(ਪਰਮਾਤਮਾ ਦਾ ਨਾਮ-ਰਸ ਚੱਖਣ ਨਾਲ) ਮਨੁੱਖ ਆਪਣੇ ਆਪ ਹੀ ਆਤਮਕ ਜੀਵਨ ਨੂੰ ਪੜਤਾਲਣ ਲੱਗ ਪੈਂਦਾ ਹੈ ਤੇ ਇਸ ਤਰ੍ਹਾਂ ਉਸ ਨੂੰ ਨਾਮ-ਰਸ ਦਾ ਸੁਆਦ ਮਿੱਠਾ ਲਗਣਾ ਸ਼ੁਰੂ ਹੋ ਜਾਂਦਾ ਹੈ।
(ਨਾਮ-ਰਸ ਦੀ ਬਰਕਤਿ ਨਾਲ) ਜਿਨ੍ਹਾਂ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ ॥੧॥
ਪਰਮਾਤਮਾ ਨਿਰੋਲ ਪਵਿਤ੍ਰ ਹੈ, ਉਸ ਦਾ ਨਿਵਾਸ ਪਵਿਤ੍ਰ ਮਨ ਵਿਚ ਹੀ ਹੋ ਸਕਦਾ ਹੈ।
ਜੇ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹੀਏ ਤਾਂ ਮਾਇਆ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਹੋ ਸਕੀਦਾ ਹੈ ॥੧॥ ਰਹਾਉ ॥
ਗੁਰੂ ਦੇ ਸ਼ਬਦ ਤੋਂ ਬਿਨਾ ਆਪਣੇ ਆਤਮਕ ਜੀਵਨ ਨੂੰ ਪਰਖਿਆ ਨਹੀਂ ਜਾ ਸਕਦਾ (ਸ਼ਬਦ ਤੋਂ ਬਿਨਾ) ਸਾਰੀ ਲੁਕਾਈ (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ ਰਹਿੰਦੀ ਹੈ।
ਗੁਰੂ ਦੀ ਮਤਿ ਦੀ ਰਾਹੀਂ ਹਿਰਦੇ ਵਿਚ (ਵਸਾਇਆ ਹੋਇਆ ਨਾਮ ਆਤਮਕ ਜੀਵਨ ਲਈ) ਚਾਨਣ ਦੇਂਦਾ ਹੈ, ਅੰਤ ਵੇਲੇ ਭੀ ਹਰਿ-ਨਾਮ ਹੀ ਸਾਥੀ ਬਣਦਾ ਹੈ ॥੨॥
ਨਾਮ ਜਪਣ ਵਾਲੇ ਮਨੁੱਖ, ਨਾਮ ਵਿਚ ਲੀਨ ਰਹਿੰਦਿਆਂ ਹੀ ਸਦਾ ਦੁਨੀਆ ਦੀ ਕਿਰਤਕਾਰ ਕਰਦੇ ਹਨ ਤੇ ਉਹਨਾਂ ਦੇ ਹਿਰਦੇ ਵਿਚ ਨਾਮ ਟਿਕਿਆ ਰਹਿੰਦਾ ਹੈ।
ਉਹਨਾਂ ਦੇ ਮੂੰਹ ਵਿਚ ਨਾਮ ਵੱਸਦਾ ਹੈ, ਉਹ ਗੁਰ-ਸ਼ਬਦ ਦੀ ਰਾਹੀਂ ਹਰਿ-ਨਾਮ ਦਾ ਹੀ ਵਿਚਾਰ ਕਰਦੇ ਰਹਿੰਦੇ ਹਨ ॥੩॥
ਹਰ ਵੇਲੇ ਹਰਿ-ਨਾਮ ਸੁਣਨਾ ਚਾਹੀਦਾ ਹੈ, ਹਰਿ-ਨਾਮ ਵਿਚ ਮਨ ਗਿਝਾਣਾ ਚਾਹੀਦਾ ਹੈ, ਹਰਿ-ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ।
ਜੇਹੜਾ ਮਨੁੱਖ ਸਦਾ ਹਰ ਵੇਲੇ ਹਰੀ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ ਹਰਿ-ਨਾਮ ਦੀ ਰਾਹੀਂ ਹਰਿ-ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ ॥੪॥
ਹਰਿ-ਨਾਮ ਦੀ ਰਾਹੀਂ ਹੀ ਹਿਰਦੇ ਵਿਚ (ਆਤਮਕ ਜੀਵਨ ਲਈ) ਚਾਨਣ ਪੈਦਾ ਹੁੰਦਾ ਹੈ, (ਹਰ ਥਾਂ) ਸੋਭਾ ਮਿਲਦੀ ਹੈ।
ਹਰਿ-ਨਾਮ ਦੀ ਰਾਹੀਂ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਤੇ ਹਰੀ ਦੀ ਹੀ ਸਰਨ ਪਏ ਰਹੀਦਾ ਹੈ ॥੫॥
ਨਾਮ ਸਿਮਰਨ ਤੋਂ ਬਿਨਾ ਕਿਸੇ ਭੀ ਮਨੁੱਖ ਨੂੰ ਦਰਗਾਹ ਵਿਚ ਆਦਰ ਨਹੀਂ ਮਿਲਦਾ, ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ (ਦਰਗਾਹ ਵਿਚ) ਇੱਜ਼ਤ ਗਵਾ ਬੈਠਦਾ ਹੈ।
ਇਹੋ ਜਿਹੇ ਮਨੁੱਖ ਜਮ ਦੀ ਪੁਰੀ ਵਿਚ ਬੱਝੇ ਮਾਰ ਖਾਂਦੇ ਹਨ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦੇ ਹਨ ॥੬॥
ਸਾਰੀ ਲੁਕਾਈ ਹਰਿ-ਨਾਮ (ਜਪਣ ਵਾਲੇ) ਦੀ ਸੇਵਾ ਕਰਦੀ ਹੈ ਤੇ ਨਾਮ ਜਪਣ ਦੀ ਸੂਝ ਗੁਰੂ ਬਖ਼ਸ਼ਦਾ ਹੈ।
(ਹਰ ਥਾਂ) ਨਾਮ (ਜਪਣ ਵਾਲੇ) ਨੂੰ ਹੀ ਆਦਰ ਮਿਲਦਾ ਹੈ, ਨਾਮ ਦੀ ਬਰਕਤਿ ਨਾਲ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੭॥
ਪਰ, ਹਰਿ-ਨਾਮ ਸਿਰਫ਼ ਉਸੇ ਨੂੰ ਮਿਲਦਾ ਹੈ ਜਿਸ ਨੂੰ ਹਰੀ ਆਪ ਦੇਂਦਾ ਹੈ, ਜਿਸ ਨੂੰ ਗੁਰੂ ਦੀ ਮਤਿ ਉਤੇ ਤੋਰ ਕੇ ਨਾਮ (ਸਿਮਰਨ ਦੀ) ਸੂਝ ਬਖ਼ਸ਼ਦਾ ਹੈ।
ਹੇ ਨਾਨਕ! ਹਰੇਕ (ਆਦਰ-ਮਾਣ) ਹਰਿ-ਨਾਮ ਦੇ ਵੱਸ ਵਿਚ ਹੈ। ਕੋਈ ਵਿਰਲਾ ਮਨੁੱਖ ਵੱਡੀ ਕਿਸਮਤ ਨਾਲ ਹਰਿ-ਨਾਮ ਪ੍ਰਾਪਤ ਕਰਦਾ ਹੈ ॥੮॥੭॥੨੯॥
ਮੰਦੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀਆਂ, ਉਹ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਨਹੀਂ ਜਾਣ ਸਕਦੀਆਂ।
ਉਹ ਖਰ੍ਹਵਾ ਬੋਲਦੀਆਂ ਹਨ, ਲਿਫਣਾ ਨਹੀਂ ਜਾਣਦੀਆਂ, ਮਾਇਆ ਦਾ ਪਿਆਰ ਹੀ ਉਹਨਾਂ ਦੀ ਜ਼ਿੰਦਗੀ ਦਾ ਪਿਆਰ ਬਣਿਆ ਰਹਿੰਦਾ ਹੈ ॥੧॥
ਇਹ ਮਨ ਕਿਸ ਤਰ੍ਹਾਂ ਕਾਬੂ ਵਿਚ ਆਉਂਦਾ ਹੈ?
ਗੁਰੂ ਦੀ ਕਿਰਪਾ ਨਾਲ ਹੀ ਮਨ (ਵਿਕਾਰਾਂ ਵਲੋਂ) ਰੋਕਿਆ ਜਾ ਸਕਦਾ ਹੈ ਤੇ ਗੁਰੂ ਦੇ ਬਖ਼ਸ਼ੇ ਹੋਏ ਗਿਆਨ ਦੀ ਮਤਿ ਦੇ ਆਸਰੇ ਹੀ ਇਹ ਅੰਤਰ ਆਤਮੇ ਆ ਟਿਕਦਾ ਹੈ ॥੧॥ ਰਹਾਉ ॥
ਚੰਗੇ ਭਾਗਾਂ ਵਾਲੀਆਂ ਨੂੰ ਆਪਣੇ ਪ੍ਰੇਮ ਪਿਆਰ ਦੀ ਦਾਤ ਦੇ ਕੇ ਪਰਮਾਤਮਾ ਨੇ ਆਪ ਸੋਹਣੇ ਜੀਵਨ ਵਾਲੀਆਂ ਬਣਾ ਦਿੱਤਾ ਹੈ।
ਉਹ ਸਦਾ ਗੁਰੂ ਦੀ ਰਜ਼ਾ ਵਿਚ ਜੀਵਨ ਬਿਤਾਂਦੀਆਂ ਹਨ ਤੇ ਨਾਮ ਵਿਚ ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਹੀ ਉਹਨਾਂ ਦੇ ਆਤਮਕ ਜੀਵਨ ਦਾ ਸ਼ਿੰਗਾਰ ਹੈ ॥੨॥
ਉਹ ਜੀਵ-ਇਸਤ੍ਰੀਆਂ ਸਦਾ ਆਪਣੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਈ ਰੱਖਦੀਆਂ ਹਨ, ਪ੍ਰੇਮ ਦੀ ਬਰਕਤਿ ਨਾਲ (ਉਹਨਾਂ ਦਾ ਹਿਰਦਾ ਪ੍ਰਭੂ-ਪਤੀ ਵਾਸਤੇ) ਸਦਾ ਟਿਕੀ ਰਹਿਣ ਵਾਲੀ ਸੇਜ ਬਣਿਆ ਰਹਿੰਦਾ ਹੈ,
(ਇਸ ਤਰ੍ਹਾਂ) ਆਤਮਕ ਆਨੰਦ ਪ੍ਰਾਪਤ ਕਰ ਕੇ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਪ੍ਰਭੂ-ਪਤੀ ਦੇ ਪ੍ਰੇਮ ਵਿਚ ਮਸਤ ਰਹਿੰਦੀਆਂ ਹਨ ॥੩॥
ਜਿਸ ਜੀਵ-ਇਸਤ੍ਰੀ ਦਾ ਸ਼ਿੰਗਾਰ ਆਤਮਕ ਗਿਆਨ ਹੈ ਉਸ ਕੋਲ ਬੇਅੰਤ ਖ਼ਜਾਨਾ ਹੈ ਤੇ ਐਸੀ ਜੀਵ-ਇਸਤ੍ਰੀ ਸ਼ੋਭਾ ਖੱਟਦੀ ਹੈ।
ਪ੍ਰਭੂ-ਪਤੀ ਦੇ ਪ੍ਰੇਮ-ਪਿਆਰ ਦੀ ਬਰਕਤਿ ਨਾਲ ਉਹ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ਉਹ ਪ੍ਰਭੂ-ਪਾਤਿਸ਼ਾਹ ਦੀ ਪਟਰਾਣੀ ਬਣ ਜਾਂਦੀ ਹੈ ॥੪॥
ਸਦਾ-ਥਿਰ ਅਲੱਖ ਤੇ ਅਪਾਰ ਪ੍ਰਭੂ ਨੇ ਸੋਹਾਗਣ (ਜੀਵ-ਇਸਤ੍ਰੀਆਂ ਦੇ ਹਿਰਦੇ) ਵਿਚ ਆਪਣਾ ਪਿਆਰ ਆਪ ਟਿਕਾ ਰੱਖਿਆ ਹੈ,
ਉਹ ਗੁਰੂ ਦੀ ਦੱਸੀ ਸੇਵਾ ਕਰਦੀਆਂ ਰਹਿੰਦੀਆਂ ਹਨ ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ ਵਿਚ ਪਿਆਰ ਵਿਚ (ਮਸਤ ਰਹਿੰਦੀਆਂ ਹਨ) ॥੫॥
ਜਿਨ੍ਹਾਂ ਜੀਵ-ਇਸਤ੍ਰੀਆਂ ਦੇ ਸਿਰ ਉੱਤੇ ਖਸਮ-ਪ੍ਰਭੂ ਦਾ ਹੱਥ ਹੈ ਉਹਨਾਂ ਨੇ ਪ੍ਰਭੂ-ਪਤੀ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਗਹਿਣਾ ਬਣਾਇਆ ਹੋਇਆ ਹੈ, ਪ੍ਰਭੂ ਦੇ ਗੁਣਾਂ ਦਾ ਹਾਰ ਬਣਾ ਕੇ ਆਪਣੇ ਗਲ ਵਿਚ ਪਾਇਆ ਹੋਇਆ ਹੈ।
ਉਹ ਪ੍ਰਭੂ-ਪਤੀ ਦੇ ਪਿਆਰ ਦੀ ਸੁਗੰਧੀ ਨੂੰ ਆਪਣੇ ਸਰੀਰ ਉਤੇ ਲਾਂਦੀਆਂ ਹਨ, ਉਹ ਆਪਣੇ ਹਿਰਦੇ ਵਿਚ ਪ੍ਰਭੂ ਦੇ ਗੁਣਾਂ ਦੀ ਵਿਚਾਰ ਦਾ ਰਤਨ ਸਾਂਭ ਰੱਖਦੀਆਂ ਹਨ ॥੬॥
ਜੇਹੜੇ ਮਨੁੱਖ ਪ੍ਰਭੂ ਦੀ ਭਗਤੀ ਦੇ ਰੰਗ ਵਿਚ ਰੰਗੇ ਜਾਂਦੇ ਹਨ ਉਹੀ ਉੱਚੀ ਜਾਤ ਵਾਲੇ ਹਨ, ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਉੱਚੀ ਜਾਤ ਬਣਦੀ ਹੈ ਉੱਚੀ ਕੁਲ ਬਣਦੀ ਹੈ।
ਪ੍ਰਭੂ ਦੇ ਨਾਮ ਤੋਂ ਸੱਖਣੀ ਸਾਰੀ ਲੁਕਾਈ ਹੀ ਨੀਵੀਂ ਜਾਤਿ ਵਾਲੀ ਹੈ। (ਨਾਮ ਤੋਂ ਖੁੰਝ ਕੇ ਲੁਕਾਈ ਵਿਕਾਰਾਂ ਦੇ ਗੰਦ ਵਿਚ ਟਿਕੀ ਰਹਿੰਦੀ ਹੈ, ਜਿਵੇਂ) ਵਿਸ਼ਟੇ ਦਾ ਕੀੜਾ ਵਿਸ਼ਟੇ ਵਿਚ ਮਗਨ ਰਹਿੰਦਾ ਹੈ ॥੭॥
(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਸਾਰੀ ਲੁਕਾਈ ਹਉਮੈ ਅਹੰਕਾਰ ਵਿਚ ਆਫਰੀ ਫਿਰਦੀ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਇਹ ਹਉਮੈ ਦੂਰ ਨਹੀਂ ਹੋ ਸਕਦੀ।
ਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦੀ ਹਉਮੈ ਦੂਰ ਹੋ ਜਾਂਦੀ ਹੈ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੮॥੮॥੩੦॥
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ,
ਇਸ ਦੁਨੀਆ ਵਿਚ ਉਹ ਹਰੇਕ ਘਰ ਵਿਚ ਉੱਘੇ ਹੋ ਜਾਂਦੇ ਹਨ, ਅਗਾਂਹ ਪਰਲੋਕ ਵਿਚ ਭੀ ਉਹਨਾਂ ਦੀ ਸੋਭਾ ਸਦਾ ਲਈ ਉਜਾਗਰ ਹੋ ਜਾਂਦੀ ਹੈ ॥੧॥