ਰਾਗ ਸਿਰੀਰਾਗ ਵਿੱਚ ਭਗਤ ਬੇਣੀ ਜੀ ਦੀ ਬਾਣੀ। ਇਹ 'ਪਹਰਿਆਂ ਦੇ ਘਰ' ??? (ਦੀ ਧੁਨ ਅਨੁਸਾਰ) ਗਉਣੀ ਚਾਹੀਦੀ ਹੈ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮਨੁੱਖ! ਜਦੋਂ ਤੂੰ ਮਾਂ ਦੇ ਪੇਟ ਵਿਚ ਸੈਂ, ਤਦੋਂ ਤੇਰੀ ਸੁਰਤ ਉੱਚੇ (ਪ੍ਰਭੂ ਦੇ) ਧਿਆਨ ਵਿਚ ਜੁੜੀ ਰਹਿੰਦੀ ਸੀ;
(ਤੈਨੂੰ ਤਦੋਂ) ਸਰੀਰ ਦੀ ਹੋਂਦ ਦਾ ਅਹੰਕਾਰ ਨਹੀਂ ਸੀ, ਦਿਨੇ ਰਾਤ ਇਕ ਪ੍ਰਭੂ ਨੂੰ (ਸਿਮਰਦਾ ਸੈਂ), (ਤੇਰੇ ਅੰਦਰ) ਅਗਿਆਨ ਦੀ ਅਣਹੋਂਦ ਸੀ।
(ਹੇ ਮਨੁੱਖ!) ਉਹ ਦਿਨ ਹੁਣ ਚੇਤੇ ਕਰ (ਤਦੋਂ ਤੈਨੂੰ) ਬੜੇ ਕਲੇਸ਼ ਤੇ ਤਕਲੀਫ਼ਾਂ ਸਨ; ਪਰ ਹੁਣ ਤੂੰ ਆਪਣੇ ਮਨ ਨੂੰ (ਦੁਨੀਆ ਦੇ ਜੰਜਾਲਾਂ ਵਿਚ) ਬਹੁਤ ਫਸਾ ਰੱਖਿਆ ਹੈ।
ਮਾਂ ਦਾ ਪੇਟ ਛੱਡ ਕੇ ਜਦੋਂ ਦਾ ਤੂੰ ਜਗਤ ਵਿਚ ਆਇਆ ਹੈਂ, ਤਦੋਂ ਤੋਂ ਤੂੰ ਆਪਣੇ ਨਿਰੰਕਾਰ ਨੂੰ ਭੁਲਾ ਦਿੱਤਾ ਹੈ ॥੧॥
ਹੇ ਮੂਰਖ! ਤੂੰ ਕਿਹੜੀ ਮੱਤੇ, ਕਿਹੜੇ ਭੁਲੇਖੇ ਵਿਚ ਲੱਗਾ ਹੋਇਆ ਹੈਂ? (ਸਮਾ ਹੱਥੋਂ ਗਵਾ ਕੇ) ਫੇਰ ਹੱਥ ਮਲੇਂਗਾ।
ਪ੍ਰਭੂ ਨੂੰ ਸਿਮਰ, ਨਹੀਂ ਤਾਂ ਜਮਪੁਰੀ ਵਿਚ ਧੱਕਿਆ ਜਾਏਂਗਾ, (ਤੂੰ ਫਿਰਦਾ ਹੈਂ) ਜਿਵੇਂ ਕੋਈ ਅਮੋੜ ਬੰਦਾ ਫਿਰਦਾ ਹੈ ॥੧॥ ਰਹਾਉ ॥
(ਪਹਿਲਾਂ) ਤੂੰ ਬਾਲਪੁਣੇ ਦੀਆਂ ਖੇਡਾਂ ਦੇ ਧਿਆਨ ਤੇ ਸੁਆਦ ਵਿਚ ਲੱਗਾ ਰਿਹਾ, ਤੇ ਸਦਾ (ਇਹਨਾਂ ਦੇ ਹੀ) ਮੋਹ ਵਿਚ ਫਸਿਆ ਰਿਹਾ;
(ਹੁਣ ਜਦੋਂ) ਤੂੰ ਮਾਇਆ-ਰੂਪ ਵਿਹੁ ਨੂੰ ਰਸਦਾਇਕ ਤੇ ਪਵਿੱਤਰ ਅੰਮ੍ਰਿਤ ਸਮਝ ਕੇ ਚੱਖਿਆ, ਤਦੋਂ ਤੈਨੂੰ ਪੰਜੇ (ਕਾਮਾਦਿਕ) ਖੁਲ੍ਹੇ ਤੌਰ ਤੇ ਸਤਾ ਰਹੇ ਹਨ।
ਜਪ ਤਪ ਸੰਜਮ ਤੇ ਪੁੰਨ ਕਰਮ ਕਰਨ ਵਾਲੀ ਬੁੱਧ ਤੂੰ ਛੱਡ ਬੈਠਾ ਹੈਂ, ਪ੍ਰਭੂ ਦੇ ਨਾਮ ਨੂੰ ਨਹੀਂ ਸਿਮਰਦਾ।
(ਤੇਰੇ ਅੰਦਰ) ਕਾਮ ਜ਼ੋਰਾਂ ਵਿਚ ਹੈ, ਭੈੜੇ ਪਾਸੇ ਤੇਰੀ ਬੁੱਧੀ ਲੱਗੀ ਹੋਈ ਹੈ, (ਕਾਮਾਤੁਰ ਹੋ ਕੇ) ਤੂੰ ਇਸਤਰੀ ਨੂੰ ਲਿਆ ਗਲ ਲਾਇਆ ਹੈ ॥੨॥
(ਤੇਰੇ ਅੰਦਰ) ਜੁਆਨੀ ਦਾ ਜੋਸ਼ ਹੈ, ਪਰਾਈਆ ਜ਼ਨਾਨੀਆਂ ਦੇ ਮੂੰਹ ਤੱਕਦਾ ਹੈਂ, ਵੇਲਾ ਕੁਵੇਲਾ ਭੀ ਤੂੰ ਨਹੀਂ ਸਮਝਦਾ।
ਹੇ ਕਾਮ ਵਿਚ ਮਸਤ ਹੋਏ ਹੋਏ! ਹੇ ਪ੍ਰਬਲ ਮਾਇਆ ਵਿਚ ਭੁੱਲੇ ਹੋਏ! ਤੈਨੂੰ ਇਹ ਸਮਝ ਨਹੀਂ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ।
ਪੁੱਤਰਾਂ ਨੂੰ ਧਨ ਪਦਾਰਥਾਂ ਨੂੰ ਵੇਖ ਕੇ ਤੇਰਾ ਮਨ ਅਹੰਕਾਰੀ ਹੋ ਰਿਹਾ ਹੈ; ਪ੍ਰਭੂ ਨੂੰ ਤੂੰ ਹਿਰਦੇ ਵਿਚੋਂ ਵਿਸਾਰ ਬੈਠਾ ਹੈਂ।
ਹੋਰਨਾਂ (ਸੰਬੰਧੀਆਂ) ਦੇ ਮੋਇਆਂ ਤੇਰਾ ਮਨ ਜਾਚ ਕਰਦਾ ਹੈ (ਕਿ) ਕਿਤਨੀ ਕੁ ਮਾਇਆ (ਮਿਲੇਗੀ); ਇਸ ਤਰ੍ਹਾਂ ਤੂੰ ਆਪਣਾ ਉੱਤਮ ਤੇ ਸ੍ਰੇਸ਼ਟ (ਮਨੁੱਖਾ) ਜਨਮ ਅਜਾਈਂ ਗਵਾ ਲਿਆ ॥੩॥
ਤੇਰੇ ਕੇਸ ਚਿੱਟੇ ਕੌਲ ਫੁੱਲ ਤੋਂ ਭੀ ਵਧੀਕ ਚਿੱਟੇ ਹੋ ਗਏ ਹਨ, ਤੇਰੀ ਆਵਾਜ਼ (ਡਾਢੀ ਮੱਧਮ ਹੋ ਗਈ ਹੈ, ਮਾਨੋ) ਸਤਵੇਂ ਪਾਤਾਲ ਤੋਂ ਆਉਂਦੀ ਹੈ।
ਤੇਰੀਆਂ ਅੱਖਾਂ ਸਿੰਮ ਰਹੀਆਂ ਹਨ, ਤੇਰੀ ਚਤੁਰਾਈ ਵਾਲੀ ਬੁੱਧ ਕਮਜ਼ੋਰ ਹੋ ਚੁੱਕੀ ਹੈ ਤਾਂ ਭੀ ਕਾਮ (ਦੀ) ਮਧਾਣੀ (ਤੇਰੇ ਅੰਦਰ) ਪੈ ਰਹੀ ਹੈ (ਭਾਵ, ਅਜੇ ਭੀ ਕਾਮ ਦੀਆਂ ਵਾਸ਼ਨਾਂ ਜ਼ੋਰਾਂ ਵਿਚ ਹਨ)।
ਇਹਨਾਂ ਹੀ ਵਾਸ਼ਨਾਂ ਦੇ ਕਾਰਨ ਤੇਰੀ ਬੁੱਧ ਵਿਚ ਵਿਸ਼ਿਆਂ ਦੀ ਝੜੀ ਲੱਗੀ ਹੋਈ ਹੈ, ਤੇਰਾ ਸਰੀਰ ਰੂਪ ਕੌਲ ਫੁੱਲ ਕੁਮਲਾ ਗਿਆ ਹੈ।
ਜਗਤ ਵਿਚ ਆ ਕੇ ਤੂੰ ਪਰਮਾਤਮਾ ਦਾ ਭਜਨ ਛੱਡ ਬੈਠਾ ਹੈਂ; (ਸਮਾ ਵਿਹਾ ਜਾਣ ਤੇ) ਪਿੱਛੋਂ ਹੱਥ ਮਲੇਂਗਾ ॥੪॥
ਨਿੱਕੇ ਨਿੱਕੇ ਬਾਲ (ਪੁੱਤਰ ਪੋਤਰੇ) ਵੇਖ ਕੇ (ਮਨੁੱਖ ਦੇ ਮਨ ਵਿਚ ਉਹਨਾਂ ਲਈ) ਮੋਹ ਪੈਦਾ ਹੁੰਦਾ ਹੈ, ਅਹੰਕਾਰ ਕਰਦਾ ਹੈ, ਪਰ ਇਸ ਨੂੰ (ਇਹ) ਸਮਝ ਨਹੀਂ ਆਉਂਦੀ (ਕਿ ਸਭ ਕੁਝ ਛੱਡ ਜਾਣਾ ਹੈ)।
ਅੱਖਾਂ ਤੋਂ ਦਿੱਸਣੋਂ ਰਹਿ ਜਾਂਦਾ ਹੈ (ਫਿਰ ਭੀ ਮਨੁੱਖ) ਹੋਰ ਜੀਊਣ ਲਈ ਲਾਲਚ ਕਰਦਾ ਹੈ।
(ਆਖ਼ਰ) ਸਰੀਰ ਦਾ ਬਲ ਮੁੱਕ ਜਾਂਦਾ ਹੈ, (ਤੇ ਜਦੋਂ) ਜੀਵ ਪੰਛੀ (ਸਰੀਰ ਵਿਚੋਂ) ਉੱਡ ਜਾਂਦਾ ਹੈ (ਤਦੋਂ ਮੁਰਦਾ ਦੇਹ) ਘਰ ਵਿਚ, ਵਿਹੜੇ ਵਿਚ, ਪਈ ਹੋਈ ਚੰਗੀ ਨਹੀਂ ਲੱਗਦੀ।
ਬੇਣੀ ਆਖਦਾ ਹੈ-ਹੇ ਸੰਤ ਜਨੋ! (ਜੇ ਮਨੁੱਖ ਦਾ ਸਾਰੀ ਜ਼ਿੰਦਗੀ ਵਿਚ ਇਹੀ ਹਾਲ ਰਿਹਾ, ਭਾਵ ਜੀਊਂਦਿਆਂ ਕਿਸੇ ਵੇਲੇ ਭੀ ਵਿਕਾਰਾਂ ਤੇ ਮੋਹ ਤੋਂ ਮੁਕਤ ਨਾਹ ਹੋਇਆ, ਜੇ ਜੀਵਨ-ਮੁਕਤ ਨਾਹ ਹੋਇਆ, ਤਾਂ ਇਹ ਸੱਚ ਜਾਣੋ ਕਿ) ਮਰਨ ਤੋਂ ਪਿੱਛੋਂ ਮੁਕਤੀ ਕਿਸੇ ਨੂੰ ਨਹੀਂ ਮਿਲਦੀ ॥੫॥
(ਹੇ ਪਰਮਾਤਮਾ!) ਤੇਰੀ ਮੇਰੇ ਨਾਲੋਂ, ਮੇਰੀ ਤੇਰੇ ਨਾਲੋਂ (ਅਸਲ) ਵਿੱਥ ਕਿਹੋ ਜਿਹੀ ਹੈ?
(ਉਹੋ ਜਿਹੀ ਹੀ ਹੈ) ਜਿਹੀ ਸੋਨੇ ਤੇ ਸੋਨੇ ਦੇ ਕੜਿਆਂ ਦੀ, ਜਾਂ, ਪਾਣੀ ਤੇ ਪਾਣੀ ਦੀਆਂ ਲਹਿਰਾਂ ਦੀ ਹੈ ॥੧॥
ਹੇ ਬੇਅੰਤ (ਪ੍ਰਭੂ) ਜੀ! ਜੇ ਅਸੀਂ ਜੀਵ ਪਾਪ ਨਾਹ ਕਰਦੇ,
ਤਾਂ ਤੇਰਾ ਨਾਮ (ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ) 'ਪਤਿਤ-ਪਾਵਨ' ਕਿਵੇਂ ਹੋ ਜਾਂਦਾ? ॥੧॥ ਰਹਾਉ ॥
ਹੇ ਸਾਡੇ ਦਿਲਾਂ ਦੀ ਜਾਣਨਹਾਰ ਪ੍ਰਭੂ! ਤੂੰ ਜੋ ਸਾਡਾ ਮਾਲਕ ਹੈਂ (ਤਾਂ ਫਿਰ ਮਾਲਕਾਂ ਵਾਲਾ ਬਿਰਦ ਪਾਲ, ਆਪਣੇ 'ਪਤਿਤ-ਪਾਵਨ' ਨਾਮ ਦੀ ਲਾਜ ਰੱਖ)।
ਮਾਲਕ ਨੂੰ ਵੇਖ ਕੇ ਇਹ ਪਛਾਣ ਲਈਦਾ ਹੈ ਕਿ ਇਸ ਦਾ ਸੇਵਕ ਕਿਹੋ ਜਿਹਾ ਹੈ ਤੇ ਸੇਵਕ ਤੋਂ ਮਾਲਕ ਦੀ ਪਰਖ ਹੋ ਜਾਂਦੀ ਹੈ ॥੨॥
(ਸੋ, ਹੇ ਪ੍ਰਭੂ!) ਮੈਨੂੰ ਇਹ ਸੂਝ ਬਖ਼ਸ਼ ਕਿ ਜਦ ਤਾਈਂ ਮੇਰਾ ਇਹ ਸਰੀਰ ਸਾਬਤ ਹੈ ਤਦ ਤਾਈਂ ਮੈਂ ਤੇਰਾ ਸਿਮਰਨ ਕਰਾਂ।
(ਇਹ ਭੀ ਮਿਹਰ ਕਰ ਕਿ) ਰਵਿਦਾਸ ਨੂੰ ਕੋਈ ਸੰਤ ਜਨ ਇਹ ਸਮਝ (ਭੀ) ਦੇ ਦੇਵੇ ਕਿ ਤੂੰ ਸਰਬ-ਵਿਆਪਕ ਹੈਂ ॥੩॥