(ਗੁਰੂ ਦੀ ਕਿਰਪਾ ਨਾਲ) ਉਹ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗਾ (ਜਿਸ ਕਰਕੇ) ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਗਿਆ। ਉਸ ਦੇ ਅੰਦਰ ਸ਼ਾਂਤੀ ਤੇ ਆਤਮਕ ਅਡੋਲਤਾ ਪੈਦਾ ਹੋ ਗਈ।
(ਹੇ ਭਾਈ!) ਉਸ ਦੇ ਅਨੇਕਾਂ ਵਿਕਾਰਾਂ (ਦੇ ਸੰਸਕਾਰਾਂ) ਦੇ ਬੰਧਨ ਟੁੱਟ ਜਾਂਦੇ ਹਨ (ਜੇਹੜਾ ਮਨੁੱਖ ਸਿਮਰਨ ਕਰਦਾ ਹੈ) ਉਸ ਦੇ ਸਾਰੇ ਕਾਰਜ ਰਾਸਿ ਆ ਜਾਂਦੇ ਹਨ।
ਉਸ ਦੀ ਖੋਟੀ ਮਤਿ ਮੁੱਕ ਜਾਂਦੀ ਹੈ ਤੇ ਪਰਮਾਤਮਾ ਦਾ ਨਾਮ ਸਿਮਰਿਆਂ ਉਸ ਨੂੰ ਹਉਮੈ ਤੋਂ ਖ਼ਲਾਸੀ ਮਿਲ ਜਾਂਦੀ ਹੈ।
(ਹੇ ਭਾਈ!) ਜਿਸ ਮਨੁੱਖ ਨੇ ਪਾਰਬ੍ਰਹਮ ਪਰਮੇਸਰ ਦਾ ਆਸਰਾ ਲਿਆ, ਉਸ ਦਾ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ।
ਗੋਬਿੰਦ ਪ੍ਰਭੂ ਦੇ ਗੁਣ ਗਾਣ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਪਰਵਾਰ ਸਮੇਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।
(ਹੇ ਭਾਈ!) ਪਰਮਾਤਮਾ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ।
ਹੇ ਨਾਨਕ! ਸਾਰੇ ਸੁਖਾਂ ਦਾ ਮੂਲ ਉਹ ਪ੍ਰਭੂ ਪੂਰੇ ਗੁਰੂ ਦੀ ਰਾਹੀਂ ਮਿਲ ਪੈਂਦਾ ਹੈ ॥੧੫॥
ਸਲੋਕੁ
ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪ ਮੁਕੰਮਲ ਜੀਵਨ ਵਾਲਾ ਬਣਾ ਦਿੱਤਾ ਉਹ ਪੂਰਨ ਮਨੁੱਖ ਕਦੇ (ਮਾਇਆ ਦੇ ਅਸਰ ਹੇਠ ਆ ਕੇ) ਨਹੀਂ ਡੋਲਦਾ,
ਉਸ ਦਾ ਆਤਮਕ ਜੀਵਨ ਦਿਨੋ ਦਿਨ ਵਧੀਕ ਚਮਕਦਾ ਹੈ। ਹੇ ਨਾਨਕ! ਉਸ ਦੇ ਆਤਮਕ ਜੀਵਨ ਵਿਚ ਕਦੇ ਕਮੀ ਨਹੀਂ ਹੁੰਦੀ ॥੧੬॥
ਪਉੜੀ
ਸਿਰਫ਼ ਪਰਮਾਤਮਾ ਹੀ ਸਾਰੇ ਗੁਣਾਂ ਨਾਲ ਭਰਪੂਰ ਹੈ, ਸਾਰੇ ਜਗਤ ਦਾ ਮੂਲ ਹੈ ਤੇ ਸਾਰੀਆਂ ਤਾਕਤਾਂ ਦਾ ਮਾਲਕ ਹੈ।
ਉਹ ਸਰਬ ਵਿਆਪਕ ਪ੍ਰਭੂ ਸਭ ਜੀਵਾਂ ਉਤੇ ਦਇਆਵਾਨ ਰਹਿੰਦਾ ਹੈ, ਸਭ ਜੀਵਾਂ ਉਤੇ ਉਸ (ਦੀ ਸਹਾਇਤਾ) ਦਾ ਹੱਥ ਹੈ।
ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਾਰੀ ਸ੍ਰਿਸ਼ਟੀ ਦਾ ਪਾਲਕ ਹੈ, ਸਭ ਤੋਂ ਵੱਡਾ ਹੈ, ਸਭ ਕੁਝ ਉਸੇ ਦਾ ਹੀ ਕੀਤਾ ਵਾਪਰਦਾ ਹੈ।
ਪ੍ਰਭੂ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਿਆਣਾ ਹੈ, ਉਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।
(ਹੇ ਭਾਈ!) ਉਹ ਪਾਰਬ੍ਰਹਮ ਸਭ ਤੋਂ ਵੱਡਾ ਮਾਲਕ ਹੈ (ਜੀਵਾਂ ਦੇ ਭਲੇ ਦਾ) ਹਰੇਕ ਢੰਗ ਜਾਣਨ ਵਾਲਾ ਹੈ,
ਸੰਤਾਂ ਦਾ ਰਾਖਾ ਹੈ, ਸਰਨ ਆਏ ਦੀ ਸਹਾਇਤਾ ਕਰਨ ਜੋਗਾ ਹੈ-ਉਸ ਪਰਮਾਤਮਾ ਨੂੰ ਅੱਠੇ ਪਹਰ ਨਮਸਕਾਰ ਕਰ।
ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ। ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ।
ਹੇ ਨਾਨਕ! ਉਹ ਪਰਮਾਤਮਾ (ਵਿਕਾਰਾਂ ਵਿਚ) ਡਿੱਗੇ ਬੰਦਿਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ, ਉਹ ਨਿਖਸਮਿਆਂ ਦਾ ਖਸਮ ਹੈ, ਉਸ ਦਾ ਆਸਰਾ ਲੈ ॥੧੬॥
ਸਲੋਕੁ
(ਜਿਸ ਮਨੁੱਖ ਨੇ) ਪ੍ਰਭੂ ਪਾਤਿਸ਼ਾਹ ਦਾ ਆਸਰਾ ਲਿਆ, (ਉਸ ਦੇ) ਸਾਰੇ ਦੁੱਖ ਨਾਸ ਹੋ ਗਏ, (ਉਸ ਦੇ ਅੰਦਰੋਂ ਹਰੇਕ ਕਿਸਮ ਦਾ) ਸਹਮ ਦੂਰ ਹੋ ਗਿਆ।
ਹੇ ਨਾਨਕ! ਪਰਮਾਤਮਾ ਦੇ ਗੁਣ ਗਾ ਕੇ (ਉਸ ਨੇ ਆਪਣੇ) ਮਨ ਵਿਚ ਚਿਤਵੇ ਹੋਏ ਸਾਰੇ ਹੀ ਫਲ ਹਾਸਲ ਕਰ ਲਏ ॥੧੭॥
ਪਉੜੀ
ਜਿਹੜਾ ਕੋਈ ਮਨੁੱਖ (ਪਰਮਾਤਮਾ ਦੇ ਗੁਣ) ਗਾਂਦਾ ਹੈ, ਜਿਹੜਾ ਕੋਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਦਾ ਹੈ,
ਜਿਹੜਾ ਕੋਈ ਮਨੁੱਖ (ਪਰਮਾਤਮਾ ਦੇ ਗੁਣਾਂ ਨੂੰ ਆਪਣੇ) ਮਨ ਵਿੱਚ ਵਸਾਂਦਾ ਹੈ, ਜੇਹੜਾ ਕੋਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦਾ ਹੋਰਨਾਂ ਨੂੰ) ਉਪਦੇਸ਼ ਕਰਦਾ ਹੈ (ਤੇ ਆਪ ਭੀ ਉਸ ਸਿਫ਼ਤ-ਸਾਲਾਹ ਨੂੰ ਆਪਣੇ ਮਨ ਵਿਚ) ਪੱਕੀ ਕਰਕੇ ਟਿਕਾਂਦਾ ਹੈ, ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ।
ਉਹ ਮਨੁੱਖ (ਆਪਣੇ ਅੰਦਰੋਂ) ਵਿਕਾਰ ਕੱਟ ਲੈਂਦਾ ਹੈ; ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ; ਅਨੇਕਾਂ ਜਨਮਾਂ (ਦੇ ਕੀਤੇ ਹੋਏ ਵਿਕਾਰਾਂ) ਦੀ ਮੈਲ (ਉਸ ਦੇ ਅੰਦਰੋਂ) ਦੂਰ ਹੋ ਜਾਂਦੀ ਹੈ।
ਇਸ ਲੋਕ ਵਿਚ (ਭੀ ਉਸ ਦਾ) ਮੂੰਹ ਰੌਸ਼ਨ ਰਹਿੰਦਾ ਹੈ (ਕਿਉਂਕਿ) ਮਾਇਆ ਉਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ।
(ਹੇ ਭਾਈ!) ਉਹ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਵਾਲਾ ਹੈ; ਉਹ ਸੁੱਚੇ ਆਚਰਨ ਵਾਲਾ ਹੈ; ਉਹ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਣ ਵਾਲਾ ਹੈ, ਉਹ (ਅਸਲ) ਧਨਾਢ ਹੈ;
ਉਹ (ਵਿਕਾਰਾਂ ਦਾ ਟਾਕਰਾ ਕਰ ਸਕਣ ਵਾਲਾ ਅਸਲ) ਸੂਰਮਾ ਹੈ; ਉਹੀ ਉੱਚੀ ਕੁਲ ਵਾਲਾ ਹੈ; ਉਹ ਪਰਮਾਤਮਾ ਨਾਲ ਡੂੰਘੀ ਸਾਂਝ ਵਾਲਾ ਹੈ; ਜਿਸ (ਮਨੁੱਖ) ਨੇ ਭਗਵਾਨ ਦਾ ਭਜਨ ਕੀਤਾ ਹੈ।
(ਹੇ ਭਾਈ! ਕੋਈ) ਖੱਤਰੀ (ਹੋਵੇ, ਕੋਈ) ਬ੍ਰਾਹਮਣ (ਹੋਵੇ; ਕੋਈ) ਸ਼ੂਦਰ (ਹੋਵੇ; ਕੋਈ) ਵੈਸ਼ (ਹੋਵੇ; ਕੋਈ) ਚੰਡਾਲ (ਹੋਵੇ; ਕਿਸੇ ਭੀ ਵਰਨ ਦਾ ਹੋਵੇ; ਪਰਮਾਤਮਾ ਦਾ ਨਾਮ) ਸਿਮਰ ਕੇ (ਉਹ ਵਿਕਾਰਾਂ ਤੋਂ) ਬਚ ਜਾਂਦਾ ਹੈ।
ਜਿਸ (ਭੀ ਮਨੁੱਖ) ਨੇ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ, ਨਾਨਕ ਉਸ ਦੇ ਚਰਨਾਂ ਦੀ ਧੂੜ (ਮੰਗਦਾ ਹੈ) ॥੧੭॥
ਰਾਗ ਗਉੜੀ ਵਿੱਚ ਗੁਰੂ ਅਰਜਨ ਜੀ ਦੀ ਬਾਣੀ 'ਵਾਰ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਤਿਗੁਰੂ ਸਭ ਜੀਆਂ ਤੇ ਮਿਹਰ ਕਰਨ ਵਾਲਾ ਹੈ, ਉਸ ਨੂੰ ਹੇਰਕ ਜੀਵ ਇਕੋ ਜਿਹਾ ਹੈ।
ਉਹ ਸਭਨਾਂ ਵਲ ਇਕੋ ਨਿਗਾਹ ਨਾਲ ਵੇਖਦਾ ਹੈ, ਪਰ (ਜੀਵ ਨੂੰ ਆਪਣੇ ਉੱਦਮ ਦੀ) ਸਫਲਤਾ ਆਪਣੇ ਮਨ ਦੀ ਭਾਵਨਾ ਕਰਕੇ ਹੁੰਦੀ ਹੈ (ਭਾਵ ਜਿਹੀ ਮਨ ਦੀ ਭਾਵਨਾ ਤੇਹੀ ਮੁਰਾਦ ਮਿਲਦੀ ਹੈ)।
ਸਤਿਗੁਰੂ ਦੇ ਕੋਲ ਹਰੀ ਦੇ ਸ੍ਰੇਸ਼ਟ ਨਾਮ ਦਾ ਅੰਮ੍ਰਿਤ ਹੈ, (???)
(ਪਰ) ਹੇ ਨਾਨਕ! ਇਹੀ ਹਰੀ-ਨਾਮ ਜੀਵ (ਪ੍ਰਭੂ ਦੀ) ਕਿਰਪਾ ਨਾਲ ਸਿਮਰਦਾ ਹੈ, ਸਤਿਗੁਰੂ ਦੇ ਸਨਮੁਖ ਹੋ ਕੇ ਕੋਈ (ਭਾਗਾਂ ਵਾਲਾ) ਹਾਸਲ ਕਰ ਸਕਦਾ ਹੈ ॥੧॥
ਮਾਇਆ ਤੋਂ ਉਪਜੀ ਹੋਈ ਹਉਮੈ ਨਿਰੋਲ ਜ਼ਹਿਰ (ਦਾ ਕੰਮ ਕਰਦੀ) ਹੈ, ਇਸ ਦੇ ਪਿਛੇ ਲੱਗਿਆਂ ਸਦਾ ਜਗਤ ਵਿਚ ਘਾਟਾ ਹੈ।
ਪ੍ਰਭੂ ਦੇ ਨਾਮ ਧਨ ਦਾ ਲਾਹਾ ਸਤਿਗੁਰੂ ਦੇ ਸਨਮੁਖ ਰਹਿ ਕੇ ਸ਼ਬਦ ਦੀ ਵੀਚਾਰ ਦੁਆਰਾ ਖੱਟਿਆ (ਜਾ ਸਕਦਾ ਹੈ),
ਤੇ ਹਉਮੈ-ਮੈਲ (ਰੂਪ) ਜ਼ਹਿਰ ਪ੍ਰਭੂ ਦਾ ਅੰਮ੍ਰਿਤ ਨਾਮ ਹਿਰਦੇ ਵਿਚ ਧਾਰਨ ਕੀਤਿਆਂ ਉਤਰ ਜਾਂਦੀ ਹੈ।