ਹੇ ਪ੍ਰਭੂ! ਤੂੰ (ਜਿਸ) ਕੰਗਾਲ ਨੂੰ (ਆਪਣਾ ਨਾਮ-) ਧਨ ਦੇਂਦਾ ਹੈਂ,
ਉਸ ਦੇ ਅਨੇਕਾਂ ਪਾਪ ਦੂਰ ਹੋ ਜਾਂਦੇ ਹਨ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ।
ਉਸ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।
ਹੇ ਪ੍ਰਭੂ! ਤੂੰ ਆਪਣੇ ਭਗਤ ਨੂੰ (ਆਪ ਹੀ) ਆਪਣਾ ਨਾਮ ਦੇਂਦਾ ਹੈਂ ॥੧॥
ਸ੍ਰਿਸ਼ਟੀ ਦੇ ਪਾਲਕ-ਪ੍ਰਭੂ-ਪਾਤਿਸ਼ਾਹ ਦੀ ਭਗਤੀ (ਸਦਾ) ਫਲ ਦੇਣ ਵਾਲੀ ਹੈ।
ਉਹ ਮਾਲਕ-ਪ੍ਰਭੂ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ ਤੇ ਜੀਵਾਂ ਪਾਸੋਂ ਸਭ ਕੁਝ ਕਰਾ ਸਕਦਾ ਹੈ, ਉਸ ਦੇ ਦਰ ਤੋਂ ਕੋਈ ਜੀਵ ਖ਼ਾਲੀ ਨਹੀਂ ਜਾਂਦਾ ॥੧॥ ਰਹਾਉ ॥
ਹੇ ਪ੍ਰਭੂ! ਤੂ (ਆਪਣਾ ਨਾਮ-ਦਾਰੂ ਦੇ ਕੇ) ਰੋਗੀ ਦਾ ਰੋਗ ਨਾਸ ਕਰ ਦੇਂਦਾ ਹੈਂ,
ਦੁਖੀਏ ਦਾ ਗ਼ਮ ਮਿਟਾ ਦੇਂਦਾ ਹੈਂ,
ਜਿਸ ਨੂੰ ਕਿਤੇ ਭੀ ਸਹਾਰਾ ਨਹੀਂ ਮਿਲਦਾ ਤੂੰ ਉਸ ਨੂੰ (ਆਪਣਾ ਨਾਮ ਬਖ਼ਸ਼ ਕੇ) ਇੱਜ਼ਤ ਵਾਲੀ ਥਾਂ ਤੇ ਬਿਠਾ ਦੇਂਦਾ ਹੈਂ।
ਹੇ ਪ੍ਰਭੂ! ਆਪਣੇ ਸੇਵਕ ਨੂੰ ਤੂੰ ਆਪ ਹੀ ਆਪਣੀ ਭਗਤੀ ਵਿਚ ਜੋੜਦਾ ਹੈਂ ॥੨॥
ਹੇ ਪ੍ਰਭੂ! ਜਿਸ ਮਨੁੱਖ ਨੂੰ ਕਿਤੇ ਭੀ ਆਦਰ-ਸਤਕਾਰ ਨਹੀਂ ਮਿਲਦਾ, ਉਸ ਨੂੰ ਤੂੰ (ਆਪਣੀ ਭਗਤੀ ਦੀ ਦਾਤ ਦੇ ਕੇ ਹਰ ਥਾਂ) ਇੱਜ਼ਤ ਬਖ਼ਸ਼ਦਾ ਹੈਂ।
(ਤੇਰੀ ਭਗਤੀ ਦੀ ਬਰਕਤਿ ਨਾਲ) ਮਹਾਂ ਮੂਰਖ ਮਨੁੱਖ ਸਿਆਣਾ ਹੋ ਜਾਂਦਾ ਹੈ ਗਿਆਨਵਾਨ ਹੋ ਜਾਂਦਾ ਹੈ।
(ਉਸ ਦੇ ਮਨ ਵਿਚੋਂ) ਸਾਰੇ ਡਰਾਣ ਵਾਲਿਆਂ ਦਾ ਡਰ ਦੂਰ ਹੋ ਜਾਂਦਾ ਹੈ।
ਪਰਮਾਤਮਾ ਆਪਣੇ ਸੇਵਕ ਦੇ (ਸਦਾ) ਮਨ ਵਿਚ ਵੱਸਦਾ ਹੈ ॥੩॥
ਪਰਮੇਸਰ ਪ੍ਰਭੂ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ,
ਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਆਤਮਕ ਜੀਵਨ ਦੀ ਸੂਝ ਦੇਂਦਾ ਹੈ ਰਾਜ਼ ਸਮਝਾਂਦਾ ਹੈ।
ਮਿਹਰ ਕਰ ਕੇ ਜਿਸ ਮਨੁੱਖ ਨੂੰ ਉਹ ਆਪ ਸੰਤ ਜਨਾਂ ਦੀ ਸੇਵਾ ਵਿਚ ਜੋੜਦਾ ਹੈ,
ਹੇ ਨਾਨਕ! ਉਹ ਮਨੁੱਖ (ਸਦਾ) ਸਾਧ ਸੰਗਤ ਵਿਚ ਟਿਕਿਆ ਰਹਿੰਦਾ ਹੈ ॥੪॥੨੩॥੩੬॥
ਸਾਧ ਸੰਗਤ ਵਿਚ (ਰਿਹਾਂ) ਪਰਮਾਤਮਾ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ (ਪਰਗਟ ਹੋ ਪੈਂਦਾ ਹੈ)।
ਸਾਧ ਸੰਗਤ ਵਿਚ ਟਿਕਿਆਂ (ਹਿਰਦੇ ਵਿਚੋਂ) ਹਰੇਕ ਕਿਸਮ ਦਾ ਪਾਪ ਦੂਰ ਹੋ ਜਾਂਦਾ ਹੈ।
ਸਾਧ ਸੰਗਤ ਵਿਚ ਰਿਹਾਂ (ਮਨੁੱਖ ਦੀ) ਜੀਵਨ-ਜੁਗਤਿ ਵਿਕਾਰਾਂ ਦੀ ਮੈਲ ਤੋਂ ਸਾਫ਼ ਰੱਖਣ ਵਾਲੀ ਬਣ ਜਾਂਦੀ ਹੈ,
ਸਾਧ ਸੰਗਤ ਦੀ ਬਰਕਤਿ ਨਾਲ ਇਕ ਪਰਮਾਤਮਾ ਦਾ ਪਿਆਰ (ਹਿਰਦੇ ਵਿਚ ਪੈਦਾ) ਹੋ ਜਾਂਦਾ ਹੈ ॥੧॥
ਸਾਧ ਸੰਗਤ ਉਸ ਥਾਂ ਦਾ ਨਾਮ ਹੈ,
ਜਿਥੇ ਸਿਰਫ਼ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੈ ॥੧॥ ਰਹਾਉ ॥
ਸਾਧ ਸੰਗਤ ਵਿਚ ਰਿਹਾਂ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ,
ਸਾਧ ਸੰਗਤ ਵਿਚ ਰਿਹਾਂ ਜਮਰਾਜ ਕੋਈ ਡਰਾਵਾ ਨਹੀਂ ਦੇ ਸਕਦਾ,
(ਕਿਉਂਕਿ) ਸਾਧ ਸੰਗਤ ਵਿਚ (ਜੀਵਨ ਨੂੰ) ਪਵਿੱਤਰ ਕਰਨ ਵਾਲੀ ਬਾਣੀ ਦਾ ਉਚਾਰਨ ਹੁੰਦਾ ਹੈ,
(ਉਥੇ) ਸਾਧ ਸੰਗਤ ਵਿਚ ਪਰਮਾਤਮਾ ਦਾ ਨਾਮ (ਹੀ) ਉਚਾਰਿਆ ਜਾਂਦਾ ਹੈ ॥੨॥
ਸਾਧ ਸੰਗਤ ਦਾ ਟਿਕਾਣਾ (ਐਸਾ ਹੈ ਕਿ ਉਥੇ ਟਿਕਣ ਵਾਲੇ ਵਿਕਾਰਾਂ ਦੇ ਹੱਲਿਆਂ ਤੋਂ) ਅਡੋਲ (ਰਹਿੰਦੇ ਹਨ),
ਸਾਧ ਸੰਗਤ ਵਿਚ ਰਿਹਾਂ (ਸਾਰੇ) ਪਾਪਾਂ ਦਾ ਨਾਸ ਹੋ ਜਾਂਦਾ ਹੈ।
ਸਾਧ ਸੰਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਰਹਿੰਦੀ ਹੈ ਜੋ (ਮਨੁੱਖ ਨੂੰ) ਵਿਕਾਰਾਂ ਦੀ ਮੈਲ ਤੋਂ ਬਚਾਈ ਰੱਖਦੀ ਹੈ।
ਸਾਧ ਸੰਗਤ ਵਿਚ ਰਹਿ ਕੇ ਹਉਮੈ (ਤੋਂ ਪੈਦਾ ਹੋਣ ਵਾਲੇ ਸਾਰੇ) ਦੁੱਖ ਦੂਰ ਹੋ ਜਾਂਦੇ ਹਨ ॥੩॥
ਸਾਧ ਸੰਗਤ ਦੇ ਵਾਯੂ-ਮੰਡਲ ਦਾ ਕਦੇ ਨਾਸ ਨਹੀਂ ਹੁੰਦਾ।
ਸਾਧ ਸੰਗਤ ਵਿਚ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ (ਸਦਾ) ਵੱਸਦਾ ਹੈ,
ਸਾਧ ਸੰਗਤ ਵਿਚ ਸਦਾ ਮਾਲਕ-ਪ੍ਰਭੂ ਦਾ ਨਿਵਾਸ ਹੈ।
ਹੇ ਨਾਨਕ! ਭਗਵਾਨ-ਪ੍ਰਭੂ (ਸਾਧ ਸੰਗਤ ਵਿਚ) ਤਾਣੇ ਪੇਟੇ ਵਾਂਗ ਮਿਲਿਆ ਰਹਿੰਦਾ ਹੈ ॥੪॥੨੪॥੩੭॥
ਜਦੋਂ ਪਰਮਾਤਮਾ ਆਪ (ਕਿਸੇ ਮਨੁੱਖ ਦੀ) ਰੱਖਿਆ ਕਰਦਾ ਹੈ, ਉਸ ਮਨੁੱਖ ਨੂੰ ਕੋਈ ਰੋਗ ਵਿਆਪ ਨਹੀਂ ਸਕਦਾ।
ਉਸ ਮਨੁੱਖ ਨੂੰ ਕੋਈ ਦੁੱਖ ਕੋਈ ਕਲੇਸ਼ ਉਸ ਨੂੰ ਪੋਹ ਨਹੀਂ ਸਕਦਾ।
ਪਰਮਾਤਮਾ ਜਿਸ ਮਨੁੱਖ ਉੱਤੇ ਮਿਹਰ ਕਰਦਾ ਹੈ,
ਉਸ ਦੇ ਸਿਰ ਉੱਤੋਂ ਉਹ ਮੌਤ (ਦਾ ਡਰ, ਆਤਮਕ ਮੌਤ) ਦੂਰ ਕਰ ਦੇਂਦਾ ਹੈ ॥੧॥
ਪਰਮਾਤਮਾ ਦਾ ਨਾਮ (ਹੀ ਮਨੁੱਖ ਦਾ) ਸਦਾ ਸਾਥੀ ਹੈ।
ਜਿਸ ਮਨੁੱਖ ਦੇ ਚਿੱਤ ਵਿਚ ਹਰਿ-ਨਾਮ ਆ ਵੱਸਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਜਮਰਾਜ ਉਸ ਦੇ ਨੇੜੇ ਨਹੀਂ ਆਉਂਦਾ (ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ। ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ) ॥੧॥ ਰਹਾਉ ॥
ਜਦੋਂ ਇਹ ਜੀਵ ਪਹਿਲਾਂ ਹੈ ਹੀ ਨਹੀਂ ਸੀ ਤਦੋਂ (ਪਰਮਾਤਮਾ ਤੋਂ ਬਿਨਾ ਹੋਰ) ਕਿਸ ਨੇ ਇਸ ਨੂੰ ਪੈਦਾ ਕਰ ਸਕਣਾ ਸੀ?
(ਵੇਖੋ,) ਕਿਸ ਮੁੱਢ ਤੋਂ (ਪਿਤਾ ਦੀ ਬੂੰਦ ਤੋਂ) ਇਸ ਦੀ ਕੈਸੀ ਸੋਹਣੀ ਸੂਰਤ (ਪਰਮਾਤਮਾ ਨੇ) ਬਣਾ ਦਿੱਤੀ।
ਉਹ ਆਪ ਹੀ (ਜੀਵ ਨੂੰ) ਮਾਰਦਾ ਹੈ ਆਪ ਹੀ ਪੈਦਾ ਕਰਦਾ ਹੈ।
ਪਰਮਾਤਮਾ ਆਪਣੇ ਭਗਤ ਦੀ ਸਦਾ ਰੱਖਿਆ ਕਰਦਾ ਹੈ ॥੨॥
ਇਹ ਸੱਚ ਜਾਣੋ ਕਿ ਹਰੇਕ ਤਾਕਤ ਉਸ ਪਰਮਾਤਮਾ ਦੇ ਹੱਥਾਂ ਵਿਚ ਹੈ।
ਉਹ ਪਿਆਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ।
ਉਸ ਦਾ ਨਾਮ ਹੀ ਹੈ 'ਦੁਖ-ਭੰਜਨੁ' (ਭਾਵ, ਦੁੱਖਾਂ ਦਾ ਨਾਸ ਕਰਨ ਵਾਲਾ)।
ਉਸ ਦੇ ਗੁਣ ਗਾਇਆ ਕਰ, ਸਾਰੇ ਸੁਖ ਪ੍ਰਾਪਤ ਕਰੇਂਗਾ ॥੩॥
ਹੇ ਸੁਆਮੀ! ਤੂੰ ਆਪਣੇ ਸੰਤ ਜਨਾਂ ਦੀ ਅਰਜ਼ੋਈ ਸੁਣ ਲੈਂਦਾ ਹੈਂ।
ਸੰਤ ਜਨ ਆਪਣੀ ਜਿੰਦ ਆਪਣੇ ਪ੍ਰਾਣ ਆਪਣਾ ਧਨ ਸਭ ਕੁਝ ਤੇਰੇ ਹਵਾਲੇ ਕਰੀ ਰੱਖਦੇ ਹਨ।
ਹੇ ਪ੍ਰਭੂ! ਇਹ ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ, ਸਾਰੀ ਲੁਕਾਈ ਤੇਰਾ ਹੀ ਧਿਆਨ ਧਰਦੀ ਹੈ।