ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪੂਰੇ ਗੁਰੂ ਦਾ ਉਪਦੇਸ਼ ਵੱਸ ਪੈਂਦਾ ਹੈ, ਉਹਨਾਂ ਦੀ ਅਕਲ (ਜੀਵਨ-ਰਾਹ ਦੀ) ਪੂਰੀ (ਸਮਝ ਵਾਲੀ) ਹੋ ਜਾਂਦੀ ਹੈ, ਉਹ (ਹੋਰਨਾਂ ਨੂੰ ਭੀ ਸਿੱਖਿਆ ਦੇਣ ਵਿਚ) ਮੰਨੇ-ਪਰਮੰਨੇ ਹੋ ਜਾਂਦੇ ਹਨ।
ਹੇ ਨਾਨਕ! ਜਿਨ੍ਹਾਂ ਨੇ ਪਿਆਰੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ ਲਈ ਹੈ, ਉਹ ਭਾਗਾਂ ਵਾਲੇ ਹਨ ॥੧॥
ਪਉੜੀ
ਉਹ ਮਨੁੱਖ ਸਾਧ ਸੰਗਤਿ ਵਿਚ ਮਿਲ ਕੇ (ਇਸ ਬਾਰੇ) ਪੂਰਾ ਯਕੀਨ ਬਣਾ ਲੈਂਦਾ ਹੈ,
ਜਿਸ ਨੇ ਰੱਬ ਦਾ (ਇਹ) ਭੇਤ ਪਾ ਲਿਆ (ਕਿ ਉਹ ਸਦਾ ਅੰਗ-ਸੰਗ ਹੈ।)
ਉਸ ਦੇ ਹਿਰਦੇ ਵਿਚ ਦੁੱਖ ਤੇ ਸੁਖ ਇਕੋ ਜਿਹੇ ਜਾਪਣ ਲੱਗ ਪੈਂਦੇ ਹਨ (ਕਿਉਂਕਿ ਇਹ ਉਸ ਨੂੰ ਅੰਗ-ਸੰਗ ਵੱਸਦੇ ਪ੍ਰਭੂ ਵਲੋਂ ਆਏ ਦਿੱਸਦੇ ਹਨ)
(ਇਸ ਵਾਸਤੇ) ਉਹ ਦੁੱਖਾਂ ਤੋਂ ਆਈ ਘਬਰਾਹਟ ਤੇ ਸੁਖਾਂ ਤੋਂ ਆਈ ਬਹੁਤ ਖ਼ੁਸ਼ੀ ਵਿਚ ਫਸਣੋਂ ਬਚ ਜਾਂਦਾ ਹੈ।
ਉਸ ਪ੍ਰਭੂ ਨੂੰ ਅੰਗ-ਸੰਗ ਭੀ ਦਿੱਸਦਾ ਹੈ ਤੇ ਉਸੇ ਪ੍ਰਭੂ ਨੂੰ ਮਾਇਆ ਦੇ ਪ੍ਰਭਾਵ ਤੋਂ ਪਰੇ ਭੀ,
ਉਸ ਨੂੰ ਵਿਆਪਕ ਪ੍ਰਭੂ ਹਰੇਕ ਹਿਰਦੇ ਵਿਚ ਵੱਸਦਾ ਦਿੱਸਦਾ ਹੈ।
(ਵਿਆਪਕਤਾ ਵਾਲੇ ਯਕੀਨ ਤੋਂ ਪੈਦਾ ਹੋਏ) ਆਤਮਕ ਰਸ ਤੋਂ ਉਸ ਨੂੰ ਐਸਾ ਸੁਖ ਮਿਲਦਾ ਹੈ,
ਕਿ ਹੇ ਨਾਨਕ! ਮਾਇਆ ਉਸ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ॥੪੨॥
ਹੇ ਮਿੱਤਰੋ! ਹੇ ਸੱਜਣੋ! ਸੁਣੋ! ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਨਹੀਂ ਹੁੰਦੀ।
ਹੇ ਨਾਨਕ! ਜੇਹੜੇ ਬੰਦੇ ਗੁਰੂ ਦੀ ਚਰਨੀਂ ਪੈਂਦੇ ਹਨ, ਉਹਨਾਂ ਦੇ (ਮਾਇਆ ਦੇ ਮੋਹ ਦੇ) ਬੰਧਨ ਕੱਟੇ ਜਾਂਦੇ ਹਨ ॥੧॥
ਪਵੜੀ
ਮਨੁੱਖ (ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਪਾਣ ਲਈ) ਕਈ ਤਰ੍ਹਾਂ ਦੇ ਜਤਨ ਕਰਦਾ ਹੈ,
ਪਰ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਬਿਲਕੁਲ ਕਾਮਯਾਬੀ ਨਹੀਂ ਹੋ ਸਕਦੀ।
ਜੇਹੜੇ ਜਤਨਾਂ ਨਾਲ (ਇਹਨਾਂ ਬੰਧਨਾਂ ਤੋਂ) ਖ਼ਲਾਸੀ ਹੋ ਸਕਦੀ ਹੈ,
ਉਹ ਜਤਨ ਇਹੀ ਹਨ ਕਿ ਸਾਧ ਸੰਗਤਿ ਕਰੋ।
ਉਸ ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਖ਼ਲਾਸੀ ਹੋ ਨਹੀਂ ਸਕਦੀ,
(ਭਾਵੇਂ ਕਿ) ਹਰ ਕੋਈ (ਮਾਇਆ ਦੇ ਬੰਧਨਾਂ ਤੋਂ) ਬਚਣ ਦੇ ਉਪਰਾਲੇ (ਆਪਣੇ ਮਨ ਵਿਚ) ਧਾਰਦਾ ਹੈ।
ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ (ਸੰਸਾਰ-ਸਮੁੰਦਰ ਵਿਚੋਂ) ਤਾਰਨ ਲਈ ਜਹਾਜ਼ ਹੈਂ, ਤੂੰ ਹੀ ਤਾਰਨ ਲਈ ਸਮਰੱਥ ਹੈਂ।
(ਹੇ ਭਾਈ! ਪ੍ਰਭੂ-ਦਰ ਤੇ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ) ਹੇ ਜੀਵਾਂ ਦੇ ਨਾਥ! ਸਾਨੂੰ ਗੁਣ-ਹੀਨਾਂ ਨੂੰ ਬਚਾ ਲੈ।
ਜਿਨ੍ਹਾਂ ਬੰਦਿਆਂ ਦੇ ਮਨ ਵਿਚ ਬਚਨਾਂ ਵਿਚ ਤੇ ਕਰਮਾਂ ਵਿਚ ਪ੍ਰਭੂ ਆਪ (ਮਾਇਆ ਦੇ ਮੋਹ ਤੋਂ ਬਚਣ ਵਾਲੀ) ਸੂਝ ਪੈਦਾ ਕਰਦਾ ਹੈ,
ਹੇ ਨਾਨਕ! ਉਹਨਾਂ ਦੀ ਮਤਿ ਉੱਜਲ ਹੋ ਜਾਂਦੀ ਹੈ (ਤੇ ਉਹ ਬੰਧਨਾਂ ਤੋਂ ਬਚ ਨਿਕਲਦੇ ਹਨ) ॥੪੩॥
(ਹੇ ਭਾਈ!) ਕਿਸੇ ਹੋਰ ਨਾਲ ਗੁੱਸਾ ਨਾਹ ਕਰੋ, (ਇਸ ਦੇ ਥਾਂ) ਆਪਣੇ ਆਪ ਨੂੰ ਵਿਚਾਰੋ (ਸੋਧੇ, ਕਿ ਕਿਸੇ ਨਾਲ ਝਗੜਨ ਵਿਚ ਆਪਣਾ ਕੀਹ ਕੀਹ ਦੋਸ ਹੈ)।
ਹੇ ਨਾਨਕ! ਜੇ ਤੂੰ ਜਗਤ ਵਿਚ ਧੀਰੇ ਸੁਭਾਵ ਵਾਲਾ ਬਣ ਕੇ ਰਹੇਂ, ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ ਜਾਇਂਗਾ (ਜਿਸ ਵਿਚ ਕ੍ਰੋਧ ਦੀਆਂ ਬੇਅੰਤ ਲਹਿਰਾਂ ਪੈ ਰਹੀਆਂ ਹਨ) ॥੧॥
ਪਉੜੀ
ਸਾਰੀ ਲੋਕਾਈ ਜਿਸ ਗੁਰੂ ਦੀ ਚਰਨ-ਧੂੜ ਹੁੰਦੀ ਹੈ,
ਤੂੰ ਭੀ ਉਸ ਦੇ ਅੱਗੇ ਆਪਣੇ ਮਨ ਦਾ ਅਹੰਕਾਰ ਦੂਰ ਕਰ, ਤੇਰੇ ਅੰਦਰੋਂ ਕ੍ਰੋਧ ਦੇ ਸੰਸਕਾਰਾਂ ਦਾ ਲੇਖਾ ਮੁੱਕ ਜਾਏ।
ਹੇ ਭਾਈ! ਇਸ ਜਗਤ-ਰਣ-ਭੂਮੀ ਵਿਚ ਤੇ ਪ੍ਰਭੂ ਦੀ ਹਜ਼ੂਰੀ ਵਿਚ ਤਦੋਂ ਹੀ ਕਾਮਯਾਬ ਹੋਵੇਂਗਾ,
ਜਦੋਂ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀਦੀ ਹੈ।
ਬੇਅੰਤ ਵਿਕਾਰ ਸਹਜੇ ਸਹਜੇ ਦੂਰ ਹੋ ਜਾਂਦੇ ਹਨ,
ਜਦੋਂ ਪੂਰੇ ਗੁਰੂ ਦੇ ਸ਼ਬਦ ਵਿਚ ਜੁੜੀਦਾ ਹੈ।
ਉਹ ਬੰਦੇ ਪ੍ਰਭੂ ਦੇ ਨਾਮ ਦੇ ਪਿਆਰ ਵਿਚ ਰੱਤੇ ਰਹਿੰਦੇ ਹਨ, ਉਹ ਹਰੀ-ਨਾਮ ਦੇ ਸੁਆਦ ਵਿਚ ਮਸਤ ਰਹਿੰਦੇ ਹਨ (ਤੇ ਉਹ ਦੂਜਿਆਂ ਨਾਲ ਰੋਸ ਕਰਨ ਦੀ ਥਾਂ ਆਪਣੇ ਆਪ ਦੀ ਸੋਧ ਕਰਦੇ ਹਨ)
ਹੇ ਨਾਨਕ! ਜਿਨ੍ਹਾਂ ਨੂੰ ਗੁਰੂ ਨੇ ਹਰੀ-ਨਾਮ ਦੀ ਦਾਤ ਦਿੱਤੀ ਹੈ ॥੪੪॥
(ਸਾਧਾਰਨ ਤੌਰ ਤੇ ਸਾਡੇ) ਇਸ ਸਰੀਰ ਵਿਚ ਲਾਲਚ ਝੂਠ ਵਿਕਾਰਾਂ ਤੇ ਰੋਗਾਂ ਦਾ ਹੀ ਜ਼ੋਰ ਰਹਿੰਦਾ ਹੈ;
(ਪਰ) ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ-ਰਸ ਪੀ ਲਿਆ, ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ ॥੧॥
ਪਉੜੀ
ਮੈਨੂੰ ਯਕੀਨ ਹੈ ਕਿ ਜਿਸ ਕਿਸੇ ਨੂੰ (ਪ੍ਰਭੂ ਦੇ ਨਾਮ ਦੀ) ਦਵਾਈ ਦਿੱਤੀ ਜਾਏ,
ਇਕ ਖਿਨ ਵਿਚ ਹੀ ਉਸ ਦੇ (ਆਤਮਕ) ਦੁੱਖ-ਦਰਦ ਮਿਟ ਜਾਂਦੇ ਹਨ।
ਜਿਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਰੋਗ-ਨਾਸਕ ਪ੍ਰਭੂ-ਨਾਮ ਪਿਆਰਾ ਲੱਗਣ ਲੱਗ ਪਏ,
ਸੁਪਨੇ ਵਿਚ ਭੀ ਕੋਈ (ਆਤਮਕ) ਰੋਗ (ਵਿਕਾਰ) ਉਸ ਦੇ ਨੇੜੇ ਨਹੀਂ ਢੁਕਦਾ।
ਹੇ ਭਾਈ! ਹਰੀ-ਨਾਮ ਦਵਾਈ ਹਰੇਕ ਹਿਰਦੇ ਵਿਚ ਮੌਜੂਦ ਹੈ,
ਪਰ ਪੂਰੇ ਗੁਰੂ ਤੋਂ ਬਿਨਾ (ਵਰਤਣ ਦਾ) ਢੰਗ ਕਾਮਯਾਬ ਨਹੀਂ ਹੁੰਦਾ।
ਪੂਰੇ ਗੁਰੂ ਨੇ (ਇਸ ਦਵਾਈ ਦੇ ਵਰਤਣ ਦਾ) ਪਰਹੇਜ਼ ਨੀਅਤ ਕਰ ਦਿੱਤਾ ਹੈ। (ਜੋ ਮਨੁੱਖ ਉਸ ਪਰਹੇਜ਼ ਅਨੁਸਾਰ ਦਵਾਈ ਵਰਤਦਾ ਹੈ)
ਹੇ ਨਾਨਕ! ਉਸ ਨੂੰ ਮੁੜ (ਕੋਈ ਵਿਕਾਰ) ਦੁੱਖ ਪੋਹ ਨਹੀਂ ਸਕਦਾ ॥੪੫॥
ਪਰਮਾਤਮਾ ਸਭ ਥਾਈਂ ਮੌਜੂਦ ਹੈ, ਕਿਸੇ ਭੀ ਥਾਂ ਵਿਚ ਉਸ ਦੀ ਅਣਹੋਂਦ ਨਹੀਂ ਹੈ।
ਹੇ ਨਾਨਕ! ਸਭ ਜੀਵਾਂ ਦੇ ਅੰਦਰ ਤੇ ਚੁਫੇਰੇ ਪ੍ਰਭੂ ਅੰਗ-ਸੰਗ ਹੈ, (ਉਸ ਤੋਂ) ਕੋਈ ਲੁਕਾਉ ਨਹੀਂ ਹੋ ਸਕਦਾ ॥੧॥
ਪਉੜੀ
ਕਿਸੇ ਨਾਲ ਭੀ (ਕੋਈ) ਵੈਰ ਨਹੀਂ ਕਰਨਾ ਚਾਹੀਦਾ,
ਕਿਉਂਕਿ ਹਰੇਕ ਸਰੀਰ ਵਿਚ ਪਰਮਾਤਮਾ ਸਮਾਇਆ ਹੋਇਆ ਹੈ।
ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਜ਼ੱਰੇ ਜ਼ੱਰੇ ਵਿਚ) ਵਿਆਪਕ ਹੈ,
ਪਰ ਕਿਸੇ ਵਿਰਲੇ ਨੇ ਹੀ ਗੁਰੂ ਦੀ ਕਿਰਪਾ ਨਾਲ (ਉਸ ਪ੍ਰਭੂ ਤਕ) ਪਹੁੰਚ ਹਾਸਲ ਕੀਤੀ ਹੈ।
ਉਹਨਾਂ ਦੇ ਮਨ ਵਿਚੋਂ ਵੈਰ ਵਿਰੋਧ ਮਿਟ ਜਾਂਦੇ ਹਨ,
ਜੋ ਗੁਰੂ ਦੀ ਸ਼ਰਨ ਲੈ ਕੇ ਉਸ ਦੀ ਸਿਫ਼ਤ-ਸਾਲਾਹ ਸੁਣਦੇ ਹਨ।
ਪਰਮਾਤਮਾ ਜਾਤਿ-ਪਾਤਿ, ਰੂਪ-ਰੇਖ ਤੋਂ ਨਿਆਰਾ ਹੈ (ਉਸ ਦੀ ਕੋਈ ਜਾਤਿ-ਪਾਤਿ ਉਸ ਦਾ ਕੋਈ ਰੂਪ-ਰੇਖ ਦੱਸੇ ਨਹੀਂ ਜਾ ਸਕਦੇ)।