(ਪਰਮਾਤਮਾ) ਭਗਤੀ ਨਾਲ ਪਿਆਰ ਕਰਨ ਵਾਲਾ (ਹੈ-ਇਹ) ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ।
(ਭਗਤੀ ਕਰਨ ਵਾਲਿਆਂ ਦੀ) ਨਿੰਦਾ ਕਰਨ ਵਾਲਿਆਂ ਨੂੰ ਆਤਮਕ ਤੌਰ ਤੇ ਨੀਵਾਂ ਰੱਖ ਕੇ (ਉਹਨਾਂ ਦੇ) ਪੈਰਾਂ ਹੇਠ ਰੱਖਦਾ ਹੈ (ਇਸ ਤਰ੍ਹਾਂ ਪਰਮਾਤਮਾ ਜਗਤ ਵਿਚ) ਆਪਣੀ ਸੋਭਾ ਖਿਲਾਰਦਾ ਹੈ ॥੧॥ ਰਹਾਉ ॥
ਸਾਰੇ ਜਗਤ ਵਿਚ (ਪਰਮਾਤਮਾ ਆਪਣੇ ਦਾਸਾਂ ਦੀ) ਸੋਭਾ ਬਣਾਂਦਾ ਹੈ, (ਸਭ) ਜੀਵਾਂ ਦੇ ਦਿਲ ਵਿਚ (ਆਪਣੇ ਸੇਵਕਾਂ ਵਾਸਤੇ) ਆਦਰ-ਸਤਕਾਰ ਪੈਦਾ ਕਰਦਾ ਹੈ।
ਪ੍ਰਭੂ ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ, ਉਸ ਨੂੰ ਤੱਤੀ ਵਾ ਨਹੀਂ ਲੱਗਣ ਦੇਂਦਾ (ਰਤਾ ਭੀ ਔਖਿਆਈ ਨਹੀਂ ਹੋਣ ਦੇਂਦਾ) ॥੧॥
ਮੇਰੇ ਮਾਲਕ ਪ੍ਰਭੂ ਨੇ (ਆਪਣੇ ਸੇਵਕ ਦੀ ਸਦਾ) ਸਹਾਇਤਾ ਕੀਤੀ ਹੈ (ਸੇਵਕ ਦੇ ਅੰਦਰੋਂ) ਭਟਕਣਾ ਤੇ ਡਰ ਮਿਟਾ ਕੇ (ਉਸ ਨੂੰ) ਆਤਮਕ ਆਨੰਦ ਬਖ਼ਸ਼ਦਾ ਹੈ।
ਹੇ ਨਾਨਕ! ਹੇ ਪ੍ਰਭੂ ਦੇ ਸੇਵਕ! ਤੇਰੇ ਮਨ ਵਿਚ (ਪ੍ਰਭੂ ਵਾਸਤੇ) ਸਰਧਾ ਬਣ ਚੁਕੀ ਹੈ, ਤੂੰ ਬੇਸ਼ੱਕ ਆਤਮਕ ਆਨੰਦ ਮਾਣਦਾ ਰਹੁ (ਭਾਵ, ਜਿਸ ਦੇ ਅੰਦਰ ਪਰਮਾਤਮਾ ਵਾਸਤੇ ਸਰਧਾ-ਪਿਆਰ ਹੈ, ਉਹ ਜ਼ਰੂਰ ਆਨੰਦ ਮਾਣਦਾ ਹੈ) ॥੨॥੧੪॥੧੮॥
ਰਾਗ ਮਲਾਰ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੁਰੂ ਦੀ ਸਰਨ ਪਿਆਂ (ਇਹ ਸਾਰਾ ਜਗਤ) ਪਰਮਾਤਮਾ ਦਾ ਖਿਲਾਰਾ ਦਿੱਸਦਾ ਹੈ,
ਗੁਰੂ ਦੀ ਸਰਨ ਪਿਆਂ (ਇਹ ਭੀ ਦਿੱਸ ਪੈਂਦਾ ਹੈ ਕਿ ਇਹ) ਮਾਇਆ ਦੇ ਤਿੰਨਾਂ ਗੁਣਾਂ ਦਾ ਖਿਲਾਰਾ ਹੈ।
ਗੁਰੂ ਦੀ ਸਰਨ ਪੈਣਾ ਹੀ (ਜੋਗੀਆਂ ਦੇ) ਨਾਦ ਦਾ (ਅਤੇ ਪੰਡਿਤਾਂ ਦੇ) ਵੇਦ ਦਾ ਵਿਚਾਰ ਹੈ।
ਪੂਰੇ ਗੁਰੂ ਦੀ ਸਰਨ ਤੋਂ ਬਿਨਾ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ (ਬਣਿਆ ਰਹਿੰਦਾ) ਹੈ ॥੧॥
ਹੇ ਮੇਰੇ ਮਨ! ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਸਦਾ ਆਤਮਕ ਆਨੰਦ ਮਾਣ ਸਕੀਦਾ ਹੈ।
ਗੁਰੂ ਦੇ ਉਪਦੇਸ ਨਾਲ ਪਰਮਾਤਮਾ ਹਿਰਦੇ ਵਿਚ ਆ ਵੱਸਦਾ ਹੈ। ਹੇ ਮਨ! (ਗੁਰੂ ਦੀ ਸਰਨ ਪੈ ਕੇ) ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਆਪਣੇ ਮਾਲਕ-ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥
ਮੈਂ ਗੁਰੂ ਦੇ ਚਰਨਾਂ ਤੋਂ ਕੁਰਬਾਨ ਜਾਂਦਾ ਹਾਂ,
ਮੈਂ ਹਰ ਵੇਲੇ ਸਦਾ ਗੁਰੂ ਦੇ ਗੁਣ ਗਾਂਦਾ ਹਾਂ,
ਮੈਂ ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਹਾਂ।
(ਗੁਰੂ ਦੀ ਮਿਹਰ ਨਾਲ ਹੀ) ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਆਦਰ ਹਾਸਲ ਕਰੀਦਾ ਹੈ ॥੨॥
ਗੁਰੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲਾ ਜਹਾਜ਼ ਹੈ।
ਜੇ ਗੁਰੂ ਮਿਲ ਪਏ ਤਾਂ ਫਿਰ ਜੂਨਾਂ ਵਿਚ ਜਨਮ ਨਹੀਂ ਹੁੰਦਾ।
ਪਰ ਉਹ ਮਨੁੱਖ (ਹੀ) ਗੁਰੂ ਦੀ ਸੇਵਾ (ਦਾ ਅਵਸਰ) ਪ੍ਰਾਪਤ ਕਰਦਾ ਹੈ,
ਜਿਸ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ (ਪ੍ਰਭੂ ਦੀ) ਮਿਹਰ ਨਾਲ (ਇਹ ਲੇਖ) ਲਿਖਿਆ ਹੁੰਦਾ ਹੈ ॥੩॥
ਗੁਰੂ (ਹੀ) ਮੇਰੀ ਜ਼ਿੰਦਗੀ ਹੈ, ਗੁਰੂ ਮੇਰਾ ਆਸਰਾ ਹੈ,
ਗੁਰੂ ਹੀ ਮੇਰਾ ਹਰ ਵੇਲੇ ਦਾ ਸਹਾਰਾ ਹੈ, ਗੁਰੂ ਹੀ (ਮੇਰੇ ਮਨ ਨੂੰ ਢਾਰਸ ਦੇਣ ਵਾਲਾ) ਮੇਰਾ ਪਰਵਾਰ ਹੈ,
ਗੁਰੂ ਮੇਰਾ ਮਾਲਕ ਹੈ, ਮੈਂ ਸਦਾ ਗੁਰੂ ਦੀ ਸਰਨ ਪਿਆ ਰਹਿੰਦਾ ਹਾਂ।
ਹੇ ਨਾਨਕ! ਗੁਰੂ ਪਰਮਾਤਮਾ (ਦਾ ਰੂਪ) ਹੈ, ਜਿਸ ਦਾ ਮੁੱਲ ਨਹੀਂ ਪੈ ਸਕਦਾ ॥੪॥੧॥੧੯॥
(ਪ੍ਰਭੂ ਦਾ ਸੇਵਕ) ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ.
(ਇਹ ਭੀ ਪ੍ਰਭੂ ਦੀ ਆਪਣੀ ਹੀ ਮਿਹਰ ਹੁੰਦੀ ਹੈ) ਪ੍ਰਭੂ ਨੇ ਆਪ (ਹੀ) ਮਿਹਰ ਕਰ ਕੇ (ਉਸ ਨੂੰ ਗੁਰੂ ਚਰਨਾਂ ਵਿਚ) ਜੋੜਿਆ ਹੁੰਦਾ ਹੈ।
ਪ੍ਰਭੂ ਆਪਣੇ ਸੇਵਕ ਨੂੰ (ਚਰਨਾਂ ਵਿਚ) ਜੋੜੀ ਰੱਖਦਾ ਹੈ,
ਉਸ (ਮਾਲਕ ਦਾ) ਵਡੱਪਣ ਬਿਆਨ ਨਹੀਂ ਕੀਤਾ ਜਾ ਸਕਦਾ ॥੧॥
ਹੇ ਸਰਬ-ਵਿਆਪਕ! ਹੇ ਸੁਖ ਦੇਣ ਵਾਲੇ ਪ੍ਰਭੂ! ਮਿਹਰ ਕਰ (ਮੇਰੇ ਚਿੱਤ ਵਿਚ ਆ ਵੱਸ),
ਤੂੰ ਆਪਣੀ ਮਿਹਰ ਨਾਲ ਹੀ (ਜੀਵਾਂ ਦੇ) ਚਿੱਤ ਵਿਚ ਆਉਂਦਾ ਹੈਂ, (ਜਿਨ੍ਹਾਂ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ, ਉਹ) ਅੱਠੇ ਪਹਰ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ ॥੧॥ ਰਹਾਉ ॥
ਹੇ ਪ੍ਰਭੂ! ਜਦੋਂ ਤੇਰੀ ਰਜ਼ਾ ਹੁੰਦੀ ਹੈ ਤਦੋਂ ਹੀ ਤੇਰੀ ਸਿਫ਼ਤ-ਸਾਲਾਹ ਗਾਈ ਜਾ ਸਕਦੀ ਹੈ ਤੇਰਾ ਨਾਮ ਸੁਣਿਆ ਜਾ ਸਕਦਾ ਹੈ।
(ਜਿਹੜਾ ਮਨੁੱਖ ਤੇਰੇ) ਹੁਕਮ ਨੂੰ ਸਮਝਦਾ ਹੈ, ਉਹ (ਤੇਰੇ) ਸਦਾ-ਥਿਰ ਨਾਮ ਵਿਚ ਲੀਨ ਰਹਿੰਦਾ ਹੈ।
ਹੇ ਪ੍ਰਭੂ! (ਤੇਰੇ ਸੇਵਕ) ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦੇ ਹਨ,
ਉਹਨਾਂ ਨੂੰ ਤੈਥੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਹੁੰਦਾ ॥੨॥
ਇਹ ਕਰਤਾਰ ਦਾ ਹੁਕਮ ਹੈ ਕਰਤਾਰ ਦੀ ਰਜ਼ਾ ਹੈ (ਕਦੇ) ਦੁੱਖ (ਕਦੇ) ਸੁਖ (ਦੇਂਦਾ ਹੈ)।
ਆਪਣੀ ਰਜ਼ਾ ਵਿਚ (ਕਿਸੇ ਉੱਤੇ) ਬਖ਼ਸ਼ਸ਼ (ਕਰਦਾ ਹੈ, ਕਿਸੇ ਨੂੰ) ਸਜ਼ਾ ਦੇਂਦਾ ਹੈ।
(ਬਖ਼ਸ਼ਸ਼ ਅਤੇ ਸਜ਼ਾ-ਇਹਨਾਂ) ਦੋਹਾਂ ਪਾਸਿਆਂ ਦਾ ਕਰਤਾਰ ਆਪ ਹੀ ਮਾਲਕ ਹੈ।
ਹੇ ਪ੍ਰਭੂ! ਤੇਰੇ (ਇਤਨੇ ਵੱਡੇ) ਪਰਤਾਪ ਤੋਂ ਮੈਂ ਸਦਕੇ ਜਾਂਦਾ ਹਾਂ ॥੩॥
ਹੇ ਪ੍ਰਭੂ! (ਤੂੰ ਕਿਤਨਾ ਵੱਡਾ ਹੈਂ-ਆਪਣੀ ਇਹ) ਕੀਮਤ ਤੂੰ ਆਪ ਹੀ ਜਾਣਦਾ ਹੈਂ।
ਤੂੰ ਆਪ ਹੀ (ਆਪਣੀ ਰਜ਼ਾ ਨੂੰ) ਸਮਝਦਾ ਹੈਂ, (ਆਪਣੇ ਹੁਕਮ ਨੂੰ) ਸੁਣ ਕੇ ਤੂੰ ਆਪ ਹੀ (ਉਸ ਦੀ) ਵਿਆਖਿਆ ਕਰਦਾ ਹੈਂ।
ਹੇ ਪ੍ਰਭੂ! ਉਹੀ ਮਨੁੱਖ ਤੇਰੇ (ਅਸਲ) ਭਗਤ ਹਨ ਜਿਹੜੇ ਤੈਨੂੰ ਚੰਗੇ ਲੱਗਦੇ ਹਨ।