ਮਿਹਰ ਕਰ ਕੇ ਮੈਨੂੰ ਆਪਣੇ ਲੜ ਨਾਲ ਲਾ ਲੈ।
ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆ ਕਰ ॥੧॥
ਹੇ ਗ਼ਰੀਬਾਂ ਦੇ ਖਸਮ! ਹੇ ਦਇਆ ਦੇ ਸੋਮੇ! ਹੇ ਮੇਰੇ ਸੁਆਮੀ! ਹੇ ਦੀਨਾ ਨਾਥ! ਹੇ ਦਇਆਲ!
ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੧॥ ਰਹਾਉ ॥
ਇਹ ਜਗਤ ਮਾਇਆ (ਦੇ ਮੋਹ) ਦਾ ਖੂਹ ਹੈ,
ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਮੈਨੂੰ) ਮੋਹ ਰਿਹਾ ਹੈ।
(ਮੇਰੀ) ਬਾਂਹ ਫੜ ਕੇ (ਮੈਨੂੰ) ਬਚਾ ਲੈ
ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼!
ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ।
ਹੇ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ, ਆਖ-) ਹੇ ਪ੍ਰਭੂ! ਮੈਂ (ਤੇਰੇ ਨਾਮ ਤੋਂ) ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ॥੨॥
ਮੇਰਾ ਸਰੀਰ ਲੋਭ ਵਿਚ ਮੋਹ ਵਿਚ ਬੱਝਾ ਪਿਆ ਹੈ,
(ਤੇਰਾ) ਭਜਨ ਕਰਨ ਤੋਂ ਬਿਨਾ ਮਿੱਟੀ ਹੁੰਦਾ ਜਾ ਰਿਹਾ ਹੈ।
(ਮੈਨੂੰ) ਜਮਦੂਤ ਬੜੇ ਡਰਾਉਣੇ (ਲੱਗ ਰਹੇ ਹਨ)।
ਚਿੱਤ੍ਰ ਗੁਪਤ (ਮੇਰੇ) ਕਰਮਾਂ ਨੂੰ ਜਾਣਦੇ ਹਨ।
ਦਿਨ ਅਤੇ ਰਾਤ (ਇਹ ਭੀ ਮੇਰੇ ਕਰਮਾਂ ਦੀ) ਗਵਾਹੀ ਦੇ ਕੇ (ਇਹੀ ਕਹਿ ਰਹੇ ਹਨ ਕਿ ਮੈਂ ਮੰਦ-ਕਰਮੀ ਹਾਂ)
ਹੇ ਨਾਨਕ! (ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ ॥੩॥
ਹੇ ਸਾਰੇ ਡਰਾਂ ਦੇ ਨਾਸ ਕਰਨ ਵਾਲੇ ਪ੍ਰਭੂ!
ਮਿਹਰ ਕਰ ਕੇ (ਮੈਨੂੰ) ਵਿਕਾਰੀ ਨੂੰ (ਵਿਕਾਰਾਂ ਤੋਂ) ਬਚਾ ਲੈ।
ਮੇਰੇ ਵਿਕਾਰ ਗਿਣੇ ਨਹੀਂ ਜਾ ਸਕਦੇ।
ਹੇ ਹਰੀ! ਤੈਥੋਂ ਬਿਨਾ ਹੋਰ ਕਿਸੇ ਦਰ ਤੇ ਭੀ ਇਹ ਬਖ਼ਸ਼ੇ ਨਹੀਂ ਜਾ ਸਕਦੇ।
ਹੇ ਨਾਥ! ਮੈਂ ਤੇਰਾ ਆਸਰਾ ਹੀ ਸੋਚਿਆ ਹੈ,
ਹੇ ਨਾਨਕ! (ਆਖ-ਹੇ ਹਰੀ! ਮੇਰੀ ਬਾਂਹ) ਫੜ ਲੈ, (ਆਪਣਾ) ਹੱਥ ਦੇ ਕੇ ਮੇਰੀ ਰੱਖਿਆ ਕਰ ॥੪॥
ਹੇ ਹਰੀ! ਹੇ ਗੁਣਾਂ ਦੇ ਖ਼ਜ਼ਾਨੇ! ਹੇ ਧਰਤੀ ਦੇ ਰੱਖਿਅਕ!
ਹੇ ਸਭ ਸਰੀਰਾਂ ਦੇ ਪਾਲਣਹਾਰ!
(ਮੇਰੇ) ਮਨ ਵਿਚ (ਤੇਰੀ) ਪ੍ਰੀਤ (ਬਣੀ ਰਹੇ, ਤੇਰੇ) ਦਰਸਨ ਦੀ ਤਾਂਘ (ਬਣੀ ਰਹੇ),
ਹੇ ਗੋਬਿੰਦ! (ਮੇਰੇ ਮਨ ਦੀ) ਆਸ ਪੂਰੀ ਕਰ!
ਤੇਰੇ ਦਰਸਨ ਤੋਂ ਬਿਨਾ ਮੈਥੋਂ) ਇਕ ਪਲ ਭਰ ਭੀ ਰਿਹਾ ਨਹੀਂ ਜਾ ਸਕਦਾ।
ਹੇ ਨਾਨਕ! (ਆਖ-) ਵੱਡੀ ਕਿਸਮਤ ਨਾਲ ਹੀ ਕੋਈ (ਤੇਰਾ) ਮਿਲਾਪ ਪ੍ਰਾਪਤ ਕਰਦਾ ਹੈ ॥੫॥
ਹੇ ਪ੍ਰਭੂ! ਤੈਥੋਂ ਬਿਨਾ (ਮੇਰਾ ਕੋਈ) ਹੋਰ (ਆਸਰਾ) ਨਹੀਂ ਹੈ।
(ਮੇਰੇ) ਮਨ ਵਿਚ (ਤੇਰੇ ਚਰਨਾਂ ਦੀ) ਪ੍ਰੀਤ ਹੈ (ਜਿਵੇਂ) ਚਕੋਰ ਨੂੰ ਚੰਦ ਨਾਲ ਪਿਆਰ ਹੈ,
ਜਿਵੇਂ ਮਛਲੀ ਦਾ ਪਾਣੀ ਨਾਲ ਪਿਆਰ ਹੈ,
(ਜਿਵੇਂ) ਭੌਰ ਦਾ ਕੌਲ ਫੁੱਲ ਨਾਲੋਂ ਕੋਈ ਫ਼ਰਕ ਨਹੀਂ ਰਹਿ ਜਾਂਦਾ,
ਜਿਵੇਂ ਚਕਵੀ ਨੂੰ ਸੂਰਜ (ਦੇ ਚੜ੍ਹਨ) ਦੀ ਉਡੀਕ ਲੱਗੀ ਰਹਿੰਦੀ ਹੈ,
ਹੇ ਨਾਨਕ! (ਆਖ- ਇਸੇ ਤਰ੍ਹਾਂ, ਹੇ ਪ੍ਰਭੂ! ਮੈਨੂੰ ਤੇਰੇ) ਚਰਨਾਂ ਦੀ ਤਾਂਘ ਹੈ ॥੬॥
ਜਿਵੇਂ ਜੁਆਨ ਇਸਤ੍ਰੀ ਨੂੰ (ਆਪਣਾ) ਖਸਮ ਬਹੁਤ ਪਿਆਰਾ ਹੁੰਦਾ ਹੈ,
ਜਿਵੇਂ ਲਾਲਚੀ ਮਨੁੱਖ ਨੂੰ ਧਨ-ਪ੍ਰਾਪਤੀ (ਤੋਂ ਖ਼ੁਸ਼ੀ ਹੁੰਦੀ ਹੈ),
ਜਿਵੇਂ ਦੁੱਧ ਦਾ ਪਾਣੀ ਨਾਲ ਮਿਲਾਪ ਹੋ ਜਾਂਦਾ ਹੈ,
ਜਿਵੇਂ ਬਹੁਤ ਭੁੱਖੇ ਨੂੰ ਭੋਜਨ (ਤ੍ਰਿਪਤ ਕਰਦਾ ਹੈ),
ਜਿਵੇਂ ਮਾਂ ਦਾ ਪੁੱਤਰ ਨਾਲ ਪਿਆਰ ਹੁੰਦਾ ਹੈ,
ਹੇ ਨਾਨਕ! (ਆਖ-ਹੇ ਭਾਈ) ਤਿਵੇਂ ਸਦਾ ਪਰਮਾਤਮਾ ਨੂੰ (ਪਿਆਰ ਨਾਲ) ਸਿਮਰਿਆ ਕਰ ॥੭॥
ਜਿਵੇਂ (ਪ੍ਰੇਮ ਦੇ ਬੱਝੇ) ਭੰਬਟ ਦੀਵੇ ਉਤੇ ਡਿੱਗਦੇ ਹਨ,
ਜਿਵੇਂ ਚੋਰ ਝਾਕਾ ਲਾਹ ਕੇ ਚੋਰੀ ਕਰਦਾ ਹੈ,
ਜਿਵੇਂ ਹਾਥੀ ਦਾ ਕਾਮ-ਵਾਸਨਾ ਨਾਲ ਜੋੜ ਹੈ,
ਜਿਵੇਂ (ਵਿਸ਼ਿਆਂ ਦਾ) ਧੰਧਾ ਵਿਸ਼ਈ ਮਨੁੱਖ ਨੂੰ ਗ੍ਰਸੀ ਰੱਖਦਾ ਹੈ,
ਜਿਵੇਂ ਜੁਆਰੀਏ ਦੀ (ਜੂਆ ਖੇਡਣ ਦੀ) ਭੈੜੀ ਆਦਤ ਦੂਰ ਨਹੀਂ ਹੁੰਦੀ,
ਹੇ ਨਾਨਕ! (ਆਖ-ਹੇ ਭਾਈ!) ਤਿਵੇਂ (ਆਪਣੇ) ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ ਪਿਆਰ ਨਾਲ) ਜੋੜੀ ਰੱਖੀਂ ॥੮॥
ਜਿਵੇਂ ਹਰਨ ਦਾ ਘੰਡੇਹੇੜੇ ਦੀ ਆਵਾਜ਼ ਨਾਲ ਪਿਆਰ ਹੁੰਦਾ ਹੈ,
ਜਿਵੇਂ ਪਪੀਹਾ (ਹਰ ਵੇਲੇ) ਮੀਂਹ ਮੰਗਦਾ ਹੈ;
(ਤਿਵੇਂ ਪਰਮਾਤਮਾ ਦੇ) ਸੇਵਕ ਦਾ (ਸੁਖੀ) ਜੀਵ ਸਾਧ ਸੰਗਤਿ ਵਿਚ (ਹੀ ਹੁੰਦਾ) ਹੈ,
ਸੇਵਕ ਪਿਆਰ ਨਾਲ ਪਰਮਾਤਮਾ (ਦੇ ਨਾਮ) ਨੂੰ ਜਪਦਾ ਹੈ,
(ਆਪਣੀ) ਜੀਭ ਨਾਲ (ਪਰਮਾਤਮਾ ਦਾ) ਨਾਮ ਉਚਾਰਦਾ ਰਹਿੰਦਾ ਹੈ
ਨਾਨਕ! (ਪਰਮਾਤਮਾ ਦੇ) ਦਰਸਨ ਦੀ ਦਾਤ (ਮੰਗਦਾ ਰਹਿੰਦਾ ਹੈ) ॥੯॥
ਜਿਹੜਾ ਮਨੁੱਖ (ਪਰਮਾਤਮਾ ਦੇ) ਗੁਣ ਗਾ ਕੇ, ਸੁਣ ਕੇ, ਲਿਖ ਕੇ (ਇਹ ਦਾਤ ਹੋਰਨਾਂ ਨੂੰ ਭੀ) ਦੇਂਦਾ ਹੈ,
ਉਹ ਮਨੁੱਖ ਸਾਰੇ ਫਲ ਦੇਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ,
ਉਹ ਮਨੁੱਖ (ਆਪਣੀਆਂ) ਸਾਰੀਆਂ ਕੁਲਾਂ ਦਾ (ਹੀ) ਪਾਰ-ਉਤਾਰਾ ਕਰਾ ਲੈਂਦਾ ਹੈ,
ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
(ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਲਈ) ਪਰਮਾਤਮਾ ਦੇ ਚਰਨ ਉਹਨਾਂ ਵਾਸਤੇ ਜਹਾਜ਼ (ਦਾ ਕੰਮ ਦੇਂਦੇ) ਹਨ,
ਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।
ਮੁਰਾਰੀ ਪ੍ਰਭੂ ਉਹਨਾਂ ਦੀ ਲਾਜ ਰੱਖਦਾ ਹੈ,
ਹੇ ਨਾਨਕ! ਉਹ ਹਰੀ ਦੀ ਸਰਨ ਪਏ ਰਹਿੰਦੇ ਹਨ, ਉਹ ਹਰੀ ਦੇ ਦਰ ਤੇ ਟਿਕੇ ਰਹਿੰਦੇ ਹਨ ॥੧੦॥੨॥
ਰਾਗ ਬਿਲਾਵਲੁ, ਘਰ ੧੦ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਥਿਤੀ', ਜਤਿ ਦੀ ਤਾਲ ਨਾਲ ਗਾਵਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪਰਮਾਤਮਾ ਇੱਕ ਹੈ (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ)। ਉਸ ਦਾ ਕੋਈ ਖ਼ਾਸ ਘਰ ਨਹੀਂ।
ਉਹ ਕਦੇ ਮਰਦਾ ਨਹੀਂ, ਉਹ ਜੂਨਾਂ ਵਿਚ ਨਹੀਂ ਆਉਂਦਾ, ਉਸ ਦੀ ਕੋਈ ਖ਼ਾਸ ਜਾਤਿ ਨਹੀਂ, ਉਸ ਨੂੰ (ਮਾਇਆ ਆਦਿਕ ਦਾ) ਕੋਈ ਬੰਧਨ ਨਹੀਂ (ਵਿਆਪਦਾ)।
ਉਹ ਇੱਕ ਪਰਮਾਤਮਾ ਅਪਹੁੰਚ ਹੈ, (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, (ਕਿਉਂਕਿ) ਉਸ ਦੀ ਕੋਈ ਖ਼ਾਸ ਸ਼ਕਲ ਨਹੀਂ, ਕੋਈ ਖ਼ਾਸ ਨਿਸ਼ਾਨ ਨਹੀਂ।
ਪਰ ਭਾਲ ਕਰਦਿਆਂ ਕਰਦਿਆਂ ਉਸ ਨੂੰ ਹਰੇਕ ਸਰੀਰ ਵਿਚ ਵੇਖ ਸਕੀਦਾ ਹੈ।