ਜਿਸ ਨੇ ਇਹ ਜਗਤ-ਬਗ਼ੀਚੀ ਲਾਈ ਹੈ, ਉਹ ਆਪ ਹੀ (ਇਸ ਦੀਆਂ ਲੋੜਾਂ) ਜਾਣਦਾ ਹੈ, ਤੇ ਆਪ (ਉਹ ਲੋੜਾਂ ਪੂਰੀਆਂ) ਕਰਦਾ ਹੈ ॥੧॥
ਹੇ ਪਿਆਰੇ (ਭਾਈ)! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਕਿਉਂਕਿ ਇਸ ਦੀ ਰਾਹੀਂ ਸਦਾ ਆਤਮਕ ਆਨੰਦ ਮਿਲਦਾ ਹੈ ਰਹਾਉ॥
ਹੇ ਭਾਈ! ਜਿਸ ਜੀਵ-ਇਸਤ੍ਰੀ ਨੇ ਪ੍ਰੇਮ ਨਾਲ ਖਸਮ-ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਉਹ ਆਖ਼ਰ ਪਛੁਤਾਂਦੀ ਹੈ।
ਜਦੋਂ ਉਸ ਦੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ ਤਦੋਂ ਉਹ ਆਪਣੇ ਹੱਥ ਮਲਦੀ ਹੈ, ਸਿਰ ਮਾਰਦੀ ਹੈ ॥੨॥
(ਪਰ) ਜਦੋਂ ਜ਼ਿੰਦਗੀ ਦੀ ਸਾਰੀ ਰਾਤ ਮੁੱਕ ਜਾਏਗੀ, ਤਦੋਂ ਪਛੁਤਾਵਾ ਕੀਤਿਆਂ ਕੁਝ ਹਾਸਲ ਨਹੀਂ ਹੁੰਦਾ।
ਉਸ ਪਿਆਰੇ ਪ੍ਰਭੂ ਨੂੰ ਫਿਰ ਤਦੋਂ ਹੀ ਸਿਮਰਿਆ ਜਾ ਸਕਦਾ ਹੈ, ਜਦੋਂ (ਮੁੜ ਕਦੇ) ਮਨੁੱਖਾ ਜੀਵਨ ਦੀ ਵਾਰੀ ਮਿਲੇਗੀ ॥੩॥
ਜਿਨ੍ਹਾਂ ਚੰਗੇ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਨੇ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਮੈਥੋਂ ਚੰਗੀਆਂ ਹਨ,
(ਜੇਹੜੇ ਗੁਣ ਉਹਨਾਂ ਦੇ ਅੰਦਰ ਹਨ) ਉਹ ਗੁਣ ਮੇਰੇ ਅੰਦਰ ਪੈਦਾ ਨਹੀਂ ਹੁੰਦੇ, (ਇਸ ਵਾਸਤੇ) ਮੈਂ ਕਿਸ ਉਤੇ ਦੋਸ਼ ਥੱਪਾਂ (ਕਿ ਮੈਨੂੰ ਪ੍ਰਭੂ-ਪਤੀ ਕਿਉਂ ਨਹੀਂ ਮਿਲਦਾ)? ॥੪॥
(ਹੁਣ) ਮੈਂ ਉਹਨਾਂ ਸਹੇਲੀਆਂ ਨੂੰ ਜਾ ਕੇ ਪੁੱਛਾਂਗੀ, ਜਿਨ੍ਹਾਂ ਨੇ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਕਰ ਲਿਆ ਹੈ।
ਮੈਂ ਉਹਨਾਂ ਦੇ ਚਰਨੀ ਲੱਗਾਂਗੀ, ਮੈਂ ਉਹਨਾਂ ਅੱਗੇ ਬੇਨਤੀ ਕਰਾਂਗੀ, (ਤੇ, ਉਹਨਾਂ ਪਾਸੋਂ ਪ੍ਰਭੂ-ਪਤੀ ਦੇ ਮਿਲਾਪ ਦਾ) ਰਸਤਾ ਪੁੱਛ ਲਵਾਂਗੀ ॥੫॥
ਹੇ ਨਾਨਕ! ਜਦੋਂ (ਜੀਵ-ਇਸਤ੍ਰੀ ਪ੍ਰਭੂ-ਪਤੀ ਦੀ) ਰਜ਼ਾ ਨੂੰ ਸਮਝ ਲੈਂਦੀ ਹੈ, ਜਦੋਂ ਉਸ ਦੇ ਡਰ-ਅਦਬ ਨੂੰ (ਜਿੰਦ ਵਾਸਤੇ ਸੁਗੰਧੀ ਬਣਾਂਦੀ ਹੈ, ਜਿਵੇਂ ਸਰੀਰ ਉਤੇ ਕੋਈ ਇਸਤ੍ਰੀ) ਚੰਦਨ ਲਾਂਦੀ ਹੈ,
ਜਦੋਂ ਇਸਤ੍ਰੀ (ਪਤੀ ਨੂੰ ਵੱਸ ਕਰਨ ਵਾਸਤੇ ਆਤਮਕ) ਗੁਣਾਂ ਨੂੰ ਟੂਣੇ ਬਣਾਂਦੀ ਹੈ, ਤਦੋਂ ਉਹ ਪ੍ਰਭੂ ਪਿਆਰੇ ਦਾ ਮਿਲਾਪ ਹਾਸਲ ਕਰ ਲੈਂਦੀ ਹੈ ॥੬॥
ਹੇ ਭਾਈ! ਜੇਹੜਾ ਮਨੁੱਖ ਆਪਣੇ ਦਿਲ ਦੀ ਰਾਹੀਂ (ਪਰਮਾਤਮਾ ਦੇ ਚਰਨਾਂ ਵਿਚ) ਮਿਲਿਆ ਹੈ, ਉਹ ਸਦਾ ਪ੍ਰਭੂ ਨਾਲ ਮਿਲਿਆ ਰਹਿੰਦਾ ਹੈ, ਉਹੀ ਮਨੁੱਖ (ਪ੍ਰਭੂ-ਚਰਨਾਂ ਵਿਚ) ਮਿਲਿਆ ਹੋਇਆ ਆਖਿਆ ਜਾ ਸਕਦਾ ਹੈ।
ਨਿਰੀਆਂ ਗੱਲਾਂ ਦੀ ਰਾਹੀਂ (ਪ੍ਰਭੂ ਨਾਲ) ਮਿਲਾਪ ਨਹੀਂ ਹੋ ਸਕਦਾ, ਭਾਵੇਂ ਕਿਤਨੀ ਹੀ ਤਾਂਘ ਕਰਦੇ ਰਹੀਏ ॥੭॥
ਹੇ ਭਾਈ! (ਜਿਵੇਂ ਸੋਨਾ ਆਦਿਕ) ਧਾਤ (ਕੁਠਾਲੀ ਵਿਚ ਗਲ ਕੇ) ਮੁੜ (ਹੋਰ) (ਸੋਨੇ-) ਧਾਤ ਨਾਲ ਮਿਲ ਜਾਂਦੀ ਹੈ, (ਇਸੇ ਤਰ੍ਹਾਂ) ਪਿਆਰ ਪਿਆਰ ਵਲ ਦੌੜਦਾ ਹੈ (ਖਿੱਚ ਖਾਂਦਾ ਹੈ)।
ਜਦੋਂ ਗੁਰੂ ਦੀ ਕਿਰਪਾ ਨਾਲ ਇਹ ਸੂਝ ਪੈਂਦੀ ਹੈ, ਤਦੋਂ ਮਨੁੱਖ ਡਰ-ਰਹਿਤ ਪ੍ਰਭੂ ਨੂੰ ਮਿਲ ਪੈਂਦਾ ਹੈ ॥੮॥
ਹੇ ਭਾਈ! ਪਾਨਾਂ ਦੀ ਕਿਆਰੀ (ਹਿਰਦੇ-) ਘਰ ਵਿਚ ਲੱਗੀ ਹੋਈ ਹੈ, ਪਰ ਖੋਤਾ (ਮੂਰਖ ਮਨੁੱਖ ਇਸ ਦੀ) ਕਦਰ ਨਹੀਂ ਜਾਣਦਾ।
ਜਦੋਂ ਮਨੁੱਖ ਸੁਗੰਧੀ ਦਾ ਪ੍ਰੇਮੀ ਬਣ ਜਾਂਦਾ ਹੈ, ਤਦੋਂ ਫੁਲਾਂ ਨਾਲ ਪਿਆਰ ਪਾਂਦਾ ਹੈ ॥੯॥
ਹੇ ਨਾਨਕ! ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਸ (ਦੇ ਮਨ) ਦੀ ਭਟਕਣਾ ਅੰਦਰੇ ਅੰਦਰ ਹੀ ਮੁੱਕ ਜਾਂਦੀ ਹੈ।
ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਆਤਮਕ ਮੌਤ ਨੇੜੇ ਨਹੀਂ ਢੁਕਦੀ ॥੧੦॥੧॥
ਹੇ ਗੁਰਸਿੱਖ! ਮਿੱਤਰ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ।
ਮੈਂ ਆਪਣੇ ਗੁਰੂ ਤੋਂ ਮੁੜ ਮੁੜ ਸਦਕੇ ਕੁਰਬਾਨ ਜਾਂਦਾ ਹਾਂ ॥੧॥
ਹੇ ਮੇਰੇ ਗੁਰੂ ਦੇ ਪਿਆਰੇ ਸਿੱਖ! ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ ਰਹਾਉ॥
ਹੇ ਗੁਰਸਿੱਖ! ਪਰਮਾਤਮਾ ਦੇ ਗੁਣ (ਗਾਉਣੇ) ਪਰਮਾਤਮਾ ਨੂੰ ਪਸੰਦ ਆਉਂਦੇ ਹਨ। ਮੈਂ ਉਹ ਗੁਣ (ਗਾਉਣੇ) ਗੁਰੂ ਪਾਸੋਂ ਸਿੱਖੇ ਹਨ।
ਮੈਂ ਉਹਨਾਂ (ਵਡ-ਭਾਗੀਆਂ ਤੋਂ) ਮੁੜ ਮੁੜ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ (ਮਿੱਠਾ ਕਰ ਕੇ) ਮੰਨਿਆ ਹੈ ॥੨॥
ਹੇ ਗੁਰਸਿੱਖ! ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਪਿਆਰੇ ਗੁਰੂ ਦਾ ਦਰਸਨ ਕੀਤਾ ਹੈ,
ਜਿਨ੍ਹਾਂ ਗੁਰੂ ਦੀ (ਦੱਸੀ) ਸੇਵਾ ਕੀਤੀ ਹੈ, ਉਨ੍ਹਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੩॥
ਹੇ ਹਰੀ! ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ,
(ਪਰ ਇਹ ਨਾਮ) ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਗੁਰੂ ਦੇ ਸਨਮੁਖ ਰਿਹਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ ॥੪॥
ਹੇ ਗੁਰਸਿੱਖ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ।
ਨਾਨਕ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ, ਸਦਾ ਸਦਕੇ ਜਾਂਦਾ ਹੈ ॥੫॥
ਹੇ ਹਰੀ! ਹੇ ਪ੍ਰਭੂ! ਉਹੀ ਸਿਫ਼ਤਿ-ਸਾਲਾਹ ਤੇਰੀ ਸਿਫ਼ਤਿ-ਸਾਲਾਹ ਕਹੀ ਜਾ ਸਕਦੀ ਹੈ ਜੇਹੜੀ ਤੈਨੂੰ ਪਸੰਦ ਆ ਜਾਂਦੀ ਹੈ।
(ਹੇ ਭਾਈ!) ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ, ਉਹਨਾਂ ਨੂੰ ਪ੍ਰਭੂ (ਸੁਖ-) ਫਲ ਦੇਂਦਾ ਹੈ ॥੬॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ, ਉਹਨਾਂ ਦੇ ਦਿਲ (ਸਦਾ) ਪ੍ਰਭੂ (ਦੇ ਚਰਨਾਂ) ਨਾਲ ਹੀ (ਜੁੜੇ ਰਹਿੰਦੇ) ਹਨ।
ਉਹ ਮਨੁੱਖ ਪਿਆਰੇ ਪ੍ਰਭੂ ਨੂੰ ਸਦਾ ਸਿਮਰ ਸਿਮਰ ਕੇ, ਪ੍ਰਭੂ ਦਾ ਨਾਮ ਹਿਰਦੇ ਵਿਚ ਸੰਭਾਲ ਕੇ ਆਤਮਕ ਜੀਵਨ ਹਾਸਲ ਕਰਦੇ ਹਨ ॥੭॥
ਹੇ ਭਾਈ! ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕੀਤੀ ਹੈ।
ਉਹ ਮਨੁੱਖ ਆਪ (ਆਪਣੇ) ਪਰਵਾਰ ਸਮੇਤ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ, ਉਹਨਾਂ ਸਾਰਾ ਸੰਸਾਰ ਭੀ ਬਚਾ ਲਿਆ ਹੈ ॥੮॥
ਹੇ ਭਾਈ! ਗੁਰੂ ਸਲਾਹੁਣ-ਜੋਗ ਹੈ, ਗੁਰੂ ਸਲਾਹੁਣ-ਜੋਗ ਹੈ, ਪਿਆਰੇ ਗੁਰੂ ਦੀ ਰਾਹੀਂ (ਹੀ) ਮੈਂ ਪਰਮਾਤਮਾ ਦੀ ਸੇਵਾ-ਭਗਤੀ ਸ਼ੁਰੂ ਕੀਤੀ ਹੈ।
ਮੈਨੂੰ ਗੁਰੂ ਨੇ (ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸਿਆ ਹੈ। ਗੁਰੂ ਦਾ (ਮੇਰੇ ਉਤੇ ਇਹ) ਉਪਕਾਰ ਹੈ, ਵੱਡਾ ਉਪਕਾਰ ਹੈ ॥੯॥