ਹਉਮੈ ਵਾਲੀ ਬੁੱਧੀ ਦੇ ਕਾਰਨ ਉਹਨਾਂ ਦੀ ਅਕਲ ਖੋਟੀ ਹੋਈ ਰਹਿੰਦੀ ਹੈ ਮੈਲੀ ਹੋਈ ਰਹਿੰਦੀ ਹੈ, ਗੁਰੂ ਦੀ ਸਰਨ ਤੋਂ ਬਿਨਾ ਸੰਸਾਰ-ਸਮੁੰਦਰ ਵਿਚ ਉਹਨਾਂ ਦਾ ਗੇੜ ਬਣਿਆ ਰਹਿੰਦਾ ਹੈ ॥੩॥
ਹੇ ਨਾਨਕ! ਹੋਮ, ਜੱਗ, ਜਪ-ਤਪ ਸਾਧਨਾਂ ਨਾਲ, ਇੰਦ੍ਰਿਆਂ ਨੂੰ ਵੱਸ ਵਿਚ ਕਰਨ ਵਾਲੇ ਸਾਰੇ ਸਾਧਨਾਂ ਨਾਲ, ਕਿਸੇ ਪਵਿੱਤਰ ਨਦੀ ਦੇ ਕੰਢੇ ਉਤੇ ਕਿਸੇ ਤੀਰਥ ਉਤੇ (ਇਸ਼ਨਾਨ ਕੀਤਿਆਂ) ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ।
ਜਿਹੜੇ ਮਨੁੱਖ ਪਰਮਾਤਮਾ ਦੀ ਸਰਨ ਪੈਂਦੇ ਹਨ ਉਹਨਾਂ ਦੇ ਅੰਦਰੋਂ ਆਪਾ-ਭਾਵ ਮਿਟ ਜਾਂਦਾ ਹੈ। ਹੇ ਨਾਨਕ! (ਪਰਮਾਤਮਾ) ਗੁਰੂ ਦੀ ਸਰਨ ਪਾ ਕੇ ਜਗਤ (ਜਗਤ ਦੇ ਜੀਵਾਂ) ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੪॥੧॥੧੪॥
(ਸੰਤ ਜਨਾ ਦੀ ਸੰਗਤਿ ਦੁਆਰਾ ਮੈਂ) ਜੰਗਲ ਵਿਚ, ਬਨਸਪਤੀ ਵਿਚ (ਪ੍ਰਭੂ ਨੂੰ ਹੀ ਵੱਸਦਾ) ਵੇਖ ਲਿਆ, ਘਰ ਵਿਚ ਭੀ ਉਸੇ ਨੂੰ ਵੇਖ ਲਿਆ, ਤੇ, ਤਿਆਗੀ ਵਿਚ ਭੀ ਉਸੇ ਨੂੰ ਵੇਖ ਲਿਆ,
ਉਸ ਨੂੰ ਦੰਡ-ਧਾਰੀਆਂ ਵਿਚ, ਜਟਾ-ਧਾਰੀਆਂ ਵਿਚ ਵੱਸਦਾ ਵੇਖ ਲਿਆ, ਵਰਤ-ਨੇਮ ਅਤੇ ਤੀਰਥ-ਜਾਤ੍ਰਾ ਕਰਨ ਵਾਲਿਆਂ ਵਿਚ ਭੀ ਵੇਖ ਲਿਆ ॥੧॥
ਜਦੋਂ ਸੰਤ ਜਨਾਂ ਦੀ ਸੰਗਤ ਵਿਚ ਮੈਂ ਉਸ ਨੂੰ ਆਪਣੇ ਮਨ ਵਿਚ ਹੀ ਵੱਸਦਾ ਵੇਖ ਲਿਆ,
ਤਾਂ ਪਰਮਾਤਮਾ ਦੇ ਆਨੰਦ ਦੇਣ ਵਾਲੇ ਗੁਣ ਸੁਆਦ ਨਾਲ ਗਾ ਕੇ ਆਕਾਸ਼ ਪਾਤਾਲ ਸਭਨਾਂ ਵਿਚ ਉਹ ਵਿਆਪਕ ਦਿੱਸ ਪਿਆ ॥੧॥ ਰਹਾਉ ॥
(ਜਦੋਂ ਮੈਂ ਪਰਮਾਤਮਾ ਨੂੰ ਆਪਣੇ ਅੰਦਰ ਵੱਸਦਾ ਵੇਖਿਆ, ਤਦੋਂ ਮੈਂ ਉਸ ਪਰਮਾਤਮਾ ਨੂੰ) ਜੋਗੀਆਂ ਵਿਚ, ਸਾਰੇ ਭੇਖਾਂ ਵਿਚ, ਸੰਨਿਆਸੀਆਂ ਵਿਚ, ਜਤੀਆਂ ਵਿਚ, ਜੰਗਮਾਂ ਵਿਚ, ਕਾਪੜੀਏ ਸਾਧੂਆਂ ਵਿਚ, ਸਭਨਾਂ ਵਿਚ ਵੱਸਦਾ ਵੇਖ ਲਿਆ।
ਤਦੋਂ ਮੈਂ ਉਸ ਨੂੰ ਤਪੀਆਂ ਵਿਚ, ਵੱਡੇ ਵੱਡੇ ਤਪੀਆਂ ਵਿਚ, ਮੁਨੀਆਂ ਵਿਚ, ਨਾਟਕ ਕਰਨ ਵਾਲੇ ਨਟਾਂ ਵਿਚ, ਰਾਸਧਾਰੀਆਂ ਵਿਚ (ਸਭਨਾਂ ਵਿਚ ਵੱਸਦਾ) ਵੇਖ ਲਿਆ ॥੨॥
(ਜਦੋਂ ਸਾਧ ਸੰਗਤ ਦੀ ਕਿਰਪਾ ਨਾਲ ਮੈਂ ਪਰਮਾਤਮਾ ਨੂੰ ਆਪਣੇ ਅੰਦਰ ਵੱਸਦਾ ਵੇਖਿਆ, ਤਦੋਂ ਮੈਂ ਉਸ ਨੂੰ) ਚਾਰ ਵੇਦਾਂ ਵਿਚ, ਛੇ ਸ਼ਾਸਤ੍ਰਾਂ ਵਿਚ, ਅਠਾਰਾਂ ਪੁਰਾਣਾਂ ਵਿਚ, (ਸਾਰੀਆਂ) ਸਿੰਮ੍ਰਿਤੀਆਂ ਵਿਚ ਵੱਸਦਾ ਵੇਖ ਲਿਆ।
(ਜਦੋਂ ਮੈਂ ਇਹ ਵੇਖ ਲਿਆ ਕਿ) ਸਾਰੇ ਜੀਅ-ਜੰਤ ਮਿਲ ਕੇ ਸਿਰਫ਼ ਇਕ ਪਰਮਾਤਮਾ ਦੇ ਹੀ ਗੁਣ ਗਾ ਰਹੇ ਹਨ, ਤਾਂ ਹੁਣ ਮੈਂ ਉਸ ਨੂੰ ਕਿਸ ਪਾਸੋਂ ਦੂਰ ਬੈਠਾ ਆਖ ਸਕਦਾ ਹਾਂ? ॥੩॥
ਪਰਮਾਤਮਾ ਅਥਾਹ ਹੈ, ਅਥਾਹ ਹੈ, ਬੇਅੰਤ ਹੈ, ਉਸ ਦਾ ਮੁੱਲ ਨਹੀਂ ਪੈ ਸਕਦਾ, ਉਹ ਕਿਸੇ ਦੁਨੀਆਵੀ ਪਦਾਰਥ ਦੇ ਬਦਲੇ ਨਹੀਂ ਮਿਲ ਸਕਦਾ।
ਹੇ ਦਾਸ ਨਾਨਕ! (ਉਹ ਪ੍ਰਭੂ ਵੱਸਦਾ ਤਾਂ ਸਭਨਾਂ ਵਿਚ ਹੀ ਹੈ, ਪਰ) ਜਿਸ ਜਿਸ (ਵਡ-ਭਾਗੀ) ਦੇ ਹਿਰਦੇ ਵਿਚ ਉਹ ਪਰਤੱਖ ਹੋ ਗਿਆ ਹੈ, ਉਹਨਾਂ ਤੋਂ ਸਦਕੇ ਕੁਰਬਾਨ ਜਾਣਾ ਚਾਹੀਦਾ ਹੈ ॥੪॥੨॥੧੫॥
(ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ) ਨੇੜੇ (ਵੱਸਦਾ) ਸਮਝਦਾ ਹੈ ਉਹ (ਕਿਸੇ ਨਾਲ ਕੋਈ) ਬੁਰਾਈ ਨਹੀਂ ਕਰ ਸਕਦਾ।
ਪਰ ਜਿਹੜਾ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਨੂੰ ਹਰ ਵੇਲੇ ਜੋੜਦਾ ਰਹਿੰਦਾ ਹੈ, ਉਹ ਮਨੁੱਖ (ਹਰੇਕ ਪਾਸੋਂ) ਸਦਾ ਡਰਦਾ ਫਿਰਦਾ ਹੈ।
ਪਰਮਾਤਮਾ ਹਰੇਕ ਦੇ ਨੇੜੇ ਤਾਂ ਜ਼ਰੂਰ ਵੱਸਦਾ ਹੈ, ਪਰ (ਨਿੱਤ ਮਾਇਆ ਜੋੜਨ ਵਾਲਾ ਮਨੁੱਖ) ਇਹ ਭੇਤ ਸਮਝਦਾ ਨਹੀਂ।
ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰੀ ਲੁਕਾਈ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ ॥੧॥
(ਆਖਣ ਨੂੰ ਤਾਂ) ਹਰੇਕ ਪ੍ਰਾਣੀ (ਇਹ) ਆਖ ਦੇਂਦਾ ਹੈ (ਕਿ ਪਰਮਾਤਮਾ ਸਭ ਦੇ) ਨੇੜੇ ਹੈ (ਸਭ ਦੇ) ਨੇੜੇ ਹੈ।
ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ ਡੂੰਘੀ ਗੱਲ ਨੂੰ ਸਮਝਦਾ ਹੈ ॥੧॥ ਰਹਾਉ ॥
(ਉਹੀ ਮਨੁੱਖ) ਪਰਾਏ ਘਰ ਵਿਚ (ਚੋਰੀ ਦੀ ਨੀਅਤ ਨਾਲ) ਜਾਂਦਾ ਹੈ, ਜਿਹੜਾ ਪਰਮਾਤਮਾ ਨੂੰ ਆਪਣੇ ਨੇੜੇ-ਵੱਸਦਾ ਨਹੀਂ ਵੇਖਦਾ।
ਉਹ ਮਨੁੱਖ ਪਰਾਇਆ ਧਨ ਚੁਰਾਂਦਾ ਹੈ, ਤੇ, ਧਨ ਨੂੰ ਨਾਸਵੰਤ ਆਖ ਆਖ ਕੇ ਭੀ ਪਰਾਇਆ ਮਾਲ ਖਾਈ ਜਾਂਦਾ ਹੈ।
ਮਾਇਆ-ਠਗਬੂਟੀ ਉਸ ਉਤੇ ਆਪਣਾ ਪ੍ਰਭਾਵ ਪਾਈ ਰੱਖਦੀ ਹੈ, (ਇਸ ਵਾਸਤੇ ਉਹ ਪਰਮਾਤਮਾ ਨੂੰ ਆਪਣੇ) ਨਾਲ ਵੱਸਦਾ ਨਹੀਂ ਸਮਝਦਾ।
ਗੁਰੂ ਦੀ ਸਰਨ ਪੈਣ ਤੋਂ ਬਿਨਾ ਭਟਕਣਾ ਵਿਚ ਪੈ ਕੇ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ ॥੨॥
(ਉਹੀ ਮਨੁੱਖ) ਝੂਠ ਬੋਲਦਾ ਹੈ ਜਿਹੜਾ ਪਰਮਾਤਮਾ ਨੂੰ ਆਪਣੇ ਨਾਲ ਵੱਸਦਾ ਨਹੀਂ ਸਮਝਦਾ,
ਉਹ ਮੂਰਖ ਮਾਇਆ ਦੇ ਮੋਹ ਵਿਚ ਫਸ ਕੇ (ਆਪਣੀ ਆਤਮਕ ਰਾਜ-ਪੂੰਜੀ) ਲੁਟਾਈ ਜਾਂਦਾ ਹੈ।
ਪਰਮਾਤਮਾ ਦਾ ਨਾਮ-ਧਨ ਉਸ ਦੇ ਹਿਰਦੇ ਵਿਚ ਵੱਸਦਾ ਹੈ, ਪਰ ਉਹ (ਨਿਰੀ ਮਾਇਆ ਦੀ ਖ਼ਾਤਰ ਹੀ) ਬਾਹਰ ਭਟਕਦਾ ਫਿਰਦਾ ਹੈ।
ਗੁਰੂ ਦੀ ਸਰਨ ਤੋਂ ਬਿਨਾ (ਜਗਤ) ਭਟਕਣਾ ਦੇ ਕਾਰਨ ਕੁਰਾਹੇ ਪਿਆ ਰਹਿੰਦਾ ਹੈ ॥੩॥
ਹੇ ਦਾਸ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਲਿਲਾਟ ਉਤੇ (ਪਰਮਾਤਮਾ ਦੀ) ਬਖ਼ਸ਼ਸ਼ (ਦਾ ਲੇਖ) ਲਿਖਿਆ ਉੱਘੜ ਪੈਂਦਾ ਹੈ,
ਉਹ ਗੁਰੂ ਦੀ ਸਰਨ ਆ ਪੈਂਦਾ ਹੈ, ਉਸ ਦੇ ਮਨ ਵਿਚ ਕਿਵਾੜ ਖੁਲ੍ਹ ਜਾਂਦੇ ਹਨ।
ਉਸ ਨੂੰ ਆਪਣੇ ਅੰਦਰ ਤੇ ਬਾਹਰ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ,
(ਉਸ ਨੂੰ ਇਉਂ ਜਾਪਦਾ ਹੈ ਕਿ ਪਰਮਾਤਮਾ ਤੋਂ ਬਿਨਾ ਹੋਰ) ਕੋਈ ਨਾਹ ਜੰਮਦਾ ਹੈ ਨਾਹ ਮਰਦਾ ਹੈ ॥੪॥੩॥੧੬॥
ਹੇ ਪ੍ਰਭੂ! ਜਿਸ ਨੂੰ ਤੂੰ ਬਚਾਏਂ, ਉਸ ਨੂੰ ਕੋਈ ਮਾਰ ਨਹੀਂ ਸਕਦਾ,
(ਕਿਉਂਕਿ) ਸਾਰੇ ਸੰਸਾਰ ਵਿਚ ਸਾਰੀ (ਉਤਪੱਤੀ) ਤੇਰੇ ਹੀ ਅਧੀਨ ਹੈ।
ਜੀਵ (ਆਪਣੇ ਵਾਸਤੇ) ਕ੍ਰੋੜਾਂ ਹੀਲੇ ਸੋਚਦਾ ਰਹਿੰਦਾ ਹੈ,
ਪਰ ਉਹੀ ਕੁਝ ਹੁੰਦਾ ਹੈ ਜੋ ਅਚਰਜ ਚੋਜ ਕਰਨ ਵਾਲਾ ਪਰਮਾਤਮਾ ਕਰਦਾ ਹੈ ॥੧॥
ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ,
ਮੈਂ ਤੇਰੇ ਦਰ ਤੇ ਆਇਆ ਹਾਂ, ਮਿਹਰ ਕਰ ਕੇ ਮੇਰੀ ਰੱਖਿਆ ਕਰ, ਰੱਖਿਆ ਕਰ ॥੧॥ ਰਹਾਉ ॥
ਜਿਸ ਮਨੁੱਖ ਨੇ ਨਿਰਭਉ ਅਤੇ ਸਾਰੇ ਸੁਖ ਦੇਣ ਵਾਲੇ ਪਰਮਾਤਮਾ ਦੀ ਸਰਨ ਲਈ,
ਉਸ ਨੇ (ਆਪਣਾ ਹਰੇਕ) ਡਰ ਦੂਰ ਕਰ ਲਿਆ, ਉਸ ਨੇ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾ ਲਈ।
ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ।
(ਤੈਥੋਂ ਬਿਨਾ) ਕੋਈ ਦੂਜਾ ਨਾਹ ਕਿਸੇ ਨੂੰ ਮਾਰ ਸਕਦਾ ਹੈ ਨਾਹ ਬਚਾ ਸਕਦਾ ਹੈ ॥੨॥
(ਆਪਣੇ) ਮਨੁੱਖਾ ਸੁਭਾਉ ਅਨੁਸਾਰ ਤੂੰ ਕੀਹ ਸੋਚਾਂ ਸੋਚਦਾ ਰਹਿੰਦਾ ਹੈਂ?
ਸਰਬ-ਵਿਆਪਕ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਸਿਆਣਾ ਹੈ।
(ਅਸਾਂ ਜੀਵਾਂ ਦੀ) ਉਹੀ ਟੇਕ ਹੈ ਉਹੀ ਆਸਰਾ ਹੈ।
ਜੀਵਾਂ ਨੂੰ ਪੈਦਾ ਕਰਨ ਵਾਲਾ ਉਹ ਪ੍ਰਭੂ ਸਭ ਕੁਝ ਜਾਣਦਾ ਹੈ ॥੩॥
ਕਰਤਾਰ ਜਿਸ ਮਨੁੱਖ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ,