ਰਾਗ ਧਨਾਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਉਹ ਗੁਰੂ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜਿਸ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।
ਗੁਰੂ ਦੀ ਸੰਗਤਿ ਵਿਚ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਿਮਰਿਆ ਜਾ ਸਕਦਾ ਹੈ।
ਹੇ ਭਾਈ! ਗੁਰੂ ਦੀ ਸੰਗਤਿ ਵਿਚ ਜਾਹ, (ਉਥੇ) ਇਕ ਪ੍ਰਭੂ ਦਾ ਸਿਮਰਨ ਕਰ, (ਸਿਮਰਨ ਦੀ ਬਰਕਤਿ ਨਾਲ) ਜਨਮ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ।
(ਜਿਸ ਮਨੁੱਖ ਦੇ ਮੱਥੇ ਉੱਤੇ) ਧੁਰ ਦਰਗਾਹ ਤੋਂ (ਸਿਮਰਨ ਕਰਨ ਵਾਸਤੇ) ਬਖ਼ਸ਼ਸ਼ (ਦਾ ਲੇਖ) ਲਿਖਿਆ ਹੁੰਦਾ ਹੈ, ਉਹੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਗ੍ਰਹਣ ਕਰਦਾ ਹੈ, ਉਸ ਦੀ ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
ਹੇ ਭਾਈ! ਸਿਮਰਨ ਦੀ ਬਰਕਤਿ ਨਾਲ ਸਾਰੇ ਡਰ ਸਾਰੇ ਭਰਮ ਨਾਸ ਹੋ ਜਾਂਦੇ ਹਨ, (ਮਨ ਵਿਚ ਬੱਝੀ ਹੋਈ) ਗੰਢ ਖੁਲ੍ਹ ਜਾਂਦੀ ਹੈ, ਆਤਮਕ ਮੌਤ ਸਹੇੜਨ ਵਾਲੇ ਰਸਤੇ ਉਤੇ ਬਿਲਕੁਲ ਨਹੀਂ ਤੁਰੀਦਾ।
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੇਹਰ ਕਰ ਕਿ ਅਸੀਂ ਜੀਵ ਸਦਾ ਤੇਰੀ ਸਿਫ਼ਤ-ਸਾਲਾਹ ਕਰਦੇ ਰਹੀਏ ॥੧॥
ਹੇ ਪ੍ਰਭੂ! ਤੂੰ ਮਾਇਆ ਦੀ ਕਾਲਖ ਤੋਂ ਰਹਿਤ ਹੈਂ, ਤੇਰਾ ਨਾਮ ਹੀ ਨਿਆਸਰਿਆਂ ਦਾ ਆਸਰਾ ਹੈ।
ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਸਭਨਾਂ ਦੇ ਦੁੱਖ ਨਾਸ ਕਰਨ ਵਾਲਾ ਹੈਂ।
ਹੇ (ਸਭ ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ, ਸਭ ਦੇ ਪੈਦਾ ਕਰਨ ਵਾਲੇ, ਸਾਰੇ ਸੁਖਾਂ ਦੇ ਮਾਲਕ-ਪ੍ਰਭੂ! ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ,
ਉਸ ਨੂੰ ਤੂੰ ਇਸ ਬੜੇ ਔਖੇ ਸੰਸਾਰ-ਸਮੁੰਦਰ ਤੋਂ ਇਕ ਛਿਨ ਵਿਚ ਪਾਰ ਲੰਘਾ ਦੇਂਦਾ ਹੈਂ।
ਹੇ ਪ੍ਰਭੂ! ਗੁਰੂ ਦਾ ਦਿੱਤਾ ਗਿਆਨ-ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈਂਦਾ ਹੈ, ਉਸ ਨੂੰ ਤੂੰ ਸਭ ਥਾਵਾਂ ਵਿਚ ਵਿਆਪਕ ਦਿੱਸਦਾ ਹੈਂ।
ਨਾਨਕ ਬੇਨਤੀ ਕਰਦਾ ਹੈ-ਹੇ ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ! (ਮੇਹਰ ਕਰ) ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂ ॥੨॥
ਜਿਨ੍ਹਾਂ ਉੱਤੇ ਤੂੰ ਮੇਹਰ (ਦੀ ਨਿਗਾਹ) ਕਰਦਾ ਹੈਂ, ਤੂੰ ਉਹਨਾਂ ਨੂੰ ਆਪਣੇ ਲੜ ਲਾ ਲੈਂਦਾ ਹੈਂ।
ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਮੈਂ ਗੁਣ-ਹੀਨ ਨੀਚ ਅਤੇ ਅਨਾਥ (ਭੀ ਤੇਰੀ ਸਰਨ ਆਇਆ ਹਾਂ, ਮੇਰੇ ਉਤੇ ਭੀ ਮੇਹਰ ਕਰ)।
ਹੇ ਦਇਆ ਦੇ ਘਰ! ਹੇ ਕਿਰਪਾ ਦੇ ਘਰ ਮਾਲਕ! ਹੇ ਨੀਵਿਆਂ ਨੂੰ ਉੱਚੇ ਬਣਾਣ ਵਾਲੇ ਪ੍ਰਭੂ!
ਸਾਰੇ ਜੀਵ ਤੇਰੇ ਵੱਸ ਵਿਚ ਹਨ, ਸਾਰੇ ਤੇਰੀ ਸੰਭਾਲ ਵਿਚ ਹਨ।
ਤੂੰ ਆਪ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈਂ, (ਸਭ ਵਿਚ ਵਿਆਪਕ ਹੋ ਕੇ) ਤੂੰ ਆਪ (ਸਾਰੇ ਪਦਾਰਥ) ਭੋਗਣ ਵਾਲਾ ਹੈਂ, ਤੂੰ ਆਪ ਸਾਰੇ ਜੀਵਾਂ ਵਾਸਤੇ ਵਿਚਾਰਾਂ ਕਰਨ ਵਾਲਾ ਹੈਂ।
ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਹੇ ਪ੍ਰਭੂ! (ਮੇਹਰ ਕਰ) ਮੈਂ ਤੇਰੇ ਗੁਣ ਗਾ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ, ਮੈਂ ਸਦਾ ਤੇਰੇ ਨਾਮ ਦਾ ਜਾਪ ਜਪਦਾ ਰਹਾਂ ॥੩॥
ਹੇ ਪ੍ਰਭੂ! ਤੂੰ ਬੇਅੰਤ ਹੈਂ। ਤੇਰਾ ਨਾਮ ਕਿਸੇ (ਦੁਨੀਆਵੀ) ਕੀਮਤ ਤੋਂ ਨਹੀਂ ਮਿਲ ਸਕਦਾ।
ਹੇ ਨਾਹ ਤੋਲੇ ਜਾ ਸਕਣ ਵਾਲੇ ਸਰਬ-ਵਿਆਪਕ ਪ੍ਰਭੂ! ਤੇਰੇ ਦਾਸ ਸਦਾ ਤੇਰਾ ਨਾਮ ਜਪਦੇ ਰਹਿੰਦੇ ਹਨ।
ਹੇ ਪ੍ਰਭੂ! ਸੰਤਾਂ ਉੱਤੇ ਤੂੰ ਆਪ ਪ੍ਰਸੰਨ ਹੁੰਦਾ ਹੈਂ, ਤੇ ਉਹਨਾਂ ਦੀ ਜੀਭ ਉਤੇ ਆ ਵੱਸਦਾ ਹੈਂ, ਉਹ ਤੇਰੇ ਨਾਮ ਦੇ ਰਸ ਵਿਚ ਮਸਤ ਰਹਿੰਦੇ ਹਨ।
ਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਲੱਗਦੇ ਹਨ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਦਾ ਹਰ ਵੇਲੇ (ਸਿਮਰਨ ਦੀ ਬਰਕਤਿ ਨਾਲ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ।
ਹੇ ਸਿਮਰਨ-ਜੋਗ ਮਾਲਕ! ਹੇ ਪ੍ਰਭੂ! ਜੇਹੜਾ (ਗੁਰੂ) ਸਦਾ ਹੀ ਹਰੇਕ ਸਾਹ ਦੇ ਨਾਲ ਤੇਰੇ ਗੁਣ ਉਚਾਰਦਾ ਰਹਿੰਦਾ ਹੈ,
ਨਾਨਕ ਬੇਨਤੀ ਕਰਦਾ ਹੈ-ਮੈਨੂੰ ਉਸ ਗੁਰੂ ਦੀ ਚਰਨ-ਧੂੜ ਦੇਹ, ਜੇਹੜਾ ਤੇਰਾ ਅਮੋਲਕ ਨਾਮ (ਸਦਾ ਜਪਦਾ ਹੈ) ॥੪॥੧॥
ਰਾਗ ਧਨਾਸਰੀ ਵਿੱਚ ਭਗਤ ਕਬੀਰ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪ੍ਰਭੂ! (ਬ੍ਰਹਮਾ ਦੇ ਪੁੱਤਰਾਂ) ਸਨਕ, ਸਨੰਦ ਅਤੇ ਸ਼ਿਵ ਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ;
(ਵਿਸ਼ਨੂ ਦੇ ਭਗਤ) ਸ਼ੇਸ਼ਨਾਗ ਨੇ ਤੇਰੇ (ਦਿਲ ਦਾ) ਰਾਜ਼ ਨਹੀਂ ਸਮਝਿਆ ॥੧॥
ਮੈਂ ਸੰਤਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹਾਂ ॥੧॥ ਰਹਾਉ ॥
(ਸ੍ਰੀ ਰਾਮ ਚੰਦਰ ਜੀ ਦੇ ਸੇਵਕ) ਹਨੂਮਾਨ ਵਰਗੇ ਨੇ, (ਵਿਸ਼ਨੂ ਦੇ ਸੇਵਕ ਤੇ ਪੰਛੀਆਂ ਦੇ ਰਾਜੇ) ਗਰੁੜ ਵਰਗਿਆਂ ਨੇ,
ਦੇਵਤਿਆਂ ਦੇ ਰਾਜੇ ਇੰਦਰ ਨੇ, ਵੱਡੇ ਵੱਡੇ ਰਾਜਿਆਂ ਨੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ॥੨॥
ਚਾਰ ਵੇਦ, (ਅਠਾਰਾਂ) ਸਿਮ੍ਰਿਤੀਆਂ, (ਅਠਾਰਾਂ) ਪੁਰਾਣ-(ਇਹਨਾਂ ਦੇ ਕਰਤਾ ਬ੍ਰਹਮਾ, ਮਨੂ ਤੇ ਹੋਰ ਰਿਸ਼ੀਆਂ) ਨੇ ਤੈਨੂੰ ਨਹੀਂ ਸਮਝਿਆ;
ਵਿਸ਼ਨੂ ਤੇ ਲੱਛਮੀ ਨੇ ਭੀ ਤੇਰਾ ਅੰਤ ਨਹੀਂ ਪਾਇਆ ॥੩॥
ਕਬੀਰ ਆਖਦਾ ਹੈ-(ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਭਟਕਦੇ ਰਹੇ) ਇੱਕ ਉਹ ਮਨੁੱਖ ਭਟਕਦਾ ਨਹੀਂ,
ਜੋ (ਸੰਤਾਂ ਦੀ) ਚਰਨੀਂ ਲੱਗ ਕੇ ਪਰਮਾਤਮਾ ਦੀ ਸ਼ਰਨ ਵਿਚ ਟਿਕਿਆ ਰਹਿੰਦਾ ਹੈ ॥੪॥੧॥