ਆਪਣੀਆਂ ਦਲੀਲਾਂ ਆਪਣੀਆਂ ਸਿਆਣਪਾਂ ਸਾਰੀਆਂ ਛੱਡ ਦੇਹ,
ਅਤੇ ਗੁਰਮੁਖਾਂ ਦੀ ਸਰਨ ਪਉ ॥੨॥
(ਹੇ ਭਾਈ!) ਸਾਰੇ ਜੀਵ ਜੰਤ ਜਿਸ ਪਰਮਾਤਮਾ ਦੇ ਵੱਸ ਵਿਚ (ਹੱਥ ਵਿਚ) ਹਨ,
ਜੇਹੜਾ ਪ੍ਰਭੂ ਕਦੇ ਭੀ (ਜੀਵਾਂ ਤੋਂ) ਵੱਖ ਨਹੀਂ ਹੁੰਦਾ, (ਸਦਾ) ਸਭ ਜੀਵਾਂ ਦੇ ਨਾਲ ਰਹਿੰਦਾ ਹੈ,
ਆਪਣੇ ਹੀਲੇ-ਜਤਨ ਛੱਡ ਕੇ ਉਸ ਪਰਮਾਤਮਾ ਦਾ ਆਸਰਾ-ਪਰਨਾ ਫੜ,
ਅੱਖ ਦੇ ਇਕ ਫੋਰ ਵਿਚ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਤੇਰੀ ਖ਼ਲਾਸੀ ਹੋ ਜਾਇਗੀ ॥੩॥
ਉਸ ਪਰਮਾਤਮਾ ਨੂੰ ਸਦਾ ਆਪਣੇ ਨੇੜੇ ਵੱਸਦਾ ਸਮਝ।
ਇਹ ਨਿਸ਼ਚਾ ਕਰ ਕੇ ਮੰਨ ਕਿ ਪਰਮਾਤਮਾ ਦੀ ਰਜ਼ਾ ਅਟੱਲ ਹੈ।
ਗੁਰੂ ਦੇ ਬਚਨ ਵਿਚ (ਜੁੜ ਕੇ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ।
ਹੇ ਨਾਨਕ! ਸਦਾ ਪਰਮਾਤਮਾ ਦਾ ਨਾਮ ਜਪ, ਸਦਾ ਪ੍ਰਭੂ (ਦੇ ਗੁਣਾਂ) ਦਾ ਜਾਪ ਜਪ ॥੪॥੪॥੭੩॥
ਗੁਰੂ ਦਾ ਉਪਦੇਸ਼ ਸਦਾ ਆਤਮਕ ਜੀਵਨ ਦੇ ਕੰਮ ਆਉਣ ਵਾਲਾ ਹੈ। ਇਹ ਉਪਦੇਸ਼ ਕਦੇ ਛਿੱਜਣ ਵਾਲਾ (ਪੁਰਾਣਾ ਹੋਣ ਵਾਲਾ) ਨਹੀਂ।
ਗੁਰੂ ਦੇ ਬਚਨ ਦੀ ਰਾਹੀਂ ਆਤਮਕ ਮੌਤ ਲਿਆਉਣ ਵਾਲੀ ਮੋਹ ਦੀ ਫਾਹੀ ਕੱਟੀ ਜਾਂਦੀ ਹੈ।
ਗੁਰੂ ਦਾ ਉਪਦੇਸ਼ ਸਦਾ ਜਿੰਦ ਦੇ ਨਾਲ (ਨਿਭਣ ਵਾਲਾ) ਹੈ।
ਗੁਰੂ ਦੇ ਉਪਦੇਸ਼ ਦੀ ਰਾਹੀਂ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੁੜਿਆ ਰਹਿੰਦਾ ਹੈ ॥੧॥
(ਹੇ ਭਾਈ!) ਜੋ (ਉਪਦੇਸ਼) ਗੁਰੂ ਨੇ ਦਿੱਤਾ ਹੈ, ਉਹ (ਹਰੇਕ ਮਨੁੱਖ ਦੇ) ਮਨ ਦੇ ਕੰਮ ਆਉਂਦਾ ਹੈ।
(ਇਸ ਵਾਸਤੇ, ਹੇ ਭਾਈ!) ਗੁਰੂ ਦੇ ਕੀਤੇ ਹੋਏ (ਇਸ ਉਪਕਾਰ ਨੂੰ) ਸਦਾ ਨਾਲ ਨਿਭਣ ਵਾਲਾ ਸਮਝ ॥੧॥ ਰਹਾਉ ॥
ਗੁਰੂ ਦਾ ਉਪਦੇਸ਼ ਸਦਾ ਮਨੁੱਖ ਦੇ ਆਤਮਕ ਜੀਵਨ ਦੇ ਕੰਮ ਆਉਣ ਵਾਲਾ ਹੈ, ਇਹ ਉਪਦੇਸ਼ ਕਦੇ ਛਿੱਜਣ ਵਾਲਾ (ਪੁਰਾਣਾ ਹੋਣ ਵਾਲਾ) ਨਹੀਂ।
ਗੁਰੂ ਦੇ ਉਪਦੇਸ਼ ਦੀ ਰਾਹੀਂ ਮਨੁੱਖ ਦੀ ਭਟਕਣਾ ਮਨੁੱਖ ਦੇ ਵਿਤਕਰੇ ਕੱਟੇ ਜਾਂਦੇ ਹਨ।
ਗੁਰੂ ਦਾ ਉਪਦੇਸ਼ ਕਦੇ ਵਿਅਰਥ ਨਹੀਂ ਜਾਂਦਾ।
ਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ (ਰਹਿੰਦਾ) ਹੈ ॥੨॥
ਗੁਰੂ ਦਾ ਉਪਦੇਸ਼ ਜਿੰਦ ਦੇ ਨਾਲ ਨਿਭਦਾ ਹੈ।
ਗੁਰੂ ਦਾ ਉਪਦੇਸ਼ ਨਿਆਸਰੀਆਂ ਜਿੰਦਾਂ ਦਾ ਸਹਾਰਾ ਬਣਦਾ ਹੈ।
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਨਰਕ ਵਿਚ ਨਹੀਂ ਪੈਂਦਾ,
ਤੇ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਆਪਣੀ ਜੀਭ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਮਾਣਦਾ ਹੈ ॥੩॥
ਗੁਰੂ ਦਾ ਉਪਦੇਸ਼ ਮਨੁੱਖ ਨੂੰ ਸੰਸਾਰ ਵਿਚ ਪਰਸਿੱਧ ਕਰ ਦੇਂਦਾ ਹੈ।
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਜੀਵਨ-ਬਾਜ਼ੀ ਹਾਰ ਕੇ ਨਹੀਂ ਆਉਂਦਾ।
ਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰਬਾਨ ਹੁੰਦਾ ਹੈ,
ਹੇ ਨਾਨਕ! ਉਸ ਉਤੇ ਸਤਿਗੁਰੂ ਸਦਾ ਦਇਆ-ਦ੍ਰਿਸ਼ਟੀ ਕਰਦਾ ਰਹਿੰਦਾ ਹੈ ॥੪॥੫॥੭੪॥
(ਹੇ ਭਾਈ!) ਜਿਸ (ਪ੍ਰਭੂ) ਨੇ ਮਿੱਟੀ ਤੋਂ (ਮੇਰਾ) ਅਮੋਲਕ ਮਨੁੱਖਾ ਸਰੀਰ ਬਣਾ ਦਿੱਤਾ ਹੈ,
ਜਿਸ ਨੇ ਜਤਨ ਕਰ ਕੇ ਮਾਂ ਦੇ ਪੇਟ ਵਿਚ ਮੇਰੀ ਰੱਖਿਆ ਕੀਤੀ ਹੈ,
ਜਿਸ ਨੇ ਮੈਨੂੰ ਸੋਭਾ ਦਿੱਤੀ ਹੈ ਵਡਿਆਈ ਬਖ਼ਸ਼ੀ ਹੈ,
ਉਸ ਪ੍ਰਭੂ ਨੂੰ ਮੈਂ (ਉਸ ਦੀ ਮਿਹਰ ਨਾਲ) ਅੱਠੇ ਪਹਰ ਸਿਮਰਦਾ ਹਾਂ ॥੧॥
ਹੇ ਸੋਹਣੇ ਰਾਮ! (ਕਿਰਪਾ ਕਰ) ਮੈਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਵਾਂ,
ਤੇ ਗੁਰੂ ਨੂੰ ਮਿਲ ਕੇ (ਤੈਨੂੰ) ਆਪਣੇ ਖਸਮ ਨੂੰ ਸਿਮਰਦਾ ਰਹਾਂ ॥੧॥ ਰਹਾਉ ॥
(ਹੇ ਭਾਈ!) ਜਿਸ (ਪ੍ਰਭੂ) ਨੇ (ਮੈਨੂੰ) ਮੂਰਖ-ਅੰਞਾਣ ਤੋਂ ਸੁੰਦਰ ਬੋਲ ਬੋਲਣ ਵਾਲਾ ਬਣਾ ਦਿੱਤਾ ਹੈ,
ਜਿਸ ਨੇ (ਮੈਨੂੰ) ਬੇਸਮਝ ਤੋਂ ਸਮਝਦਾਰ ਬਣਾ ਦਿੱਤਾ ਹੈ,
ਜਿਸ (ਪ੍ਰਭੂ) ਦੀ ਕਿਰਪਾ ਨਾਲ ਮੈਂ (ਧਰਤੀ ਦੇ ਸਾਰੇ) ਨੌ ਹੀ ਖ਼ਜ਼ਾਨੇ ਹਾਸਲ ਕਰ ਰਿਹਾ ਹਾਂ,
ਉਹ ਪ੍ਰਭੂ ਮੇਰੇ ਮਨ ਤੋਂ ਭੁੱਲਦਾ ਨਹੀਂ ਹੈ ॥੨॥
(ਹੇ ਭਾਈ!) ਜਿਸ (ਕਰਤਾਰ) ਨੇ (ਮੈਨੂੰ) ਨਿਥਾਵੇਂ ਨੂੰ ਥਾਂ ਦਿੱਤਾ ਹੈ,
ਜਿਸ ਨੇ (ਮੈਨੂੰ) ਨਿਮਾਣੇ ਨੂੰ ਮਾਣ-ਆਦਰ ਬਖ਼ਸ਼ਿਆ ਹੈ,
ਜਿਸ (ਕਰਤਾਰ) ਨੇ ਮੇਰੀ ਹਰੇਕ ਆਸ (ਹੁਣ ਤਕ) ਪੂਰੀ ਕੀਤੀ ਹੈ,
ਉਸ ਨੂੰ ਮੈਂ ਦਿਨ ਰਾਤ ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਸਿਮਰਦਾ ਰਹਿੰਦਾ ਹਾਂ ॥੩॥
ਜਿਸ (ਪ੍ਰਭੂ) ਦੀ ਕਿਰਪਾ ਨਾਲ (ਮੇਰੇ ਗਲੋਂ) ਮਾਇਆ (ਦੇ ਮੋਹ) ਦੀ ਫਾਹੀ ਕੱਟੀ ਗਈ ਹੈ,
(ਜਿਸ ਦੇ ਭੇਜੇ) ਗੁਰੂ ਦੀ ਕਿਰਪਾ ਨਾਲ (ਮੈਨੂੰ) ਅੰਮ੍ਰਿਤ (ਵਰਗੀ ਮਿੱਠੀ ਲੱਗਣ ਵਾਲੀ ਮਾਇਆ ਹੁਣ) ਕੌੜੀ ਜ਼ਹਰ ਭਾਸ ਰਹੀ ਹੈ।
ਨਾਨਕ ਆਖਦਾ ਹੈ- (ਹੇ ਭਾਈ!) ਇਸ ਜੀਵ ਦੇ ਵੱਸ ਕੁਝ ਨਹੀਂ ਕਿ (ਕਿ ਆਪਣੇ ਉੱਦਮ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਸਕੇ)।
ਮੈਂ ਉਸ ਰੱਖਣਹਾਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ ॥੪॥੬॥੭੫॥
(ਹੇ ਭਾਈ!) ਉਸ ਰਾਮ ਦੀ ਸਰਨ ਪਿਆਂ ਕੋਈ ਡਰ ਨਹੀਂ ਪੋਹ ਸਕਦਾ, ਕੋਈ ਚਿੰਤਾ ਨਹੀਂ ਵਿਆਪ ਸਕਦੀ।
(ਕਿਉਂਕਿ ਕੋਈ ਡਰ ਕੋਈ ਚਿੰਤਾ) ਕੁਝ ਭੀ ਉਸ ਰਾਮ ਤੋਂ ਆਕੀ ਨਹੀਂ ਹੋ ਸਕਦਾ (ਤੇ ਆਪ ਕਿਸੇ ਜੀਵ ਨੂੰ ਦੁੱਖ ਨਹੀਂ ਦੇ ਸਕਦਾ)।
(ਇਸ ਵਾਸਤੇ ਹੇ ਭਾਈ!) ਮੈਂ ਆਪਣੀ ਅਕਲ ਦਾ ਆਸਰਾ ਰੱਖਣ ਦੀ ਬੁਰਾਈ ਛੱਡ ਦਿੱਤੀ ਹੈ,
(ਤੇ ਉਸ ਰਾਮ ਦਾ ਦਾਸ ਬਣ ਗਿਆ ਹਾਂ, ਉਹ ਰਾਮ) ਆਪਣੇ ਦਾਸ ਦੀ ਇੱਜ਼ਤ ਰੱਖਣ ਦੇ ਸਮਰੱਥ ਹੈ ॥੧॥
ਹੇ ਮੇਰੇ ਮਨ! ਪ੍ਰੇਮ ਨਾਲ ਰਾਮ ਦਾ ਨਾਮ ਜਪ।
ਉਹ ਨਾਮ ਤੇਰੇ ਘਰ ਵਿਚ (ਹਿਰਦੇ ਵਿਚ) ਤੇ ਬਾਹਰ ਹਰ ਥਾਂ ਸਦਾ ਤੇਰੇ ਨਾਲ ਰਹਿੰਦਾ ਹੈ ॥੧॥ ਰਹਾਉ ॥
(ਹੇ ਭਾਈ!) ਆਪਣੇ ਮਨ ਵਿਚ ਉਸ ਪਰਮਾਤਮਾ ਦਾ ਆਸਰਾ ਰੱਖ,