ਤਾਂ ਤੇ ਉਸ ਸੱਚੇ ਪ੍ਰਭੂ ਨਾਲ ਸਾਂਝ ਬਣਾਈਏ, ਤਦੋਂ ਹੀ (ਨਾਮ-ਸਿਮਰਨ-ਰੂਪ) ਲਿਖਿਆ ਹੋਇਆ (ਲੇਖ) ਮਿਲਦਾ ਹੈ।
ਇਹ ਸਾਰਾ ਨਿਰਨਾ ਪ੍ਰਭੂ ਦੇ ਹੁਕਮ ਵਿਚ ਹੀ ਹੁੰਦਾ ਹੈ, ਤੇ ਇਸ ਦੀ ਸਮਝ (ਇਥੋਂ ਜਗਤ ਤੋਂ) ਤੁਰਿਆਂ ਹੀ ਪੈਂਦੀ ਹੈ।
(ਸੋ,) ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾਣੀ ਚਾਹੀਦੀ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰਥ ਹੈ।
ਚੋਰਾਂ ਵਿਭਚਾਰੀਆਂ ਤੇ ਜੂਏ-ਬਾਜ਼ (ਆਦਿਕ ਵਿਕਾਰੀਆਂ ਦਾ ਇਉਂ ਹਾਲ ਹੁੰਦਾ ਹੈ ਜਿਵੇਂ) ਕੋਲ੍ਹੂ ਵਿਚ ਪੀੜੇ ਜਾ ਰਹੇ ਹਨ;
ਨਿੰਦਕਾਂ ਤੇ ਚੁਗ਼ਲਖ਼ੋਰਾਂ ਨੂੰ (ਮਾਨੋ, ਨਿੰਦਾ ਤੇ ਚੁਗ਼ਲੀ ਦੀ) ਹਥਕੜੀ ਵੱਜੀ ਹੋਈ ਹੈ (ਭਾਵ, ਇਸ ਭੈੜੀ ਵਾਦੀ ਵਿਚੋਂ ਉਹ ਆਪਣੇ ਆਪ ਨੂੰ ਕੱਢ ਨਹੀਂ ਸਕਦੇ)।
ਪਰ ਜੋ ਮਨੁੱਖ ਗੁਰੂ ਦੇ ਸਨਮੁਖ ਹਨ ਉਹ ਪ੍ਰਭੂ ਵਿਚ ਲੀਨ ਹੋ ਕੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ ॥੨੧॥
ਕੰਗਾਲ ਦਾ ਨਾਮ ਬਾਦਸ਼ਾਹ (ਰੱਖਿਆ ਜਾਂਦਾ ਹੈ), ਮੂਰਖ ਦਾ ਪੰਡਿਤ ਨਾਮ (ਪਾਇਆ ਜਾਂਦਾ ਹੈ),
ਅੰਨ੍ਹੇ ਨੂੰ ਪਾਰਖੂ (ਆਖਿਆ ਜਾਂਦਾ ਹੈ)-(ਬੱਸ! ਜਗਤ) ਇਸ ਤਰ੍ਹਾਂ ਦੀਆਂ (ਉਲਟੀਆਂ) ਗੱਲਾਂ ਕਰਦਾ ਹੈ।
ਸ਼ਰਾਰਤਿ (ਕਰਨ ਵਾਲੇ) ਦਾ ਨਾਮ ਚੌਧਰੀ (ਪੈ ਜਾਂਦਾ ਹੈ) ਤੇ ਝੂਠੀ ਜ਼ਨਾਨੀ ਸਭ ਤੋਂ ਅੱਗੇ ਥਾਂ ਮੱਲਦੀ ਹੈ (ਭਾਵ, ਹਰ ਥਾਂ ਪ੍ਰਧਾਨ ਬਣਦੀ ਹੈ)।
ਹੇ ਨਾਨਕ! ਇਹ ਹੈ ਨਿਆਂ ਕਲਿਜੁਗ ਦਾ (ਭਾਵ, ਜਿੱਥੇ ਇਹ ਰਵਈਆ ਵਰਤੀਂਦਾ ਹੈ ਓਥੇ ਕਲਿਜੁਗ ਦਾ ਪਹਰਾ ਜਾਣੋ)। ਪਰ, ਗੁਰੂ ਦੇ ਸਨਮੁਖ ਹੋਇਆਂ ਹੀ ਇਹ ਸਮਝ ਪੈਂਦੀ ਹੈ (ਕਿ ਇਹ ਵਤੀਰਾ ਮਾੜਾ ਹੈ। ਮਨ ਦੇ ਪਿੱਛੇ ਤੁਰਨ ਵਾਲੇ ਲੋਕ ਇਸ ਰਵਈਏ ਦੇ ਆਦੀ ਹੋਏ ਰਹਿੰਦੇ ਹਨ) ॥੧॥
ਹਰਨ, ਬਾਜ਼ ਤੇ ਅਹਲਕਾਰ-ਇਹਨਾਂ ਦਾ ਨਾਮ ਲੋਕ "ਪੜ੍ਹੇ ਹੋਏ" ਰੱਖਦੇ ਹਨ,
(ਪਰ ਇਹ ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ ਜਿਸ ਵਿਚ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ।
ਜਿਸ ਜਿਸ ਨੇ 'ਨਾਮ' ਦੀ ਕਮਾਈ ਕੀਤੀ ਹੈ ਉਹੀ ਵਿਦਵਾਨ ਹੈ ਪੰਡਿਤ ਹੈ ਤੇ ਸਿਆਣਾ ਹੈ,
(ਕਿਉਂਕਿ ਰੁੱਖ ਦੀ) ਜੜ੍ਹ ਸਭ ਤੋਂ ਪਹਿਲਾਂ (ਜ਼ਮੀਨ ਦੇ) ਅੰਦਰ ਜੰਮਦੀ ਹੈ ਤਾਂ ਹੀ (ਰੁੱਖ ਉੱਗ ਕੇ) ਬਾਹਰ ਛਾਂ ਬਣਦੀ ਹੈ (ਸੋ, ਸੁਖਦਾਤੀ ਵਿੱਦਿਆ ਉਹੀ ਹੈ ਜੇ ਪਹਿਲਾਂ ਮਨੁੱਖ ਆਪਣੇ ਮਨ ਵਿਚ 'ਨਾਮ' ਬੀਜੇ)।
('ਨਾਮ' ਤੋਂ ਸੱਖਣੀ ਵਿੱਦਿਆ ਦਾ ਹਾਲ ਤੱਕੋ), ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ,
ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)।
ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ,
(ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ।
ਪਰ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ,
ਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ (ਸਮਝੇ ਜਾਂਦੇ ਹਨ) ॥੨॥
(ਜੋ ਪ੍ਰਭੂ) ਆਪ ਜਗਤ ਪੈਦਾ ਕਰਦਾ ਹੈ ਤੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ,
(ਉਸ ਦਾ ਡਰ ਰੱਖਣ ਤੋਂ ਬਿਨਾ (ਮਾਇਆ ਪਿੱਛੇ) ਭਟਕਣ (-ਰੂਪ ਬੰਧਨ) ਕੱਟਿਆ ਨਹੀਂ ਜਾਂਦਾ, ਨਾਹ ਹੀ ਉਸ ਦੇ ਨਾਮ ਵਿਚ ਪਿਆਰ ਬਣਦਾ ਹੈ।
ਪ੍ਰਭੂ ਦਾ ਡਰ ਗੁਰੂ ਦੀ ਸਰਣ ਪਿਆਂ ਪੈਦਾ ਹੁੰਦਾ ਹੈ ਤੇ ('ਰਬਾਣੀ ਬੰਦ' ਵਿਚੋਂ) ਖ਼ਲਾਸੀ ਦਾ ਰਸਤਾ ਮਿਲਦਾ ਹੈ,
(ਕਿਉਂਕਿ ਪ੍ਰਭੂ ਦਾ) ਡਰ ਰੱਖਿਆਂ ਬੇਅੰਤ ਪ੍ਰਭੂ ਦੀ ਜੋਤਿ ਵਿਚ ਜੋਤਿ ਮਿਲਿਆਂ ਮਨ ਦੀ ਅਡੋਲਤਾ ਪ੍ਰਾਪਤ ਹੁੰਦੀ ਹੈ।
ਇਸ ਡਰ ਕਰਕੇ ਹੀ ਗੁਰਮੱਤ ਦੀ ਰਾਹੀਂ (ਉੱਚੀ) ਵੀਚਾਰ ਬਣਦੀ ਹੈ, ਤੇ, ਸੰਸਾਰ-ਸਮੁੰਦਰ ਤੋਂ ਪਾਰ ਲੰਘੀਦਾ ਹੈ,
ਇਸ ਡਰ ਦੀ ਰਾਹੀਂ ਹੀ ਡਰ-ਰਹਿਤ ਪ੍ਰਭੂ ਮਿਲਦਾ ਹੈ ਜਿਸ ਦਾ ਅੰਤ ਨਹੀਂ ਪੈਂਦਾ ਜਿਸ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭਦਾ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਪ੍ਰਭੂ ਦੇ ਡਰ (ਵਿਚ ਰਹਿਣ ਦੀ) ਸਾਰ ਨਹੀਂ ਪੈਂਦੀ (ਸਿੱਟਾ ਇਹ ਨਿਕਲਦਾ ਹੈ ਕਿ ਉਹ ਮਾਇਆ ਦੀ) ਤ੍ਰਿਸ਼ਨਾ (-ਅੱਗ) ਵਿਚ ਸੜਦੇ ਵਿਲਕਦੇ ਹਨ।
ਹੇ ਨਾਨਕ! ਪ੍ਰਭੂ ਦੇ 'ਨਾਮ' ਤੋਂ ਹੀ ਸੁਖ ਮਿਲਦਾ ਹੈ ਤੇ (ਇਹ 'ਨਾਮ') ਗੁਰੂ ਦੀ ਮੱਤ ਉਤੇ ਤੁਰਿਆਂ ਹੀ ਹਿਰਦੇ ਵਿਚ ਟਿਕਦਾ ਹੈ ॥੨੨॥
ਰੂਪ ਦੀ ਕਾਮ (-ਵਾਸਨਾ) ਨਾਲ ਮਿੱਤ੍ਰਤਾ ਹੈ, ਭੁੱਖ ਦਾ ਸੁਆਦ ਨਾਲ ਸੰਬੰਧ ਹੈ।
ਲੱਬ ਦੀ ਧਨ ਨਾਲ ਚੰਗੀ ਤਰ੍ਹਾਂ ਮਿਲਵੀਂ ਇਕ-ਮਿਕਤਾ ਹੈ (ਨੀਂਦਰ ਨਾਲ) ਊਂਘ ਰਹੇ ਨੂੰ ਸਉੜੀ ਥਾਂ ਹੀ ਪਲੰਘ ਹੈ।
ਕ੍ਰੋਧ ਬਹੁਤ ਬੋਲਦਾ ਹੈ, (ਕ੍ਰੋਧ ਵਿਚ) ਅੰਨ੍ਹਾ (ਹੋਇਆ ਬੰਦਾ) ਖ਼ੁਆਰ ਹੋ ਕੇ ਬਦ-ਜ਼ਬਾਨੀ ਹੀ ਕਰਦਾ ਹੈ।
ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ (ਮਨੁੱਖ ਦੇ) ਮੂੰਹ ਵਿਚ (ਬਦ-ਕਲਾਮੀ ਦੀ) ਬੋ ਹੀ ਹੁੰਦੀ ਹੈ (ਬੋਲਣ ਨਾਲੋਂ ਇਸ ਦਾ) ਚੁੱਪ ਰਹਿਣਾ ਚੰਗਾ ਹੈ ॥੧॥
ਰਾਜ, ਧਨ, ਸੁੰਦਰਤਾ, (ਉੱਚੀ) ਜਾਤਿ, ਤੇ ਜੁਆਨੀ-ਇਹ ਪੰਜੇ ਹੀ (ਮਾਨੋ) ਠੱਗ ਹਨ,
ਇਹਨਾਂ ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ (ਜੋ ਭੀ ਇਹਨਾਂ ਦੇ ਅੱਡੇ ਚੜ੍ਹਿਆ) ਕਿਸੇ ਨੇ (ਇਹਨਾਂ ਤੋਂ) ਆਪਣੀ ਇੱਜ਼ਤ ਨਹੀਂ ਬਚਾਈ।
ਇਹਨਾਂ (ਠੱਗਾਂ) ਨੂੰ ਭੀ ਉਹ ਠੱਗ (ਭਾਵ, ਸਿਆਣੇ ਬੰਦੇ) ਦਾਉ ਲਾ ਜਾਂਦੇ ਹਨ (ਭਾਵ, ਉਹ ਬੰਦੇ ਇਹਨਾਂ ਦੀ ਚਾਲ ਵਿਚ ਨਹੀਂ ਆਉਂਦੇ) ਜੋ ਸਤਿਗੁਰੂ ਦੀ ਸਰਨ ਆਉਂਦੇ ਹਨ।
(ਪਰ) ਹੇ ਨਾਨਕ! ਹੋਰ ਬੜੇ ਭਾਗ-ਹੀਣ (ਇਹਨਾਂ ਦੇ ਢਹੇ ਚੜ੍ਹ ਕੇ) ਲੁੱਟੇ ਜਾ ਰਹੇ ਹਨ ॥੨॥
ਜੇ ਮਨੁੱਖ ਵਿਦਵਾਨ ਭੀ ਹੋਵੇ ਤੇ ਚਤੁਰਾਈ ਦੀਆਂ ਗੱਲਾਂ ਭੀ ਕਰਨਾ ਜਾਣਦਾ ਹੋਵੇ ('ਤ੍ਰਿਸ਼ਨਾ' ਬਾਰੇ) ਉਸ ਤੋਂ ਭੀ ਲੇਖਾ ਲਈਦਾ ਹੈ (ਭਾਵ, 'ਤ੍ਰਿਸ਼ਨਾ' ਉਸ ਤੋਂ ਭੀ ਲੇਖਾ ਲੈਂਦੀ ਹੈ, ਨਿਰੀ ਵਿੱਦਿਆ ਤੇ ਚਤੁਰਾਈ 'ਤ੍ਰਿਸ਼ਨਾ' ਤੋਂ ਬਚਾ ਨਹੀਂ ਸਕਦੀ),
(ਕਿਉਂਕਿ) ਪ੍ਰਭੂ ਦੇ ਨਾਮ ਤੋਂ ਬਿਨਾ (ਪੜ੍ਹਿਆ ਹੋਇਆ ਭੀ) ਕੂੜ ਦਾ ਹੀ ਵਪਾਰੀ ਹੈ; ਔਖਾ ਹੁੰਦਾ ਹੈ ਔਖਿਆਈ ਹੀ ਪਾਂਦਾ ਹੈ।
ਉਸ ਦੇ (ਜ਼ਿੰਦਗੀ ਦੇ) ਗਲੀਆਂ ਤੇ ਰਸਤੇ (ਤ੍ਰਿਸ਼ਨਾ ਦੀ ਅੱਗ ਨਾਲ) ਰੁਕੇ ਪਏ ਹਨ (ਉਹਨਾਂ ਵਿਚੋਂ ਦੀ ਲੰਘਣਾ) ਔਖਾ ਹੈ।
ਗੁਰ-ਸ਼ਬਦ ਦੀ ਰਾਹੀਂ ਸੰਤੋਖੀ ਬੰਦਿਆਂ ਨੂੰ ਸਦਾ ਕਾਇਮ ਰਹਿਣ ਵਾਲਾ ਬੇ-ਮੁਥਾਜ ਪਰਮਾਤਮਾ ਮਿਲਦਾ ਹੈ।
ਪ੍ਰਭੂ (ਮਾਨੋ) ਬੜਾ ਡੂੰਘਾ (ਸਮੁੰਦਰ) ਹੈ, (ਵਿੱਦਿਆ ਚਤੁਰਾਈ ਦੇ ਆਸਰੇ) ਉਸ ਦੀ ਥਾਹ ਨਹੀਂ ਪੈ ਸਕਦੀ।
(ਸਗੋਂ 'ਪੜ੍ਹਿਆ ਕੂੜਿਆਰੁ' ਵਿੱਦਿਆ ਦੇ ਮਾਣ ਵਿਚ ਰਹਿ ਕੇ ਤ੍ਰਿਸ਼ਨਾ ਦੀਆਂ) ਚੋਟਾਂ ਦਬਾਦਬ ਖਾਂਦਾ ਹੈ; (ਪਿਆ ਪੜ੍ਹਿਆ ਹੋਇਆ ਹੋਵੇ) ਕੋਈ ਮਨੁੱਖ ਗੁਰੂ (ਦੀ ਸਰਨ) ਤੋਂ ਬਿਨਾ (ਤ੍ਰਿਸ਼ਨਾ ਤੋਂ) ਬੱਚ ਨਹੀਂ ਸਕਦਾ।
(ਪਰਮਾਤਮਾ ਦਾ) ਨਾਮ ਸਿਮਰਨਾ ਚਾਹੀਦਾ ਹੈ (ਜੇ ਨਾਮ ਸਿਮਰੀਏ) ਤਾਂ ਬੇਸ਼ਕ ਇੱਜ਼ਤ ਨਾਲ ਪ੍ਰਭੂ ਦੇ ਦਰ ਤੇ ਅੱਪੜੋ।
(ਸਿਮਰਨ ਦੀ ਬਰਕਤਿ ਨਾਲ) ਇਹ ਨਿਸਚਾ ਬਣਦਾ ਹੈ ਕਿ ਪ੍ਰਭੂ ਆਪਣੇ ਹੁਕਮ ਵਿਚ ਜੀਵਾਂ ਨੂੰ ਜੀਵਨ ਤੇ ਰੋਜ਼ੀ ਦੇਂਦਾ ਹੈ ॥੨੩॥