(ਹੇ ਭਾਈ! ਜਿਉਂ ਜਿਉਂ ਮੈਂ ਪ੍ਰਭੂ ਨੂੰ ਸਿਮਰਿਆ ਹੈ) ਪ੍ਰਭੂ ਨੇ (ਮੇਰੇ ਅੰਦਰੋਂ) ਪੰਜ ਕਾਮਾਦਿਕ ਸ਼ੇਰ ਮਾਰ ਮੁਕਾਏ ਹਨ,
ਦਸ ਇੰਦ੍ਰੀਆਂ ਦਾ ਦਬਾਉ ਭੀ ਮੇਰੇ ਉਤੋਂ ਦੂਰ ਕਰ ਦਿੱਤਾ ਹੈ।
ਮਾਇਆ ਦੇ ਤਿੰਨ ਗੁਣਾਂ ਦੀ ਘੁੰਮਣ-ਘੇਰੀ ਦਾ ਚੱਕਰ (ਭੀ) ਮੁੱਕ ਗਿਆ ਹੈ।
ਗੁਰੂ ਦੀ ਸੰਗਤਿ ਵਿਚ (ਰਹਿਣ ਕਰਕੇ) ਜਨਮ ਮਰਨ ਗੇੜ ਦੇ ਸਾਰੇ ਡਰ ਭੀ ਖ਼ਤਮ ਹੋ ਗਏ ਹਨ ॥੧॥
ਹੇ ਭਾਈ! ਮੈਂ ਪਰਮਾਤਮਾ (ਦਾ ਨਾਮ) ਮੁੜ ਮੁੜ ਸਿਮਰ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ।
ਮੈਨੂੰ ਦਾਸ ਨੂੰ ਪਰਮਾਤਮਾ ਨੇ ਕਿਰਪਾ ਕਰ ਕੇ (ਆਪ ਹੀ ਕਾਮਾਦਿਕ ਵਿਕਾਰੋਂ ਤੋਂ) ਬਚਾ ਰੱਖਿਆ ਹੈ। ਸਦਾ ਕਾਇਮ ਰਹਿਣ ਵਾਲਾ ਮਾਲਕ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ ॥੧॥ ਰਹਾਉ ॥
ਹੇ ਭਾਈ! ਉਸ ਦੇ ਸੁਮੇਰ ਪਰਬਤ ਜੇਡੇ ਹੋ ਚੁਕੇ ਪਾਪ ਘਾਹ ਦੇ ਤੀਲਿਆਂ ਵਾਂਗ ਸੜ ਜਾਂਦੇ ਹਨ,
ਜਦੋਂ ਕੋਈ ਜੀਵ ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਦੇ ਚਰਨ ਪੂਜਣੇ ਸ਼ੁਰੂ ਕਰਦਾ ਹੈ।
ਉਸ ਮਨੁੱਖ ਨੂੰ ਆਨੰਦ-ਸਰੂਪ ਪ੍ਰਭੂ ਹਰੇਕ ਥਾਂ ਵਿਚ ਵੱਸਦਾ ਦਿੱਸ ਪਿਆ,
ਜਿਸ ਨੇ ਸੁਖਾਂ ਦੀ ਮਣੀ ਪ੍ਰਭੂ ਦੀ ਪ੍ਰੇਮ ਭਗਤੀ ਵਿਚ ਆਪਣੀ ਸੁਰਤ ਜੋੜੀ ॥੨॥
(ਹੇ ਭਾਈ! ਜਿਸ ਨੇ ਭੀ ਨਾਮ ਜਪਿਆ ਉਸ ਨੇ) ਸੰਸਾਰ-ਸਮੁੰਦਰ ਇਉਂ ਤਰ ਲਿਆ ਜਿਵੇਂ (ਪਾਣੀ ਨਾਲ ਭਰਿਆ ਹੋਇਆ) ਵੱਛੇ ਦੇ ਖੁਰ ਦਾ ਨਿਸ਼ਾਨ ਹੈ;
ਨਾਹ ਉਸ ਨੂੰ ਕੋਈ ਦੁੱਖ ਪੁਂਹਦਾ ਹੈ ਨਾਹ ਕੋਈ ਚਿੰਤਾ-ਫ਼ਿਕਰ।
ਪ੍ਰਭੂ ਉਸ ਦੇ ਅੰਦਰ ਇਉਂ ਆ ਟਿਕਦਾ ਹੈ ਜਿਵੇਂ ਸਮੁੰਦਰ (ਮਾਨੋ) ਇਕ ਨਿੱਕੇ ਜਿਹੇ ਘੜੇ ਵਿਚ ਆ ਟਿਕੇ।
ਹੇ ਭਾਈ! ਸਿਰਜਨਹਾਰ ਪ੍ਰਭੂ ਵਾਸਤੇ ਇਹ ਕੋਈ ਅਨੋਖੀ ਗੱਲ ਨਹੀਂ ਹੈ ॥੩॥
(ਹੇ ਭਾਈ!) ਜਦੋਂ (ਕਿਸੇ ਜੀਵ ਦੇ ਹੱਥੋਂ ਪ੍ਰਭੂ ਦਾ ਪੱਲਾ) ਛੁੱਟ ਜਾਂਦਾ ਹੈ, ਤਦੋਂ ਉਹ (ਮਾਨੋ) ਪਾਤਾਲ ਵਿਚ ਜਾ ਪੈਂਦਾ ਹੈ।
ਜਦੋਂ ਪ੍ਰਭੂ ਆਪ ਉਸ ਨੂੰ ਪਾਤਾਲ ਵਿਚੋਂ ਕੱਢ ਲੈਂਦਾ ਹੈ ਤਦੋਂ ਉਸ ਦੀ ਮਿਹਰ ਦੀ ਨਿਗਾਹ ਨਾਲ ਉਹ ਤਨੋਂ ਮਨੋਂ ਖਿੜ ਜਾਂਦਾ ਹੈ।
(ਹੇ ਭਾਈ!) ਚੰਗੇ ਮਾੜੇ ਕੰਮ ਕਰਨੇ ਅਸਾਂ ਜੀਵਾਂ ਦੇ ਵੱਸ ਵਿਚ ਨਹੀਂ ਹਨ।
ਹੇ ਨਾਨਕ! (ਆਖ-ਜਿਨ੍ਹਾਂ ਉਤੇ ਉਹ ਮਿਹਰ ਕਰਦਾ ਹੈ, ਉਹ ਬੰਦੇ) ਬੜੇ ਪ੍ਰੇਮ ਨਾਲ ਉਸ ਦੇ ਗੁਣ ਗਾਂਦੇ ਹਨ ॥੪॥੪੦॥੫੧॥
(ਹੇ ਭਾਈ!) ਨਾਹ ਉਹ ਸਰੀਰ ਤੇਰਾ ਹੈ, ਤੇ, ਨਾਹ ਹੀ (ਉਸ ਸਰੀਰ ਵਿਚ ਵੱਸਦਾ) ਮਨ ਤੇਰਾ ਹੈ,
(ਜਿਸ ਸਰੀਰ ਦੀ ਖ਼ਾਤਰ) ਤੂੰ ਮਾਇਆ ਦੇ ਮੋਹ ਵਿਚ ਦੀ ਠੱਗੀ ਵਿਚ ਫਸਿਆ ਰਹਿੰਦਾ ਹੈਂ।
(ਵੇਖ!) ਜਿਵੇਂ ਭੇਡ ਦਾ ਬੱਚਾ ਭੇਡ ਨਾਲ ਕਲੋਲ ਕਰਦਾ ਹੈ (ਉਸ ਵਿਚਾਰੇ ਉਤੇ) ਅਚਨਚੇਤ (ਮੌਤ ਦਾ) ਜਾਲ ਆ ਪੈਂਦਾ ਹੈ,
(ਉਸ ਉਤੇ) ਮੌਤ ਅਪਣਾ ਚੱਕਰ ਚਲਾ ਦੇਂਦੀ ਹੈ (ਇਹੀ ਹਾਲ ਹਰੇਕ ਜੀਵ ਦਾ ਹੁੰਦਾ ਹੈ) ॥੧॥
ਹੇ (ਮੇਰੇ) ਮਨ! ਪ੍ਰਭੂ ਦੇ ਸੋਹਣੇ ਚਰਨਾਂ ਦੀ ਸਰਨ ਪਿਆ ਰਹੁ।
ਪਰਮਾਤਮਾ ਦਾ ਨਾਮ ਜਪਦਾ ਰਿਹਾ ਕਰ, ਇਹੀ ਤੇਰੇ ਨਾਲ ਅਸਲ ਮਦਦਗਾਰ ਹੈ। ਪਰ ਇਹ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਤੂੰ ਗੁਰੂ ਦੀ ਸਰਨ ਪੈ ਕੇ ਲੱਭ ਸਕੇਂਗਾ ॥੧॥ ਰਹਾਉ ॥
ਜੀਵ ਦੇ ਇਹ ਕਦੇ ਨਾਹ ਮੁੱਕ ਸਕਣ ਵਾਲੇ ਕੰਮ ਕਦੇ ਸਿਰੇ ਨਹੀਂ ਚੜ੍ਹਦੇ;
ਕਾਮ-ਵਾਸਨਾ ਵਿਚ, ਕ੍ਰੋਧ ਵਿਚ, ਮਾਇਆ ਦੇ ਨਸ਼ੇ ਵਿਚ ਜੀਵ ਸਦਾ ਹੀ ਗਿਲੇ-ਗੁਜ਼ਾਰੀਆਂ ਕਰਦਾ ਰਹਿੰਦਾ ਹੈ।
ਆਪਣੀ ਇਸ ਜਿੰਦ (ਨੂੰ ਸੁਖ ਦੇਣ) ਦੀ ਖ਼ਾਤਰ ਜੀਵ ਵਿਕਾਰ ਕਰਦਾ ਰਹਿੰਦਾ ਹੈ,
ਪਰ (ਰੱਬ ਦੀ ਯਾਦ ਵਲੋਂ) ਅਵੇਸਲੇ ਹੋ ਚੁਕੇ ਜੀਵ ਦੇ ਨਾਲ (ਦੁਨੀਆ ਦੇ ਪਦਾਰਥਾਂ ਵਿਚੋਂ) ਰਤਾ ਭੀ ਨਹੀਂ ਜਾਂਦਾ ॥੨॥
ਮੂਰਖ ਜੀਵ ਅਨੇਕਾਂ ਠੱਗੀਆਂ ਕਰਦਾ ਹੈ, ਅਨੇਕਾਂ ਫ਼ਰੇਬ ਕਰਨੇ ਜਾਣਦਾ ਹੈ।
ਕੌਡੀ ਕੌਡੀ ਕਮਾਣ ਦੀ ਖ਼ਾਤਰ ਆਪਣੇ ਸਿਰ ਉਤੇ (ਦਗ਼ੇ-ਫ਼ਰੇਬ ਦੇ ਕਾਰਨ ਬਦਨਾਮੀ ਦੀ) ਸੁਆਹ ਪਾਂਦਾ ਫਿਰਦਾ ਹੈ।
ਜਿਸ (ਪ੍ਰਭੂ) ਨੇ (ਇਸ ਨੂੰ ਇਹ ਸਭ ਕੁਝ) ਦਿੱਤਾ ਹੈ ਉਸ ਨੂੰ ਇਹ ਬਿਲਕੁਲ ਯਾਦ ਨਹੀਂ ਕਰਦਾ।
(ਇਸ ਦੇ ਅੰਦਰ) ਨਾਸਵੰਤ ਪਦਾਰਥਾਂ ਦਾ ਲੋਭ ਟਿਕਿਆ ਰਹਿੰਦਾ ਹੈ (ਇਹਨਾਂ ਦੀ) ਚੋਭ (ਇਸ ਦੇ ਅੰਦਰੋਂ) ਕਦੇ ਨਹੀਂ ਦੂਰ ਹੁੰਦੀ ॥੩॥
ਪਰਮਾਤਮਾ ਜਦੋਂ ਕਿਸੇ ਜੀਵ ਉਤੇ ਦਇਆਵਾਨ ਹੁੰਦਾ ਹੈ,
ਉਸ ਜੀਵ ਦਾ ਇਹ ਮਨ ਗੁਰੂ ਦੇ ਚਰਨਾਂ ਦੀ ਧੂੜ ਬਣਦਾ ਹੈ।
ਗੁਰੂ ਉਸ ਨੂੰ ਆਪਣੇ ਸੋਹਣੇ ਹੱਥਾਂ ਨਾਲ ਆਪਣੇ ਪੱਲੇ ਲਾ ਲੈਂਦਾ ਹੈ,
ਤੇ, ਹੇ ਨਾਨਕ! (ਉਹ ਭਾਗਾਂ ਵਾਲਾ) ਸਦਾ ਹੀ ਸਦਾ-ਥਿਰ ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ ॥੪॥੪੧॥੫੨॥
ਹੇ ਭਾਈ! ਜਿਹੜੇ ਮਨੁੱਖ ਪ੍ਰਕਾਸ਼-ਸਰੂਪ ਪਰਮਾਤਮਾ ਦਾ ਆਸਰਾ ਲੈਂਦੇ ਹਨ,
ਪਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਉਹ ਦੁਨੀਆ ਦੇ ਡਰਾਂ ਤੋਂ ਮੁਕਤ ਹੋ ਜਾਂਦੇ ਹਨ; ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਦਾ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ (ਦਾ ਨਾਮ) ਆ ਵੱਸਦਾ ਹੈ,
ਉਹ ਮਨੁੱਖ ਔਖਿਆਈ ਨਾਲ ਤਰੇ ਜਾਣ ਵਾਲੇ ਇਸ ਸੰਸਾਰ-ਸਮੁੰਦਰ ਨੂੰ ਵੇਖਦਾ ਭੀ ਨਹੀਂ (ਉਸ ਦੇ ਰਸਤੇ ਵਿਚ) ਇਹ ਕੋਈ ਰੁਕਾਵਟ ਨਹੀਂ ਪਾਂਦਾ।
ਉਹ ਮਨੁੱਖ ਆਪਣੇ ਸਾਰੇ ਕੰਮ ਸਿਰੇ ਚਾੜ੍ਹ ਲੈਂਦਾ ਹੈ।
ਪਰਮਾਤਮਾ ਦਾ ਨਾਮ (ਆਪਣੀ) ਜੀਭ ਨਾਲ ਨਿੱਤ ਜਪ ਜਪ ਕੇ (ਤਰ ਜਾਂਦਾ ਹੈ) ॥੧॥
ਹੇ ਭਾਈ! ਇਸ ਮਨੁੱਖ ਦੇ ਮੱਥੇ ਉਤੇ ਗੁਰੂ (ਆਪਣਾ) ਹੱਥ ਰੱਖਦਾ ਹੈ,
(ਪ੍ਰਭੂ ਦਾ ਉਹ) ਸੇਵਕ ਕਿਸੇ ਤਰ੍ਹਾਂ ਦਾ ਭੀ ਕੋਈ ਚਿੰਤਾ-ਫ਼ਿਕਰ ਨਹੀਂ ਕਰਦਾ।
ਉਸ ਮਨੁੱਖ ਦਾ ਜਨਮ ਮਰਨ ਦੇ ਗੇੜ ਦਾ ਡਰ ਮੁੱਕ ਜਾਂਦਾ ਹੈ।
ਉਹ ਪੂਰੇ ਗੁਰੂ ਉਤੋਂ ਸਦਾ ਸਦਕੇ ਜਾਂਦਾ ਹੈ (ਆਪਣਾ ਆਪਾ ਵਾਰਦਾ ਰਹਿੰਦਾ ਹੈ) ॥੨॥
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਪਰਮੇਸਰ ਮਿਲ ਪੈਂਦਾ ਹੈ, ਉਹ ਸਦਾ ਖਿੜਿਆ ਰਹਿੰਦਾ ਹੈ।
(ਪਰ ਗੁਰੂ ਦਾ ਪਰਮੇਸਰ ਦਾ) ਦਰਸਨ ਉਹੀ ਮਨੁੱਖ ਪ੍ਰਾਪਤ ਕਰਦਾ ਹੈ, ਜਿਸ ਉਤੇ ਪ੍ਰਭੂ ਆਪ ਦਇਆਵਾਨ ਹੁੰਦਾ ਹੈ।
ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ,
ਉਹ ਮਨੁੱਖ ਗੁਰੂ ਦੀ ਸੰਗਤਿ ਵਿਚ (ਰਹਿ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥
ਹੇ ਪਿਆਰੇ ਸੰਤ ਜਨੋ! (ਤੁਸੀ ਭੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹੋ,
ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਤੁਹਾਡੇ ਮੂੰਹ ਉਜਲੇ ਹੋਣਗੇ (ਤੁਹਾਨੂੰ ਉਥੇ ਆਦਰ-ਸਤਕਾਰ ਮਿਲੇਗਾ)।
(ਹੇ ਸੰਤ ਜਨੋ!) ਸਾਰੇ ਵਿਚਾਰ ਛੱਡ ਕੇ ਆਤਮਕ ਆਨੰਦ ਮਾਣਦੇ ਰਹੋ,
ਹੇ ਨਾਨਕ! ਪਰਮਾਤਮਾ ਦਾ ਨਾਮ ਜਪ ਕੇ ਤੁਸੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਉਗੇ ॥੪॥੪੨॥੫੩॥