ਅਸਲ ਭਗਤੀ ਇਹੀ ਹੈ ਕਿ (ਜਿਸ ਦੀ ਬਰਕਤਿ ਨਾਲ) ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਅਛੋਹ ਹੋ ਜਾਂਦਾ ਹੈ,
ਤੇ ਗੁਰੂ ਦੀ ਕਿਰਪਾ ਨਾਲ ਸੰਸਾਰ-ਸਮੁੰਦਰ (ਦੀਆਂ ਵਿਕਾਰਾਂ ਦੀਆਂ ਲਹਿਰਾਂ) ਤੋਂ ਪਾਰ ਲੰਘ ਜਾਂਦਾ ਹੈ।
ਗੁਰੂ ਦੇ ਉਪਦੇਸ਼ ਅਨੁਸਾਰ ਕੀਤੀ ਹੋਈ ਭਗਤੀ (ਪ੍ਰਭੂ ਦੇ ਦਰ ਤੇ) ਪਰਵਾਨ ਹੁੰਦੀ ਹੈ,
ਪ੍ਰਭੂ ਆਪ ਹੀ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ॥੪॥
(ਪਰ ਜੀਵ ਦੇ ਕੀਹ ਵੱਸ? ਜਿਸ ਮਨੁੱਖ ਉਤੇ) ਪਰਮਾਤਮਾ ਮੇਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ।
(ਗੁਰੂ ਦੀ ਸਹਾਇਤਾ ਨਾਲ) ਉਹ ਨਾਹ ਡੋਲਣ ਵਾਲੀ ਭਗਤੀ ਕਰਦਾ ਹੈ ਤੇ ਪਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ।
ਜੇਹੜੇ ਮਨੁੱਖ (ਪਰਮਾਤਮਾ ਦੀ) ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ।
ਹੇ ਨਾਨਕ! ਪਰਮਾਤਮਾ ਦੇ ਨਾਮ-ਰੰਗ ਵਿੱਚ ਰੰਗੇ ਹੋਇਆਂ ਨੂੰ ਆਤਮਕ ਆਨੰਦ ਮਿਲਦਾ ਹੈ ॥੫॥੧੨॥੫੧॥
ਰਾਗ ਆਸਾ, ਘਰ ੮ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਕਾਫੀ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਭਾਈ!) ਪਰਮਾਤਮਾ ਦੀ ਰਜ਼ਾ ਅਨੁਸਾਰ ਗੁਰੂ ਮਿਲਦਾ ਹੈ (ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਸ ਨੂੰ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ, (ਤੇ ਉਸ ਨੂੰ ਸਹੀ ਜੀਵਨ-ਜੁਗਤਿ ਦੀ) ਸਮਝ ਆ ਜਾਂਦੀ ਹੈ।
ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆ ਵੱਸਦਾ ਹੈ, ਉਹੀ ਮਨੁੱਖ ਪਰਮਾਤਮਾ ਨਾਲ ਸਾਂਝ ਪਾਂਦਾ ਹੈ ॥੧॥
(ਹੇ ਭਾਈ!) ਇਕ ਪਰਮਾਤਮਾ ਹੀ ਮੇਰਾ ਖਸਮ-ਰਾਖਾ ਹੈ ਤੇ ਮੈਨੂੰ ਸਭ ਦਾਤਾਂ ਦੇਣ ਵਾਲਾ ਹੈ, ਉਸ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ।
ਪਰ ਗੁਰੂ ਦੀ ਮੇਹਰ ਨਾਲ ਹੀ ਉਹ ਮਨ ਵਿਚ ਵੱਸ ਸਕਦਾ ਹੈ (ਜਦੋਂ ਉਹ ਪ੍ਰਭੂ ਮਨ ਵਿਚ ਆ ਵੱਸਦਾ ਹੈ) ਤਦੋਂ ਸਦਾ ਲਈ ਆਨੰਦ ਬਣ ਜਾਂਦਾ ਹੈ ॥੧॥ ਰਹਾਉ ॥
(ਹੇ ਭਾਈ!) ਇਸ ਜਗਤ ਵਿਚ ਪਰਮਾਤਮਾ ਦਾ ਨਾਮ ਹੀ ਹੈ ਜੋ (ਜਗਤ ਦੇ) ਸਾਰੇ ਡਰਾਂ ਤੋਂ ਬਚਾਉਣ ਵਾਲਾ ਹੈ, ਪਰ ਇਹ ਨਾਮ ਗੁਰੂ ਦੀ ਦੱਸੀ ਹੋਈ ਵਿਚਾਰ ਦੀ ਬਰਕਤਿ ਨਾਲ ਮਿਲਦਾ ਹੈ।
ਪਰਮਾਤਮਾ ਦੇ ਨਾਮ ਤੋਂ ਬਿਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਆਤਮਕ ਮੌਤ ਦੇ ਕਾਬੂ ਵਿਚ ਰਹਿੰਦੀ ਹੈ, ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਰਹਿੰਦੀ ਹੈ ਤੇ ਮੂਰਖ ਟਿਕੀ ਰਹਿੰਦੀ ਹੈ ॥੨॥
ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਵਿਚ ਚੱਲਦਾ ਹੈ ਉਹੀ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ ਉਹੀ ਉਸ ਸਦਾ-ਥਿਰ ਪ੍ਰਭੂ ਨੂੰ ਸਮਝਦਾ ਹੈ।
ਪਰਮਾਤਮਾ ਦੀ ਰਜ਼ਾ ਵਿਚ ਤੁਰਿਆਂ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੋ ਸਕਦੀ ਹੈ। ਜੇ ਪਰਮਾਤਮਾ ਦੀ ਰਜ਼ਾ ਵਿਚ ਤੁਰੀਏ ਤਾਂ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੩॥
(ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ ਦੀ ਰਜ਼ਾ ਵਿਚ ਤੁਰ ਕੇ ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਲਿਆ ਉਸ ਦੀ ਅਕਲ ਵਧੀਆ ਬਣ ਗਈ।
ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਤੂੰ ਭੀ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ। ਗੁਰੂ ਦੀ ਸਰਨ ਪਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ॥੪॥੩੯॥੧੩॥੫੨॥
ਰਾਗ ਆਸਾ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਪ੍ਰਭੂ!) ਤੂੰ (ਸਾਰੇ ਜਗਤ ਦਾ) ਰਚਨਹਾਰ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ (ਹੀ) ਮੇਰਾ ਖਸਮ ਹੈਂ।
ਹੇ ਪ੍ਰਭੂ! (ਜਗਤ ਵਿਚ) ਉਹੀ ਕੁਝ ਵਰਤ ਰਿਹਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ। (ਹੇ ਪ੍ਰਭੂ!) ਮੈਂ ਉਹੀ ਕੁਝ ਹਾਸਲ ਕਰ ਸਕਦਾ ਹਾਂ ਜੋ ਕੁਝ ਤੂੰ (ਮੈਨੂੰ) ਦੇਂਦਾ ਹੈਂ ॥੧॥ ਰਹਾਉ ॥
(ਹੇ ਪ੍ਰਭੂ!) ਸਾਰੀ ਲੁਕਾਈ ਤੇਰੀ (ਰਚੀ ਹੋਈ) ਹੈ, ਸਭ ਜੀਵਾਂ ਨੇ (ਔਖੇ ਸੌਖੇ ਵੇਲੇ) ਤੈਨੂੰ ਹੀ ਸਿਮਰਿਆ ਹੈ।
ਜਿਸ ਉਤੇ ਤੂੰ ਮੇਹਰ ਕਰਦਾ ਹੈਂ ਉਸ ਮਨੁੱਖ ਨੇ ਤੇਰਾ ਨਾਮ-ਰਤਨ ਲੱਭ ਲਿਆ।
(ਪਰ) ਲੱਭਾ ਉਸ ਨੇ ਜੋ ਗੁਰੂ ਦੀ ਸਰਨ ਪਿਆ, ਤੇ ਗਵਾਇਆ ਉਸ ਨੇ ਜੋ ਆਪਣੇ ਮਨ ਦੇ ਪਿੱਛੇ ਤੁਰਿਆ।
(ਜੀਵਾਂ ਦੇ ਭੀ ਕੀਹ ਵੱਸ? ਮਨਮੁਖ ਨੂੰ) ਤੂੰ ਆਪ ਹੀ (ਆਪਣੇ ਚਰਨਾਂ ਤੋਂ) ਵਿਛੋੜ ਰੱਖਿਆ ਹੈ ਤੇ (ਗੁਰਮੁਖਿ ਨੂੰ) ਤੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜਿਆ ਹੋਇਆ ਹੈ ॥੧॥
(ਹੇ ਪ੍ਰਭੂ!) ਤੂੰ (ਜ਼ਿੰਦਗੀ ਦਾ ਇਕ ਵੱਡਾ) ਦਰੀਆ ਹੈਂ, ਸਾਰੀ ਸ੍ਰਿਸ਼ਟੀ ਤੇਰੇ ਵਿਚ (ਜੀਊ ਰਹੀ) ਹੈ,
(ਤੂੰ ਆਪ ਹੀ ਆਪ ਹੈਂ) ਤੈਥੋਂ ਬਿਨਾ ਕੋਈ ਹੋਰ ਦੂਜੀ ਹਸਤੀ ਨਹੀਂ ਹੈ।
(ਜਗਤ ਦੇ ਇਹ) ਸਾਰੇ ਜੀਅ ਜੰਤ ਤੇਰਾ (ਰਚਿਆ) ਤਮਾਸ਼ਾ ਹੈ।
(ਤੇਰੀ ਹੀ ਧੁਰ ਦਰਗਾਹ ਤੋਂ ਮਿਲੇ) ਵਿਜੋਗ ਦੇ ਕਾਰਣ ਮਿਲਿਆ ਹੋਇਆ ਜੀਵ ਵਿਛੁੜ ਜਾਂਦਾ ਹੈ ਤੇ ਸੰਜੋਗ ਦੇ ਕਾਰਨ ਮੁੜ ਮਿਲਾਪ ਹਾਸਲ ਕਰ ਲੈਂਦਾ ਹੈ ॥੨॥
(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਸਮਝ ਬਖ਼ਸ਼ਦਾ ਹੈਂ ਉਹੀ ਮਨੁੱਖ (ਜੀਵਨ-ਮਨੋਰਥ ਨੂੰ) ਸਮਝਦਾ ਹੈ,
ਤੇ ਉਹ ਮਨੁੱਖ ਹਰਿ-ਪ੍ਰਭੂ ਦੇ ਗੁਣ ਸਦਾ ਆਖ ਕੇ ਬਿਆਨ ਕਰਦਾ ਹੈ।
(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦੀ ਸੇਵਾ-ਭਗਤੀ ਕੀਤੀ ਉਸ ਨੇ ਆਤਮਕ ਆਨੰਦ ਮਾਣ ਲਿਆ;
ਉਹ ਮਨੁੱਖ (ਸਿਮਰਨ-ਭਗਤੀ ਦੇ ਕਾਰਨ) ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਵਿਚ ਲੀਨ ਹੋ ਗਿਆ ॥੩॥
(ਹੇ ਪ੍ਰਭੂ!) ਤੂੰ ਆਪ ਹੀ (ਜਗਤ ਦਾ) ਰਚਨ ਵਾਲਾ ਹੈਂ। (ਜਗਤ ਵਿਚ) ਸਭ ਕੁਝ ਤੇਰਾ ਕੀਤਾ ਹੀ ਹੋ ਰਿਹਾ ਹੈ,
ਤੈਥੋਂ ਬਿਨਾ ਕੋਈ ਹੋਰ ਕੁਝ ਕਰਨ ਵਾਲਾ ਨਹੀਂ ਹੈ।
ਤੂੰ ਆਪ ਹੀ (ਜਗਤ-ਰਚਨਾ) ਕਰ ਕਰ ਕੇ (ਸਭ ਦੀ) ਸੰਭਾਲ ਕਰਦਾ ਹੈਂ, ਤੂੰ ਆਪ ਹੀ ਇਸ ਸਾਰੇ (ਭੇਤ) ਨੂੰ ਜਾਣਦਾ ਹੈਂ।
ਹੇ ਦਾਸ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਇਹ ਸਾਰੀ ਗੱਲ ਸਮਝ ਵਿਚ ਆ ਜਾਂਦੀ ਹੈ ॥੪॥੧॥੫੩॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।