ਹੇ ਪ੍ਰਭੂ! ਮੈਂ ਤਾਂ ਪਹਿਲੇ ਜਨਮਾਂ ਵਿਚ ਭੀ ਤੇਰਾ ਹੀ ਸੇਵਕ ਰਿਹਾ ਹਾਂ, ਹੁਣ ਭੀ ਤੇਰੇ ਦਰ ਤੋਂ ਹਟਿਆ ਨਹੀਂ ਜਾ ਸਕਦਾ।
ਤੇਰੇ ਦਰ ਤੇ ਰਿਹਾਂ (ਮਨੁੱਖ ਦੇ ਅੰਦਰ) ਅਡੋਲ ਅਵਸਥਾ ਦੀ ਰੌ (ਚਲ ਪੈਂਦੀ ਹੈ, ਉਹ ਰੌ) ਮੈਨੂੰ ਭੀ ਪ੍ਰਾਪਤ ਹੋ ਗਈ ਹੈ ॥੨॥
ਜਿਨ੍ਹਾਂ ਦੇ ਮੱਥੇ ਉੱਤੇ ਮਾਲਕ ਦਾ (ਇਹ ਭਗਤੀ ਦਾ) ਨਿਸ਼ਾਨ ਹੁੰਦਾ ਹੈ, ਉਹ ਰਣ-ਭੂਮੀ ਵਿਚ ਲੜ ਮਰਦੇ ਹਨ। ਜੋ ਇਸ ਨਿਸ਼ਾਨ ਤੋਂ ਸੱਖਣੇ ਹਨ ਉਹ (ਟਾਕਰਾ ਪੈਣ ਤੇ) ਭਾਂਜ ਖਾ ਜਾਂਦੇ ਹਨ।
(ਭਾਵ) ਜੋ ਮਨੁੱਖ ਪ੍ਰਭੂ ਦਾ ਭਗਤ ਬਣਦਾ ਹੈ, ਉਹ ਭਗਤੀ ਨਾਲ ਸਾਂਝ ਪਾਂਦਾ ਹੈ ਤੇ ਪ੍ਰਭੂ ਉਸ ਨੂੰ ਆਪਣੇ ਦਰ ਤੇ ਪ੍ਰਵਾਨ ਕਰ ਲੈਂਦਾ ਹੈ ॥੩॥
(ਮਨੁੱਖਾ-ਸਰੀਰ, ਮਾਨੋ, ਇਕ ਨਿੱਕਾ ਜਿਹਾ ਕੋਠਾ ਹੈ, ਇਸ) ਨਿੱਕੇ ਜਿਹੇ ਸੁਹਣੇ ਕੋਠੇ ਵਿਚ (ਦਿਮਾਗ਼ ਇਕ ਹੋਰ) ਨਿੱਕੀ ਜਿਹੀ ਕੋਠੜੀ ਹੈ, ਪਰਮਾਤਮਾ ਦੇ ਨਾਮ ਦੀ ਵਿਚਾਰ ਦੀ ਬਰਕਤਿ ਨਾਲ ਇਹ ਨਿੱਕੀ ਕੋਠੜੀ ਸੁਹਣੀ ਬਣਦੀ ਜਾਂਦੀ ਹੈ।
ਮੈਨੂੰ ਕਬੀਰ ਨੂੰ ਮੇਰੇ ਗੁਰੂ ਨੇ ਨਾਮ-ਵਸਤ ਦਿੱਤੀ (ਤੇ, ਆਖਣ ਲੱਗਾ) ਇਹ ਵਸਤ (ਇਕ ਨਿੱਕੀ ਕੋਠੜੀ ਵਿਚ) ਸਾਂਭ ਕੇ ਰੱਖ ਲੈ ॥੪॥
ਮੈਂ ਕਬੀਰ ਨੇ ਇਹ ਨਾਮ-ਵਸਤ ਜਗਤ ਦੇ ਲੋਕਾਂ ਨੂੰ (ਭੀ ਵੰਡ) ਦਿੱਤੀ, ਪਰ ਕਿਸੇ ਭਾਗਾਂ ਵਾਲੇ ਨੇ ਹਾਸਲ ਕੀਤੀ।
ਜਿਸ ਕਿਸੇ ਨੇ ਇਹ ਨਾਮ-ਅੰਮ੍ਰਿਤ ਦਾ ਸੁਆਦ ਚੱਖਿਆ ਹੈ, ਉਹ ਸਦਾ ਵਾਸਤੇ ਭਾਗਾਂ ਵਾਲਾ ਬਣ ਗਿਆ ਹੈ ॥੫॥੪॥
ਬ੍ਰਾਹਮਣ ਉਸ ਪ੍ਰਭੂ ਨੂੰ ਕਿਉਂ ਵਿਸਾਰਦਾ ਹੈ, ਜਿਸ ਦੇ ਮੂੰਹ ਵਿਚੋਂ ਵੇਦ ਤੇ ਗਾਇਤ੍ਰੀ (ਆਦਿਕ) ਨਿਕਲੇ (ਮੰਨਦਾ) ਹੈ?
ਪੰਡਿਤ ਉਸ ਪਰਮਾਤਮਾ ਨੂੰ ਕਿਉਂ ਨਹੀਂ ਸਿਮਰਦਾ, ਜਿਸ ਦੇ ਚਰਨਾਂ ਤੇ ਸਾਰਾ ਸੰਸਾਰ ਪੈਂਦਾ ਹੈ? ॥੧॥
ਹੇ ਮੇਰੇ ਬ੍ਰਾਹਮਣ! ਤੂੰ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ?
ਹੇ ਪੰਡਿਤ! ਤੂੰ ਰਾਮ ਨਹੀਂ ਬੋਲਦਾ, ਤੇ ਦੋਜਕ (ਦਾ ਦੁੱਖ) ਸਹਾਰ ਰਿਹਾ ਹੈਂ ॥੧॥ ਰਹਾਉ ॥
ਹੇ ਬ੍ਰਾਹਮਣ! ਤੂੰ ਆਪਣੇ ਆਪ ਨੂੰ ਉੱਚੀ ਕੁਲ ਦਾ (ਸਮਝਦਾ ਹੈਂ), ਪਰ ਭੋਜਨ ਪਾਂਦਾ ਹੈਂ (ਆਪਣੇ ਤੋਂ) ਨੀਵੀਂ ਕੁਲ ਵਾਲਿਆਂ ਦੇ ਘਰ ਵਿਚ। ਤੂੰ ਹਠ ਵਾਲੇ ਕਰਮ ਕਰ ਕੇ (ਤੇ ਲੋਕਾਂ ਨੂੰ ਵਿਖਾ ਵਿਖਾ ਕੇ) ਆਪਣਾ ਪੇਟ ਪਾਲਦਾ ਹੈਂ।
ਚੌਦੇਂ ਤੇ ਮੱਸਿਆ (ਆਦਿਕ ਥਿੱਤਾਂ ਬਨਾਵਟੀ) ਥਾਪ ਥਾਪ ਕੇ ਤੂੰ (ਜਜਮਾਨਾਂ ਪਾਸੋਂ) ਮੰਗਦਾ ਹੈਂ; ਤੂੰ (ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈਂ ਪਰ ਇਹ ਵਿੱਦਿਆ-ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ਵਿਚ ਡਿੱਗ ਰਿਹਾ ਹੈਂ ॥੨॥
ਤੂੰ (ਆਪਣੇ ਆਪ ਨੂੰ ਉੱਚੀ ਕੁਲ ਦਾ) ਬ੍ਰਹਮਣ (ਸਮਝਦਾ ਹੈਂ), ਮੈਂ (ਤੇਰੀਆਂ ਨਜ਼ਰਾਂ ਵਿਚ) ਕਾਸ਼ੀ ਦਾ (ਗ਼ਰੀਬ) ਜੁਲਾਹ ਹਾਂ। ਸੋ, ਮੇਰੀ ਤੇਰੀ ਬਰਾਬਰੀ ਕਿਵੇਂ ਹੋ ਸਕਦੀ ਹੈ? (ਭਾਵ, ਤੂੰ ਮੇਰੀ ਗੱਲ ਆਪਣੇ ਮਾਣ ਵਿਚ ਗਹੁ ਨਾਲ ਸੁਣਨ ਨੂੰ ਤਿਆਰ ਨਹੀਂ ਹੋ ਸਕਦਾ)।
ਪਰ ਅਸੀਂ (ਜੁਲਾਹੇ ਤਾਂ) ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਤੋਂ) ਬਚ ਰਹੇ ਹਾਂ, ਤੇ ਤੁਸੀਂ, ਹੇ ਪਾਂਡੇ! ਵੇਦਾਂ ਦੇ (ਦੱਸੇ ਕਰਮ-ਕਾਂਡ ਦੇ) ਭਰੋਸੇ ਰਹਿ ਕੇ ਹੀ ਡੁੱਬ ਕੇ ਮਰ ਰਹੇ ਹੋ ॥੩॥੫॥
(ਗੁਰੂ ਦੇ ਸਨਮੁਖ ਹੋਏ ਅਜਿਹੇ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸੰਸਾਰ ਇਕ ਰੁਖ (ਸਮਾਨ) ਹੈ, (ਜਗਤ ਦੇ ਜੀਆ-ਜੰਤ, ਮਾਨੋ, ਉਸ ਰੁੱਖ ਦੀਆਂ) ਬੇਅੰਤ ਡਾਲੀਆਂ ਤੇ ਟਹਿਣੀਆਂ ਹਨ, ਜੋ ਫੁੱਲਾਂ, ਪੱਤਰਾਂ ਤੇ ਰਸ-ਭਰੇ ਫਲਾਂ ਨਾਲ ਲੱਦੀਆਂ ਹੋਈਆਂ ਹਨ।
ਇਹ ਸੰਸਾਰ ਅੰਮ੍ਰਿਤ ਦੀ ਇਕ ਬਗ਼ੀਚੀ ਹੈ, ਜੋ ਉਸ ਪੂਰਨ ਪਰਮਾਤਮਾ ਨੇ ਬਣਾਈ ਹੈ ॥੧॥
ਹੇ ਭਾਈ! ਜੋ ਕੋਈ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹੈ, ਉਹ ਪ੍ਰਕਾਸ਼-ਰੂਪ ਪਰਮਾਤਮਾ ਦੇ ਮੇਲ ਦੀ ਅਵਸਥਾ ਨੂੰ ਸਮਝ ਲੈਂਦਾ ਹੈ।
ਉਸ ਦੇ ਅੰਦਰ ਜੋਤ ਜਗ ਪੈਂਦੀ ਹੈ, ਉਸ ਦੇ ਅੰਦਰ ਰਾਮ ਦਾ ਪਰਕਾਸ਼ ਹੋ ਜਾਂਦਾ ਹੈ। ਪਰ ਇਸ ਅਵਸਥਾ ਨਾਲ ਜਾਣ-ਪਛਾਣ ਕਰਨ ਵਾਲਾ ਹੁੰਦਾ ਕੋਈ ਵਿਰਲਾ ਹੈ ॥੧॥ ਰਹਾਉ ॥
(ਜਿਵੇਂ) ਇਕ ਭੌਰਾ ਫੁੱਲ ਦੇ ਰਸ ਵਿਚ ਮਸਤ ਹੋ ਕੇ ਫੁੱਲ ਦੀਆਂ ਖਿੜੀਆਂ ਪੱਤੀਆਂ ਵਿਚ ਆਪਣੇ ਆਪ ਨੂੰ ਜਾ ਬੰਨ੍ਹਾਉਂਦਾ ਹੈ,
(ਜਿਵੇਂ ਕੋਈ ਪੰਛੀ ਆਪਣੇ ਖੰਭਾਂ ਨਾਲ) ਹਵਾ ਨੂੰ ਹੁਲਾਰਾ ਦੇ ਕੇ ਆਕਾਸ਼ ਵਿਚ ਉੱਡਦਾ ਹੈ, ਤਿਵੇਂ ਉਹ ਗੁਰਮੁਖ ਨਾਮ-ਰਸ ਵਿਚ ਮਸਤ ਹੋ ਕੇ ਪੂਰਨ ਖਿੜਾਉ ਨੂੰ ਹਿਰਦੇ ਵਿਚ ਟਿਕਾਂਦਾ ਹੈ, ਤੇ ਸੋਚ-ਮੰਡਲ ਵਿਚ ਹੁਲਾਰਾ ਦੇ ਕੇ ਪ੍ਰਭੂ-ਚਰਨਾਂ ਵਿਚ ਉਡਾਰੀਆਂ ਲਾਂਦਾ ਹੈ ॥੨॥
ਉਸ ਗੁਰਮੁਖ ਦੀ ਉਸ ਅਡੋਲ ਤੇ ਅਫੁਰ ਅਵਸਥਾ ਵਿਚ ਉਸ ਦੇ ਅੰਦਰ (ਕੋਮਲਤਾ-ਰੂਪ) ਮਾਨੋ, ਇਕ ਕੋਮਲ ਬੂਟਾ ਉੱਗਦਾ ਹੈ, ਜੋ ਉਸ ਦੇ ਸਰੀਰ ਦੀ ਤ੍ਰਿਸ਼ਨਾ ਨੂੰ ਸੁਕਾ ਦੇਂਦਾ ਹੈ।
ਕਬੀਰ ਆਖਦਾ ਹੈ ਕਿ ਮੈਂ ਉਸ ਗੁਰਮੁਖ ਦਾ ਦਾਸ ਹਾਂ, ਜਿਸ ਨੇ (ਆਪਣੇ ਅੰਦਰ ਉੱਗਿਆ ਹੋਇਆ) ਇਹ ਕੋਮਲ ਬੂਟਾ ਵੇਖਿਆ ਹੈ ॥੩॥੬॥
ਹੇ ਜੋਗੀ! (ਮਨ ਨੂੰ ਵਿਕਾਰਾਂ ਵਲੋਂ) ਸ਼ਾਂਤੀ (ਦੇਣੀ, ਇਹ ਕੰਨਾਂ ਦੀ) ਮੁੰਦ੍ਰਾ ਬਣਾ, ਅਤੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਨੂੰ ਖੱਪਰ ਬਣਾ।
(ਮੈਂ ਭੀ ਤੇਰੇ ਵਾਂਗ ਇਕ ਜੋਗੀ ਹਾਂ, ਪਰ) ਮੈਂ ਆਪਣੇ ਸਰੀਰ ਨੂੰ ਵਿਕਾਰਾਂ ਵਲੋਂ ਬਚਾਉਂਦਾ ਹਾਂ, ਇਹ ਮੈਂ ਗੋਦੜੀ ਸੀਤੀ ਹੋਈ ਹੈ, ਜੋਗੀ! ਮੈਂ ਪ੍ਰਭੂ ਦੇ ਨਾਮ ਨੂੰ (ਆਪਣੀ ਜਿੰਦ ਦਾ) ਆਸਰਾ ਬਣਾਇਆ ਹੋਇਆ ਹੈ (ਇਹ ਮੇਰਾ ਸੁਆਹ ਦਾ ਬਟੂਆ ਹੈ) ॥੧॥
ਹੇ ਜੋਗੀ! ਇਹ ਜੋਗ-ਅੱਭਿਆਸ ਕਰੋ-
(ਕਿ) ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਸਤਿਗੁਰੂ ਦੇ ਸਨਮੁਖ ਰਹੋ, ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਜਪ ਹੈ, ਇਹੀ ਤਪ ਹੈ, ਤੇ ਇਹੀ ਸੰਜਮ ਹੈ ॥੧॥ ਰਹਾਉ ॥
(ਹੇ ਜੋਗੀ!) ਆਪਣੀ ਅਕਲ ਨੂੰ ਮੈਂ (ਉੱਚੇ ਟਿਕਾਣੇ ਪ੍ਰਭੂ-ਚਰਨਾਂ ਵਿਚ) ਚੜ੍ਹਾਈ ਰੱਖਦਾ ਹਾਂ, ਇਹ ਮੈਂ (ਪਿੰਡੇ ਉੱਤੇ) ਸੁਆਹ ਮਲੀ ਹੋਈ ਹੈ; ਮੈਂ ਆਪਣੇ ਮਨ ਦੀ ਸੁਰਤ ਨੂੰ (ਪ੍ਰਭੂ-ਚਰਨਾਂ ਵਿਚ) ਜੋੜਿਆ ਹੈ, ਇਹ ਮੇਰੀ ਸਿੰਙੀ ਹੈ।
ਮਾਇਆ ਵਲੋਂ ਵੈਰਾਗ ਕਰ ਕੇ ਮੈਂ ਭੀ (ਸਾਧੂ ਬਣ ਕੇ) ਫਿਰਦਾ ਹਾਂ, ਪਰ ਮੈਂ ਆਪਣੇ ਹੀ ਸਰੀਰ-ਰੂਪ ਨਗਰ ਵਿਚ ਫਿਰਦਾ ਹਾਂ (ਭਾਵ, ਖੋਜ ਕਰਦਾ ਹਾਂ); ਮੈਂ ਆਪਣੇ ਮਨ ਦੀ ਹੀ ਕਿੰਗ ਵਜਾਉਂਦਾ ਹਾਂ (ਭਾਵ, ਮਨ ਵਿਚ ਪ੍ਰਭੂ ਦੀ ਲਗਨ ਲਾਈ ਰੱਖਦਾ ਹਾਂ) ॥੨॥
(ਹੇ ਜੋਗੀ!) ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪ੍ਰੋ ਰੱਖੋ, ਇਸ ਤਰ੍ਹਾਂ ਦੀ ਸਮਾਧੀ ਇੱਕ-ਟਕ ਬਣੀ ਰਹਿੰਦੀ ਹੈ।
ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, (ਪ੍ਰਭੂ-ਚਰਨਾਂ ਵਿਚ ਜੁੜ ਕੇ) ਧਰਮ ਤੇ ਦਇਆ ਦੀ (ਆਪਣੇ) ਮਨ ਵਿਚ ਸੋਹਣੀ ਬਗ਼ੀਚੀ ਬਣਾਓ ॥੩॥੭॥
ਕਿਹੜੇ ਕੰਮਾਂ ਲਈ ਅਸੀਂ ਜਗਤ ਵਿਚ ਪੈਦਾ ਹੋਏ? ਜਨਮ ਲੈ ਕੇ ਅਸਾਂ ਕੀਹ ਖੱਟਿਆ?
ਅਸਾਂ ਇਕ ਪਲ ਭਰ ਭੀ (ਉਸ ਪ੍ਰਭੂ ਦੇ ਚਰਨਾਂ ਵਿਚ) ਚਿੱਤ ਨਾਹ ਜੋੜਿਆ ਜੋ ਸੰਸਾਰ-ਸਮੁੰਦਰ ਤੋਂ ਤਾਰਨ ਲਈ ਜਹਾਜ਼ ਹੈ, ਜੋ, ਮਾਨੋ, ਮਨ-ਇੱਛਤ ਫਲ ਦੇਣ ਵਾਲਾ ਹੀਰਾ ਹੈ ॥੧॥
(ਪਰ, ਗੁਰੂ ਦੀ ਸ਼ਰਨ ਪਉ), ਇਹ ਸਿਮਰਨ ਗੁਰੂ ਤੋਂ ਹੀ ਮਿਲਦਾ ਹੈ ॥੬॥
ਸਦਾ ਦਿਨ ਰਾਤ, ਹਰ ਵੇਲੇ ਸਿਮਰਨ ਕਰ।
ਜਾਗਦਿਆਂ, ਸੁੱਤਿਆਂ ਸਿਮਰਨ ਦਾ ਰਸ ਲੈ।