੈ (ਲੋਕ ਪਰਲੋਕ ਵਿਚ ਉਹ) ਸੋਭਾ (ਖੱਟਦਾ ਹੈ)।
ਜਿਹੜਾ ਜਿਹੜਾ ਸੇਵਕ-ਭਗਤ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਦਾਸ ਨਾਨਕ ਉਹਨਾਂ ਦੇ ਚਰਨ ਧੋਂਦਾ ਹੈ ॥੪॥੪॥
ਹੇ ਮੇਰੇ ਮਨ! ਜਗਤ ਦੇ ਪਾਲਣਹਾਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ।
(ਨਾਮ ਜਪਣ ਦੀ ਬਰਕਤਿ ਨਾਲ ਹੀ) ਮੇਰਾ ਮਨ ਮੇਰਾ ਤਨ (ਭਾਵ, ਸਾਰੇ ਗਿਆਨ ਇੰਦ੍ਰੇ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ, ਮੇਰੀ ਮੱਤ ਗੁਰੂ ਦੀ ਮੱਤ ਵਿਚ ਲੀਨ ਹੋ ਗਈ ਹੈ, ਪਰਮਾਤਮਾ ਮੈਨੂੰ ਸਾਰੇ ਰਸਾਂ ਦਾ ਖ਼ਜ਼ਾਨਾ ਦਿੱਸ ਰਿਹਾ ਹੈ ॥੧॥ ਰਹਾਉ ॥
ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ, ਮਨ ਵਿਚ ਹਰੀ ਦਾ ਜਾਪ ਜਪਣਾ ਚਾਹੀਦਾ ਹੈ।
ਜਗਤ ਦਾ ਮਾਲਕ ਪ੍ਰਭੂ ਉਹਨਾਂ ਬੰਦਿਆਂ ਨੂੰ (ਹੀ) ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਇਹ ਲੇਖ ਲਿਖਿਆ ਹੁੰਦਾ ਹੈ ॥੧॥
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੇ ਸਾਰੇ ਮਾਇਕ ਬੰਧਨ ਮੁੱਕ ਗਏ।
(ਆਤਮਕ) ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ, ਗੁਰੂ ਨੇ ਉਹਨਾਂ ਨੂੰ ਬਚਾ ਲਿਆ, ਪਰਮਾਤਮਾ (ਆਪ ਉਹਨਾਂ ਦਾ) ਰਾਖਾ ਬਣਿਆ ॥੨॥
ਅਸੀਂ ਜੀਵ ਤਾਂ ਬੱਚੇ ਹਾਂ (ਅਸੀਂ ਆਪਣਾ ਹਾਣ ਲਾਭ) ਕੁਝ ਨਹੀਂ ਸਮਝਦੇ; ਪਰ ਪਰਮਾਤਮਾ ਮਾਪਿਆਂ ਵਾਂਗ ਸਾਡੀ ਪਾਲਣਾ ਕਰਨ ਵਾਲਾ ਹੈ।
(ਬੱਚੇ ਸਦਾ ਅੱਗ ਵਿਚ ਹੱਥ ਪਾਂਦੇ ਹਨ, ਮਾਪੇ ਬਚਾਂਦੇ ਹਨ) ਅਸੀਂ ਮਾਇਆ ਦੀ ਅੱਗ ਵਿਚ ਹੱਥ ਪਾਂਦੇ ਰਹਿੰਦੇ ਹਾਂ (ਮਨ ਫਸਾਂਦੇ ਰਹਿੰਦੇ ਹਾਂ), ਪਰ ਦੀਨਾਂ ਉਤੇ ਦਇਆ ਕਰਨ ਵਾਲੇ ਗੁਰੂ ਨੇ ਸਦਾ ਸਾਡੀ ਰੱਖਿਆ ਕੀਤੀ ਹੈ ॥੩॥
(ਪਰਮਾਤਮਾ ਦੇ ਨਾਮ ਨਾਲ) ਬੜੇ ਬੜੇ ਵਿਕਾਰੀ ਪਵਿੱਤਰ ਹੋ ਗਏ ਹਨ; ਹਰੀ-ਜਸ ਨੇ (ਉਹਨਾਂ ਦੇ) ਸਾਰੇ ਪਾਪ ਸਾੜ ਦਿੱਤੇ ਹਨ।
ਹੇ ਦਾਸ ਨਾਨਕ! ਜਿਸ ਮਨੁੱਖ ਨੂੰ ਗੁਰੂ ਮਿਲ ਪਿਆ, ਉਸ ਦੇ ਮਨ ਵਿਚ ਆਨੰਦ ਪੈਦਾ ਹੋ ਗਿਆ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਨਿਹਾਲ ਹੋ ਗਿਆ ॥੪॥੫॥