ਜੇਹੜਾ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜ਼ਿੰਦਗੀ ਦਾ ਪੱਧਰਾ ਰਸਤਾ ਸਮਝ ਲੈਂਦਾ ਹੈ,
ਉਹ (ਇਸ ਜੀਵਨ-ਸਫ਼ਰ ਵਿਚ) ਗੁਰੂ ਦੇ ਆਸਰੇ ਤੁਰਦਾ ਹੈ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੇ ਸਹਾਰੇ ਤੁਰਦਾ ਹੈ,
ਉਹ ਸਤਿਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਵਸਾਂਦਾ ਹੈ।
ਹੇ ਪ੍ਰਭੂ! ਜਦੋਂ ਤੇਰੀ ਮਿਹਰ ਹੁੰਦੀ ਹੈ ਤਾਂ ਉਹ ਤੇਰਾ ਦਰ ਪਛਾਣ ਕੇ ਲੱਭ ਲੈਂਦਾ ਹੈ ॥੨॥
ਜਿਉਂ ਜਿਉਂ ਮੈਂ (ਜੀਵ-ਪੰਛੀ) ਜੀਵਨ-ਪੰਧ ਵਿਚ ਇਕ ਪਰਮਾਤਮਾ ਦੇ ਚਰਨਾਂ ਵਿਚ ਇਕ-ਰਸ ਸੁਰਤ ਜੋੜ ਕੇ ਉਡਾਰੀਆਂ ਲਾਂਦਾ ਹਾਂ ਤੇ ਲਗਨ ਦਾ ਸਹਾਰਾ ਲੈਂਦਾ ਹਾਂ,
ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ-ਨਾਮ ਦਾ ਆਸਰਾ ਲੈਂਦਾ ਹਾਂ,
(ਤਾਂ) ਮੇਰੇ ਜੀਵਨ-ਰਸਤੇ ਵਿਚ ਨਾਹ ਸੰਸਾਰ-ਸਮੁੰਦਰ ਦਾ (ਵਿਕਾਰ-) ਜਲ ਆਉਂਦਾ ਹੈ ਨਾਹ (ਹਉਮੈ ਅਹੰਕਾਰ ਦਾ) ਪਹਾੜ ਖੜਾ ਹੁੰਦਾ ਹੈ, ਤੇ ਨਾਹ ਹੀ ਵਿਕਾਰਾਂ ਦਾ ਕੋਈ ਉੱਚਾ ਲੰਮਾ ਪਹਾੜੀ ਸਿਲਸਿਲਾ ਆ ਖਲੋਂਦਾ ਹੈ।
ਸ੍ਵੈ ਸਰੂਪ ਵਿਚ (ਆਪਣੇ ਅੰਦਰ ਹੀ ਪ੍ਰਭੂ-ਚਰਨਾਂ ਵਿਚ) ਮੇਰਾ ਨਿਵਾਸ ਹੋ ਜਾਂਦਾ ਹੈ। ਉਸ ਆਤਮਕ ਅਵਸਥਾ ਵਿਚ ਨਾਹ (ਜਨਮ ਮਰਨ ਦੇ ਗੇੜ ਵਾਲਾ) ਰਸਤਾ ਫੜਨਾ ਪੈਂਦਾ ਹੈ ਨਾਹ ਹੀ ਉਸ ਰਸਤੇ ਤੁਰਨ ਵਾਲਾ ਹੀ ਕੋਈ ਹੁੰਦਾ ਹੈ ॥੩॥
ਹੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਘਰ ਵਿਚ ਤੂੰ ਪਰਗਟ ਹੋ ਪੈਂਦਾ ਹੈਂ ਉਸ ਦੀ ਆਤਮਕ ਅਵਸਥਾ ਤੂੰ ਹੀ ਜਾਣਦਾ ਹੈਂ ਕਿ ਉਸ ਨੂੰ ਤੈਥੋਂ ਬਿਨਾ ਕੋਈ ਹੋਰ ਆਸਰਾ ਸੁੱਝਦਾ ਹੀ ਨਹੀਂ।
ਸਾਰਾ ਜਗਤ ਪ੍ਰਭੂ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਦੇ ਦਬਾਉ ਹੇਠ ਦਬਿਆ ਪਿਆ ਹੈ। ਗੁਰੂ ਤੋਂ ਬਿਨਾ ਸਮਝ ਨਹੀਂ ਆ ਸਕਦੀ।
(ਪ੍ਰਭੂ ਨਾਮ ਦਾ ਆਸਰਾ ਛੱਡ ਕੇ ਜਗਤ) ਤਰਲੈ ਲੈਂਦਾ ਹੈ ਤੇ ਵਿਲਕਦਾ ਹੈ। ਗੁਰੂ ਦੀ ਸਰਨ ਤੋਂ ਬਿਨਾ ਨਾਮ ਜਪ ਨਹੀਂ ਸਕਦਾ।
ਪਰ ਜੇ ਜੀਵ ਗੁਰੂ ਦੇ ਸ਼ਬਦ ਨੂੰ ਪਛਾਣ ਲਏ ਤਾਂ ਪ੍ਰਭੂ ਦਾ ਨਾਮ ਇਸ ਨੂੰ ਅੱਖ ਦੇ ਇਕ ਫੋਰ ਵਿਚ (ਮਾਇਆ ਦੇ ਦਬਾਉ ਤੋਂ) ਛਡਾ ਲੈਂਦਾ ਹੈ ॥੪॥
(ਜਗਤ ਵਿਚ) ਅਨੇਕਾਂ ਹੀ ਮੂਰਖ ਐਸੇ ਹਨ ਜੋ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਪਏ ਹਨ।
ਪਰ ਅਨੇਕਾਂ ਹੀ ਐਸੇ ਭੀ ਹਨ ਜੋ ਗੁਰੂ ਦੇ ਡਰ-ਅਦਬ ਵਿਚ ਤੁਰ ਕੇ ਪ੍ਰਭੂ-ਨਾਮ ਦਾ ਆਸਰਾ ਲੈਂਦੇ ਹਨ।
ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਮਿੱਠੀ ਬਾਣੀ ਦੀ ਰਾਹੀਂ ਨਾਮ-ਅੰਮ੍ਰਿਤ ਦੀ ਧਾਰ ਦਾ ਰਸ ਮਾਣਦੇ ਹਨ।
ਜਿਸ ਮਨੁੱਖ ਨੇ ਨਾਮ-ਅੰਮ੍ਰਿਤ ਦੀ ਧਾਰ ਪੀਤੀ ਹੈ ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰਨ ਵਾਲਾ ਦਰਵਾਜ਼ਾ ਲੱਭ ਪੈਂਦਾ ਹੈ ॥੫॥
ਜੇਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਵਿਚ ਤੇ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦੇ ਹਨ, ਗੁਰੂ ਦੀ ਦੱਸੀ ਕਾਰ ਕਰਦੇ ਹਨ।
(ਭਾਵ) ਸਿਫਤਿ-ਸਾਲਾਹ ਦੀ ਬਾਣੀ ਰਾਹੀਂ ਸਦਾ-ਥਿਰ ਪ੍ਰਭੂ ਦਾ ਨਾਮ ਜਪਦੇ ਹਨ ਉਹਨਾਂ ਉਤੇ ਗੁਰੂ-ਬੱਦਲ (ਪ੍ਰਭੂ ਦੀ ਰਹਿਮਤ ਦੀ) ਵਰਖਾ ਕਰਦਾ ਹੈ ਜਿਸ ਕਰਕੇ ਉਹਨਾਂ ਦੇ ਹਿਰਦੇ ਦੀ ਧਰਤੀ ਸੁਹਾਵਣੀ ਬਣ ਜਾਂਦੀ ਹੈ, ਉਹਨਾਂ ਨੂੰ ਹਰੇਕ ਸਰੀਰ ਵਿਚ ਪਰਮਾਤਮਾ ਦੀ ਜੋਤਿ ਵਿਆਪਕ ਦਿੱਸਦੀ ਹੈ।
ਪਰ ਗੁਰੂ ਤੋਂ ਬੇ-ਮੁਖ ਦੀ ਨਿਸ਼ਾਨੀ ਇਹ ਹੈ ਕਿ ਉਹ ਭੈੜੀ ਮੱਤੇ ਲਗ ਕੇ (ਮਾਨੋ) ਕੱਲਰ ਵਿਚ ਬੀ ਬੀਜਦਾ ਰਹਿੰਦਾ ਹੈ।
ਜੇਹੜੇ ਮਨੁੱਖ ਗੁਰੂ ਤੋਂ ਵਾਂਜੇ ਰਹਿੰਦੇ ਹਨ, ਉਹ ਅਗਿਆਨਤਾ ਦੇ ਘੁੱਪ ਹਨੇਰੇ ਵਿਚ (ਹੱਥ ਪੈਰ ਮਾਰਦੇ ਹਨ), ਨਾਮ-ਜਲ ਤੋਂ ਬਿਨਾ ਉਹ ਵਿਕਾਰਾਂ ਦੇ ਸਮੁੰਦਰ ਵਿਚ ਗੋਤੇ ਖਾਂਦੇ ਰਹਿੰਦੇ ਹਨ ॥੬॥
ਜੋ ਭੀ ਖੇਡ ਰਚੀ ਹੈ ਪ੍ਰਭੂ ਨੇ ਆਪਣੀ ਰਜ਼ਾ ਵਿਚ ਰਚੀ ਹੋਈ ਹੈ।
(ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਜੋ ਲੇਖ (ਉਹਨਾਂ ਦੇ ਮੱਥੇ ਤੇ) ਧੁਰੋਂ ਲਿਖਿਆ ਜਾਂਦਾ ਹੈ ਉਹ (ਕਿਸੇ ਪਾਸੋਂ) ਮਿਟਾਇਆ ਨਹੀਂ ਜਾ ਸਕਦਾ।
ਹਰੇਕ ਜੀਵ ਪ੍ਰਭੂ ਦੇ ਹੁਕਮ ਵਿਚ ਬੱਝਾ ਹੋਇਆ ਆਪਣੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਕਾਰ ਕਰਦਾ ਹੈ।
(ਇਹ ਪ੍ਰਭੂ ਦੀ ਮਿਹਰ ਹੈ ਕਿ ਕੋਈ ਵਡ-ਭਾਗੀ ਜੀਵ) ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਦਾ ਹੈ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੭॥
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਹੁਕਮ ਚੱਲ ਰਿਹਾ ਹੈ, ਸਾਰੀ ਸ੍ਰਿਸ਼ਟੀ ਵਿਚ ਨੀਵੇਂ ਤੋਂ ਨੀਵੇਂ ਥਾਵਾਂ ਵਿਚ ਭੀ ਤੇਰਾ ਹੀ ਨਾਮ ਵੱਜ ਰਿਹਾ ਹੈ।
ਸਭ ਜੀਵਾਂ ਵਿਚ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹੀ ਜੀਵਨ-ਰੌ ਰੁਮਕ ਰਹੀ ਹੈ (ਜਿਸ ਕਿਸੇ ਨੂੰ ਮਿਲਦਾ ਹੈ) ਉਹ ਅਬਿਨਾਸ਼ੀ ਪ੍ਰਭੂ ਆਪਣੀ ਮਿਹਰ ਨਾਲ ਹੀ ਮਿਲਦਾ ਹੈ।
(ਨਾਮ ਤੋਂ ਵਾਂਜੇ ਬੰਦਿਆਂ ਦੇ) ਸਿਰ ਉਤੇ ਜਨਮ ਮਰਨ ਦਾ ਗੇੜ ਖੜਾ ਦਿੱਸਦਾ ਹੈ, ਮਾਇਆ ਦੀ ਭੁੱਖ, ਮਾਇਆ ਦੇ ਮੋਹ ਦੀ ਨੀਂਦ ਤੇ ਆਤਮਕ ਮੌਤ ਖੜੇ ਦਿੱਸਦੇ ਹਨ।
ਹੇ ਨਾਨਕ! ਸਭ ਰਸਾਂ ਦੇ ਸੋਮੇ ਪ੍ਰਭੂ ਦੀ ਸਦਾ-ਥਿਰ ਮਿਹਰ ਦੀ ਨਿਗਾਹ ਜਿਸ ਬੰਦੇ ਉਤੇ ਪੈਂਦੀ ਹੈ ਉਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਉਸ ਦੇ ਮਨ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ ॥੮॥੧॥੪॥
ਅੰਞਾਣ ਜਿੰਦ ਉੱਚੀ ਆਤਮਕ ਅਵਸਥਾ ਦੀ ਕਦਰ ਨਹੀਂ ਸਮਝਦੀ, ਆਤਮਕ ਮੌਤ ਤੋਂ ਬਚਣ (ਦਾ ਉਪਾਉ) ਨਹੀਂ ਜਾਣਦੀ।
ਗੁਰੂ ਦੇ ਸ਼ਬਦ ਦੀ ਰਾਹੀਂ ਸਮਝਣ ਦਾ ਜਤਨ ਤਾਂ ਕਰਦੀ ਹੈ ਪਰ (ਗੁਰ-ਸ਼ਬਦ ਤੋਂ) ਲਾਂਭੇ ਹੀ ਬੈਠੀ ਹੋਈ (ਗੁਰੂ ਦੇ ਸ਼ਬਦ ਵਿਚ ਜੁੜਦੀ ਨਹੀਂ, ਲੀਨ ਨਹੀਂ ਹੁੰਦੀ) ॥੧॥
ਹੇ ਆੜਿ! (ਪੰਛੀ ਆੜਿ ਵਾਂਗ ਦੂਜਿਆਂ ਉਤੇ ਵਧੀਕੀ ਕਰਨ ਵਾਲੀ ਹੇ ਜਿੰਦੇ!) ਤੂੰ (ਮਾਇਆ ਦੇ ਮੋਹ ਦੇ) ਜਾਲ ਵਿਚ ਕਿਵੇਂ ਫਸ ਗਈ?
ਤੂੰ ਆਪਣੇ ਹਿਰਦੇ ਵਿਚ ਅਦ੍ਰਿਸ਼ਟ ਪ੍ਰਭੂ ਦਾ ਨਾਮ ਸੰਭਾਲ ਕੇ ਉਸ ਪਾਸੋਂ (ਆਤਮਕ ਜੀਵਨ ਦੀ ਦਾਤਿ) ਕਿਉਂ ਨਹੀਂ ਮੰਗਦੀ? ॥੧॥ ਰਹਾਉ ॥
ਹੇ ਆੜਿ! ਤੂੰ ਆਪਣੀ ਇਕ ਜਿੰਦ ਦੀ ਖ਼ਾਤਰ (ਪਾਣੀ ਵਿਚੋਂ ਚੁਗ ਚੁਗ ਕੇ) ਅਨੇਕਾਂ ਜੀਵ ਖਾਂਦੀ ਹੈਂ (ਹੇ ਜਿੰਦੇ! ਤੂੰ ਆਪਣੇ ਸਰੀਰ ਦੀ ਪਾਲਣਾ ਵਾਸਤੇ ਅਨੇਕਾਂ ਨਾਲ ਠੱਗੀ-ਠੋਰੀ ਕਰਦੀ ਹੈਂ)।
ਤੂੰ (ਜਲ-ਜੰਤ ਫੜਨ ਵਾਸਤੇ) ਪਾਣੀ ਵਿਚ ਤਰਦੀ ਤਰਦੀ ਪਾਣੀ ਵਿਚ ਹੀ ਡੁੱਬ ਜਾਂਦੀ ਹੈਂ (ਹੇ ਜਿੰਦੇ! ਮਾਇਆ-ਜਾਲ ਵਿਚ ਦੌੜ-ਭੱਜ ਕਰਦੀ ਆਖ਼ਰ ਇਸੇ ਮਾਇਆ-ਜਾਲ ਵਿਚ ਹੀ ਆਤਮਕ ਮੌਤੇ ਮਰ ਜਾਂਦੀ ਹੈਂ) ॥੨॥
(ਆਪਣੇ ਸੁਆਰਥ ਦੀ ਖ਼ਾਤਰ) ਤੂੰ ਸਾਰੇ ਜੀਵਾਂ ਨੂੰ ਬਹੁਤ ਦੁਖੀ ਕੀਤਾ ਹੋਇਆ ਹੈ,
ਜਦੋਂ ਤੂੰ (ਮੌਤ ਦੇ ਜਾਲ ਵਿਚ) ਫੜੀ ਜਾਂਦੀ ਹੈਂ ਤਦੋਂ ਪਛੁਤਾਂਦੀ ਹੈਂ ॥੩॥
ਜਦੋਂ ਆੜਿ ਦੇ ਗਲ ਵਿਚ (ਕਿਸੇ ਸ਼ਿਕਾਰੀ ਦੀ) ਬਹੁਤ ਭਾਰੀ ਫਾਹੀ ਪੈਂਦੀ ਹੈ,
ਤਾਂ ਉਹ ਖੰਭ ਖਿਲਾਰ ਕੇ ਉੱਡ ਨਹੀਂ ਸਕਦੀ (ਜਦੋਂ ਜਿੰਦ ਮਾਇਆ ਦੇ ਮੋਹ ਦੇ ਜਾਲ ਵਿਚ ਫਸ ਜਾਂਦੀ ਹੈ ਤਾਂ ਇਹ ਆਤਮਕ ਉਡਾਰੀ ਲਾਣ ਜੋਗੀ ਨਹੀਂ ਰਹਿੰਦੀ, ਇਸ ਦੀ ਸੁਰਤੀ ਉੱਚੀ ਹੋ ਕੇ ਪ੍ਰਭੂ-ਚਰਨਾਂ ਵਿਚ ਪਹੁੰਚ ਨਹੀਂ ਸਕਦੀ) ॥੪॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਹੇ ਅਮੋੜ ਜਿੰਦੇ! ਤੂੰ ਬੜੀ ਮੌਜ ਨਾਲ (ਮਾਇਆ ਦਾ ਚੋਗਾ) ਚੁਗਦੀ ਹੈਂ (ਤੇ ਮਾਇਆ ਦੇ ਜਾਲ ਵਿਚ ਫਸਦੀ ਜਾਂਦੀ ਹੈਂ)।
ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ, ਪ੍ਰਭੂ ਨਾਲ ਡੂੰਘੀ ਸਾਂਝ ਪਾ, ਤਦੋਂ ਹੀ ਤੂੰ (ਮਾਇਆ ਦੇ ਮੋਹ ਦੇ ਜਾਲ ਤੇ ਆਤਮਕ ਮੌਤ ਤੋਂ) ਬਚ ਸਕੇਂਗੀ ॥੫॥
(ਹੇ ਜਿੰਦੇ!) ਸਤਿਗੁਰ ਦੀ ਸਰਨ ਪਉ, ਤਦੋਂ ਹੀ ਆਤਮਕ ਮੌਤ ਵਾਲਾ ਜਾਲ ਟੁੱਟ ਸਕੇਗਾ।
(ਛੁਟਕਾਰੇ ਵਾਸਤੇ) ਆਪਣੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ ਗੁਰ-ਸ਼ਬਦ ਸੰਭਾਲ ॥੬॥
(ਹੇ ਜਿੰਦੇ!) ਗੁਰੂ ਦੀ ਮੱਤ ਹੀ ਸਦਾ ਕਾਇਮ ਰਹਿਣ ਵਾਲੀ ਮੱਤ ਹੈ, ਗੁਰੂ ਦਾ ਸ਼ਬਦ ਹੀ ਸ੍ਰੇਸ਼ਟ ਪਦਾਰਥ ਹੈ।
(ਇਸ ਸ਼ਬਦ ਦਾ ਆਸਰਾ ਲੈ ਕੇ ਹੀ ਜੀਵ) ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ ਸਕਦਾ ਹੈ ॥੭॥
ਦੁਨੀਆ ਦੇ ਪਦਾਰਥਾਂ ਦੇ ਜੇਹੜੇ ਭੋਗ-ਬਿਲਾਸ ਕਰੀਦੇ ਹਨ (ਬੜੇ ਚਾਉ ਨਾਲ ਮਾਣੀਦੇ ਹਨ) ਉਹ ਜੀਵਨ-ਸਫ਼ਰ ਵਿਚ ਦੁੱਖ ਬਣ ਬਣ ਕੇ ਆ ਵਾਪਰਦੇ ਹਨ।
ਹੇ ਨਾਨਕ! (ਇਹਨਾਂ ਦੁੱਖਾਂ ਤੋਂ) ਪਰਮਾਤਮਾ ਦੇ ਨਾਮ ਤੋਂ ਬਿਨਾ ਖ਼ਲਾਸੀ ਨਹੀਂ ਹੋ ਸਕਦੀ ॥੮॥੨॥੫॥