ਹੇ ਮੇਰੇ ਮਾਲਕ! ਕਿਸੇ ਭੀ ਜੀਵ ਦੇ ਕੁਝ ਵੱਸ ਨਹੀਂ-ਮੈਨੂੰ ਤਾਂ ਮੇਰੇ ਗੁਰੂ ਨੇ ਇਹ ਸੂਝ ਬਖ਼ਸ਼ੀ ਹੈ।
ਹੇ ਪ੍ਰਭੂ! (ਆਪਣੇ) ਦਾਸ ਨਾਨਕ ਦੀ (ਧਾਰੀ ਹੋਈ) ਆਸ ਤੂੰ ਆਪ ਹੀ ਜਾਣਦਾ ਹੈਂ (ਉਹ ਤਾਂਘ ਇਹ ਹੈ ਕਿ) ਪ੍ਰਭੂ ਦਾ ਦਰਸ਼ਨ ਕਰ ਕੇ (ਨਾਨਕ ਦਾ ਮਨ) ਦਰਸ਼ਨ ਦੀ ਬਰਕਤ ਨਾਲ (ਮਾਇਆ ਦੀਆਂ ਆਸਾਂ ਵੱਲੋਂ) ਰੱਜਿਆ ਰਹੇ ॥੪॥੧॥
ਹੇ ਮੇਰੇ ਮਨ! ਜੇਹੜਾ ਹਰੀ ਇਕ ਖਿਨ ਵਿਚ ਸਾਰੇ ਪਾਪ ਨਾਸ ਕਰ ਸਕਦਾ ਹੈ, ਸਦਾ ਉਸ ਨੂੰ ਸਿਮਰਨਾ ਚਾਹੀਦਾ ਹੈ, ਸਦਾ ਉਸ ਦਾ ਧਿਆਨ ਧਰਨਾ ਚਾਹੀਦਾ ਹੈ।
ਹੇ ਮਨ! ਜੇ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੀ (ਸਹਾਇਤਾ ਦੀ) ਆਸ ਰੱਖੀਏ, ਤਾਂ ਉਹ ਪਰਮਾਤਮਾ (ਜੀਵ ਦੀ ਉਸ) ਸਾਰੀ ਕੀਤੀ ਮੇਹਨਤ ਨੂੰ ਅਸਫਲ ਕਰ ਦੇਂਦਾ ਹੈ, ਜ਼ਾਇਆ ਕਰ ਦੇਂਦਾ ਹੈ।
ਸੋ, ਹੇ ਮੇਰੇ ਮਨ! ਸਾਰੇ ਸੁਖ ਦੇਣ ਵਾਲੇ ਮਾਲਕ ਹਰੀ ਦਾ ਸਿਮਰਨ ਕਰਿਆ ਕਰ, ਉਸ ਦਾ ਸਿਮਰਨ ਕਰਨ ਨਾਲ ਸਾਰੀ ਤ੍ਰਿਸ਼ਨਾ-ਭੁੱਖ ਲਹਿ ਜਾਂਦੀ ਹੈ ॥੧॥
ਹੇ ਮੇਰੇ ਮਨ! (ਸਦਾ) ਪਰਮਾਤਮਾ ਉਤੇ ਭਰੋਸਾ ਰੱਖਣਾ ਚਾਹੀਦਾ ਹੈ,
ਕਿਉਂਕਿ, ਹੇ ਮੇਰੇ ਮਨ! ਜਿੱਥੇ ਭੀ ਜਾਈਏ, ਉਹ ਮੇਰਾ ਮਾਲਕ-ਪ੍ਰਭੂ ਸਦਾ ਅੰਗ-ਸੰਗ ਰਹਿੰਦਾ ਹੈ, ਤੇ, ਉਹ ਪ੍ਰਭੂ ਆਪਣੇ ਦਾਸਾਂ ਦੀ ਆਪਣੇ ਸੇਵਕਾਂ ਦੀ ਇੱਜ਼ਤ ਰੱਖਦਾ ਹੈ ॥੧॥ ਰਹਾਉ ॥
ਹੇ ਭਾਈ! ਜੇ ਤੂੰ ਆਪਣਾ ਕੋਈ ਦੁੱਖ-ਦਰਦ (ਪ੍ਰਭੂ ਨੂੰ ਛੱਡ ਕੇ) ਹੋਰਨਾਂ ਅੱਗੇ ਪੇਸ਼ ਕਰਦਾ ਫਿਰੇਂਗਾ, ਤਾਂ ਉਹ ਲੋਕ ਅੱਗੋਂ ਆਪਣੇ ਅਨੇਕਾਂ ਦੁੱਖ-ਦਰਦ ਸੁਣਾ ਦੇਣਗੇ।
ਹੇ ਭਾਈ! ਆਪਣਾ ਹਰੇਕ ਦੁੱਖ-ਦਰਦ ਆਪਣੇ ਮਾਲਕ ਪਰਮਾਤਮਾ ਪਾਸ ਹੀ ਬਿਆਨ ਕਰ, ਉਹ ਤਾਂ ਤੇਰੇ ਸਾਰੇ ਦੁੱਖ ਤੁਰਤ ਕੱਟ ਕੇ ਰੱਖ ਦੇਵੇਗਾ।
ਹੇ ਭਾਈ! ਜੇ ਇਹੋ ਜਿਹੇ ਸਮਰੱਥ ਪ੍ਰਭੂ ਨੂੰ ਛੱਡ ਕੇ ਆਪਣੀ ਪੀੜਾ ਹੋਰਨਾਂ ਅੱਗੇ ਪੇਸ਼ ਕੀਤੀ ਜਾਇਗੀ, ਹੋਰਨਾਂ ਪਾਸ ਆਖ ਕੇ, ਹੇ ਮਨ! ਸ਼ਰਮਿੰਦਾ ਹੋਣਾ ਪੈਂਦਾ ਹੈ ॥੨॥
ਹੇ ਮੇਰੇ ਮਨ! ਦੁਨੀਆ ਵਾਲੇ ਇਹ ਸਾਕ-ਅੰਗ, ਮਿੱਤਰ, ਭਰਾ ਜੇਹੜੇ ਭੀ ਦਿੱਸਦੇ ਹਨ, ਇਹ ਤਾਂ ਆਪੋ ਆਪਣੀ ਗ਼ਰਜ਼ ਦੀ ਖ਼ਾਤਰ ਹੀ ਮਿਲਦੇ ਹਨ।
ਜਦੋਂ ਉਹਨਾਂ ਦੀ ਗ਼ਰਜ਼ ਪੂਰੀ ਨਾਹ ਹੋ ਸਕੇ, ਤਦੋਂ ਉਹਨਾਂ ਵਿਚੋਂ ਕੋਈ ਭੀ ਨੇੜੇ ਨਹੀਂ ਛੁੰਹਦਾ।
ਸੋ, ਹੇ ਮੇਰੇ ਮਨ! ਦਿਨ ਰਾਤ ਹਰ ਵੇਲੇ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਰਹੁ, ਉਹੀ ਹਰੇਕ ਦੁਖ ਸੁਖ ਵਿਚ ਤੈਨੂੰ ਪੁੱਕਰ ਸਕਦਾ ਹੈ ॥੩॥
ਹੇ ਮੇਰੇ ਮਨ! ਜੇਹੜਾ ਕੋਈ ਅੰਤਲੇ ਸਮੇ (ਮੌਤ ਪਾਸੋਂ ਸਾਨੂੰ) ਬਚਾ ਨਹੀਂ ਸਕਦਾ, ਉਸ ਦਾ ਭਰੋਸਾ ਨਹੀਂ ਕਰਨਾ ਚਾਹੀਦਾ।
ਗੁਰੂ ਦਾ ਉਪਦੇਸ਼ ਲੈ ਕੇ (ਗੁਰੂ ਦੀ ਸਿੱਖਿਆ ਉਤੇ ਤੁਰ ਕੇ) ਪਰਮਾਤਮਾ ਦਾ ਨਾਮ-ਮੰਤ੍ਰ ਜਪਿਆ ਕਰ। ਜਿਨ੍ਹਾਂ ਮਨੁੱਖਾਂ ਦੇ ਚਿੱਤ ਵਿਚ ਪਰਮਾਤਮਾ ਦਾ ਪਿਆਰ ਵੱਸਦਾ ਹੈ, ਉਹਨਾਂ ਨੂੰ ਪਰਮਾਤਮਾ ਅਖ਼ੀਰ ਵੇਲੇ (ਜਮਾਂ ਦੇ ਡਰ ਤੋਂ) ਛੁਡਾ ਲੈਂਦਾ ਹੈ।
ਹੇ ਦਾਸ ਨਾਨਕ! (ਆਖ-) ਹੇ ਸੰਤ ਜਨੋ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰੋ। (ਦੁੱਖਾਂ ਕਲੇਸ਼ਾਂ ਤੋਂ) ਬਚਣ ਦਾ ਇਹੀ ਪੱਕਾ ਵਸੀਲਾ ਹੈ ॥੪॥੨॥
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸਦਾ ਸੁਖ ਆਨੰਦ ਬਣਿਆ ਰਹਿੰਦਾ ਹੈ, ਹਿਰਦੇ ਵਿਚ ਸ਼ਾਂਤੀ ਟਿਕੀ ਰਹਿੰਦੀ ਹੈ, ਮਨ ਠੰਢਾ-ਠਾਰ ਰਹਿੰਦਾ ਹੈ।
ਜਿਵੇਂ ਮਾਇਆ ਦਾ ਸੂਰਜ ਬਹੁਤ ਤਪਦਾ ਹੋਵੇ, ਤੇ, ਗੁਰੂ-ਚੰਦ੍ਰਮਾ ਦਾ ਦਰਸ਼ਨ ਕੀਤਿਆਂ (ਮਾਇਆ ਦੇ ਮੋਹ ਦੀ) ਸਾਰੀ ਤਪਸ਼ ਦੂਰ ਹੋ ਜਾਂਦੀ ਹੈ ॥੧॥
ਹੇ-ਮੇਰੇ ਮਨ! ਹਰ ਵੇਲੇ ਪਰਮਾਤਮਾ ਦੇ ਨਾਮ ਦਾ ਧਿਆਨ ਧਰ, ਪ੍ਰਭੂ ਦਾ ਨਾਮ ਜਪਦਾ ਰਹੁ!
ਹੇ ਮਨ! ਉਹ ਪ੍ਰਭੂ ਹਰ ਥਾਂ ਹੀ ਤੇਰੀ ਰਾਖੀ ਕਰਨ ਵਾਲਾ ਹੈ, ਉਸ ਆਪਣੇ ਪ੍ਰਭੂ ਨੂੰ ਸਦਾ ਹੀ ਸਿਮਰਦਾ ਰਹੁ ॥੧॥ ਰਹਾਉ ॥
ਹੇ ਮੇਰੇ ਮਨ! ਉਸ ਪ੍ਰਭੂ ਦਾ ਨਾਮ ਜਪਿਆ ਕਰ, ਜਿਸ ਵਿਚ ਸਾਰੇ ਹੀ ਖ਼ਜ਼ਾਨੇ ਹਨ। ਗੁਰੂ ਦੀ ਸਰਨ ਪੈ ਕੇ ਹਰਿ-ਨਾਮ-ਰਤਨ ਨੂੰ (ਆਪਣੇ ਅੰਦਰੋਂ) ਖੋਜ ਕੇ ਲੱਭ ਲੈ।
ਜਿਨ੍ਹਾਂ ਮਨੁੱਖ ਨੇ ਹਰਿ-ਨਾਮ ਵਿਚ ਧਿਆਨ ਜੋੜਿਆ, ਉਹਨਾਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ। ਹੇ ਮਨ! ਉਹਨਾਂ ਹਰੀ ਦੇ ਦਾਸਾਂ ਦੇ ਚਰਨ ਘੁੱਟਿਆ ਕਰ ॥੨॥
ਹੇ ਮਨ! ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਹਰਿ-ਨਾਮ ਦਾ ਰਸ ਪ੍ਰਾਪਤ ਕਰ। (ਜੇਹੜਾ ਮਨੁੱਖ ਇਹ ਨਾਮ-ਰਸ ਹਾਸਲ ਕਰਦਾ ਹੈ) ਉਹ ਸ੍ਰੇਸ਼ਟ ਸੰਤ ਹੈ ਉਹ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ।
ਅਜੇਹੇ ਮਨੁੱਖ ਦੀ ਇੱਜ਼ਤ ਪ੍ਰਭੂ ਨੇ ਆਪ ਵਧਾਈ ਹੈ, ਕਿਸੇ ਦੇ ਘਟਾਇਆਂ ਉਹ ਇੱਜ਼ਤ ਇਕ ਤਿਲ ਜਿਤਨੀ ਭੀ ਨਹੀਂ ਘਟ ਸਕਦੀ ॥੩॥