ਧਰਮਰਾਜ (ਭੀ) ਉਹਨਾਂ ਬੰਦਿਆਂ ਦੀ ਸੇਵਾ ਕਰਦਾ ਹੈ। ਧੰਨ ਹੈ ਉਹ ਪਰਮਾਤਮਾ ਜੋ (ਆਪਣੇ ਸੇਵਕਾਂ ਦਾ ਜੀਵਨ ਇਤਨਾ) ਸੋਹਣਾ ਬਣਾ ਦੇਂਦਾ ਹੈ (ਕਿ ਧਰਮਰਾਜ ਭੀ ਉਹਨਾਂ ਦਾ ਆਦਰ ਕਰਦਾ ਹੈ) ॥੨॥
ਜੇਹੜਾ ਮਨੁੱਖ ਆਪਣੇ ਮਨ ਵਿਚੋਂ ਮਨ ਦੇ ਵਿਕਾਰ ਛੱਡ ਦੇਂਦਾ ਹੈ, ਜਿਸ ਦੇ ਮਨ ਵਿਚੋਂ ਮਾਇਆ ਦਾ ਮੋਹ ਤੇ ਅਹੰਕਾਰ ਦੂਰ ਹੋ ਜਾਂਦਾ ਹੈ,
ਉਹ ਸਰਬ-ਵਿਆਪਕ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਨਾਮ ਵਿਚ ਲੀਨਤਾ ਹਾਸਲ ਕਰ ਲੈਂਦਾ ਹੈ।
(ਪਰ) ਗੁਰੂ ਦੀ ਸਰਨ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ (ਵਿਕਾਰਾਂ ਦੇ ਪਿੱਛੇ) ਪਾਗਲ ਹੋਇਆ ਫਿਰਦਾ ਹੈ।
ਉਹ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਨਹੀਂ ਸਮਝਦਾ। ਉਹ (ਜ਼ਬਾਨੀ ਜ਼ਬਾਨੀ ਧਾਰਮਿਕ) ਗੱਲਾਂ ਪਿਆ ਕਰੇ, ਪਰ ਉਹ ਮਾਇਆ ਦੇ ਮੋਹ ਵਿਚ ਹੀ ਗ਼ਰਕ ਰਹਿੰਦਾ ਹੈ ॥੩॥
(ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਸਭ ਕੁਝ ਕਰਨ ਕਰਾਵਣ ਜੋਗਾ ਹੈ, ਹੋਰ ਕੋਈ ਜੀਵ ਦਮ ਨਹੀਂ ਮਾਰ ਸਕਦਾ।
(ਆਪਣੀ ਸਿਫ਼ਤ-ਸਾਲਾਹ ਉਹ ਆਪ ਹੀ ਕਰਾਂਦਾ ਹੈ) ਜਿਵੇਂ ਪਰਮਾਤਮਾ ਬੋਲਣ ਦੀ ਪ੍ਰੇਰਨਾ ਕਰੇ ਤਿਵੇਂ ਹੀ ਜੀਵ ਬੋਲ ਸਕਦਾ ਹੈ (ਜੀਵ ਤਦੋਂ ਹੀ ਸਿਫ਼ਤ-ਸਾਲਾਹ ਕਰ ਸਕਦਾ ਹੈ) ਜਦੋਂ ਉਹ ਪਰਮਾਤਮਾ ਆਪ ਪ੍ਰੇਰਨਾ ਕਰਦਾ ਹੈ।
ਗੁਰੂ ਦੀ ਸਰਨ ਪੈ ਕੇ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਿਆਂ ਪ੍ਰਭੂ ਮਿਲਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਪ੍ਰਭੂ ਨਾਲ) ਮਿਲਾਪ ਹੁੰਦਾ ਹੈ।
ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਸੰਭਾਲ, ਇਸ ਨਾਮ ਦੇ ਸਿਮਰਨ ਨਾਲ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੪॥੩੦॥੬੩॥{38-39}
ਜਗਤ ਨੇ ਹਉਮੈ ਦੀ ਮੈਲ (ਦੇ ਕਾਰਨ ਸਦਾ) ਦੁੱਖ (ਹੀ) ਸਹਾਰਿਆ ਹੈ (ਕਿਉਂਕਿ) ਮਾਇਆ ਵਿਚ ਪਿਆਰ ਦੇ ਕਾਰਨ ਜਗਤ ਨੂੰ (ਵਿਕਾਰਾਂ ਦੀ) ਮੈਲ ਚੰਬੜੀ ਰਹਿੰਦੀ ਹੈ।
ਜੇ ਮਨੁੱਖ ਸੌ ਤੀਰਥਾਂ ਉੱਤੇ (ਭੀ) ਇਸ਼ਨਾਨ ਕਰੇ ਤਾਂ ਭੀ (ਅਜੇਹੇ) ਕਿਸੇ ਤਰੀਕੇ ਨਾਲ (ਇਹ) ਹਉਮੈ ਦੀ ਮੈਲ ਧੋਤਿਆਂ (ਮਨ ਤੋਂ) ਦੂਰ ਨਹੀਂ ਹੁੰਦੀ।
ਲੋਕ ਕਈ ਕਿਸਮਾਂ ਦੇ (ਮਿਥੇ ਹੋਏ) ਧਾਰਮਿਕ ਕੰਮ ਕਰਦੇ ਹਨ, (ਇਸ ਤਰ੍ਹਾਂ ਸਗੋਂ ਅੱਗੇ ਨਾਲੋਂ) ਦੂਣੀ (ਹਉਮੈ ਦੀ) ਮੈਲ ਆ ਲਗਦੀ ਹੈ।
(ਵਿੱਦਿਆ ਆਦਿਕ) ਪੜ੍ਹਨ ਨਾਲ ਭੀ ਇਹ ਮੈਲ ਦੂਰ ਨਹੀਂ ਹੁੰਦੀ, ਬੇਸ਼ੱਕ ਪੜ੍ਹੇ ਹੋਏ ਬੰਦਿਆਂ ਨੂੰ ਜਾ ਕੇ ਪੁੱਛ ਲਵੋ (ਭਾਵ, ਪੜ੍ਹੇ ਹੋਏ ਲੋਕਾਂ ਨੂੰ ਵਿੱਦਿਆ ਪੜ੍ਹਨ ਦਾ ਮਾਣ ਹੀ ਬਣਿਆ ਰਹਿੰਦਾ ਹੈ) ॥੧॥
ਹੇ ਮੇਰੇ ਮਨ! (ਜਦੋਂ ਮਨੁੱਖ) ਗੁਰੂ ਦੀ ਸਰਨ ਆਉਂਦਾ ਹੈ ਤਦੋਂ (ਹੀ) ਪਵਿਤ੍ਰ ਹੁੰਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਰਾਮ ਰਾਮ ਆਖ ਆਖ ਕੇ ਥੱਕ ਜਾਂਦੇ ਹਨ (ਫਿਰ ਭੀ ਹਉਮੈ ਦੀ) ਮੈਲ (ਉਹਨਾਂ ਪਾਸੋਂ) ਧੋਤੀ ਨਹੀਂ ਜਾ ਸਕਦੀ ॥੧॥ ਰਹਾਉ ॥
ਹਉਮੈ ਦੀ ਮੈਲ ਨਾਲ ਭਰੇ ਹੋਏ ਮਨ ਦੀ ਰਾਹੀਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਹਾਸਲ ਨਹੀਂ ਹੁੰਦਾ (ਹਿਰਦੇ ਵਿਚ ਟਿਕ ਨਹੀਂ ਸਕਦਾ)।
ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਸਦਾ ਹਉਮੈ ਦੇ ਕਾਰਨ ਮਲੀਨ-ਮਨ ਰਹਿੰਦੇ ਹਨ, ਤੇ ਆਤਮਕ ਮੌਤੇ ਮਰੇ ਰਹਿੰਦੇ ਹਨ, (ਉਹ ਦੁਨੀਆ ਤੋਂ) ਇੱਜ਼ਤ ਗਵਾ ਕੇ ਹੀ ਜਾਣਗੇ।
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਹ (ਪ੍ਰਭੂ ਚਰਨਾਂ ਵਿਚ) ਲੀਨ ਰਹਿੰਦਾ ਹੈ।
ਜਿਵੇਂ (ਜੇ) ਹਨੇਰੇ ਵਿਚ ਦੀਵਾ ਬਾਲ ਦੇਈਏ (ਤਾਂ ਹਨੇਰਾ ਦੂਰ ਹੋ ਜਾਂਦਾ ਹੈ) ਤਿਵੇਂ ਗੁਰੂ ਦੀ ਬਖ਼ਸ਼ੀ ਸਮਝ ਦੀ ਬਰਕਤਿ ਨਾਲ (ਹਉਮੈ-ਰੂਪ) ਬੇ-ਸਮਝੀ (ਦਾ ਹਨੇਰਾ) ਦੂਰ ਹੋ ਜਾਂਦਾ ਹੈ ॥੨॥
(ਇਹ ਕੰਮ) 'ਅਸਾਂ' ਕੀਤਾ ਹੈ, 'ਅਸੀ' ਹੀ ਕਰ ਸਕਦੇ ਹਾਂ, (ਇਉਂ) 'ਅਸੀਂ ਅਸੀਂ' ਆਖਣ ਵਾਲੇ ਬੰਦੇ ਮੂਰਖ ਉਜੱਡ ਹੁੰਦੇ ਹਨ।
ਉਹਨਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਭੁੱਲਿਆ ਰਹਿੰਦਾ ਹੈ, ਉਹ ਸਦਾ ਮਾਇਆ ਵਿਚ ਹੀ ਪਿਆਰ ਪਾਈ ਰੱਖਦੇ ਹਨ।
(ਦੁਨੀਆ ਵਿਚ) ਮਾਇਆ (ਦੇ ਮੋਹ) ਜੇਡਾ (ਹੋਰ ਕੋਈ) ਦੁੱਖ ਨਹੀਂ ਹੈ, ਮਾਇਆ ਦੇ ਮੋਹ ਵਿਚ ਫਸ ਕੇ ਸਾਰੇ ਜੀਵ (ਮਾਇਆ) ਦੀ ਖ਼ਾਤਰ ਭਟਕ ਭਟਕ ਕੇ ਖਪਦੇ ਰਹਿੰਦੇ ਹਨ।
ਗੁਰੂ ਦੀ ਮਤਿ ਉਤੇ ਤੁਰਿਆਂ ਸਦਾ-ਥਿਰ ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾ ਕੇ ਹੀ ਆਤਮਕ ਆਨੰਦ ਮਿਲਦਾ ਹੈ ॥੩॥
(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਸ (ਭਾਗਾਂ ਵਾਲੇ ਮਨੁੱਖ ਨੂੰ ਪ੍ਰਭੂ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹੀ ਪ੍ਰਭੂ ਨੂੰ ਮਿਲਦਾ ਹੈ। ਮੈਂ ਅਜੇਹੇ ਬੰਦੇ ਤੋਂ ਕੁਰਬਾਨ ਜਾਂਦਾ ਹਾਂ।
ਹੇ ਮਨ! (ਪ੍ਰਭੂ ਦੀ ਕਿਰਪਾ ਨਾਲ) ਜੇਹੜੇ ਮਨੁੱਖ ਪ੍ਰਭੂ ਦੀ ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ, ਪ੍ਰਭੂ ਦਾ ਸਦਾ-ਥਿਰ ਨਾਮ ਹੀ ਜਿਨ੍ਹਾਂ ਦੀ ਬਾਣੀ ਬਣ ਜਾਂਦਾ ਹੈ, ਉਹਨਾਂ ਨੂੰ 'ਆਪਣਾ ਘਰ' ਲੱਭ ਪੈਂਦਾ ਹੈ (ਭਾਵ, ਉਹ ਸਦਾ ਉਸ ਆਤਮਕ ਟਿਕਾਣੇ ਤੇ ਟਿਕੇ ਰਹਿੰਦੇ ਹਨ, ਜਿਥੋਂ ਮਾਇਆ ਦਾ ਮੋਹ ਉਹਨਾਂ ਨੂੰ ਧੱਕਾ ਨਹੀਂ ਦੇ ਸਕਦਾ)।
ਉਹ ਆਪਣੇ ਮਨ ਵਿਚ (ਪਰਮਾਤਮਾ ਦੇ ਪ੍ਰੇਮ-ਰੰਗ ਨਾਲ) ਰੰਗੇ ਰਹਿੰਦੇ ਹਨ, ਉਹਨਾਂ ਦੀ ਜੀਭ ਨਾਮ-ਰਸ ਵਿਚ ਮਸਤ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ।
ਉਹਨਾਂ ਨੂੰ, ਹੇ ਨਾਨਕ! ਪਰਮਾਤਮਾ ਦਾ ਨਾਮ (ਕਦੇ) ਨਹੀਂ ਭੁੱਲਦਾ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੪॥੩੧॥੬੪॥
ਮੇਰੇ ਮਨ ਵਿਚ ਸਰੀਰ ਵਿਚ (ਪ੍ਰੀਤਮ-ਪ੍ਰਭੂ ਦੇ) ਵਿਛੋੜੇ ਦਾ ਭਾਰੀ ਦਰਦ ਹੈ (ਮੇਰਾ ਮਨ ਤੜਪ ਰਿਹਾ ਹੈ ਕਿ) ਕਿਵੇਂ ਪ੍ਰੀਤਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਮੈਨੂੰ ਆ ਮਿਲੇ।
ਜਦੋਂ ਮੈਂ ਪਿਆਰੇ ਪ੍ਰਭੂ ਦਾ ਦਰਸ਼ਨ ਕਰਦਾ ਹਾਂ, ਪ੍ਰਭੂ ਦਾ ਦਰਸ਼ਨ ਕੀਤਿਆਂ ਮੇਰਾ (ਵਿਛੋੜੇ ਦਾ) ਦੁੱਖ ਦੂਰ ਹੋ ਜਾਂਦਾ ਹੈ।
(ਜਿਨ੍ਹਾਂ ਸਤਸੰਗੀ ਸੱਜਣਾਂ ਨੇ ਪ੍ਰੀਤਮ-ਪ੍ਰਭੂ ਦਾ ਦਰਸ਼ਨ ਕੀਤਾ ਹੈ) ਮੈਂ ਉਹਨਾਂ ਸੱਜਣਾਂ ਨੂੰ ਜਾ ਕੇ ਪੁੱਛਦਾ ਹਾਂ ਕਿ ਪ੍ਰਭੂ ਕਿਸ ਤਰੀਕੇ ਨਾਲ ਮਿਲਾਇਆਂ ਮਿਲਦਾ ਹੈ ॥੧॥
ਹੇ ਮੇਰੇ ਸਤਿਗੁਰ! ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ।
ਅਸੀਂ ਜੀਵ ਮੂਰਖ ਹਾਂ, ਅੰਞਾਣ ਹਾਂ, (ਪਰ) ਤੇਰੀ ਸਰਨ ਆਏ ਹਨ (ਜੇਹੜਾ ਭਾਗਾਂ ਵਾਲਾ ਗੁਰੂ ਦੀ ਸਰਨ ਆਉਂਦਾ ਹੈ ਉਸ ਨੂੰ) ਉਹ ਪਰਮਾਤਮਾ ਆਪ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੧॥ ਰਹਾਉ ॥
ਗੁਰੂ ਹਰਿ ਨਾਮ ਦੀ ਦਾਤ ਦੇਣ ਵਾਲਾ ਹੈ (ਜਿਸ ਨੂੰ ਗੁਰੂ ਪਾਸੋਂ ਇਹ ਦਾਤ ਮਿਲਦੀ ਹੈ ਉਸ ਨੂੰ) ਉਹ ਪ੍ਰਭੂ ਆਪ ਆਪਣੇ ਨਾਲ ਮਿਲਾ ਲੈਂਦਾ ਹੈ।
ਗੁਰੂ ਨੇ ਹਰੀ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ (ਇਸ ਵਾਸਤੇ) ਗੁਰੂ ਜੇਡਾ (ਉੱਚੀ ਆਤਮਕ ਅਵਸਥਾ ਵਾਲਾ) ਹੋਰ ਕੋਈ ਨਹੀਂ।
(ਮੇਰੀ ਇਹੀ ਤਾਂਘ ਹੈ ਕਿ) ਮੈਂ ਗੁਰੂ ਦੀ ਸਰਨ, ਆਪਾ-ਭਾਵ ਮਿਟਾ ਕੇ, ਆ ਪਵਾਂ। (ਗੁਰੂ ਦੀ ਸਰਨ ਪਿਆਂ ਹੀ) ਉਹ ਪ੍ਰਭੂ ਮਿਹਰ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ ॥੨॥
ਮਨ ਦੇ ਹਠ ਨਾਲ (ਕੀਤੇ ਤਪ ਆਦਿਕ ਸਾਧਨਾਂ ਨਾਲ) ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹੋ ਜਿਹੇ) ਅਨੇਕਾਂ ਉਪਾਵ ਕਰ ਕੇ ਸਭ ਥੱਕ ਹੀ ਜਾਂਦੇ ਹਨ।