ਜਿਵੇਂ ਔੜ ਲੱਗਣ ਤੇ ਲੋਕ ਦਰਿਆਵਾਂ ਕੰਢੇ ਹਰਿਆਵਲੇ ਥਾਂ ਵਿਚ ਚਾਰ ਦਿਨਾਂ ਦਾ ਟਿਕਾਣਾ ਬਣਾ ਲੈਂਦੇ ਹਨ, ਤਿਵੇਂ ਪ੍ਰਭੂ ਦੇ ਨਾਮ ਨਾਲ ਸਾਂਝ ਪਾਣ ਵਾਲੇ ਬੰਦੇ ਜਗਤ ਵਿਚ ਚੰਦ-ਰੋਜ਼ਾ ਟਿਕਾਣਾ ਸਮਝਦੇ ਹਨ।
ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਆਦਿਕ ਦਾ ਵਿਹੁਲਾ ਮਟਕਾ ਭੱਜ ਜਾਂਦਾ ਹੈ (ਭਾਵ, ਉਹਨਾਂ ਦੇ ਅੰਦਰ ਕਾਮਾਦਿਕ ਵਿਕਾਰ ਜ਼ੋਰ ਨਹੀਂ ਪਾਂਦੇ)।
ਜੋ ਮਨੁੱਖ ਨਾਮ-ਵੱਖਰ ਤੋਂ ਵਾਂਜੇ ਰਹਿੰਦੇ ਹਨ ਉਹਨਾਂ ਦਾ ਹਿਰਦਾ-ਹੱਟ ਸੱਖਣਾ ਹੁੰਦਾ ਹੈ (ਉਹਨਾਂ ਦੇ ਸੁੰਞੇ ਹਿਰਦੇ-ਘਰ ਨੂੰ, ਮਾਨੋ, ਜੰਦਰੇ ਵੱਜੇ ਰਹਿੰਦੇ ਹਨ)।
ਗੁਰੂ ਨੂੰ ਮਿਲ ਕੇ ਉਹ ਕਰੜੇ ਕਵਾੜ ਖੁਲ੍ਹ ਜਾਂਦੇ ਹਨ ॥੪॥
ਜਿਨ੍ਹਾਂ ਮਨੁੱਖਾਂ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਨ ਤੇ ਗੁਰੂ ਮਿਲਦਾ ਹੈ,
ਉਹ ਪੂਰੇ ਪੁਰਸ਼ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਖਿੜੇ ਰਹਿੰਦੇ ਹਨ।
ਜੋ ਮਨੁੱਖ ਮਨ ਗੁਰੂ ਦੇ ਹਵਾਲੇ ਕਰ ਕੇ ਸਰੀਰ ਗੁਰੂ ਦੇ ਹਵਾਲੇ ਕਰ ਕੇ ਅਡੋਲਤਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ (ਨਾਮ ਦੀ ਦਾਤ ਗੁਰੂ ਤੋਂ) ਲੈਂਦੇ ਹਨ,
ਹੇ ਨਾਨਕ! (ਆਖ-) ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ ॥੫॥੬॥
(ਮੇਰੇ ਅੰਦਰ) ਕਾਮ (ਪ੍ਰਬਲ) ਹੈ ਕ੍ਰੋਧ (ਪ੍ਰਬਲ) ਹੈ, ਮੇਰਾ ਚਿੱਤ ਮਾਇਆ ਵਿਚ (ਮਗਨ ਰਹਿੰਦਾ) ਹੈ।
ਝੂਠ ਬੋਲਣ ਦੇ ਭੈੜ ਵਿਚ ਮੇਰਾ ਹਿਤ ਜਾਗਦਾ ਹੈ ਮੇਰਾ ਚਿੱਤ ਤਤਪਰ ਹੁੰਦਾ ਹੈ।
ਮੈਂ ਪਾਪ ਤੇ ਲੋਭ ਦੀ ਰਾਸਿ-ਪੂੰਜੀ ਇਕੱਠੀ ਕੀਤੀ ਹੋਈ ਹੈ।
(ਤੇਰੀ ਮਿਹਰ ਨਾਲ ਜੇ ਮੇਰੇ) ਮਨ ਵਿਚ ਤੇਰਾ ਪਵਿਤ੍ਰ ਕਰਨ ਵਾਲਾ ਨਾਮ (ਵੱਸ ਪਏ ਤਾਂ ਇਹ ਮੇਰੇ ਲਈ) ਤੁਲਹਾ ਹੈ ਬੇੜੀ ਹੈ ॥੧॥
ਹੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ! ਤੂੰ ਅਚਰਜ ਹੈਂ ਤੂੰ ਅਚਰਜ ਹੈਂ। (ਤੇਰੇ ਵਰਗਾ ਹੋਰ ਕੋਈ ਨਹੀਂ); (ਕਾਮ ਆਦਿਕ ਵਿਕਾਰਾਂ ਤੋਂ ਬਚਣ ਲਈ) ਮੈਨੂੰ ਸਿਰਫ਼ ਤੇਰਾ ਹੀ ਆਸਰਾ ਹੈ।
ਮੈਂ ਪਾਪੀ ਹਾਂ, ਸਿਰਫ਼ ਤੂੰ ਹੀ ਪਵਿਤ੍ਰ ਕਰਨ ਦੇ ਸਮਰੱਥ ਹੈਂ ॥੧॥ ਰਹਾਉ ॥
(ਜੀਵ ਦੇ ਅੰਦਰ ਕਦੇ) ਅੱਗ (ਦਾ ਜ਼ੋਰ ਪੈ ਜਾਂਦਾ) ਹੈ (ਕਦੇ) ਪਾਣੀ (ਪ੍ਰਬਲ ਹੋ ਜਾਂਦਾ) ਹੈ (ਇਸ ਵਾਸਤੇ ਇਹ) ਤੱਤਾ-ਠੰਢਾ ਬੋਲ ਬੋਲਦਾ ਰਹਿੰਦਾ ਹੈ।
ਜੀਭ ਆਦਿਕ ਹਰੇਕ ਇੰਦ੍ਰੀ ਨੂੰ ਆਪੋ ਆਪਣਾ ਚਸਕਾ (ਲੱਗਾ ਹੋਇਆ) ਹੈ।
ਨਿਗਾਹ ਵਿਕਾਰਾਂ ਵਲ ਰਹਿੰਦੀ ਹੈ, (ਮਨ ਵਿਚ) ਨਾਹ ਡਰ ਹੈ ਨਾਹ ਪ੍ਰੇਮ ਹੈ (ਅਜੇਹੀ ਹਾਲਤ ਵਿਚ ਪ੍ਰਭੂ ਦਾ ਨਾਮ ਕਿਵੇਂ ਮਿਲੇ?)।
ਜੀਵ ਆਪਾ-ਭਾਵ ਨੂੰ ਖ਼ਤਮ ਕਰੇ, ਤਾਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਸਕਦਾ ਹੈ ॥੨॥
ਜਦੋਂ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਾ-ਭਾਵ ਮੁਕਾਂਦਾ ਹੈ, ਤਾਂ ਇਸ ਨੂੰ ਆਤਮਕ ਮੌਤ ਨਹੀਂ ਹੁੰਦੀ।
ਆਪਾ-ਭਾਵ ਦੇ ਖ਼ਤਮ ਹੋਣ ਤੋਂ ਬਿਨਾ ਮਨੁੱਖ ਪੂਰਨ ਨਹੀਂ ਹੋ ਸਕਦਾ (ਉਕਾਈਆਂ ਤੋਂ ਬਚ ਨਹੀਂ ਸਕਦਾ,
ਸਗੋਂ) ਮਨ ਮਾਇਆ ਦੇ ਛਲ ਵਿਚ ਦ੍ਵੈਤ ਵਿਚ ਫਸਿਆ ਰਹਿੰਦਾ ਹੈ।
(ਜੀਵ ਦੇ ਭੀ ਕੀਹ ਵੱਸ?) ਜਿਸ ਨੂੰ ਪਰਮਾਤਮਾ ਆਪ ਅਡੋਲ-ਚਿੱਤ ਕਰਦਾ ਹੈ ਉਹੀ ਹੁੰਦਾ ਹੈ ॥੩॥
ਮੈਂ (ਪ੍ਰਭੂ ਦੇ ਨਾਮ) ਜਹਾਜ਼ ਵਿਚ (ਤਦੋਂ ਹੀ) ਚੜ੍ਹ ਸਕਦਾ ਹਾਂ, ਜਦੋਂ (ਉਸ ਦੀ ਮਿਹਰ ਨਾਲ) ਮੈਨੂੰ ਵਾਰੀ ਮਿਲੇ।
ਜੇਹੜੇ ਬੰਦਿਆਂ ਨੂੰ ਨਾਮ-ਜਹਾਜ਼ ਤੇ ਚੜ੍ਹਨਾ ਨਹੀਂ ਮਿਲਦਾ, ਉਹਨਾਂ ਨੂੰ ਪ੍ਰਭੂ ਦੀ ਦਰਗਾਹ ਵਿਚ ਖ਼ੁਆਰੀ ਮਿਲਦੀ ਹੈ (ਧੱਕੇ ਪੈਂਦੇ ਹਨ, ਪ੍ਰਭੂ ਦਾ ਦੀਦਾਰ ਨਸੀਬ ਨਹੀਂ ਹੁੰਦਾ)।
(ਅਸਲ ਗੱਲ ਇਹ ਹੈ ਕਿ) ਗੁਰੂ ਦਾ ਦਰ ਸਭ ਤੋਂ ਸ੍ਰੇਸ਼ਟ ਹੈ (ਗੁਰੂ ਦੇ ਦਰ ਤੇ ਰਹਿ ਕੇ ਹੀ) ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।
ਹੇ ਨਾਨਕ! (ਗੁਰੂ ਦੇ) ਦਰ ਤੇ ਰਿਹਾਂ ਹੀ ਹਿਰਦੇ ਵਿਚ ਪਰਮਾਤਮਾ ਦਾ ਦਰਸਨ ਹੁੰਦਾ ਹੈ ॥੪॥੭॥
ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਚਿੱਤ ਜੋੜਿਆਂ ਹਿਰਦਾ-ਕਮਲ ਮਾਇਆ ਦੇ ਮੋਹ ਵਲੋਂ ਹਟ ਜਾਂਦਾ ਹੈ,
ਦਿਮਾਗ਼ ਵਿਚ ਭੀ (ਸਿਫ਼ਤ-ਸਾਲਾਹ ਦੀ ਬਰਕਤ ਨਾਲ) ਨਾਮ-ਅੰਮ੍ਰਿਤ ਦੀ ਵਰਖਾ ਹੁੰਦੀ ਹੈ (ਤੇ ਮਾਇਆ ਵਾਲੇ ਝੰਬੇਲਿਆਂ ਦੀ ਅਸ਼ਾਂਤੀ ਮਿੱਟ ਕੇ ਠੰਢ ਪੈਂਦੀ ਹੈ)।
(ਫਿਰ ਦਿਲ ਨੂੰ ਭੀ ਤੇ ਦਿਮਾਗ਼ ਨੂੰ ਭੀ ਇਹ ਯਕੀਨ ਹੋ ਜਾਂਦਾ ਹੈ ਕਿ) ਪ੍ਰਭੂ ਆਪ ਸਾਰੇ ਜਗਤ (ਦੇ ਜ਼ੱਰੇ ਜ਼ੱਰੇ) ਵਿਚ ਮੌਜੂਦ ਹੈ ॥੧॥
ਹੇ ਮੇਰੇ ਮਨ! (ਮਾਇਆ ਦੀ ਖ਼ਾਤਰ) ਭਟਕਣ ਛੱਡ ਦੇ (ਅਤੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜ)।
(ਹੇ ਭਾਈ!) ਜਦੋਂ ਮਨ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਚੰਗੀ ਲੱਗਣ ਲੱਗ ਪੈਂਦੀ ਹੈ, ਤਦੋਂ ਇਹ ਸਿਫ਼ਤ-ਸਾਲਾਹ ਦਾ ਸੁਆਦ ਮਾਣਨ ਲੱਗ ਪੈਂਦਾ ਹੈ ॥੧॥ ਰਹਾਉ ॥
(ਸਿਫ਼ਤ-ਸਾਲਾਹ ਵਿਚ ਜੁੜਿਆਂ) ਜਨਮ-ਮਨੋਰਥ ਪ੍ਰਾਪਤ ਕਰ ਕੇ ਮਨ ਨੂੰ ਸੁਆਰਥ ਦਾ ਮੁੱਕ ਜਾਣਾ ਪਸੰਦ ਆ ਜਾਂਦਾ ਹੈ।
ਇਸ ਗੱਲ ਦੀ ਸੂਝ ਮਨ ਅੰਦਰੋਂ ਹੀ ਪੈ ਜਾਂਦੀ ਹੈ ਕਿ ਆਪਾ-ਭਾਵ ਮੁੱਕ ਗਿਆ ਹੈ।
ਜਦੋਂ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਹਿਰਦੇ ਵਿਚ ਹੀ ਇਹ ਅਨੁਭਵ ਹੋ ਜਾਂਦਾ ਹੈ ਕਿ ਸੁਰਤ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਹੈ ॥੨॥
ਪਰਮਾਤਮਾ ਦੇ ਨਾਮ ਵਿਚ ਜੁੜਨਾ ਹੀ ਜਤ ਸਤ ਤੇ ਤੀਰਥ-ਇਸ਼ਨਾਨ (ਦਾ ਉੱਦਮ) ਹੈ।
ਮੈਂ (ਜਤ ਸਤ ਆਦਿਕ ਵਾਲਾ) ਬਹੁਤਾ ਖਿਲਾਰਾ ਖਿਲਾਰਾਂ ਭੀ ਕਿਉਂ? (ਇਹ ਸਾਰੇ ਉੱਦਮ ਤਾਂ ਲੋਕ-ਵਿਖਾਵੇ ਦੇ ਹੀ ਹਨ,
(ਤੇ) ਪਰਮਾਤਮਾ ਹਰੇਕ ਦੇ ਦਿਲ ਦੀ ਜਾਣਦਾ ਹੈ ॥੩॥
(ਮਾਇਆ ਵਾਲੀ ਭਟਕਣਾ ਮੁਕਾਣ ਵਾਸਤੇ ਪ੍ਰਭੂ-ਦਰ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੋਰ ਕੋਈ ਆਸਰਾ ਨਹੀਂ, ਸੋ) ਮੈਂ ਤਦੋਂ ਹੀ ਕਿਸੇ ਹੋਰ ਥਾਂ ਜਾਵਾਂ ਜੇ ਮੈਂ (ਪ੍ਰਭੂ ਤੋਂ ਬਿਨਾ) ਕੋਈ ਹੋਰ ਥਾਂ ਮੰਨ ਹੀ ਲਵਾਂ।
ਕੋਈ ਹੋਰ ਥਾਂ ਹੀ ਨਹੀਂ, ਮੈਂ ਕਿਸ ਪਾਸੋਂ ਇਹ ਮੰਗ ਮੰਗਾਂ (ਕਿ ਮੇਰਾ ਮਨ ਭਟਕਣੋਂ ਹਟ ਜਾਏ)?
ਹੇ ਨਾਨਕ! (ਮੈਨੂੰ ਯਕੀਨ ਹੈ ਕਿ ਗੁਰੂ ਦਾ ਉਪਦੇਸ਼ ਹਿਰਦੇ ਵਿਚ ਵਸਾ ਕੇ ਉਸ ਆਤਮਕ ਅਵਸਥਾ ਵਿਚ ਲੀਨ ਰਹਿ ਸਕੀਦਾ ਹੈ (ਜਿਥੇ ਮਾਇਆ ਵਾਲੀ ਭਟਕਣਾ ਦੀ ਅਣਹੋਂਦ ਹੈ) ਜਿਥੇ ਅਡੋਲਤਾ ਹੈ ॥੪॥੮॥
ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਉਹ ਮੌਤ ਵਿਖਾ ਦੇਂਦਾ ਹੈ (ਵਿਕਾਰਾਂ ਵਲੋਂ ਉਹ ਮੌਤ ਉਸ ਦੇ ਜੀਵਨ-ਤਜਰਬੇ ਵਿਚ ਲਿਆ ਦੇਂਦਾ ਹੈ),
ਜਿਸ ਮੌਤ ਦਾ ਆਨੰਦ (ਤੇ ਉਸ ਤੋਂ ਪੈਦਾ ਹੋਏ) ਸਦੀਵੀ ਆਤਮਕ ਜੀਵਨ ਦਾ ਆਨੰਦ ਉਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਪਿਆਰਾ ਲੱਗਣ ਪੈਂਦਾ ਹੈ।
ਉਹ ਮਨੁੱਖ (ਸਰੀਰ ਆਦਿਕ ਦਾ) ਅਹੰਕਾਰ ਦੂਰ ਕਰ ਕੇ ਉਹ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਸੁਰਤ ਉੱਚੀਆਂ ਉਡਾਰੀਆਂ ਲਾਂਦੀ ਰਹੇ ॥੧॥
(ਹੇ ਭਾਈ! ਸਾਰੇ ਜੀਵ ਸਰੀਰਕ) ਮੌਤ-ਰੂਪ ਹੁਕਮ (ਪ੍ਰਭੂ ਦੀ ਹਜ਼ੂਰੀ ਵਿਚੋਂ) ਲਿਖਾ ਕੇ ਜੰਮਦੇ ਹਨ (ਭਾਵ, ਇਹੀ ਰੱਬੀ ਨਿਯਮ ਹੈ ਕਿ ਜੋ ਜੰਮਦਾ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ)। ਸੋ, ਇਥੇ ਸਰੀਰਕ ਤੌਰ ਤੇ ਕਿਸੇ ਨੇ ਸਦਾ ਨਹੀਂ ਟਿਕੇ ਰਹਿਣਾ।
(ਹਾਂ) ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ, ਪ੍ਰਭੂ ਦੀ ਸਰਨ ਵਿਚ ਰਹਿ ਕੇ ਸਦੀਵੀ ਆਤਮਕ ਜੀਵਨ ਮਿਲ ਜਾਂਦਾ ਹੈ ॥੧॥ ਰਹਾਉ ॥
ਜੇ ਸਤਿਗੁਰੂ ਮਿਲ ਪਏ, ਤਾਂ ਮਨੁੱਖ ਦੀ ਦੁਬਿਧਾ ਦੂਰ ਹੋ ਜਾਂਦੀ ਹੈ।
ਹਿਰਦੇ ਦਾ ਕੌਲ-ਫੁੱਲ ਖਿੜ ਕੇ ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।
ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੀ ਮਾਇਆ ਦੇ ਮੋਹ ਤੋਂ ਉੱਚਾ ਰਹਿੰਦਾ ਹੈ, ਉਸ ਨੂੰ ਪਰਤੱਖ ਤੌਰ ਤੇ ਪਰਮਾਤਮਾ ਦੇ ਸਿਮਰਨ ਦਾ ਮਹਾ ਆਨੰਦ ਅਨੁਭਵ ਹੁੰਦਾ ਹੈ ॥੨॥
ਜੇ ਗੁਰੂ ਮਿਲ ਪਏ, ਤਾਂ ਮਨੁੱਖ ਸਿਮਰਨ ਦੀ ਜੁਗਤਿ ਵਿਚ ਰਹਿ ਕੇ ਪਵਿਤ੍ਰ-ਆਤਮਾ ਹੋ ਜਾਂਦਾ ਹੈ।
ਗੁਰੂ ਦੀ ਦੱਸੀ ਹੋਈ ਸਿਮਰਨ ਦੀ ਪੌੜੀ ਦਾ ਆਸਰਾ ਲੈ ਕੇ (ਆਤਮਕ ਜੀਵਨ ਵਿਚ) ਉੱਚਾ ਹੀ ਉੱਚਾ ਹੁੰਦਾ ਜਾਂਦਾ ਹੈ।
(ਪਰ ਇਹ ਸਿਮਰਨ ਪ੍ਰਭੂ ਦੀ) ਮਿਹਰ ਨਾਲ ਮਿਲਦਾ ਹੈ, (ਜਿਸ ਨੂੰ ਮਿਲਦਾ ਹੈ ਉਸ ਦਾ) ਮੌਤ ਦਾ ਡਰ ਲਹਿ ਜਾਂਦਾ ਹੈ ॥੩॥
ਜੇ ਗੁਰੂ ਮਿਲ ਪਏ ਤਾਂ ਮਨੁੱਖ ਪ੍ਰਭੂ ਦੀ ਯਾਦ ਵਿਚ ਜੁੜ ਕੇ ਪ੍ਰਭੂ ਦੇ ਚਰਨਾਂ ਵਿਚ ਲੀਨ ਹੋਇਆ ਰਹਿੰਦਾ ਹੈ।
ਗੁਰੂ ਮਿਹਰ ਕਰ ਕੇ ਉਸ ਨੂੰ ਉਹ ਆਤਮਕ ਅਵਸਥਾ ਵਿਖਾ ਦੇਂਦਾ ਹੈ ਜਿੱਥੇ ਪ੍ਰਭੂ ਦਾ ਮਿਲਾਪ ਹੋਇਆ ਰਹੇ।
ਹੇ ਨਾਨਕ! ਉਸ ਮਨੁੱਖ ਦੀ ਹਉਮੈ ਦੂਰ ਕਰ ਕੇ ਗੁਰੂ ਉਸ ਨੂੰ ਪ੍ਰਭੂ ਨਾਲ ਇਕ-ਮਿਕ ਕਰ ਦੇਂਦਾ ਹੈ ॥੪॥੯॥