ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1362


ਆਸਾ ਇਤੀ ਆਸ ਕਿ ਆਸ ਪੁਰਾਈਐ ॥

ਹੇ ਸਹੇਲੀਏ! (ਮੇਰੇ ਅੰਦਰ) ਇਤਨੀ ਕੁ ਤਾਂਘ ਬਣੀ ਰਹਿੰਦੀ ਹੈ ਕਿ (ਪ੍ਰਭੂ-ਮਿਲਾਪ ਦੀ ਮੇਰੀ) ਆਸ ਪੂਰੀ ਹੋ ਜਾਏ।

ਸਤਿਗੁਰ ਭਏ ਦਇਆਲ ਤ ਪੂਰਾ ਪਾਈਐ ॥

ਪਰ ਸਰਬ-ਗੁਣ ਭਰਪੂਰ ਪ੍ਰਭੂ ਤਦੋਂ ਮਿਲਦਾ ਹੈ ਜਦੋਂ ਗੁਰੂ ਦਇਆਵਾਨ ਹੋਵੇ।

ਮੈ ਤਨਿ ਅਵਗਣ ਬਹੁਤੁ ਕਿ ਅਵਗਣ ਛਾਇਆ ॥

ਹੇ ਸਹੇਲੀਏ! ਮੇਰੇ ਸਰੀਰ ਵਿਚ (ਇਤਨੇ) ਵਧੀਕ ਔਗੁਣ ਹਨ ਕਿ (ਮੇਰਾ ਆਪਾ) ਔਗੁਣਾਂ ਨਾਲ ਢਕਿਆ ਰਹਿੰਦਾ ਹੈ।

ਹਰਿਹਾਂ ਸਤਿਗੁਰ ਭਏ ਦਇਆਲ ਤ ਮਨੁ ਠਹਰਾਇਆ ॥੫॥

ਪਰ ਜਦੋਂ ਗੁਰੂ ਦਇਆਵਾਨ ਹੁੰਦਾ ਹੈ ਤਦੋਂ ਮਨ (ਵਿਕਾਰਾਂ ਵਲ) ਡੋਲਣੋਂ ਹਟ ਜਾਂਦਾ ਹੈ ॥੫॥

ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ ॥

ਨਾਨਕ ਆਖਦਾ ਹੈ- (ਹੇ ਸਹੇਲੀਏ!) ਜਿਸ ਮਨੁੱਖ ਨੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ,

ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ ॥

ਗੁਰੂ ਨੇ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। (ਗੁਰੂ ਨੇ ਉਸ ਨੂੰ ਪੂਰਨ ਪ੍ਰਭੂ ਨਾਲ ਜੋੜ ਦਿੱਤਾ, ਤੇ)

ਮਿਟਿਆ ਆਵਾ ਗਉਣੁ ਜਾਂ ਪੂਰਾ ਪਾਇਆ ॥

ਜਦੋਂ ਉਸ ਨੇ ਪੂਰਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਦਾ ਜਨਮ ਮਰਨ ਦਾ ਗੇੜ (ਭੀ) ਮੁੱਕ ਗਿਆ।

ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ ॥੬॥

ਹੇ ਸਹੇਲੀਏ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਗੁਰੂ ਤੋਂ (ਹੀ) ਮਿਲਦਾ ਹੈ ॥੬॥

ਮੇਰੈ ਹਾਥਿ ਪਦਮੁ ਆਗਨਿ ਸੁਖ ਬਾਸਨਾ ॥

ਹੇ ਸਹੇਲੀਏ! (ਹੁਣ) ਮੇਰੇ ਹੱਥ ਵਿਚ ਕੌਲ-ਫੁੱਲ (ਦੀ ਰੇਖਾ ਬਣ ਪਈ) ਹੈ (ਮੇਰੇ ਭਾਗ ਜਾਗ ਪਏ ਹਨ) ਮੇਰੇ (ਹਿਰਦੇ ਦੇ) ਵਿਹੜੇ ਵਿਚ ਆਤਮਕ ਆਨੰਦ ਦੀ ਸੁਗੰਧੀ (ਖਿਲਰੀ ਰਹਿੰਦੀ) ਹੈ।

ਸਖੀ ਮੋਰੈ ਕੰਠਿ ਰਤੰਨੁ ਪੇਖਿ ਦੁਖੁ ਨਾਸਨਾ ॥

(ਜਿਵੇਂ ਬੱਚਿਆਂ ਦੇ ਗਲ ਵਿਚ ਨਜ਼ਰ-ਪੱਟੂ ਪਾਇਆ ਹੁੰਦਾ ਹੈ) ਹੇ ਸਹੇਲੀਏ! ਮੇਰੇ ਗਲੇ ਵਿਚ ਰਤਨ ਲਟਕ ਰਿਹਾ ਹੈ (ਮੇਰੇ ਗਲ ਵਿਚ ਨਾਮ-ਰਤਨ ਪ੍ਰੋਤਾ ਗਿਆ ਹੈ) ਜਿਸ ਨੂੰ ਵੇਖ ਕੇ (ਹਰੇਕ) ਦੁੱਖ ਦੂਰ ਹੋ ਗਿਆ ਹੈ।

ਬਾਸਉ ਸੰਗਿ ਗੁਪਾਲ ਸਗਲ ਸੁਖ ਰਾਸਿ ਹਰਿ ॥

(ਗੁਰੂ ਦੀ ਮਿਹਰ ਦਾ ਸਦਕਾ) ਮੈਂ ਉਸ ਸ੍ਰਿਸ਼ਟੀ ਦੇ ਪਾਲਣਹਾਰ ਨਾਲ (ਸਦਾ) ਵੱਸਦੀ ਹਾਂ, ਜਿਹੜਾ ਪਰਮਾਤਮਾ ਸਾਰੇ ਸੁਖਾਂ ਦਾ ਸੋਮਾ ਹੈ,

ਹਰਿਹਾਂ ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ ॥੭॥

ਜਿਸ (ਪਰਮਾਤਮਾ) ਦੇ ਹੱਥ ਵਿਚ ਸਾਰੀਆਂ ਆਤਮਕ ਤਾਕਤਾਂ ਅਤੇ (ਧਰਤੀ ਦੇ ਸਾਰੇ) ਨੌਂ ਖ਼ਜ਼ਾਨੇ ਸਦਾ ਟਿਕੇ ਰਹਿੰਦੇ ਹਨ ॥੭॥

ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾਲਾਜੀਅਹਿ ॥

ਜਿਹੜੇ ਮਨੁੱਖ ਪਰਾਈ ਇਸਤ੍ਰੀ ਭੋਗਣ ਜਾਂਦੇ ਹਨ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਜ਼ਰੂਰ ਸ਼ਰਮਸਾਰ ਹੁੰਦੇ ਹਨ।

ਨਿਤਪ੍ਰਤਿ ਹਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ ॥

ਜਿਹੜੇ ਮਨੁੱਖ ਸਦਾ ਪਰਾਇਆ ਧਨ ਚੁਰਾਂਦੇ ਰਹਿੰਦੇ ਹਨ (ਉਹਨਾਂ ਦੇ ਇਹ) ਕੁਕਰਮ ਕਿੱਥੇ ਲੁਕੇ ਰਹਿ ਸਕਦੇ ਹਨ? (ਪਰਮਾਤਮਾ ਸਭ ਕੁਝ ਵੇਖ ਰਿਹਾ ਹੈ)।

ਹਰਿ ਗੁਣ ਰਮਤ ਪਵਿਤ੍ਰ ਸਗਲ ਕੁਲ ਤਾਰਈ ॥

ਪਰਮਾਤਮਾ ਦੇ ਗੁਣ ਯਾਦ ਕਰਦਿਆਂ ਮਨੁੱਖ (ਆਪ) ਸੁੱਚੇ ਜੀਵਨ ਵਾਲਾ ਬਣ ਜਾਂਦਾ ਹੈ (ਅਤੇ ਆਪਣੀਆਂ) ਸਾਰੀਆਂ ਕੁਲਾਂ ਨੂੰ (ਭੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।

ਹਰਿਹਾਂ ਸੁਨਤੇ ਭਏ ਪੁਨੀਤ ਪਾਰਬ੍ਰਹਮੁ ਬੀਚਾਰਈ ॥੮॥

ਹੇ ਸਹੇਲੀਏ! (ਜਿਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਦੇ ਹਨ, ਉਹ ਸਾਰੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੮॥

ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ ॥

ਹੇ ਸਹੇਲੀਏ! ਉਤਾਂਹ (ਤਾਰਿਆਂ ਆਦਿਕ ਨਾਲ) ਆਕਾਸ਼ ਫਬ ਰਿਹਾ ਹੈ, ਹੇਠ ਪੈਰਾਂ ਵਾਲੇ ਪਾਸੇ (ਹਰਿਆਵਲ ਆਦਿਕ ਨਾਲ) ਧਰਤੀ ਸਜ ਰਹੀ ਹੈ।

ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ ॥

ਦਸੀਂ ਪਾਸੀਂ ਬਿਜਲੀ ਚਮਕ ਰਹੀ ਹੈ, ਮੂੰਹ ਉੱਤੇ ਲਿਸ਼ਕਾਰੇ ਮਾਰ ਰਹੀ ਹੈ। (ਰੱਬੀ ਜੋਤਿ ਦਾ ਕੈਸਾ ਸੋਹਣਾ ਸਾਕਾਰ ਸਰੂਪ ਹੈ!)

ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ ॥

ਪਰ ਮੈਂ (ਉਸ ਦੇ ਇਸ ਸਰਗਣ ਸਰੂਪ ਦੀ ਕਦਰ ਨਾਹ ਸਮਝ ਕੇ) ਪਰਦੇਸ ਵਿਚ (ਜੰਗਲ ਆਦਿਕ ਵਿਚ) ਢੂੰਢਦੀ ਫਿਰਦੀ ਹਾਂ ਕਿ ਪ੍ਰੀਤਮ-ਪ੍ਰਭੂ ਕਿਤੇ ਲੱਭ ਪਏ।

ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸਿ ਸਮਾਈਐ ॥੯॥

ਹੇ ਸਹੇਲੀਏ! ਜੇ ਮੱਥੇ ਉੱਤੇ ਭਾਗ ਜਾਗ ਪਏ ਤਾਂ (ਹਰ ਥਾਂ ਹੀ ਉਸ ਦੇ) ਦੀਦਾਰ ਵਿਚ ਲੀਨ ਹੋ ਸਕੀਦਾ ਹੈ ॥੯॥

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥

(ਹੇ ਰਾਮ ਦੇ ਦਾਸਾਂ ਦੇ ਸ਼ਹਰ!) ਮੈਂ ਹੋਰ ਸਾਰੇ ਥਾਂ ਵੇਖ ਲਏ ਹਨ, (ਪਰ) ਤੇਰੇ ਬਰਾਬਰ ਦਾ (ਮੈਨੂੰ ਕੋਈ) ਨਹੀਂ (ਦਿੱਸਿਆ)।

ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥

(ਹੇ ਸਤਸੰਗ!) ਤੇਰੀ ਨੀਂਹ ਅਕਾਲ ਪੁਰਖ ਸਿਰਜਣਹਾਰ ਨੇ ਆਪ ਰੱਖੀ ਹੋਈ ਹੈ, ਇਸੇ ਵਾਸਤੇ ਤੂੰ (ਉਸ ਦੇ ਆਤਮਕ ਗੁਣਾਂ ਦੀ ਬਰਕਤਿ ਨਾਲ) ਸੋਹਣਾ ਦਿੱਸਦਾ ਰਿਹਾ ਹੈਂ

ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥

ਹੇ ਰਾਮ ਦੇ ਦਾਸਾਂ ਦੇ ਸ਼ਹਰ! (ਹੇ ਸਤਸੰਗ!) (ਤੇਰੇ ਅੰਦਰ ਉੱਚੇ ਆਤਮਕ ਗੁਣਾਂ ਦੀ) ਵੱਸੋਂ ਬਹੁਤ ਸੰਘਣੀ ਹੈ, ਬੇਅੰਤ ਹੈ, ਬੇ-ਬਿਸਾਲ ਹੈ।

ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ ॥੧੦॥

ਹੇ ਨਾਨਕ! ਹੇ ਰਾਮ ਦੇ ਦਾਸਾਂ ਦੇ ਸਰੋਵਰ! (ਹੇ ਸਤਸੰਗ! ਤੇਰੇ ਵਿਚ ਆਤਮਕ) ਇਸ਼ਨਾਨ ਕੀਤਿਆਂ! (ਮਨੁੱਖ ਦੇ ਮਨ ਦੇ ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧੦॥

ਚਾਤ੍ਰਿਕ ਚਿਤ ਸੁਚਿਤ ਸੁ ਸਾਜਨੁ ਚਾਹੀਐ ॥

ਪਪੀਹੇ ਵਾਂਗ ਸੁਚੇਤ-ਚਿੱਤ ਹੋ ਕੇ ਉਸ ਸੱਜਣ-ਪ੍ਰਭੂ ਨੂੰ ਪਿਆਰ ਕਰਨਾ ਚਾਹੀਦਾ ਹੈ।

ਜਿਸੁ ਸੰਗਿ ਲਾਗੇ ਪ੍ਰਾਣ ਤਿਸੈ ਕਉ ਆਹੀਐ ॥

ਜਿਸ ਸੱਜਣ ਨਾਲ ਜਿੰਦ ਦੀ ਪ੍ਰੀਤ ਬਣ ਜਾਏ, ਉਸੇ ਨੂੰ ਹੀ (ਮਿਲਣ ਦੀ) ਤਾਂਘ ਕਰਨੀ ਚਾਹੀਦੀ ਹੈ।

ਬਨੁ ਬਨੁ ਫਿਰਤ ਉਦਾਸ ਬੂੰਦ ਜਲ ਕਾਰਣੇ ॥

(ਵੇਖ, ਪਪੀਹਾ ਵਰਖਾ ਦੇ) ਪਾਣੀ ਦੀ ਇਕ ਬੂੰਦ ਵਾਸਤੇ (ਦਰਿਆਵਾਂ ਟੋਭਿਆਂ ਦੇ ਪਾਣੀ ਵਲੋਂ) ਉਪਰਾਮ ਹੋ ਕੇ ਜੰਗਲ ਜੰਗਲ (ਢੂੰਡਦਾ) ਫਿਰਦਾ ਹੈ।

ਹਰਿਹਾਂ ਤਿਉ ਹਰਿ ਜਨੁ ਮਾਂਗੈ ਨਾਮੁ ਨਾਨਕ ਬਲਿਹਾਰਣੇ ॥੧੧॥

ਹੇ ਨਾਨਕ! (ਜਿਹੜਾ) ਪ੍ਰਭੂ ਦਾ ਸੇਵਕ (ਪਪੀਹੇ ਵਾਂਗ ਪਰਮਾਤਮਾ ਦਾ ਨਾਮ) ਮੰਗਦਾ ਹੈ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ॥੧੧॥

ਮਿਤ ਕਾ ਚਿਤੁ ਅਨੂਪੁ ਮਰੰਮੁ ਨ ਜਾਨੀਐ ॥

(ਪਰਮਾਤਮਾ-) ਮਿੱਤਰ ਦਾ ਚਿੱਤ ਅੱਤਿ ਸੋਹਣਾ ਹੈ, (ਉਸ ਦਾ) ਭੇਤ ਨਹੀਂ ਜਾਣਿਆ ਜਾ ਸਕਦਾ।

ਗਾਹਕ ਗੁਨੀ ਅਪਾਰ ਸੁ ਤਤੁ ਪਛਾਨੀਐ ॥

ਪਰ ਉਸ ਬੇਅੰਤ ਪ੍ਰਭੂ ਦੇ ਗੁਣਾਂ ਦੇ ਗਾਹਕ ਸੰਤ-ਜਨਾਂ ਦੀ ਰਾਹੀਂ ਉਹ ਭੇਤ ਸਮਝ ਲਈਦਾ ਹੈ।

ਚਿਤਹਿ ਚਿਤੁ ਸਮਾਇ ਤ ਹੋਵੈ ਰੰਗੁ ਘਨਾ ॥

(ਉਹ ਭੇਤ ਇਹ ਹੈ ਕਿ) ਜੇ ਉਸ ਪਰਮਾਤਮਾ ਦੇ ਚਿੱਤ ਵਿਚ (ਮਨੁੱਖ ਦਾ) ਚਿੱਤ ਲੀਨ ਹੋ ਜਾਏ, ਤਾਂ (ਮਨੁੱਖ ਦੇ ਅੰਦਰ) ਬਹੁਤ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ।

ਹਰਿਹਾਂ ਚੰਚਲ ਚੋਰਹਿ ਮਾਰਿ ਤ ਪਾਵਹਿ ਸਚੁ ਧਨਾ ॥੧੨॥

ਸੋ, ਜੇ ਤੂੰ (ਪ੍ਰਭੂ ਦੇ ਚਿੱਤ ਵਿਚ ਲੀਨ ਕਰ ਕੇ) ਇਸ ਸਦਾ ਭਟਕਦੇ (ਮਨ-) ਚੋਰ ਨੂੰ (ਚੰਚਲਤਾ ਵਲੋਂ) ਮਾਰ ਲਏਂ, ਤਾਂ ਤੂੰ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਹਾਸਲ ਕਰ ਲਏਂਗਾ ॥੧੨॥

ਸੁਪਨੈ ਊਭੀ ਭਈ ਗਹਿਓ ਕੀ ਨ ਅੰਚਲਾ ॥

ਹੇ ਸਹੇਲੀਏ! ਸੁਪਨੇ ਵਿਚ (ਪ੍ਰਭੂ-ਪਤੀ ਨੂੰ ਵੇਖ ਕੇ) ਮੈਂ ਉੱਠ ਖਲੋਤੀ (ਪਰ ਮੈਂ ਉਸ ਦਾ ਪੱਲਾ ਨਾਹ ਫੜ ਸਕੀ)।

ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ ॥

ਮੈਂ (ਉਸ ਦਾ) ਪੱਲਾ ਕਿਉਂ ਨ ਫੜਿਆ? (ਇਸ ਵਾਸਤੇ ਨਾਹ ਫੜ ਸਕੀ ਕਿ) ਉਸ ਸੋਹਣੇ ਦਗ-ਦਗ ਕਰਦੇ ਪ੍ਰਭੂ-ਪਤੀ ਨੂੰ ਵੇਖ ਕੇ (ਮੇਰਾ) ਮਨ ਮੋਹਿਆ ਗਿਆ (ਮੈਨੂੰ ਆਪਣੇ ਆਪ ਦੀ ਸੁਰਤ ਹੀ ਨਾਹ ਰਹੀ)।

ਖੋਜਉ ਤਾ ਕੇ ਚਰਣ ਕਹਹੁ ਕਤ ਪਾਈਐ ॥

ਹੁਣ ਮੈਂ ਉਸ ਦੇ ਕਦਮਾਂ ਦੀ ਖੋਜ ਕਰਦੀ ਫਿਰਦੀ ਹਾਂ। ਦਸੋ, ਹੇ ਸਹੇਲੀਏ! ਉਹ ਕਿਵੇਂ ਮਿਲੇ?

ਹਰਿਹਾਂ ਸੋਈ ਜਤੰਨੁ ਬਤਾਇ ਸਖੀ ਪ੍ਰਿਉ ਪਾਈਐ ॥੧੩॥

ਹੇ ਸਹੇਲੀਏ! ਮੈਨੂੰ ਉਹ ਜਤਨ ਦੱਸ ਜਿਸ ਨਾਲ ਉਹ ਪਿਆਰਾ ਮਿਲ ਪਏ ॥੧੩॥

ਨੈਣ ਨ ਦੇਖਹਿ ਸਾਧ ਸਿ ਨੈਣ ਬਿਹਾਲਿਆ ॥

ਹੇ ਸਹੇਲੀਏ! ਜਿਹੜੀਆਂ ਅੱਖਾਂ ਸਤ-ਸੰਗੀਆਂ ਦੇ ਦਰਸਨ ਨਹੀਂ ਕਰਦੀਆਂ, ਉਹ ਅੱਖਾਂ (ਦੁਨੀਆ ਦੇ ਪਦਾਰਥਾਂ ਅਤੇ ਰੂਪ ਨੂੰ ਤੱਕ ਤੱਕ ਕੇ) ਬੇ-ਹਾਲ ਹੋਈਆਂ ਰਹਿੰਦੀਆਂ ਹਨ।

ਕਰਨ ਨ ਸੁਨਹੀ ਨਾਦੁ ਕਰਨ ਮੁੰਦਿ ਘਾਲਿਆ ॥

ਜਿਹੜੇ ਕੰਨ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਸੁਣਦੇ, ਉਹ ਕੰਨ (ਆਤਮਕ ਆਨੰਦ ਦੀ ਧੁਨੀ ਸੁਣਨ ਵਲੋਂ) ਬੰਦ ਕੀਤੇ ਪਏ ਹਨ।

ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ ॥

ਜਿਹੜੀ ਜੀਭ ਪਰਮਾਤਮਾ ਦਾ ਨਾਮ ਨਹੀਂ ਜਪਦੀ, ਉਹ ਜੀਭ (ਦੁਨੀਆ ਦੇ ਝੰਬੇਲਿਆਂ ਦੀਆਂ ਗੱਲਾਂ ਅਤੇ ਨਿੰਦਾ ਆਦਿਕ ਦੀ ਕੈਂਚੀ ਨਾਲ ਹਰ ਵੇਲੇ) ਕੱਟੀ ਜਾ ਰਹੀ ਹੈ।

ਹਰਿਹਾਂ ਜਬ ਬਿਸਰੈ ਗੋਬਿਦ ਰਾਇ ਦਿਨੋ ਦਿਨੁ ਘਟੀਐ ॥੧੪॥

ਹੇ ਸਹੇਲੀਏ! ਜਦੋਂ ਪ੍ਰਭੂ-ਪਾਤਿਸ਼ਾਹ (ਦੀ ਯਾਦ) ਭੁੱਲ ਜਾਏ, ਤਦੋਂ ਦਿਨੋ ਦਿਨ (ਆਤਮਕ ਜੀਵਨ ਵਲੋਂ) ਕਮਜ਼ੋਰ ਹੁੰਦੇ ਜਾਈਦਾ ਹੈ। (ਸੋ, ਹੇ ਸਹੇਲੀਏ! ਸਾਧ ਸੰਗਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦੇ ਰਹਿਣਾ, ਜੀਭ ਨਾਲ ਨਾਮ ਜਪਦੇ ਰਹਿਣਾ-ਇਹੀ ਹੈ ਜਤਨ ਉਸ ਨੂੰ ਲੱਭ ਸਕਣ ਦਾ) ॥੧੪॥

ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ ॥

(ਕੌਲ ਫੁੱਲ ਦੀ) ਤੇਜ਼ ਸੁਗੰਧੀ ਵਿਚ ਮਸਤ ਹੋ ਜਾਣ ਦੇ ਕਾਰਨ (ਭੌਰੇ ਦੇ) ਖੰਭ ਕੌਲ ਫੁੱਲ (ਦੀਆਂ ਪੰਖੜੀਆਂ) ਵਿਚ ਫਸ ਜਾਂਦੇ ਹਨ,

ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ ॥

(ਉਹਨਾਂ ਪੰਖੜੀਆਂ ਨਾਲ ਉਲਝ ਕੇ (ਭੌਰੇ ਨੂੰ) ਉਡਾਰੀਆਂ ਲਾਣੀਆਂ ਭੁੱਲ ਜਾਂਦੀਆਂ ਹਨ (ਇਹੀ ਹਾਲ ਹੈ ਜੀਵ-ਭੌਰੇ ਦਾ)।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430