(ਹੇ ਭਾਈ!) ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ। ਸਤਿਗੁਰੂ (ਦੀ ਸਰਨ) ਤੋਂ ਬਿਨਾ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ,
(ਕਿਉਂਕਿ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਦ ਤਕ ਗੁਰੂ ਦੇ ਸ਼ਬਦ ਵਿਚ ਪਿਆਰ ਨਹੀਂ ਪਾਂਦਾ, ਉਸ ਦੇ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਉਤਰਦੀ ॥੧॥
ਹੇ ਮੇਰੇ ਮਨ! ਸਤਿਗੁਰੂ ਦੀ ਰਜ਼ਾ ਵਿਚ ਤੁਰ,
(ਗੁਰੂ ਦੀ ਰਜ਼ਾ ਵਿਚ ਤੁਰ ਕੇ) ਆਪਣੇ ਅੰਤਰ ਆਤਮੇ ਟਿਕਿਆ ਰਹੇਂਗਾ (ਭਾਵ, ਭਟਕਣਾ ਤੋਂ ਬਚ ਜਾਵੇਂਗਾ), ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਵੇਂਗਾ, ਉਸ ਦੀ ਬਰਕਤਿ ਨਾਲ ਸੁਖ ਦਾ ਟਿਕਾਣਾ ਲੱਭ ਲਵੇਂਗਾ ॥੧॥ ਰਹਾਉ ॥
ਜਿਸ ਜੀਵ-ਇਸਤ੍ਰੀ ਦੇ ਅੰਦਰ ਔਗੁਣ ਹੀ ਔਗੁਣ ਹਨ ਤੇ ਗੁਣ ਕੋਈ ਭੀ ਨਹੀਂ, ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਬੈਠਣਾ ਨਹੀਂ ਮਿਲਦਾ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦੀ, ਔਗੁਣ ਦੇ ਕਾਰਨ ਉਹ ਪਰਮਾਤਮਾ ਉਸ ਨੂੰ ਕਿਤੇ ਦੂਰ ਹੀ ਜਾਪਦਾ ਹੈ।
ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪਰਮਾਤਮਾ ਨੂੰ ਹਰ ਥਾਂ ਵੱਸਦਾ ਪਛਾਣ ਲਿਆ ਹੈ, ਉਹ ਉਸ ਸਦਾ-ਥਿਰ ਪ੍ਰਭੂ (ਦੇ ਪਿਆਰ-ਰੰਗ) ਵਿਚ ਰੰਗੇ ਰਹਿੰਦੇ ਹਨ,
ਉਹਨਾਂ ਦਾ ਮਨ ਗੁਰੂ ਦੇ ਸ਼ਬਦ ਵਿਚ ਪ੍ਰੋਤਾ ਰਹਿੰਦਾ ਹੈ, ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ ਤੇ ਅੰਗ-ਸੰਗ ਵੱਸਦਾ ਦਿੱਸਦਾ ਹੈ ॥੨॥
(ਪਰ ਜੀਵਾਂ ਦੇ ਕੀ ਵੱਸ?) ਜਿਨ੍ਹਾਂ ਜੀਵਾਂ ਨੂੰ ਪ੍ਰਭੂ ਨੇ ਆਪ ਹੀ ਸਾਧ ਸੰਗਤਿ ਵਿਚ (ਰੱਖ ਕੇ ਨਾਮ ਰੰਗ ਨਾਲ) ਰੰਗਿਆ ਹੈ, ਗੁਰ-ਸ਼ਬਦ ਵਿਚ ਜੋੜ ਕੇ ਉਹਨਾਂ ਨੂੰ ਆਪਣੇ (ਚਰਨਾਂ) ਵਿਚ ਮਿਲਾ ਲਿਆ ਹੈ।
ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜ ਕੇ (ਨਾਮ-ਰੰਗ ਨਾਲ) ਰੰਗੇ ਜਾਂਦੇ ਹਨ, ਉਹਨਾਂ ਦਾ ਇਹ ਸਦਾ-ਥਿਰ ਰਹਿਣ ਵਾਲਾ ਰੰਗ ਕਦੇ ਭੀ ਨਹੀਂ ਉਤਰਦਾ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਾਇਆ ਦੀ ਖ਼ਾਤਰ) ਚੌਹੀਂ ਪਾਸੀਂ, ਭਟਕ ਭਟਕ ਕੇ ਥੱਕ ਜਾਂਦੇ ਹਨ (ਭਾਵ, ਆਤਮਕ ਜੀਵਨ ਕਮਜ਼ੋਰ ਕਰ ਲੈਂਦੇ ਹਨ) ਉਹਨਾਂ ਨੂੰ (ਸਹੀ ਜੀਵਨ-ਰਾਹ ਦੀ) ਸੂਝ ਨਹੀ ਪੈਂਦੀ।
ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ ਉਹ ਪ੍ਰਭੂ ਪ੍ਰੀਤਮ ਨੂੰ ਮਿਲ ਪੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਲੀਨ ਰਹਿੰਦਾ ਹੈ ॥੩॥
(ਦੁਨੀਆ ਦੇ) ਬਥੇਰੇ (ਸੰਬੰਧੀਆਂ ਨੂੰ) ਮਿੱਤਰ ਬਣਾ ਬਣਾ ਕੇ ਮੈਂ ਥੱਕ ਚੁੱਕੀ ਹਾਂ (ਮੈ ਸਮਝਦੀ ਰਹੀ ਕਿ ਕੋਈ ਸਾਕ-ਸੰਬੰਧੀ) ਮੇਰਾ ਦੁੱਖ ਕੱਟ ਸਕੇਗਾ।
ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਹੀ ਦੁੱਖ ਕੱਟਿਆ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੁੰਦਾ ਹੈ।
ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਸ ਦੀ ਖੱਟੀ ਕਮਾਈ ਹੋ ਜਾਂਦਾ ਹੈ, ਨਾਮ ਹੀ ਉਸ ਦਾ ਸਰਮਾਇਆ ਬਣ ਜਾਂਦਾ ਹੈ ਤੇ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ।
ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਮਿਲ ਜਾਂਦੇ ਹਨ ਉਹ (ਮੁੜ ਉਸ ਤੋਂ) ਜੁਦਾ ਨਹੀਂ ਹੁੰਦੇ ॥੪॥੨੬॥੫੯॥
ਕਰਤਾਰ ਆਪ ਹੀ (ਜਗਤ ਦਾ) ਮੂਲ ਰਚਦਾ ਹੈ ਤੇ ਫਿਰ ਜਗਤ ਪੈਦਾ ਕਰ ਕੇ ਆਪ (ਹੀ) ਉਸ ਦੀ ਸੰਭਾਲ ਕਰਦਾ ਹੈ।
(ਇਸ ਜਗਤ ਵਿਚ) ਹਰ ਥਾਂ ਕਰਤਾਰ ਆਪ ਹੀ ਆਪ ਵਿਆਪਕ ਹੈ (ਫਿਰ ਭੀ) ਉਹ (ਜੀਵਾਂ ਦੀ) ਸਮਝ ਵਿਚ ਨਹੀਂ ਆ ਸਕਦਾ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
ਉਹ ਪ੍ਰਭੂ ਆਪ ਹੀ (ਜਦੋਂ) ਦਿਆਲ ਹੁੰਦਾ ਹੈ (ਤਦੋਂ) ਆਪ ਹੀ (ਸਹੀ ਜੀਵਨ ਦੀ) ਸਮਝ ਬਖ਼ਸ਼ਦਾ ਹੈ।
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਵੱਸ ਪੈਂਦਾ ਹੈ, ਉਹ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਸਦਾ ਸੁਰਤ ਜੋੜੀ ਰੱਖਦੇ ਹਨ ॥੧॥
ਹੇ ਮੇਰੇ ਮਨ! ਗੁਰੂ ਦੇ ਹੁਕਮ ਵਿਚ ਤੁਰ।
(ਜੇਹੜਾ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ ਉਸ ਦਾ) ਮਨ (ਉਸ ਦਾ ਸਰੀਰ) ਸ਼ਾਂਤ ਹੋ ਜਾਂਦਾ ਹੈ, (ਉਸ ਦੇ) ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੧॥ ਰਹਾਉ ॥
ਜਿਸ ਕਰਤਾਰ ਨੇ ਜਗਤ ਦਾ ਮੂਲ ਰਚ ਕੇ ਜਗਤ ਪੈਦਾ ਕੀਤਾ ਹੈ, ਉਹੀ ਇਸ ਦੀ ਸੰਭਾਲ ਕਰਦਾ ਹੈ।
ਪਰ ਉਸ ਦੀ ਕਦਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਤਦੋਂ ਪੈਂਦੀ ਹੈ, ਜਦੋਂ ਉਹ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ।
(ਜਿਨ੍ਹਾਂ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ) ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਸੋਭਾ ਪਾਂਦੇ ਹਨ।
ਜਿਨ੍ਹਾਂ ਨੂੰ ਕਰਤਾਰ ਨੇ ਆਪ ਹੀ (ਗੁਰੂ-ਚਰਨਾਂ ਵਿਚ) ਜੋੜਿਆ ਹੈ ਉਹ ਗੁਰੂ ਦੇ ਸਨਮੁਖ ਰਹਿ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ ॥੨॥
(ਹੇ ਭਾਈ!) ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ਜਿਸ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
(ਉਹ ਸਦਾ-ਥਿਰ ਪ੍ਰਭੂ) ਆਪ ਹੀ ਆਪਣੇ ਹੁਕਮ ਅਨੁਸਾਰ ਹਰੇਕ ਸਰੀਰ ਵਿਚ ਵੱਸਦਾ ਹੈ, ਤੇ ਆਪਣੇ ਹੁਕਮ ਵਿਚ ਹੀ (ਜੀਵਾਂ ਦੀ ਸੰਭਾਲ ਦੀ) ਵਿਚਾਰ ਕਰਦਾ ਹੈ।
(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।
ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਨਾਮ ਤੋਂ ਸੱਖਣੀ ਰਹਿੰਦੀ ਹੈ ਉਹ ਔਗੁਣਾਂ ਨਾਲ ਭਰ ਜਾਂਦੀ ਹੈ ਤੇ ਦੁੱਖੀ ਹੁੰਦੀ ਹੈ ॥੩॥
ਹੇ ਨਾਨਕ! (ਆਖ-ਮੇਰੀ ਇਹੀ ਅਰਦਾਸ ਹੈ ਕਿ) ਮੈਂ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ, ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਜੁੜਿਆ ਰਹਾਂ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਟਿਕੇ ਰਿਹਾਂ ਹੀ ਤ੍ਰਿਸ਼ਨਾ ਮੁੱਕਦੀ ਹੈ।
(ਮੇਰੀ ਅਰਦਾਸ ਹੈ ਕਿ) ਮੈਂ ਪਰਮਾਤਮਾ ਦੇ ਗੁਣਾਂ ਨੂੰ ਵਿਚਾਰਦਾ ਰਹਾਂ, ਉਹਨਾਂ ਗੁਣਾਂ ਨੂੰ (ਆਪਣੇ ਹਿਰਦੇ ਵਿਚ) ਇਕੱਠੇ ਕਰਦਾ ਰਹਾਂ ਤੇ (ਇਸ ਤਰ੍ਹਾਂ ਆਪਣੇ ਅੰਦਰੋਂ) ਔਗੁਣ ਧੋ ਕੇ ਕੱਢ ਦਿਆਂ।
ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ, ਉਸ ਨੂੰ ਮੁੜ ਕਦੇ ਪ੍ਰਭੂ ਤੋਂ ਵਿਛੋੜਾ ਨਹੀਂ ਹੁੰਦਾ।
(ਮੇਰੀ ਅਰਦਾਸ ਹੈ ਕਿ) ਮੈਂ ਆਪਣੇ ਗੁਰੂ ਦੀ ਸਿਫ਼ਤਿ ਕਰਦਾ ਰਹਾਂ, ਕਿਉਂਕਿ ਗੁਰੂ ਦੀ ਰਾਹੀਂ ਹੀ ਉਹ ਪ੍ਰਭੂ ਮਿਲ ਸਕਦਾ ਹੈ ॥੪॥੨੭॥੬੦॥
ਹੇ ਸੁਆਰਥ ਵਿਚ ਫਸੀ ਹੋਈ ਜੀਵ-ਇਸਤ੍ਰੀਏ! ਧਿਆਨ ਨਾਲ ਸੁਣ! ਕਿਉਂ ਇਤਨੀ ਲਾ-ਪਰਵਾਹੀ ਨਾਲ (ਜੀਵਨ-ਪੰਧ ਵਿਚ) ਤੁਰ ਰਹੀ ਹੈਂ?
(ਸੁਆਰਥ ਵਿਚ ਫਸ ਕੇ) ਤੂੰ ਆਪਣੇ ਪ੍ਰ੍ਰਭੂ-ਪਤੀ ਨੂੰ (ਹੁਣ) ਪਛਾਣਦੀ ਨਹੀਂ, ਪਰਲੋਕ ਵਿਚ ਜਾ ਕੇ ਕੀਹ ਮੂੰਹ ਵਿਖਾਵੇਂਗੀ?
ਜਿਨ੍ਹਾਂ ਸਤਸੰਗੀ ਜੀਵ-ਇਸਤ੍ਰੀਆਂ ਨੇ ਆਪਣੇ ਖਸਮ-ਪ੍ਰਭੂ ਨਾਲ ਜਾਣ-ਪਛਾਣ ਪਾ ਰੱਖੀ ਹੈ (ਉਹ ਭਾਗਾਂ ਵਾਲੀਆਂ ਹਨ) ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ।
(ਮੇਰਾ ਚਿੱਤ ਕਰਦਾ ਹੈ ਕਿ) ਮੈਂ ਉਹਨਾਂ ਦੇ ਸਤਸੰਗ ਦੇ ਇਕੱਠ ਵਿਚ ਮਿਲ ਕੇ ਉਹਨਾਂ ਜਿਹੀ ਬਣ ਜਾਵਾਂ ॥੧॥