(ਜਿਹੜਾ ਮਨੁੱਖ ਜਪਦਾ ਹੈ) ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਪਾਰ ਲੰਘਾ ਲੈਂਦਾ ਹੈ, ਅਤੇ ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਨਾਲ ਜਾਂਦਾ ਹੈ ॥੬॥
ਇਹ ਜਿਤਨੇ ਭੀ ਖੰਡ ਮੰਡਲ ਪਾਤਾਲ ਤੇ ਦੀਪ ਹਨ,
ਇਹ ਸਾਰੇ ਪਰਮਾਤਮਾ ਨੇ ਆਪ ਹੀ ਕਾਲ ਦੇ ਅਧੀਨ ਰੱਖੇ ਹੋਏ ਹਨ।
ਨਾਸ-ਰਹਿਤ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਭੀ ਅਟੱਲ ਜੀਵਨ ਵਾਲਾ ਹੋ ਜਾਂਦਾ ਹੈ (ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ) ॥੭॥
ਪਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ।
ਉਸ ਦਾ ਮਨੁੱਖਾ ਸਰੀਰ (ਵੇਖ ਕੇ ਪਰਮਾਤਮਾ ਨਾਲੋਂ ਉਸ ਦਾ) ਫ਼ਰਕ ਨਾਹ ਸਮਝੋ।
(ਸਿਮਰਨ ਕਰਨ ਵਾਲਾ ਮਨੁੱਖ ਇਉਂ ਹੀ ਹੈ) ਜਿਵੇਂ ਕਈ ਕਿਸਮਾਂ ਦੀਆਂ ਪਾਣੀ ਦੀਆਂ ਲਹਰਾਂ ਉੱਠਦੀਆਂ ਹਨ, ਮੁੜ ਪਾਣੀ ਵਿਚ ਪਾਣੀ ਰਲ ਜਾਂਦਾ ਹੈ ॥੮॥
(ਪ੍ਰਭੂ ਦਾ ਦਾਸ) ਇਕ ਮੰਗਤਾ (ਬਣ ਕੇ ਉਸ ਦੇ) ਦਰ ਤੇ (ਖੜਾ ਉਸ ਦੇ ਦਰਸਨ ਦਾ) ਖ਼ੈਰ ਮੰਗਦਾ ਹੈ।
ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਦੋਂ ਉਹ ਕਿਰਪਾ ਕਰਦਾ ਹੈ।
(ਮੰਗਤਾ ਇਉਂ ਮੰਗੀ ਜਾਂਦਾ ਹੈ-ਹੇ ਪ੍ਰਭੂ!) ਆਪਣਾ ਦਰਸ਼ਨ ਦੇਹ, ਜਿਸ ਦੀ ਬਰਕਤਿ ਨਾਲ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ ਤੇ ਸਿਫ਼ਤ-ਸਾਲਾਹ ਵਿਚ ਟਿਕ ਜਾਂਦਾ ਹੈ ॥੯॥
ਸੋਹਣਾ ਪ੍ਰਭੂ ਕਿਸੇ ਤਰੀਕੇ ਨਾਲ ਵੱਸ ਵਿਚ ਨਹੀਂ ਆਉਂਦਾ,
ਪਰ ਜੋ ਕੁਝ ਉਸ ਦੇ ਸੰਤ ਚਾਹੁੰਦੇ ਹਨ ਉਹ ਕੁਝ ਕਰ ਦੇਂਦਾ ਹੈ।
(ਪ੍ਰਭੂ ਦੇ ਸੰਤ ਜਨ ਜੋ ਕੁਝ) ਕਰਨਾ ਚਾਹੁੰਦੇ ਹਨ ਉਹੀ ਕੁਝ ਪ੍ਰਭੂ ਪਾਸੋਂ ਕਰਾ ਲੈਂਦੇ ਹਨ। ਪ੍ਰਭੂ ਦੇ ਦਰ ਤੇ ਉਹਨਾਂ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਪਾ ਸਕਦਾ ॥੧੦॥
ਹੇ ਪ੍ਰਾਣੀ! (ਜੀਵਨ-ਸਫ਼ਰ ਵਿਚ) ਜਿਥੇ ਭੀ ਕੋਈ ਔਖਿਆਈ ਆ ਬਣਦੀ ਹੈ,
ਉੱਥੇ ਹੀ ਧਨੁਖ-ਧਾਰੀ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ।
ਜਿੱਥੇ ਨਾਹ ਪੁੱਤਰ ਨਾਹ ਇਸਤ੍ਰੀ ਕੋਈ ਭੀ ਸਾਥੀ ਨਹੀਂ ਬਣ ਸਕਦਾ, ਉਥੇ ਪ੍ਰਭੂ ਆਪ (ਔਖਿਆਈ ਤੋਂ) ਛੁਡਾ ਲੈਂਦਾ ਹੈ ॥੧੧॥
ਪਰਮਾਤਮਾ ਅਪਹੁੰਚ ਹੈ, ਅਥਾਹ ਹੈ, ਵੱਡਾ ਮਾਲਕ ਹੈ।
ਉਸ ਬੇ-ਮੁਥਾਜ ਨੂੰ ਜੀਵ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ।
ਉਹ ਪ੍ਰਭੂ ਆਪ ਹੀ ਜਿਸ ਮਨੁੱਖ ਨੂੰ (ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਸਹੀ ਜੀਵਨ-ਰਾਹ ਤੇ ਪਾਂਦਾ ਹੈ, ਉਹ ਮਨੁੱਖ ਸਾਧ ਸੰਗਤ ਵਿਚ ਆ ਟਿਕਦਾ ਹੈ ॥੧੨॥
ਉਹ ਮਨੁੱਖ ਪਰਮਾਤਮਾ ਦਾ ਭਗਤ ਆਖਿਆ ਜਾਂਦਾ ਹੈ, ਜਿਹੜਾ (ਹਰੇਕ ਹੋ ਰਹੀ ਕਾਰ ਨੂੰ ਪਰਮਾਤਮਾ ਦੀ) ਸਮਝਦਾ ਹੈ,
(ਤੇ, ਇਹ ਨਿਸ਼ਚਾ ਰੱਖਦਾ ਹੈ ਕਿ) ਦੁਖ (ਆਵੇ ਚਾਹੇ) ਸੁਖ, ਦੋਹਾਂ ਨੂੰ ਇਕੋ ਜਿਹਾ ਸਹਾਰਨਾ ਚਾਹੀਦਾ ਹੈ।
ਪਰ ਮਨੁੱਖ ਤਦੋਂ ਹੀ ਸਿਰਫ਼ ਪਰਮਾਤਮਾ ਨੂੰ ਹੀ ਸਭ ਕੁਝ ਕਰਨ ਕਰਾਣ ਵਾਲਾ ਸਮਝਦਾ ਹੈ ਜਦੋਂ ਉਸ ਦੇ ਅੰਦਰੋਂ ਹਉਮੈ ਦੂਰ ਹੁੰਦੀ ਹੈ। ਉਹ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧੩॥
ਪਰਮਾਤਮਾ ਦੇ ਭਗਤ ਸਦਾ ਆਤਮਕ ਆਨੰਦ ਮਾਣਦੇ ਹਨ।
ਉਹ ਸਦਾ ਵੈਰ-ਵਿਰੋਧ ਤੋਂ ਪਰੇ ਰਹਿੰਦੇ ਹਨ, ਵਿਰਕਤ ਅਤੇ ਮਾਇਆ ਦੇ ਮੋਹ ਤੋਂ ਉਤਾਂਹ ਰਹਿੰਦੇ ਹਨ।
ਜਿਵੇਂ ਪਿਉ ਆਪਣੇ ਪੁੱਤਰ ਨੂੰ ਕਈ ਲਾਡ ਲਡਾਂਦਾ ਹੈ, (ਤਿਵੇਂ ਭਗਤ ਪ੍ਰਭੂ-ਪਿਤਾ ਦੀ ਗੋਦ ਵਿਚ ਰਹਿ ਕੇ) ਕਈ ਤਰ੍ਹਾਂ ਦੇ ਅਨੇਕਾਂ ਆਤਮਕ ਰੰਗ ਮਾਣਦੇ ਹਨ ॥੧੪॥
ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਉਹ ਕਿਸੇ ਭੀ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ।
ਉਸ ਨੂੰ ਤਦੋਂ ਹੀ ਮਿਲ ਸਕੀਦਾ ਹੈ, ਜਦੋਂ ਉਹ ਆਪ ਹੀ ਮਿਲਾਂਦਾ ਹੈ।
ਗੁਰੂ ਦੀ ਰਾਹੀਂ ਉਹਨਾਂ ਮਨੁੱਖਾਂ ਦੇ ਹਿਰਦੇ ਵਿਚ ਪਰਗਟ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉਤੇ (ਪੂਰਬਲੇ ਸੰਸਕਾਰਾਂ ਅਨੁਸਾਰ) ਧੁਰੋਂ ਹੀ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ ॥੧੫॥
ਹੇ ਪ੍ਰਭੂ! ਤੂੰ ਆਪ ਹੀ ਪੈਦਾ ਕਰਨ ਵਾਲਾ ਹੈਂ, ਤੂੰ ਆਪ ਹੀ ਜਗਤ ਦਾ ਮੂਲ ਹੈਂ।
ਤੂੰ ਆਪ ਹੀ ਸ੍ਰਿਸ਼ਟੀ ਪੈਦਾ ਕਰ ਕੇ ਸਾਰੀ ਧਰਤੀ ਨੂੰ ਸਹਾਰਾ ਦਿੱਤਾ ਹੋਇਆ ਹੈ।
ਦਾਸ ਨਾਨਕ ਉਸੇ ਪ੍ਰਭੂ ਦੇ ਦਰ ਤੇ (ਡਿੱਗਾ ਹੋਇਆ ਹੈ, ਉਸੇ ਦੀ) ਸਰਨ ਪਿਆ ਹੋਇਆ ਹੈ। ਉਸ ਦੀ ਆਪਣੀ ਰਜ਼ਾ ਹੁੰਦੀ ਹੈ ਤਾਂ (ਲੋਕ ਪਰਲੋਕ ਵਿਚ ਜੀਵ ਦੀ) ਇੱਜ਼ਤ ਰੱਖ ਲੈਂਦਾ ਹੈ ॥੧੬॥੧॥੫॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪ੍ਰਭੂ! (ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਕੁਝ ਸਿਰਫ਼ ਤੂੰ ਹੀ ਤੂੰ ਹੈਂ।
(ਸਭ ਜੀਵਾਂ ਵਿਚ ਤੂੰ ਹੀ ਬੋਲ ਰਿਹਾ ਹੈਂ) ਤੇਰਾ ਹੀ ਬੋਲ ਕੰਨੀਂ ਸੁਣਿਆ ਜਾ ਰਿਹਾ ਹੈ।
ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ, ਕੋਈ ਭੀ ਸ਼ੈ ਤੈਥੋਂ ਵੱਖਰੀ ਨਹੀਂ ਦਿੱਸ ਰਹੀ ॥੧॥
ਆਪਣੇ ਪੈਦਾ ਕੀਤੇ ਜਗਤ ਦੀ ਪ੍ਰਭੂ ਆਪ ਹੀ ਸੰਭਾਲ ਕਰ ਰਿਹਾ ਹੈ,
ਹਰ ਥਾਂ ਪ੍ਰਭੂ ਆਪ ਹੀ ਆਪ ਹੈ।
ਪ੍ਰਭੂ ਨੇ ਆਪ ਹੀ ਆਪਣੇ ਆਪ ਤੋਂ ਪੈਦਾ ਕਰ ਕੇ ਇਹ ਜਗਤ-ਪਸਾਰਾ ਰਚਿਆ ਹੈ। ਹਰੇਕ ਸਰੀਰ ਵਿਚ ਆਪ ਹੀ (ਵਿਆਪਕ ਹੋ ਕੇ ਸਭ ਦੀ) ਸਾਰ ਲੈਂਦਾ ਹੈ ॥੨॥
ਹੇ ਪ੍ਰਭੂ! ਤੂੰ ਕਈ ਵੱਡੇ ਦਰਬਾਰਾਂ ਵਾਲੇ ਪੈਦਾ ਕੀਤੇ ਹਨ,
ਕਈ ਤਿਆਗੀ ਤੇ ਕਈ ਗ੍ਰਿਹਸਤੀ ਬਣਾ ਦਿੱਤੇ ਹਨ।