ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਦਾ ਆਪੋ ਵਿਚ ਬਹਿਣ ਖਲੋਣ ਹੁੰਦਾ ਹੈ,
ਇਹਨਾਂ ਧਰਮ ਤੋਂ ਵਾਂਜਿਆਂ ਦੀ ਆਪੋ ਵਿਚ ਮਿਤ੍ਰਤਾ ਤੇ ਆਪੋ ਵਿਚ ਖਾਣ ਪੀਣ ਹੁੰਦਾ ਹੈ।
ਰੱਬ ਦੀ ਸਿਫ਼ਤਿ-ਸਾਲਾਹ ਕਰਨ ਦੀ ਇਹਨਾਂ ਨੂੰ ਸੂਝ ਨਹੀਂ ਹੁੰਦੀ, (ਇਹਨਾਂ ਦੇ ਮਨ ਵਿਚ, ਮਾਨੋ) ਸਦਾ ਸ਼ੈਤਾਨ ਵੱਸਦਾ ਹੈ।
(ਸਮਝਾਇਆਂ ਭੀ ਸਮਝਦੇ ਨਹੀਂ, ਜਿਵੇਂ) ਖੋਤੇ ਨੂੰ ਜੇ ਚੰਦਨ ਨਾਲ ਮਲੀਏ ਤਾਂ ਭੀ ਉਸ ਦੀ ਵਰਤੋਂ ਵਿਹਾਰ ਸੁਆਹ ਨਾਲ ਹੀ ਹੁੰਦੀ ਹੈ (ਪਿਛਲੇ ਕੀਤੇ ਕਰਮਾਂ ਦਾ ਗੇੜ ਇਸ ਮੰਦੇ ਰਾਹ ਤੋਂ ਹਟਣ ਨਹੀਂ ਦੇਂਦਾ)।
ਹੇ ਨਾਨਕ! "ਕੂੜ" (ਦਾ ਸੂਤਰ) ਕੱਤਣ ਨਾਲ "ਕੂੜ" ਦਾ ਹੀ ਤਾਣਾ ਚਾਹੀਦਾ ਹੈ,
ਕੂੜ ਦਾ ਹੀ ਕੱਪੜਾ ਕੱਛੀਦਾ ਹੈ ਤੇ ਪਹਿਨੀਦਾ ਹੈ (ਇਸ "ਕੂੜ"-ਰੂਪ ਪੁਸ਼ਾਕ ਦੇ ਕਾਰਨ "ਕੂੜ" ਹੀ ਵਡਿਆਈ ਮਿਲਦੀ ਹੈ (ਭਾਵ, "ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ") ॥੧॥
(ਮੁੱਲਾਂ) ਬਾਂਗ ਦੇ ਕੇ, (ਫ਼ਕੀਰ) ਤੂਤੀ ਵਜਾ ਕੇ, (ਜੋਗੀ) ਸਿੰਙੀ ਵਜਾ ਕੇ, (ਮਿਰਾਸੀ) ਕਲਾਣ ਕਰ ਕੇ (ਲੋਕਾਂ ਦੇ ਦਰ ਤੋਂ ਮੰਗਦੇ ਹਨ);
(ਸੰਸਾਰ ਵਿਚ ਇਸ ਤਰ੍ਹਾਂ ਦੇ) ਕਈ ਮੰਗਤੇ ਤੇ ਕਈ ਦਾਤੇ ਹਨ, ਪਰ ਮੈਨੂੰ ਤੇਰਾ ਨਾਮ ਹੀ ਚਾਹੀਦਾ ਹੈ।
ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਨਾਮ ਸੁਣ ਕੇ ਉਸ ਵਿਚ ਮਨ ਨੂੰ ਜੋੜ ਲਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ ॥੨॥
ਮਾਇਆ ਦਾ ਮੋਹ ਨਿਰੋਲ ਇਕ ਛਲ ਹੈ, (ਆਖ਼ਰ) ਛਲ ਹੀ (ਸਾਬਤ) ਹੁੰਦਾ ਹੈ,
ਪਰ ਪ੍ਰਭੂ ਨੇ (ਮਾਇਆ ਦੇ ਮੋਹ ਵਿਚ ਜੀਵ ਫਸਾ ਕੇ) 'ਹਉਮੈ' ਦਾ ਗੇੜ ਪੈਦਾ ਕਰ ਦਿੱਤਾ ਹੈ ਇਸ ਗੇੜ ਵਿਚ (ਪੈ ਕੇ) ਜਗਤ ਦੁਖੀ ਹੋ ਰਿਹਾ ਹੈ।
ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਸ ਦਾ ਇਹ ਝੰਬੇਲਾ ਪ੍ਰਭੂ ਨੇ ਆਪ ਮੁਕਾ ਦਿੱਤਾ ਹੈ, ਉਸ ਨੂੰ ਇਕ ਪ੍ਰਭੂ ਹੀ ਵਿਆਪਕ ਦਿੱਸਦਾ ਹੈ।
ਗੁਰਮੁਖ ਹਰ ਥਾਂ ਪਰਮਾਤਮਾ ਨੂੰ ਹੀ ਪਛਾਣਦਾ ਹੈ ਤੇ ਇਸ ਤਰ੍ਹਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
ਉਸ ਦੀ ਆਤਮਾ ਪਰਮਾਤਮਾ ਵਿਚ ਲੀਨ ਹੁੰਦੀ ਰਹਿੰਦੀ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ॥੧੪॥
ਹੇ ਗੁਰੂ! ਤੂੰ ਬਖ਼ਸ਼ਸ਼ ਕਰਨ ਜੋਗਾ ਹੈਂ, ਮੈਨੂੰ ਖ਼ੈਰ ਪਾ ('ਨਾਮ' ਦਾ),
(ਤਾਂ ਜੋ) ਮੇਰੀ ਹਉਮੈ ਮੇਰਾ ਅਹੰਕਾਰ ਕਾਮ ਤੇ ਕ੍ਰੋਧ ਦੂਰ ਹੋ ਜਾਏ।
(ਹੇ ਗੁਰੂ! ਤੇਰੇ ਦਰ ਤੋਂ ਮੈਨੂੰ) ਪ੍ਰਭੂ ਦਾ ਨਾਮ (ਜ਼ਿੰਦਗੀ ਲਈ) ਸਹਾਰਾ ਮਿਲ ਜਾਏ ਤੇ ਮੇਰਾ ਚਸਕਾ ਤੇ ਲੋਭ ਚੰਗੀ ਤਰ੍ਹਾਂ ਸੜ ਜਾਏ।
ਪ੍ਰਭੂ ਦਾ ਨਾਮ ਦਿਨ ਰਾਤ ਨਵੇਂ ਤੋਂ ਨਵਾਂ ਹੁੰਦਾ ਹੈ (ਭਾਵ, ਜਿਉਂ ਜਿਉਂ ਜਪੀਏ, ਇਸ ਨਾਲ ਪਿਆਰ ਵਧਦਾ ਹੈ) 'ਨਾਮ' ਪਵਿਤ੍ਰ ਹੈ, ਇਹ ਕਦੇ ਮੈਲਾ ਨਹੀਂ ਹੁੰਦਾ।
(ਤਾਹੀਏਂ) ਹੇ ਨਾਨਕ! 'ਨਾਮ' ਜਪਿਆਂ (ਹਉਮੈ ਦੇ) ਗੇੜ ਤੋਂ ਬਚੀਦਾ ਹੈ। ਹੇ ਪ੍ਰਭੂ! ਇਹ ਸੁਖ ਤੇਰੀ ਮਿਹਰ ਦੀ ਨਜ਼ਰ ਨਾਲ ਮਿਲਦਾ ਹੈ ॥੧॥
ਜਿਤਨੀਆਂ ਭੀ ਜੀਵ-ਇਸਤ੍ਰੀਆਂ ਖਸਮ-ਪ੍ਰਭੂ ਦੇ ਬੂਹੇ ਤੇ ਖਲੋਤੀਆਂ ਹੋਈਆਂ ਹਨ। ਉਹਨਾਂ ਸਭਨਾਂ ਦਾ ਇੱਕ ਪ੍ਰਭੂ ਹੀ ਰਾਖਾ ਹੈ।
ਹੇ ਨਾਨਕ! ਖਸਮ-ਪ੍ਰਭੂ ਦੇ ਪਿਆਰ ਰੰਗ ਵਿਚ ਰੰਗੀਆਂ ਹੋਈਆਂ ਪ੍ਰਭੂ ਦੀਆਂ ਹੀ ਮੋਹਣੀਆਂ ਗੱਲਾਂ (ਇਕ ਦੂਜੀ ਪਾਸੋਂ) ਪੁੱਛਦੀਆਂ ਹਨ ॥੨॥
ਸਾਰੀਆਂ ਜੀਵ-ਇਸਤ੍ਰੀਆਂ ਖਸਮ-ਪ੍ਰਭੂ ਦੇ ਪਿਆਰ ਵਿਚ ਰੰਗੀਆਂ ਹੋਈਆਂ ਹਨ, (ਉਹਨਾਂ ਸੋਹਾਗਣਾਂ ਦੇ ਸਾਮ੍ਹਣੇ) ਮੈਂ ਮੰਦੇ ਭਾਗਾਂ ਵਾਲੀ ਕਿਸ ਗਿਣਤੀ ਵਿਚ ਹਾਂ?
ਮੇਰੇ ਸਰੀਰ ਵਿਚ ਇਤਨੇ ਔਗੁਣ ਹਨ ਕਿ ਖਸਮ ਮੇਰੇ ਵਲ ਧਿਆਨ ਭੀ ਨਹੀਂ ਕਰਦਾ ॥੩॥
ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਦੇ ਮੂੰਹ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ।
(ਹੇ ਪ੍ਰਭੂ!) ਤੂੰ ਸਾਰੀਆਂ ਰਾਤਾਂ ਸੁਹਾਗਣਾਂ ਨੂੰ ਦੇ ਰਿਹਾ ਹੈਂ, ਇਕ ਰਾਤ ਮੈਨੂੰ ਛੁੱਟੜ ਨੂੰ ਭੀ ਦੇਹ ॥੪॥
ਹੇ ਪ੍ਰਭੂ! ਮੈਂ ਮੰਗਤਾ ਤੇਰੇ ਬੂਹੇ ਤੇ (ਆ ਕੇ) ਖ਼ੈਰ ਮੰਗਦਾ ਹਾਂ, ਮਿਹਰ ਕਰ ਕੇ ਮੈਨੂੰ ਖ਼ੈਰ ਪਾ।
ਮੈਨੂੰ ਗੁਰੂ ਦੇ ਸਨਮੁਖ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈ, ਮੈਂ ਤੇਰਾ ਸੇਵਕ ਤੇਰਾ ਨਾਮ ਪ੍ਰਾਪਤ ਕਰ ਲਵਾਂ,
ਤੇਰੀ ਜੋਤਿ ਵਿਚ ਆਪਣੀ ਆਤਮਾ ਟਿਕਾ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਇਕ-ਰਸ ਗੀਤ ਗਾਵਾਂ,
ਤੇਰੀ ਜੈ ਜੈਕਾਰ ਦੀ ਬਾਣੀ ਤੇ ਗੁਣ ਮੈਂ ਹਿਰਦੇ ਵਿਚ ਗਾਵਾਂ,
ਮੈਂ ਤੇਰੇ ਨਾਲ ਪਿਆਰ ਕਰਾਂ (ਤੇ ਇਸ ਤਰ੍ਹਾਂ ਮੈਨੂੰ ਯਕੀਨ ਬਣੇ ਕਿ) ਜਗਤ ਵਿਚ ਪ੍ਰਭੂ ਆਪ ਹਰ ਥਾਂ ਮੌਜੂਦ ਹੈ ॥੧੫॥
ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪ੍ਰਭੂ ਦੇ ਪਿਆਰ ਦਾ ਆਨੰਦ ਨਾਹ ਮਾਣਿਆ, ਜਿਨ੍ਹਾਂ ਨੇ ਖਸਮ-ਪ੍ਰਭੂ ਦੇ ਮਿਲਾਪ ਦਾ ਸੁਆਦ ਨਾਹ ਚੱਖਿਆ,
(ਉਹ ਇਸ ਮਨੁੱਖਾ ਸਰੀਰ ਵਿਚ ਆ ਕੇ ਇਉਂ ਹੀ ਖ਼ਾਲੀ ਗਈਆਂ) ਜਿਵੇਂ ਕਿਸੇ ਸੁੰਞੇ ਘਰ ਵਿਚ ਆਇਆ ਪਰਾਹੁਣਾ ਜਿਵੇਂ ਆਉਂਦਾ ਹੈ ਤਿਵੇਂ ਤੁਰ ਜਾਂਦਾ ਹੈ (ਓਦੋਂ ਉਸ ਨੂੰ ਖਾਣ ਪੀਣ ਨੂੰ ਕੁਝ ਭੀ ਹਾਸਲ ਨਹੀਂ ਹੁੰਦਾ) ॥੧॥
(ਇਸ ਜੀਵ ਨੂੰ) ਦਿਨ ਦੇ ਵੇਲੇ (ਕੀਤੇ ਮੰਦ ਕਰਮਾਂ ਦੇ) ਸੌ ਉਲਾਮੇ ਮਿਲਦੇ ਹਨ ਤੇ ਰਾਤ ਵੇਲੇ (ਕੀਤਿਆਂ) ਦੇ ਹਜ਼ਾਰਾਂ;
(ਕਿਉਂਕਿ ਜੀਵ-) ਹੰਸ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਰੂਪ ਮੋਤੀ) ਛੱਡ ਕੇ (ਵਿਕਾਰ ਰੂਪ) ਮੁਰਦਾਰਾਂ (ਦੇ ਖਾਣ) ਵਿਚ ਲੱਗਾ ਹੋਇਆ ਹੈ (ਦਿਨੇ ਰਾਤ ਮੰਦ ਕਰਮ ਕਰਦਾ ਰਿਹਾ ਹੈ।
ਫਿਟੇ-ਮੂੰਹ ਅਜੇਹੇ ਜੀਊਣ ਨੂੰ ਜਿਸ ਵਿਚ ਸਿਰਫ਼ ਖਾ ਖਾ ਕੇ ਹੀ ਢਿੱਡ ਵਧਾ ਲਿਆ।
ਹੇ ਨਾਨਕ! ਪ੍ਰਭੂ ਦੇ ਇਸ ਨਾਮ ਤੋਂ ਵਾਂਜੇ ਰਹਿਣ ਕਰਕੇ ਇਹ ਸਾਰਾ ਮੋਹ ਵੈਰੀ ਹੋ ਢੁਕਦਾ ਹੈ ॥੨॥
ਢਾਢੀ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਆਪਣਾ ਜੀਵਨ ਸੋਹਣਾ ਬਣਾਂਦਾ ਹੈ;
ਗੁਰੂ ਦੀ ਰਾਹੀਂ ਉਹ ਪ੍ਰਭੂ ਦੀ ਬੰਦਗੀ ਕਰ ਕੇ ਸਿਫ਼ਤਿ-ਸਾਲਾਹ ਕਰ ਕੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ।