ਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾ (ਜੀਵ ਵਾਸਤੇ) ਸਾਰੀ ਦੁਨੀਆ (ਦਾ ਧਨ-ਪਦਾਰਥ) ਸੁਆਹ (ਦੇ ਤੁੱਲ) ਹੈ ॥੧॥
ਹੇ ਪ੍ਰਭੂ! ਤੇਰੀ ਰਚੀ ਕੁਦਰਤਿ ਇਕ ਹੈਰਾਨ ਕਰਨ ਵਾਲਾ ਤਮਾਸ਼ਾ ਹੈ, ਤੇਰੇ ਚਰਨ ਸਲਾਹੁਣ-ਜੋਗ ਹਨ।
ਹੇ ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! ਤੇਰੀ ਸਿਫ਼ਤ-ਸਾਲਾਹ (ਇਕ) ਅਮੋਲਕ (ਖ਼ਜ਼ਾਨਾ) ਹੈ ॥੨॥
ਉਹ ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ (ਨਿਓਟਿਆਂ ਦੀ) ਓਟ ਹੈ।
ਉਹ ਗਰੀਬਾਂ ਉੱਤੇ ਮਿਹਰ ਕਰਨ ਵਾਲਾ ਹੈ। ਦਿਨ ਰਾਤ ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ ॥੩॥
ਹੇ ਨਾਨਕ! ਜਿਸ ਮਨੁੱਖ ਉੱਤੇ ਮਾਲਕ-ਪ੍ਰਭੂ ਆਪ ਦਇਆਵਾਨ ਹੁੰਦਾ ਹੈ,
ਪਰਮਾਤਮਾ ਉਸ ਦੀ ਜਿੰਦ ਤੋਂ, ਉਸ ਦੇ ਦਿਲ ਤੋਂ, ਉਸ ਦੇ ਪ੍ਰਾਣਾਂ ਤੋਂ ਉਹ ਕਦੇ ਭੀ ਨਹੀਂ ਵਿਸਰਦਾ ॥੪॥੧੦॥
(ਇਹ) ਸਦਾ ਕਾਇਮ ਰਹਿਣ ਵਾਲਾ (ਹਰਿ-ਨਾਮ) ਧਨ ਗੁਰੂ ਦੀ ਸਰਨ ਪੈ ਕੇ ਹਾਸਲ ਕਰੋ।
ਪਰਮਾਤਮਾ ਵਲੋਂ ਵਰਤੀ ਰਜ਼ਾ ਨੂੰ (ਆਪਣੇ) ਭਲੇ ਵਾਸਤੇ ਜਾਣ ਕੇ ਸਹਾਰੋ ॥੧॥
(ਨਾਮ ਸਿਮਰਨ ਦੁਆਰਾ) ਸਦਾ ਆਤਮਕ ਜੀਵਨ ਵਾਲੇ ਬਣੇ ਰਹੋ,
ਸਦਾ ਆਹਰ ਨਾਲ ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀਂਦੇ ਰਹੋ,
ਸਦਾ ਹੀ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਉਚਾਰਦੇ ਰਹੋ ॥੧॥ ਰਹਾਉ ॥
ਸਿਰਫ਼ ਹਰਿ-ਨਾਮ ਦੀ ਰਾਹੀਂ ਹੀ ਜਗਤ ਵਿਚ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੁੰਦਾ ਹੈ,
ਨਾਨਕ (ਤੁਹਾਨੂੰ) ਪਰਮਾਤਮਾ ਨਾਲ ਮਿਲਾਪ ਦੀ (ਇਹੀ) ਜੁਗਤਿ ਦੱਸਦਾ ਹੈ ॥੨॥੧੧॥
(ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਗੁਰੂ ਦੀ ਸਰਨ ਪੈ ਕੇ ਸਾਰੇ ਫਲ (ਦੇਣ ਵਾਲਾ ਹਰਿ-ਨਾਮ) ਪ੍ਰਾਪਤ ਕਰ ਲੈਂਦਾ ਹੈ,
(ਤੇ, ਇਸ ਤਰ੍ਹਾਂ) ਜਨਮਾਂ ਜਨਮਾਂ ਦੇ ਵਿਕਾਰਾਂ ਦੀ ਮੈਲ ਦੂਰ ਕਰ ਲੈਂਦਾ ਹੈ ॥੧॥
ਹੇ ਪ੍ਰਭੂ! ਤੇਰਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
ਪਰ ਤੇਰੇ ਗੁਣ ਗਾਵਣ ਦੀ ਦਾਤ ਉਸੇ ਨੂੰ ਮਿਲਦੀ ਹੈ ਜਿਸ ਦੇ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ (ਗੁਰੂ ਦੀ ਪ੍ਰਾਪਤੀ ਉਸ ਦੇ ਭਾਗਾਂ ਵਿਚ) ਲਿਖੀ ਹੈ ॥੧॥ ਰਹਾਉ ॥
ਗੁਰੂ ਦੀ ਸੰਗਤ ਵਿਚ ਰਿਹਾਂ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੋ ਜਾਂਦਾ ਹੈ,
(ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਪਰਮਾਤਮਾ ਦੇ ਦਰ ਤੇ ਸੋਭਾ ਖੱਟਦਾ ਹੈ ॥੨॥
ਪ੍ਰਭੂ ਦੇ ਚਰਨਾਂ ਦੀ ਸੇਵਾ-ਭਗਤੀ ਤੋਂ ਸਾਰੇ ਸੁਖ ਪ੍ਰਾਪਤ ਹੁੰਦੇ ਹਨ, (ਜਿਹੜਾ ਮਨੁੱਖ ਪ੍ਰਭੂ ਦੇ ਚਰਨਾਂ ਦੀ ਸਰਨ ਲੈਂਦਾ ਹੈ)
ਉਸ ਦੇ ਚਰਨਾਂ ਦੀ ਧੂੜ ਸਾਰੇ ਦੇਵਤੇ ਸਾਰੇ ਦੈਵੀ ਗੁਣਾਂ ਵਾਲੇ ਮਨੁੱਖ ਲੋੜਦੇ ਹਨ ॥੩॥
ਹੇ ਨਾਨਕ! (ਗੁਰੂ ਦੀ ਸਰਨ ਵਿਚ ਰਹਿ ਕੇ) ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ।
(ਗੁਰੂ ਦੀ ਸੰਗਤ ਵਿਚ) ਹਰਿ-ਨਾਮ ਜਪ ਜਪ ਕੇ ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੪॥੧੨॥
ਪਰਮਾਤਮਾ ਆਪਣੇ ਸੇਵਕ ਨੂੰ (ਸਦਾ ਆਪਣੇ) ਗਲ ਨਾਲ ਲਾਈ ਰੱਖਦਾ ਹੈ,
ਅਤੇ (ਆਪਣੇ ਸੇਵਕ ਦੇ) ਦੋਖੀ ਨੂੰ (ਈਰਖਾ ਦੀ ਅੰਦਰੇ-ਅੰਦਰ ਧੁਖ ਰਹੀ) ਅੱਗ ਵਿਚ ਪਾਈ ਰੱਖਦਾ ਹੈ ॥੧॥
ਨਿੰਦਕ-ਦੋਖੀ ਪਾਸੋਂ ਪਰਮਾਤਮਾ (ਆਪਣੇ ਸੇਵਕ ਨੂੰ ਸਦਾ ਆਪ) ਬਚਾਂਦਾ ਹੈ।
ਨਿੰਦਕ-ਦੋਖੀ ਦੀ ਆਤਮਕ ਅਵਸਥਾ ਕਿਤੇ ਭੀ ਉੱਚੀ ਨਹੀਂ ਹੋ ਸਕਦੀ, (ਕਿਉਂਕਿ) ਨਿੰਦਕ-ਦੋਖੀ ਆਪਣੇ ਕਮਾਏ ਕਰਮਾਂ ਅਨੁਸਾਰ (ਸਦਾ ਨਿੰਦਾ-ਈਰਖਾ ਦੀ ਅੱਗ ਵਿਚ ਅੰਦਰੇ ਅੰਦਰ) ਸੜਦਾ ਰਹਿੰਦਾ ਹੈ ॥੧॥ ਰਹਾਉ ॥
ਪਰਮਾਤਮਾ ਦੇ ਸੇਵਕ ਦੀ ਪਰਮਾਤਮਾ ਨਾਲ ਪ੍ਰੀਤ ਬਣੀ ਰਹਿੰਦੀ ਹੈ,
ਪਰ ਸੇਵਕ ਦੇ ਦੋਖੀ ਦਾ (ਨਿੰਦਾ-ਈਰਖਾ ਆਦਿਕ) ਭੈੜੇ ਕੰਮਾਂ ਨਾਲ ਪਿਆਰ ਬਣਿਆ ਰਹਿੰਦਾ ਹੈ ॥੨॥
(ਸਦਾ ਹੀ) ਪਰਮਾਤਮਾ ਨੇ (ਆਪਣੇ ਸੇਵਕ ਦੀ ਲਾਜ ਰੱਖ ਕੇ) ਆਪਣਾ ਮੁੱਢ-ਕਦੀਮਾਂ ਦਾ (ਇਹ) ਸੁਭਾਉ (ਜਗਤ ਵਿਚ) ਪਰਗਟ ਕੀਤਾ ਹੈ,
(ਸੇਵਕ ਦੇ) ਨਿੰਦਕ-ਦੋਖੀ ਨੇ (ਭੀ ਸਦਾ) ਆਪਣੇ ਕੀਤੇ ਮੰਦੇ ਕਰਮ ਦਾ ਫਲ ਭੁਗਤਿਆ ਹੈ ॥੩॥
ਜਿਹੜਾ ਪਰਮਾਤਮਾ ਨਾਹ ਜੰਮਦਾ ਹੈ ਨਾਹ ਮਰਦਾ ਹੈ ਜਿਹੜਾ ਪਰਮਾਤਮਾ ਸਭ ਥਾਈਂ ਵਿਆਪਕ ਹੈ,
ਹੇ ਨਾਨਕ! ਉਸ ਦੇ ਦਾਸ (ਸਦਾ) ਉਸ ਦੀ ਸਰਨ ਪਏ ਰਹਿੰਦੇ ਹਨ ॥੪॥੧੩॥
ਰਾਗ ਭੈਰਉ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮਨ! ਜਿਹੜਾ ਸੋਹਣਾ ਪ੍ਰਭੂ ਲੱਛਮੀ ਦਾ ਆਸਰਾ ਹੈ, ਜਿਹੜਾ ਆਕਾਰ-ਰਹਿਤ ਪ੍ਰਭੂ ਸਭਨਾਂ ਨੂੰ ਪੈਦਾ ਕਰਨ ਵਾਲਾ ਹੈ, ਜਿਹੜਾ ਸਾਰੇ ਸੁਖ ਦੇਣ ਵਾਲਾ ਹੈ,
ਉਸ ਨੂੰ ਛੱਡ ਕੇ ਤੂੰ ਹੋਰ ਹੋਰ ਦੀ ਸੇਵਾ-ਪੂਜਾ ਕਰਦਾ ਹੈਂ, ਤੂੰ ਮਾਇਆ ਦੇ ਕੋਝੇ ਸੁਆਦਾਂ ਵਿਚ ਮਸਤ ਹੈਂ ॥੧॥
ਹੇ ਮੇਰੇ ਮਨ! ਤੂੰ (ਸਦਾ) ਪਰਮਾਤਮਾ ਦਾ ਨਾਮ ਜਪਿਆ ਕਰ।
(ਸਿਮਰਨ ਤੋਂ ਬਿਨਾ) ਹੋਰ ਸਾਰੇ ਹੀਲੇ (ਕਰਦੇ ਲੋਕ) ਮੈਂ ਵੇਖੇ ਹਨ (ਇਹੀ) ਨਤੀਜਾ ਨਿਕਲਦਾ ਵੇਖਿਆ ਹੈ ਕਿ) ਹੋਰ ਜਿਹੜਾ ਭੀ ਹੀਲਾ ਸੋਚਿਆ ਜਾਂਦਾ ਹੈ ਉਸ (ਹੀਲੇ) ਨਾਲ (ਆਤਮਕ ਜੀਵਨ ਦਾ) ਕੰਮ (ਸਗੋਂ) ਵਿਗੜਦਾ (ਹੀ) ਹੈ ॥੧॥ ਰਹਾਉ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ, ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਮਨੁੱਖ ਮਾਲਕ-ਪ੍ਰਭੂ ਨੂੰ ਛੱਡ ਕੇ ਉਸ ਦੀ ਦਾਸੀ (ਮਾਇਆ) ਨੂੰ ਹੀ ਹਰ ਵੇਲੇ ਚੇਤੇ ਰੱਖਦੇ ਹਨ।
ਅਜਿਹੇ ਨਿਗੁਰੇ ਮਨੁੱਖ, ਪਸ਼ੂਆਂ ਵਰਗੇ ਜੀਵਨ ਵਾਲੇ ਮਨੁੱਖ ਉਹਨਾਂ ਬੰਦਿਆਂ ਨੂੰ ਨਿੰਦਦੇ ਹਨ ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਹਨ ॥੨॥
ਇਹ ਜਿੰਦ ਇਹ ਸਰੀਰ ਇਹ ਧਨ-ਇਹ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਹੈ, ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਖਦੇ ਰਹਿੰਦੇ ਹਨ ਕਿ ਇਹ ਹਰੇਕ ਚੀਜ਼ ਸਾਡੀ ਹੈ।