ਕਿਉਂਕਿ ਨਾਹ ਇਹਨਾਂ ਬਾਹਾਂ ਨੂੰ ਸਜਾਣ ਵਾਲਾ ਮਨਿਆਰ ਹੀ ਤੇਰਾ ਕੁਝ ਸਵਾਰ ਸਕਿਆ, ਨਾਹ ਹੀ ਉਸ ਦੀਆਂ ਦਿੱਤੀਆਂ ਚੂੜੀਆਂ ਤੇ ਵੰਗਾਂ ਕਿਸੇ ਕੰਮ ਆਈਆਂ।
ਸੜ ਜਾਣ ਉਹ (ਸਜਾਈਆਂ) ਬਾਹਾਂ ਜੋ ਖਸਮ ਦੇ ਗਲ ਨਾਹ ਲੱਗ ਸਕੀਆਂ।
ਸਾਰੀਆਂ ਸਹੇਲੀਆਂ (ਤਾਂ) ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦੇ ਜਤਨ ਕਰ ਰਹੀਆਂ ਹਨ ਤੇ ਮੈਂ ਸੜੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ?
ਹੇ ਸਖੀ! ਮੈਂ ਆਪਣੇ ਵਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ, ਪਰ, ਪ੍ਰਭੂ ਪਤੀ ਨੂੰ ਮੇਰਾ ਇੱਕ ਭੀ ਗੁਣ ਪਸੰਦ ਨਹੀਂ ਆਇਆ।
ਮੈਂ ਸਵਾਰ ਸਵਾਰ ਕੇ ਪੱਟੀਆਂ ਗੁੰਦਾਂਦੀ ਹਾਂ, ਮੇਰੀਆਂ ਪੱਟੀਆਂ ਦੇ ਚੀਰ ਵਿਚ ਸੰਧੂਰ ਭੀ ਭਰਿਆ ਜਾਂਦਾ ਹੈ,
ਪਰ ਤੇਰੀ ਹਜ਼ੂਰੀ ਵਿਚ ਮੈਂ ਫਿਰ ਭੀ ਪ੍ਰਵਾਨ ਨਹੀਂ ਹੋ ਰਹੀ, (ਇਸ ਵਾਸਤੇ) ਝੂਰ ਝੂਰ ਕੇ ਮਰ ਰਹੀ ਹਾਂ।
ਮੈਂ ਇਤਨੀ ਦੁਖੀ ਹੋ ਰਹੀ ਹਾਂ (ਕਿ) ਸਾਰਾ ਜਗਤ ਮੇਰੇ ਉਤੇ ਤਰਸ ਕਰ ਰਿਹਾ ਹੈ, ਜੰਗਲ ਦੇ ਪੰਛੀ ਭੀ ਮੇਰੇ ਤੇ ਤਰਸ ਕਰ ਰਹੇ ਹਨ।
ਸਿਰਫ਼ ਇਹ ਮੇਰੇ ਅੰਦਰਲਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ, ਇਸੇ ਨੇ ਮੈਨੂੰ ਪ੍ਰਭੂ-ਪਤੀ ਤੋਂ ਵਿਛੋੜਿਆ ਹੋਇਆ ਹੈ।
ਮੈਨੂੰ ਤੂੰ ਸੁਪਨੇ ਵਿਚ ਮਿਲਿਆ (ਸੁਪਨਾ ਮੁੱਕਿਆ, ਤੇ ਤੂੰ) ਫਿਰ ਚਲਾ ਗਿਆ, (ਵਿਛੋੜੇ ਦੇ ਦੁੱਖ ਵਿਚ) ਮੈਂ ਹੰਝੂ ਭਰ ਕੇ ਰੋਈ।
ਹੇ ਪਿਆਰੇ! ਮੈਂ (ਨਿਮਾਣੀ) ਤੇਰੇ ਪਾਸ ਅੱਪੜ ਨਹੀਂ ਸਕਦੀ, ਤੇ ਮੈਂ (ਗ਼ਰੀਬ) ਕਿਸੇ ਨੂੰ ਤੇਰੇ ਪਾਸ ਘੱਲ ਨਹੀਂ ਸਕਦੀ (ਜੋ ਮੇਰੀ ਹਾਲਤ ਤੈਨੂੰ ਦੱਸੇ)।
ਨੀਂਦ ਅੱਗੇ ਹੀ ਤਰਲੇ ਕਰਦੀ ਹਾਂ ਕਿ ਹੇ ਭਾਗਾਂ ਵਾਲੀ ਸੋਹਣੀ ਨੀਂਦ ਤੂੰ (ਮੇਰੇ ਕੋਲ ਆ) ਸ਼ਾਇਦ (ਤੇਰੀ ਰਾਹੀਂ ਹੀ) ਮੈਂ ਆਪਣੇ ਖਸਮ-ਪ੍ਰਭੂ ਦਾ ਦੀਦਾਰ ਕਰ ਸਕਾਂ।
ਨਾਨਕ ਆਖਦਾ ਹੈ ਕਿ ਜੇ ਕੋਈ ਗੁਰਮੁਖਿ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕੇਹੜੀ ਭੇਟ ਧਰਾਂ!
ਆਪਣਾ ਸਿਰ ਵੱਢ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ (ਭਾਵ,) ਆਪਾ-ਭਾਵ ਦੂਰ ਕਰ ਕੇ ਮੈਂ ਉਸ ਦੀ ਸੇਵਾ ਕਰਾਂ।
ਜਦੋਂ ਸਾਡਾ ਪ੍ਰਭੂ-ਪਤੀ ਸਾਥੋਂ ਓਪਰਾ ਹੋ ਜਾਏ ਤਾਂ ਅਸੀਂ ਆਪਾ-ਭਾਵ ਕਿਉਂ ਨਾ ਮਾਰ ਦੇਈਏ ਤੇ ਆਪਣੀ ਜਿੰਦ ਉਸ ਤੋਂ ਸਦਕੇ ਕਰ ਦੇਈਏ ॥੧॥੩॥
ਰਾਗ ਵਡਹੰਸ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੇ ਮਨੁੱਖ ਦਾ ਮਨ (ਵਿਕਾਰਾਂ ਨਾਲ) ਮੈਲਾ ਹੈ ਤਾਂ ਸਭ ਕੁਝ ਮੈਲਾ ਹੈ ਅਤੇ ਇਸ਼ਨਾਨ ਕਰਾਣ ਨਾਲ ਮਨ ਪਵਿਤ੍ਰ ਨਹੀਂ ਹੋ ਸਕਦਾ।
ਪਰ ਇਹ ਸੰਸਾਰ ਭੁਲੇਖੇ ਵਿਚ ਪੈ ਕੇ ਕੁਰਾਹੇ ਤੁਰਿਆ ਜਾ ਰਿਹਾ ਹੈ, ਕੋਈ ਵਿਰਲਾ ਹੀ (ਇਸ ਸੱਚਾਈ ਨੂੰ) ਸਮਝਦਾ ਹੈ ॥੧॥
ਹੇ ਮੇਰੇ ਮਨ! ਤੂੰ ਸਿਰਫ਼ ਪਰਮਾਤਮਾ ਦਾ ਇਕ ਨਾਮ ਹੀ ਜਪਿਆ ਕਰ।
ਇਹ (ਨਾਮ-) ਖ਼ਜ਼ਾਨਾ ਮੈਨੂੰ ਗੁਰੂ ਨੇ ਬਖ਼ਸ਼ਿਆ ਹੈ ॥੧॥ ਰਹਾਉ ॥
ਜੇ ਮਨੁੱਖ ਕਰਾਮਾਤੀ ਜੋਗੀਆਂ ਵਾਲੇ ਆਸਣ ਕਰਨੇ ਸਿੱਖ ਲਏ ਤੇ ਕਾਮ-ਵਾਸਨਾ ਨੂੰ ਜਿੱਤ ਕੇ (ਆਸਣਾਂ ਦੇ ਅੱਭਿਆਸ ਦੀ) ਕਮਾਈ ਕਰਨ ਲੱਗ ਪਏ,
ਤਾਂ ਭੀ ਮਨ ਦੀ ਮੈਲ ਨਹੀਂ ਲਹਿੰਦੀ ਤੇ (ਮਨ ਵਿਚੋਂ) ਹਉਮੈ ਦੀ ਮੈਲ ਨਹੀਂ ਜਾਂਦੀ ॥੨॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਹੋਰ ਕੋਈ ਜਤਨ ਇਸ ਮਨ ਨੂੰ ਪਵਿਤ੍ਰ ਨਹੀਂ ਕਰ ਸਕਦਾ।
ਜੇ ਗੁਰੂ ਮਿਲ ਪਏ ਤਾਂ ਮਨ ਦੀ ਬ੍ਰਿਤੀ ਸੰਸਾਰ ਵਲੋਂ ਉਲਟ ਜਾਂਦੀ ਹੈ ਤੇ ਐਸੀ ਬਣ ਜਾਂਦੀ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ ॥੩॥
ਨਾਨਕ ਆਖਦਾ ਹੈ ਕਿ ਜੇਹੜਾ ਮਨੁੱਖ ਗੁਰੂ ਨੂੰ ਮਿਲ ਕੇ (ਵਿਕਾਰਾਂ ਵਲੋਂ) ਅਛੋਹ ਹੋ ਜਾਂਦਾ ਹੈ, ਤੇ, ਫਿਰ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ,
(ਉਸ ਦੇ ਅੰਦਰੋਂ ਮਾਇਆ ਦੀ) ਮਮਤਾ ਦੀ ਮੈਲ ਲਹਿ ਜਾਂਦੀ ਹੈ, ਉਸ ਦਾ ਇਹ ਮਨ ਪਵਿਤ੍ਰ ਹੋ ਜਾਂਦਾ ਹੈ ॥੪॥੧॥
ਪਰਮਾਤਮਾ ਦੀ ਮੇਹਰ ਦੀ ਨਿਗਾਹ ਨਾਲ ਹੀ ਗੁਰੂ ਦੀ ਸਰਨ ਪੈ ਸਕੀਦਾ ਹੈ, ਮੇਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦੀ ਸੇਵਾ-ਭਗਤੀ ਹੋ ਸਕਦੀ ਹੈ।
ਮੇਹਰ ਦੀ ਨਿਗਾਹ ਨਾਲ ਹੀ ਇਹ ਮਨ ਕਾਬੂ ਵਿਚ ਆਉਂਦਾ ਹੈ, ਤੇ, ਪਵਿਤ੍ਰ ਹੋ ਜਾਂਦਾ ਹੈ ॥੧॥
ਹੇ (ਮੇਰੇ) ਮਨ! ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਯਾਦ ਕਰਿਆ ਕਰ।
ਜੇ ਤੂੰ ਉਸ ਇਕ ਪਰਮਾਤਮਾ ਨੂੰ ਯਾਦ ਕਰਦਾ ਰਹੇਂਗਾ ਤਾਂ ਸੁਖ ਹਾਸਲ ਕਰੇਂਗਾ, ਤੇ, ਤੈਨੂੰ ਕਦੇ ਭੀ ਕੋਈ ਦੁੱਖ ਨਹੀਂ ਪੋਹ ਸਕੇਗਾ ॥੧॥ ਰਹਾਉ ॥
ਪਰਮਾਤਮਾ ਦੀ ਕਿਰਪਾ ਦੀ ਨਜ਼ਰ ਨਾਲ ਹੀ ਵਿਕਾਰਾਂ ਵਲੋਂ ਹਟ ਕੇ ਆਤਮਕ ਜੀਵਨ ਹਾਸਲ ਕਰੀਦਾ ਹੈ, ਤੇ, ਗੁਰੂ ਦਾ ਸ਼ਬਦ ਮਨ ਵਿਚ ਆ ਵੱਸਦਾ ਹੈ।
ਮੇਹਰ ਦੀ ਨਿਗਾਹ ਨਾਲ ਹੀ ਪਰਮਾਤਮਾ ਦੀ ਰਜ਼ਾ ਨੂੰ ਸਮਝ ਸਕੀਦਾ ਹੈ, ਤੇ, ਰਜ਼ਾ ਵਿਚ ਹੀ ਸਦਾ ਟਿਕੇ ਰਹੀਦਾ ਹੈ ॥੨॥
ਜਿਸ ਜੀਭ ਨੇ ਕਦੇ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਚੱਖਿਆ ਉਹ ਜੀਭ ਸੜਨ-ਜੋਗੀ ਹੀ ਹੈ,
ਕਿਉਂਕਿ ਜਿਹੜੇ ਮਨੁੱਖ ਜੀਭ ਹੋਰ ਹੋਰ ਰਸਾਂ ਦੇ ਸੁਆਦ ਵਿਚ ਲੱਗੀ ਰਹਿੰਦੀ ਹੈ, ਉਹ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਦੁੱਖ (ਹੀ) ਪਾਂਦਾ ਰਹਿੰਦਾ ਹੈ ॥੩॥
ਸਭ ਜੀਵਾਂ ਉਤੇ ਇਕ ਪਰਮਾਤਮਾ ਦੀ ਹੀ ਕਿਰਪਾ ਦੀ ਨਜ਼ਰ ਰਹਿੰਦੀ ਹੈ, ਫ਼ਰਕ (ਭੀ) ਪਰਮਾਤਮਾ ਆਪ ਹੀ ਬਣਾਂਦਾ ਹੈ,
ਹੇ ਨਾਨਕ! ਜੇ ਗੁਰੂ ਮਿਲ ਪਏ ਤਾਂ ਹੀ ਨਾਮ ਦਾ ਫਲ ਮਿਲਦਾ ਹੈ ਜਿਸ ਰਾਹੀਂ ਸਭ ਤੋਂ ਵੱਡੀ ਇੱਜ਼ਤ ਮਿਲਦੀ ਹੈ ॥੪॥੨॥