ਪ੍ਰਭੂ ਆਪ ਹੀ (ਸਭ ਜੀਵਾਂ ਦੇ) ਗਲ ਵਿਚ ਰੱਸੀ ਪਾਈ ਰੱਖਦਾ ਹੈ, ਜਿਵੇਂ ਪ੍ਰਭੂ (ਉਸ ਰੱਸੀ ਨੂੰ) ਖਿੱਚਦਾ ਹੈ ਤਿਵੇਂ ਹੀ ਜੀਵ (ਜੀਵਨ-ਰਾਹ ਤੇ) ਤੁਰਦੇ ਹਨ।
ਹੇ ਨਾਨਕ! (ਆਖ-) ਹੇ ਪਿਆਰੇ ਸੱਜਣ! ਜੇਹੜਾ ਮਨੁੱਖ (ਆਪਣੇ ਕਿਸੇ ਬਲ ਆਦਿਕ ਦਾ) ਅਹੰਕਾਰ ਕਰਦਾ ਹੈ ਉਹ ਤਬਾਹ ਹੋ ਜਾਂਦਾ ਹੈ (ਆਤਮਕ ਮੌਤ ਸਹੇੜ ਲੈਂਦਾ ਹੈ)। ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰ, ਉਸ ਦੀ ਭਗਤੀ ਵਿਚ ਲੀਨ ਰਿਹਾ ਕਰ ॥੪॥੬॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਨੇਕਾਂ ਜਨਮਾਂ ਤੋਂ (ਪਰਮਾਤਮਾ ਨਾਲੋਂ) ਵਿਛੁੜਿਆ ਹੋਇਆ ਦੁੱਖ ਸਹਿੰਦਾ ਚਲਿਆ ਆਉਂਦਾ ਹੈ, (ਇਸ ਜਨਮ ਵਿਚ ਭੀ ਆਪਣੇ ਮਨ ਦਾ ਮੁਰੀਦ ਰਹਿ ਕੇ) ਅਹੰਕਾਰ ਦੇ ਆਸਰੇ ਹੀ ਕਰਮ ਕਰਦਾ ਰਹਿੰਦਾ ਹੈ।
(ਪਰ) ਗੁਰੂ ਦੇ ਚਰਨ ਛੁੰਹਦਿਆਂ ਹੀ ਉਸ ਨੂੰ ਪਰਮਾਤਮਾ ਲੱਭ ਪੈਂਦਾ ਹੈ। ਹੇ ਗੋਬਿੰਦ! (ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਉਹ ਤੇਰੀ ਸਰਨ ਆ ਪੈਂਦਾ ਹੈ ॥੧॥
ਪਰਮਾਤਮਾ ਨਾਲ ਉਸ (ਵਡਭਾਗੀ ਮਨੁੱਖ) ਦੀ ਬੜੀ ਡੂੰਘੀ ਪ੍ਰੀਤਿ ਬਣ ਜਾਂਦੀ ਹੈ,
ਜਦੋਂ (ਉਸ ਨੂੰ) ਭਲੇ ਮਨੁੱਖਾਂ ਦੀ ਭਲੀ ਸੰਗਤਿ ਪ੍ਰਾਪਤ ਹੁੰਦੀ ਹੈ, ਉਸ ਨੂੰ ਆਪਣੇ ਹਿਰਦੇ ਵਿਚ ਸ਼ਾਂਤੀ ਦੇਣ ਵਾਲਾ ਪਰਮਾਤਮਾ ਆ ਮਿਲਦਾ ਹੈ ਰਹਾਉ॥
ਹੇ ਪ੍ਰਭੂ! ਤੂੰ ਹਰ ਵੇਲੇ ਸਭ ਜੀਵਾਂ ਦੇ ਹਿਰਦੇ ਵਿਚ ਲੁਕਿਆ ਹੋਇਆ ਟਿਕਿਆ ਰਹਿੰਦਾ ਹੈਂ, ਮੂਰਖ ਮਨੁੱਖ ਤੇਰੇ ਨਾਲ ਪਿਆਰ ਕਰਨਾ ਨਹੀਂ ਸਮਝਦੇ।
(ਹੇ ਭਾਈ!) ਜਿਸ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ ਮਿਲ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ। ਉਹ ਮਨੁੱਖ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜ ਕੇ ਗੁਣ ਗਾਂਦਾ ਰਹਿੰਦਾ ਹੈ ॥੨॥
ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ ਉਸ ਦੇ ਅੰਦਰ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ, ਉਸ ਦੇ ਅੰਦਰ ਠੰਢ ਪੈ ਜਾਂਦੀ ਹੈ, ਉਹ ਮਨੁੱਖ ਆਪਣੇ ਅੰਦਰੋਂ ਭੈੜੀ ਮਤਿ ਵਾਲੀ ਅਕਲ ਦੂਰ ਕਰ ਲੈਂਦਾ ਹੈ (ਇਹ ਦੁਰਮਤਿ ਹੀ ਵਿਕਾਰਾਂ ਦੀ ਸੜਨ ਪੈਦਾ ਕਰ ਰਹੀ ਸੀ)।
ਉਹ ਮਨੁੱਖ ਆਪਣੇ ਅੰਦਰ ਪਰਮਾਤਮਾ ਨੂੰ ਵੱਸਦਾ ਪਛਾਣ ਕੇ ਆਤਮਕ ਆਨੰਦ ਪ੍ਰਾਪਤ ਕਰ ਲੈਂਦਾ ਹੈ। ਹੇ ਸਰਬ-ਵਿਆਪਕ ਪ੍ਰਭੂ! ਇਹ ਤੇਰੀ ਸਾਧ ਸੰਗਤਿ ਦੀ ਹੀ ਬਰਕਤਿ ਹੈ ॥੩॥
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਮਨੁੱਖ ਨੂੰ ਸਰਬ-ਵਿਆਪਕ ਪਰਮਾਤਮਾ ਮਿਲ ਪੈਂਦਾ ਹੈ। (ਪਰ, ਹੇ ਪ੍ਰਭੂ! ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ) ਜਿਨ੍ਹਾਂ ਉਤੇ ਤੇਰੀ ਕਿਰਪਾ ਹੁੰਦੀ ਹੈ।
ਹੇ ਨਾਨਕ! (ਅਜੇਹਾ ਮਨੁੱਖ) ਆਤਮਕ ਅਡੋਲਤਾ ਦਾ ਬੇਅੰਤ ਸੁਖ ਮਾਣਦਾ ਹੈ, ਉਹ ਹਰ ਵੇਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿ ਕੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ ॥੪॥੭॥
ਹੇ ਭਾਈ! ਪਰਮਾਤਮਾ ਨਾਲ ਪਿਆਰ ਦੀ ਰਾਹੀਂ ਜਿਸ ਮਨੁੱਖ ਦਾ ਹਿਰਦਾ ਜਿਸ ਮਨੁੱਖ ਦਾ ਮਨ ਵਿੱਝ ਜਾਂਦਾ ਹੈ, ਉਹ ਪਰਮਾਤਮਾ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦਾ।
ਜਿਵੇਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ, ਤਿਵੇਂ ਉਹ ਮਨੁੱਖ ਪ੍ਰਭੂ ਦੇ ਨਾਮ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ ॥੧॥
ਹੇ ਮੇਰੇ ਪ੍ਰਭੂ! (ਮੈਨੂੰ ਆਪਣੀ) ਮੇਹਰ ਦਾ ਜਲ ਦੇਹ। ਹੇ ਹਰੀ! ਮੈਨੂੰ ਆਪਣੀ ਸਿਫ਼ਤ-ਸਾਲਾਹ ਦੀ ਦਾਤਿ ਦੇਹ।
ਮੈਂ ਆਪਣੇ ਹਿਰਦੇ ਵਿਚ ਦਿਨ ਰਾਤ ਤੇਰਾ ਨਾਮ (ਹੀ) ਮੰਗਦਾ ਹਾਂ (ਕਿਉਂਕਿ ਤੇਰੇ) ਨਾਮ ਵਿਚ ਜੁੜਿਆਂ ਹੀ ਆਤਮਕ ਠੰਡ ਪ੍ਰਾਪਤ ਹੋ ਸਕਦੀ ਹੈ ਰਹਾਉ॥
ਹੇ ਭਾਈ! ਜਿਵੇਂ ਵਰਖਾ-ਜਲ ਤੋਂ ਬਿਨਾ ਪਪੀਹਾ ਵਿਲਕਦਾ ਹੈ, ਵਰਖਾ ਦੀ ਬੂੰਦ ਤੋਂ ਬਿਨਾ ਉਸ ਦੀ ਤ੍ਰੇਹ ਨਹੀਂ ਮਿਟਦੀ,
ਤਿਵੇਂ ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਤਦੋਂ ਪ੍ਰਭੂ ਦੀ ਬਰਕਤਿ ਨਾਲ ਆਤਮਕ ਜੀਵਨ ਵਾਲਾ ਬਣਦਾ ਹੈ ਜਦੋਂ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਆਨੰਦ ਦੇਣ ਵਾਲਾ ਨਾਮ-ਜਲ (ਗੁਰੂ ਪਾਸੋਂ) ਹਾਸਲ ਕਰਦਾ ਹੈ ॥੨॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੀ ਭੁੱਖ ਦੇ ਮਾਰੇ ਹੋਏ ਦਸੀਂ ਪਾਸੀਂ ਡੋਲਦੇ ਫਿਰਦੇ ਹਨ। ਮਨ ਦਾ ਮੁਰੀਦ ਮਨੁੱਖ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਦੁੱਖ ਪਾਂਦਾ ਰਹਿੰਦਾ ਹੈ।
ਉਹ ਜੰਮਦਾ ਹੈ ਮਰਦਾ ਹੈ, ਮੁੜ ਮੁੜ ਜੂਨਾਂ ਵਿਚ ਪਿਆ ਰਹਿੰਦਾ ਹੈ, ਪਰਮਾਤਮਾ ਦੀ ਦਰਗਾਹ ਵਿਚ ਉਸ ਨੂੰ (ਇਹ) ਸਜ਼ਾ ਮਿਲਦੀ ਹੈ ॥੩॥
ਹੇ ਹਰੀ! ਜੇ ਤੂੰ (ਆਪ) ਮੇਹਰ ਕਰੇਂ, ਤਾਂ ਹੀ ਅਸੀਂ ਜੀਵ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਸਕਦੇ ਹਾਂ। (ਜਿਸ ਉੱਤੇ ਮੇਹਰ ਹੋਵੇ, ਉਹੀ ਮਨੁੱਖ) ਆਪਣੇ ਹਿਰਦੇ ਵਿਚ ਹਰਿ-ਨਾਮ ਦਾ ਸੁਆਦ ਅਨੁਭਵ ਕਰਦਾ ਹੈ।
ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਤ੍ਰੁੱਠਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ (ਮਾਇਆ ਦੀ) ਤ੍ਰੇਹ ਬੁਝਾ ਦੇਂਦਾ ਹੈ ॥੪॥੮॥
(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਦੋਂ) ਮਨੁੱਖ ਇਸ ਅਜਿੱਤ ਮਨ ਨੂੰ ਜਿੱਤ ਲੈਂਦਾ ਹੈ, ਤਦੋਂ (ਜੀਵਨ-ਸੰਗ੍ਰਾਮ ਵਿਚ ਇਸ ਨੂੰ) ਕਾਮਯਾਬੀ ਹੋ ਜਾਂਦੀ ਹੈ, (ਇਸ) ਕਾਮਯਾਬੀ ਤੋਂ (ਮਨੁੱਖ ਨੂੰ ਇਹ) ਅਕਲ ਹਾਸਲ ਹੋ ਜਾਂਦੀ ਹੈ,
(ਕਿ) ਪਰਮਾਤਮਾ ਦੇ ਪਿਆਰ ਦੇ ਤੀਰ (ਇਸ ਦੇ) ਹਿਰਦੇ ਵਿਚ ਵਿੱਝ ਜਾਂਦੇ ਹਨ, ਤਦੋਂ (ਇਸ ਦੇ ਮਨ ਦੀ) ਭਟਕਣਾ (ਸਦਾ ਲਈ) ਕੱਟੀ ਜਾਂਦੀ ਹੈ ॥੧॥
ਹੇ ਮੇਰੇ ਗੋਬਿੰਦ! (ਮੈਨੂੰ) ਆਪਣੇ ਦਾਸ ਨੂੰ (ਇਹ) ਇੱਜ਼ਤ ਬਖ਼ਸ਼,
(ਕਿ) ਗੁਰੂ ਦੀ ਮਤਿ ਦੀ ਰਾਹੀਂ (ਮੇਰੇ ਅੰਦਰ) ਆਪਣਾ ਨਾਮ ਪਰਗਟ ਕਰ ਦੇਹ, (ਮੈਨੂੰ) ਸਦਾ ਆਪਣੀ ਸ਼ਰਨ ਵਿਚ ਰੱਖ ਰਹਾਉ॥
ਹੇ ਮੂਰਖ ਅੰਞਾਣ ਮਨ! ਇਹ ਜਗਤ (ਦਾ ਮੋਹ) ਜਨਮ ਮਰਨ (ਦਾ ਕਾਰਨ ਬਣਿਆ ਰਹਿੰਦਾ) ਹੈ (ਇਸ ਤੋਂ ਬਚਣ ਲਈ ਪਰਮਾਤਮਾ ਦਾ ਨਾਮ) ਸਿਮਰਦਾ ਰਹੁ।
ਹੇ ਹਰੀ! (ਮੇਰੇ ਉੱਤੇ) ਮੇਹਰ ਕਰ, ਮੈਨੂੰ ਗੁਰੂ ਮਿਲਾ, ਤਦੋਂ ਹੀ ਤੇਰੇ ਨਾਮ ਵਿਚ ਲੀਨਤਾ ਹੋ ਸਕਦੀ ਹੈ ॥੨॥
ਹੇ ਭਾਈ! ਇਹ ਨਾਮ-ਵਸਤੁ ਜਿਸ (ਪਰਮਾਤਮਾ) ਦੀ (ਮਲਕੀਅਤ) ਹੈ, ਉਹੀ ਜਾਣਦਾ ਹੈ (ਕਿ ਇਹ ਵਸਤੁ ਕਿਸ ਨੂੰ ਦੇਣੀ ਹੈ), ਜਿਸ ਜੀਵ ਨੂੰ ਪ੍ਰਭੂ ਇਹ ਦਾਤਿ ਦੇਂਦਾ ਹੈ ਉਹੀ ਲੈ ਸਕਦਾ ਹੈ।
ਇਹ ਵਸਤ ਐਸੀ ਸੁੰਦਰ ਹੈ ਕਿ ਜਗਤ ਵਿਚ ਇਸ ਵਰਗੀ ਹੋਰ ਕੋਈ ਨਹੀਂ, (ਕਿਸੇ ਚਤੁਰਾਈ-ਸਿਆਣਪ ਦੀ ਰਾਹੀਂ) ਇਸ ਤਕ ਪਹੁੰਚ ਨਹੀਂ ਹੋ ਸਕਦੀ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਭੀ ਇਸ ਤਕ ਪਹੁੰਚ ਨਹੀਂ। (ਜੇ) ਪੂਰਾ ਗੁਰੂ (ਮਿਲ ਪਏ, ਤਾਂ ਉਹੀ) ਅਦ੍ਰਿਸ਼ਟ ਪ੍ਰਭੂ ਦਾ ਦੀਦਾਰ ਕਰਾ ਸਕਦਾ ਹੈ ॥੩॥
ਹੇ ਭਾਈ! ਜਿਸ ਮਨੁੱਖ ਨੇ ਇਹ ਨਾਮ-ਵਸਤੁ ਚੱਖੀ ਹੈ (ਇਸ ਦਾ ਸੁਆਦ) ਉਹੀ ਜਾਣਦਾ ਹੈ, (ਉਹ ਬਿਆਨ ਨਹੀਂ ਕਰ ਸਕਦਾ, ਜਿਵੇਂ) ਗੁੰਗੇ ਦੀ (ਖਾਧੀ) ਮਿਠਿਆਈ (ਦਾ ਸੁਆਦ) ਗੁੰਗਾ ਦੱਸ ਨਹੀਂ ਸਕਦਾ।