ਨਾਮਦੇਵ ਨਾਲ ਸਾਵਾਂ ਤੋਲ ਕੇ ਸੋਨਾ ਲੈ ਲੈ (ਤੇ ਇਸ ਨੂੰ ਛੱਡ ਦੇ) ॥੧੦॥
(ਉਸ ਨੇ ਉੱਤਰ ਦਿੱਤਾ) ਜੇ ਮੈਂ ਵੱਢੀ ਲਵਾਂ ਤਾਂ ਦੋਜ਼ਕ ਵਿਚ ਪੈਂਦਾ ਹਾਂ,
(ਕਿਉਂਕਿ ਇਸ ਤਰ੍ਹਾਂ ਤਾਂ) ਮੈਂ ਮਜ਼ਹਬ ਛੱਡ ਕੇ ਦੌਲਤ ਇਕੱਠੀ ਕਰਦਾ ਹਾਂ ॥੧੧॥
ਨਾਮਦੇਵ ਦੇ ਪੈਰਾਂ ਵਿਚ ਬੇੜੀਆਂ ਹਨ,
ਪਰ ਫਿਰ ਭੀ ਉਹ ਹੱਥਾਂ ਨਾਲ ਤਾਲ ਦੇ ਦੇ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ ॥੧੨॥
ਜੇ ਗੰਗਾ ਤੇ ਜਮਨਾ ਉਲਟੀਆਂ ਭੀ ਵਗਣ ਲੱਗ ਪੈਣ,
ਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ (ਤੇ ਦਬਾਉ ਵਿਚ ਆ ਕੇ ਖ਼ੁਦਾ ਖ਼ੁਦਾ ਨਹੀਂ ਆਖੇਗਾ) ॥੧੩॥
(ਬਾਦਸ਼ਾਹ ਨੇ ਗਾਂ ਜਿਵਾਲਣ ਲਈ ਇਕ ਪਹਿਰ ਮੁਹਲਤ ਦਿੱਤੀ ਹੋਈ ਸੀ) ਜਦੋਂ (ਘੜਿਆਲ ਤੇ) ਸੱਤ ਘੜੀਆਂ ਗੁਜ਼ਰੀਆਂ ਸੁਣੀਆਂ,
ਤਾਂ (ਮੈਂ ਨਾਮੇ ਨੇ ਸੋਚਿਆ ਕਿ) ਅਜੇ ਤਕ ਭੀ ਤ੍ਰਿਲੋਕੀ ਦਾ ਮਾਲਕ ਪ੍ਰਭੂ ਨਹੀਂ ਆਇਆ ॥੧੪॥
(ਬੱਸ! ਉਸੇ ਵੇਲੇ) ਖੰਭਾਂ ਦੇ ਫੜਕਣ ਦਾ ਖੜਾਕ ਆਇਆ,
ਵਿਸ਼ਨੂੰ ਭਗਵਾਨ ਗਰੁੜ ਤੇ ਚੜ੍ਹ ਕੇ ਆ ਗਿਆ ॥੧੫॥
ਉਹਨਾਂ ਆਪਣੇ ਭਗਤ ਦੀ ਰੱਖਿਆ ਕਰ ਲਈ,
ਪ੍ਰਭੂ ਜੀ ਗਰੁੜ ਤੇ ਚੜ੍ਹ ਕੇ ਆ ਗਏ ॥੧੬॥
(ਗੋਪਾਲ ਨੇ ਆਖਿਆ-ਹੇ ਨਾਮਦੇਵ!) ਜੇ ਤੂੰ ਆਖੇਂ ਤਾਂ ਮੈਂ ਧਰਤੀ ਟੇਢੀ ਕਰ ਦਿਆਂ,
ਜੇ ਤੂੰ ਆਖੇਂ ਤਾਂ ਇਸ ਨੂੰ ਫੜ ਕੇ ਉਲਟਾ ਦਿਆਂ ॥੧੭॥
ਜੇ ਤੂੰ ਆਖੇਂ ਤਾਂ ਮੋਈ ਹੋਈ ਗਾਂ ਜਿਵਾਲ ਦਿਆਂ,
ਤੇ ਇੱਥੇ ਹਰੇਕ ਜਣਾ ਤਸੱਲੀ ਨਾਲ ਵੇਖ ਲਏ ॥੧੮॥
(ਗੋਪਾਲ ਦੀ ਇਸ ਕਿਰਪਾ ਤੇ) ਮੈਂ ਨਾਮੇ ਨੇ (ਉਹਨਾਂ ਲੋਕਾਂ ਨੂੰ) ਬੇਨਤੀ ਕੀਤੀ-(ਗਊ ਨੂੰ) ਨਿਆਣਾ ਪਾ ਦਿਉ।
(ਤਾਂ ਉਹਨਾਂ) ਵੱਛਾ ਛੱਡ ਕੇ ਗਾਂ ਚੋ ਲਈ ॥੧੯॥
ਦੁੱਧ ਚੋ ਕੇ ਜਦੋਂ ਉਹਨਾਂ ਮਟਕੀ ਭਰ ਲਈ,
ਤਾਂ ਉਹ ਲੈ ਕੇ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ ॥੨੦॥
ਬਾਦਸ਼ਾਹ ਮਹਲਾਂ ਵਿਚ ਚਲਾ ਗਿਆ,
(ਤੇ ਉੱਥੇ ਉਸ ਉੱਤੇ) ਔਖੀ ਘੜੀ ਆ ਗਈ (ਭਾਵ, ਉਹ ਸਹਿਮ ਗਿਆ) ॥੨੧॥
ਆਪਣੇ ਕਾਜ਼ੀਆਂ ਤੇ ਮੌਲਵੀਆਂ ਦੀ ਰਾਹੀਂ ਉਸ ਨੇ ਬੇਨਤੀ (ਕਰ ਘੱਲੀ),
ਹੇ ਹਿੰਦੂ! ਮੈਨੂੰ ਹੁਕਮ ਕਰ (ਜੋ ਹੁਕਮ ਤੂੰ ਦੇਵੇਂਗਾ ਮੈਂ ਕਰਾਂਗਾ), ਮੈਨੂੰ ਬਖ਼ਸ਼, ਮੈਂ ਤੇਰੀ ਗਾਂ ਹਾਂ ॥੨੨॥
ਨਾਮਾ ਆਖਦਾ ਹੈ ਕਿ ਹੇ ਬਾਦਸ਼ਾਹ! ਸੁਣ,
ਮੈਨੂੰ ਇਕ ਤਸੱਲੀ ਦਿਵਾ ਦੇਹ ॥੨੩॥
ਇਸ ਇਕਰਾਰ ਦਾ ਮਾਪ ਇਹ ਹੋਵੇਗਾ,
ਕਿ ਹੇ ਬਾਦਸ਼ਾਹ! ਤੂੰ (ਅਗਾਂਹ ਨੂੰ) ਸੱਚ ਵਿਚ ਤੁਰੇਂ, ਚੰਗੇ ਸੁਭਾਉ ਵਿਚ ਰਹੇਂ ॥੨੪॥
(ਇਹ ਕੌਤਕ ਸੁਣ ਵੇਖ ਕੇ) ਘਰ ਘਰ ਵਿਚ ਨਾਮਦੇਵ ਦੀਆਂ ਗੱਲਾਂ ਹੋਣ ਲੱਗ ਪਈਆਂ,
(ਨਗਰ ਦੇ) ਸਾਰੇ ਹਿੰਦੂ ਰਲ ਕੇ ਨਾਮਦੇਵ ਪਾਸ ਆਏ (ਤੇ ਆਖਣ ਲੱਗੇ-) ॥੨੫॥
ਜੇ ਐਤਕੀਂ ਗਾਂ ਨਾ ਜੀਊਂਦੀ,
ਤਾਂ ਨਾਮਦੇਵ ਦਾ ਇਤਬਾਰ ਜਾਂਦਾ ਰਹਿਣਾ ਸੀ ॥੨੬॥
ਨਾਮਦੇਵ ਦੀ ਸੋਭਾ ਜਗਤ ਵਿਚ ਬਣੀ ਰਹੀ ਹੈ।
ਪਰ ਪ੍ਰਭੂ ਨੇ ਆਪਣੇ ਭਗਤਾਂ ਨੂੰ, ਆਪਣੇ ਸੇਵਕਾਂ ਨੂੰ ਚਰਨੀਂ ਲਾ ਕੇ ਪਾਰ ਕਰ ਦਿੱਤਾ ਹੈ ॥੨੭॥
(ਇਹ ਸੋਭਾ ਸੁਣ ਕੇ) ਨਿੰਦਕਾਂ ਨੂੰ ਬੜੇ ਕਲੇਸ਼ ਤੇ ਬੜਾ ਦੁੱਖ ਹੋਇਆ ਹੈ,
(ਕਿਉਂਕਿ ਉਹ ਇਹ ਨਹੀਂ ਜਾਣਦੇ ਕਿ) ਨਾਮਦੇਵ ਅਤੇ ਪਰਮਾਤਮਾ ਵਿਚ ਕੋਈ ਵਿੱਥ ਨਹੀਂ ਰਹਿ ਗਈ ॥੨੮॥੧॥੧੦॥
ਜੇ ਗੁਰੂ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ,
ਜੇ ਗੁਰੂ ਮਿਲ ਪਏ ਤਾਂ (ਸੰਸਾਰ-ਸਮੁੰਦਰ ਤੋਂ ਮਨੁੱਖ) ਪਾਰ ਲੰਘ ਜਾਂਦਾ ਹੈ,
ਜੇ ਗੁਰੂ ਮਿਲ ਪਏ ਤਾਂ (ਇੱਥੋਂ) ਤਰ ਕੇ ਬੈਕੁੰਠ ਵਿਚ ਜਾ ਅੱਪੜਦਾ ਹੈ,
ਜੇ ਗੁਰੂ ਮਿਲ ਪਏ ਤਾਂ (ਦੁਨੀਆ ਵਿਚ) ਰਹਿੰਦੇ ਹੋਇਆਂ (ਵਿਕਾਰਾਂ ਵਲੋਂ ਉਸ ਦਾ ਮਨ) ਮਰਿਆ ਰਹਿੰਦਾ ਹੈ ॥੧॥
ਇਹ ਯਕੀਨ ਜਾਣੋ ਕਿ ਗੁਰੂ ਦੀ ਸੇਵਾ ਹੀ ਸਦਾ-ਥਿਰ ਰਹਿਣ ਵਾਲਾ ਉੱਦਮ ਹੈ।
ਹੋਰ ਸਭ (ਦੇਵਤਿਆਂ ਦੀ) ਸੇਵਾ-ਪੂਜਾ ਵਿਅਰਥ ਹੈ, ਵਿਅਰਥ ਹੈ, ਵਿਅਰਥ ਹੈ ॥੧॥ ਰਹਾਉ ॥
ਜੇ ਗੁਰੂ ਮਿਲ ਪਏ ਤਾਂ ਉਹ ਨਾਮ ਜਪਣ ਦਾ ਸੁਭਾਉ ਪਕਾ ਦੇਂਦਾ ਹੈ,
ਜੇ ਗੁਰੂ ਮਿਲ ਪਏ ਤਾਂ (ਫਿਰ ਮਨ) ਦਸੀਂ ਪਾਸੀਂ ਦੌੜਦਾ ਨਹੀਂ,
ਜੇ ਗੁਰੂ ਮਿਲ ਪਏ ਤਾਂ ਪੰਜ ਕਾਮਾਦਿਕਾਂ ਤੋਂ ਬਚਿਆ ਰਹਿੰਦਾ ਹੈ,
ਜੇ ਗੁਰੂ ਮਿਲ ਪਏ ਤਾਂ (ਚਿੰਤਾ ਫ਼ਿਕਰਾਂ ਵਿਚ) ਝੁਰ ਝੁਰ ਕੇ ਨਹੀਂ ਖਪਦਾ ॥੨॥
ਜੇ ਗੁਰੂ ਮਿਲ ਪਏ ਤਾਂ ਮਨੁੱਖ ਦੇ ਬੋਲ ਮਿੱਠੇ ਹੋ ਜਾਂਦੇ ਹਨ,
ਜੇ ਗੁਰੂ ਮਿਲ ਪਏ ਤਾਂ ਅਕੱਥ ਪ੍ਰਭੂ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ,
ਜੇ ਗੁਰੂ ਮਿਲ ਪਏ ਤਾਂ ਸਰੀਰ ਪਵਿੱਤਰ ਰਹਿੰਦਾ ਹੈ,
(ਕਿਉਂਕਿ) ਜੇ ਗੁਰੂ ਮਿਲ ਪਏ ਤਾਂ (ਇਹ ਸਦਾ) ਨਾਮ ਜਪਦਾ ਹੈ ॥੩॥
ਜੇ ਗੁਰੂ ਮਿਲ ਪਏ ਤਾਂ ਮਨੁੱਖ ਨੂੰ ਤਿੰਨਾਂ ਭਵਨਾਂ ਦੀ ਸੂਝ ਹੋ ਜਾਂਦੀ ਹੈ (ਭਾਵ, ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਤਿੰਨਾਂ ਭਵਨਾਂ ਵਿਚ ਹੀ ਮੌਜੂਦ ਹੈ),
ਜੇ ਗੁਰੂ ਮਿਲ ਪਏ ਤਾਂ ਉੱਚੀ ਆਤਮਕ ਅਵਸਥਾ ਨਾਲ ਜਾਣ-ਪਛਾਣ ਹੋ ਜਾਂਦੀ ਹੈ,
ਜੇ ਗੁਰੂ ਮਿਲ ਪਏ ਤਾਂ ਮਨ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ,
ਜੇ ਗੁਰੂ ਮਿਲ ਪਏ ਤਾਂ (ਹਰ ਥਾਂ ਤੋਂ) ਸਦਾ ਸੋਭਾ ਮਿਲਦੀ ਹੈ ॥੪॥
ਜੇ ਗੁਰੂ ਮਿਲ ਪਏ ਤਾਂ ਮਨੁੱਖ (ਦੁਨੀਆ ਵਿਚ ਰਹਿੰਦਾ ਹੋਇਆ ਹੀ) ਸਦਾ ਵਿਰਕਤ ਰਹਿੰਦਾ ਹੈ,
ਜੇ ਗੁਰੂ ਮਿਲ ਪਏ ਤਾਂ ਕਿਸੇ ਦੀ ਨਿੰਦਾ ਨਹੀਂ ਕਰਦਾ,