ਕਿਉਂਕਿ ਮੈਂ ਅਵਿਨਾਸ਼ੀ ਟਿਕਾਣੇ ਵਾਲੇ ਨਿਰੰਕਾਰ ਵਿਚ ਜੁੜ ਕੇ (ਉਸ ਦੇ ਪਿਆਰੇ ਦੀ) ਇੱਕ-ਰਸ ਬੰਸਰੀ ਵਜਾ ਰਿਹਾ ਹਾਂ ॥੧॥
(ਸਤਿਗੁਰੂ ਦੇ) ਸ਼ਬਦ ਦੀ ਬਰਕਤਿ ਨਾਲ ਮੈਂ ਵੈਰਾਗਵਾਨ ਹੋ ਕੇ, ਵਿਰਕਤ ਹੋ ਕੇ ਪ੍ਰਭੂ ਦੇ ਗੁਣ ਗਾ ਰਿਹਾ ਹਾਂ,
ਅਬਿਨਾਸੀ ਪ੍ਰਭੂ (ਦੇ ਪਿਆਰ) ਵਿਚ ਰੰਗਿਆ ਗਿਆ ਹਾਂ, ਤੇ ਸਰਬ-ਕੁਲ-ਵਿਆਪਕ ਪ੍ਰਭੂ ਦੇ ਚਰਨਾਂ ਵਿਚ ਅੱਪੜ ਗਿਆ ਹਾਂ ॥੧॥ ਰਹਾਉ ॥
(ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਜੋ ਮੈਂ) ਚੰਚਲ ਮਨ ਨੂੰ ਰੋਕਿਆ ਹੈ, ਇਹੀ ਮੇਰਾ ਇੜਾ, ਪਿੰਗਲਾ, ਸੁਖਮਨਾ (ਦਾ ਸਾਧਨ) ਹੈ;
ਮੇਰੇ ਲਈ ਖੱਬੀ ਸੱਜੀ ਸੁਰ ਇਕੋ ਜਿਹੀ ਹੈ (ਭਾਵ, ਪ੍ਰਾਣ ਚਾੜ੍ਹਨੇ ਉਤਾਰਨੇ ਮੇਰੇ ਵਾਸਤੇ ਇੱਕੋ ਜਿਹੀ ਗੱਲ ਹੈ, ਬੇ-ਲੋੜਵੇਂ ਹਨ) ਕਿਉਂਕਿ ਮੈਂ ਪਰਮਾਤਮਾ ਦੀ ਜੋਤ ਵਿਚ ਟਿਕਿਆ ਬੈਠਾ ਹਾਂ ॥੨॥
ਨਾ ਮੈਂ ਤੀਰਥਾਂ ਦੇ ਦਰਸ਼ਨ ਕਰਦਾ ਹਾਂ, ਨਾ ਉਹਨਾਂ ਦੇ ਪਾਣੀ ਵਿਚ ਚੁੱਭੀ ਲਾਉਂਦਾ ਹਾਂ, ਤੇ ਨਾ ਹੀ ਮੈਂ ਉਸ ਪਾਣੀ ਵਿਚ ਰਹਿਣ ਵਾਲੇ ਜੀਵਾਂ ਨੂੰ ਡਰਉਂਦਾ ਹਾਂ।
ਮੈਨੂੰ ਤਾਂ ਮੇਰੇ ਗੁਰੂ ਨੇ (ਮੇਰੇ ਅੰਦਰ ਹੀ) ਅਠਾਹਠ ਤੀਰਥ ਵਿਖਾ ਦਿੱਤੇ ਹਨ। ਸੋ, ਮੈਂ ਆਪਣੇ ਅੰਦਰ ਹੀ (ਆਤਮ-ਤੀਰਥ ਉੱਤੇ) ਇਸ਼ਨਾਨ ਕਰਦਾ ਹਾਂ ॥੩॥
(ਕਰਮ-ਕਾਂਡ, ਤੀਰਥ ਆਦਿਕ ਨਾਲ ਲੋਕ ਜਗਤ ਦੀ ਸੋਭਾ ਲੋੜਦੇ ਹਨ, ਪਰ) ਮੈਨੂੰ (ਇਹਨਾਂ ਕਰਮਾਂ ਦੇ ਆਧਾਰ ਤੇ) ਸੱਜਣਾਂ-ਮਿੱਤਰਾਂ ਤੇ ਲੋਕਾਂ ਦੀ ਸੋਭਾ ਦੀ ਲੋੜ ਨਹੀਂ ਹੈ, ਮੈਨੂੰ ਇਹ ਗ਼ਰਜ਼ ਨਹੀਂ ਕਿ ਕੋਈ ਮੈਨੂੰ ਭਲਾ ਆਖੇ।
ਨਾਮਦੇਵ ਆਖਦਾ ਹੈ ਮੇਰਾ ਚਿੱਤ ਪ੍ਰਭੂ (ਪਿਆਰ) ਵਿਚ ਰੰਗਿਆ ਗਿਆ ਹੈ, ਮੈਂ ਉਸ ਟਿਕਾਉ ਵਿਚ ਟਿਕਿਆ ਹੋਇਆ ਹਾਂ ਜਿੱਥੇ ਮਾਇਆ ਦਾ ਕੋਈ ਫੁਰਨਾ ਨਹੀਂ ਫੁਰਦਾ ॥੪॥੨॥
(ਜੇ ਇਹ ਮੰਨੀਏ ਕਿ ਕਰਮਾਂ ਦੀ ਖੇਡ ਹੈ ਤਾਂ) ਜਦੋਂ ਨਾ ਮਾਂ ਸੀ ਨਾ ਪਿਉ; ਨਾ ਕੋਈ ਮਨੁੱਖਾ-ਸਰੀਰ ਸੀ, ਤੇ ਨਾ ਉਸ ਦਾ ਕੀਤਾ ਹੋਇਆ ਕਰਮ;
ਜਦੋਂ ਕੋਈ ਜੀਵ ਹੀ ਨਹੀਂ ਸਨ, ਤਦੋਂ (ਹੇ ਪ੍ਰਭੂ! ਤੈਥੋਂ ਬਿਨਾ) ਹੋਰ ਕਿਸ ਥਾਂ ਤੋਂ ਕੋਈ ਜੀਵ ਜਨਮ ਲੈ ਸਕਦਾ ਸੀ? ॥੧॥
ਹੇ ਰਾਮ! ਤੈਥੋਂ ਬਿਨਾ ਹੋਰ ਕੋਈ ਭੀ ਕਿਸੇ ਦਾ ਸਹਾਈ ਨਹੀਂ ਹੈ (ਨਾ ਕੋਈ 'ਕਰਮ' ਆਦਿਕ ਇਸ ਜੀਵ ਨੂੰ ਜਨਮ ਮਰਨ ਵਿਚ ਲਿਆਉਣ ਵਾਲਾ ਹੈ, ਤੇ ਨਾ ਕੋਈ ਸ਼ਾਸਤਰ-ਵਿਹਿਤ ਕਰਮ ਜਾਂ ਪ੍ਰਾਣਾਯਾਮ ਆਦਿਕ ਇਸ ਨੂੰ ਗੇੜ ਵਿਚੋਂ ਕੱਢਣ ਦੇ ਸਮਰੱਥ ਹੈ),
ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ ਵਸੇਰਾ ਹੁੰਦਾ ਹੈ (ਤਿਵੇਂ ਤੇਰੇ ਭੇਜੇ ਜੀਵ ਇੱਥੇ ਆਉਂਦੇ ਹਨ ਤੇ ਤੂੰ ਆਪ ਹੀ ਇਹਨਾਂ ਨੂੰ ਆਪਣੇ ਵਿਚ ਜੋੜਦਾ ਹੈਂ) ॥੧॥ ਰਹਾਉ ॥
ਜਦੋਂ ਨਾ ਚੰਦ ਸੀ ਨਾ ਸੂਰਜ; ਜਦੋਂ ਪਾਣੀ, ਹਵਾ ਆਦਿਕ ਤੱਤ ਭੀ ਅਜੇ ਪੈਦਾ ਨਹੀਂ ਸਨ ਹੋਏ,
ਜਦੋਂ ਕੋਈ ਵੇਦ ਸ਼ਾਸਤਰ ਭੀ ਨਹੀਂ ਸਨ; ਤਦੋਂ (ਹੇ ਪ੍ਰਭੂ!) ਕਰਮਾਂ ਦੀ ਕੋਈ ਹਸਤੀ ਹੀ ਨਹੀਂ ਸੀ ॥੨॥
ਕੋਈ ਪ੍ਰਾਣਾਯਾਮ ਕਰਦਾ ਹੈ (ਤੇ ਇਸ ਵਿਚ ਆਪਣੀ ਮੁਕਤੀ ਸਮਝਦਾ ਹੈ), ਕੋਈ ਤੁਲਸੀ ਦੀ ਮਾਲਾ ਆਦਿਕ ਧਾਰਨ ਕਰਦਾ ਹੈ; ਪਰ ਮੈਨੂੰ ਆਪਣੇ ਗੁਰੂ ਦੀ ਕਿਰਪਾ ਨਾਲ ਸਮਝ ਆਈ ਹੈ।
ਨਾਮਦੇਵ ਆਖਦਾ ਹੈ ਗੁਰੂ ਨੇ ਮਿਲ ਕੇ ਮੈਨੂੰ ਇਹ ਗੱਲ ਸਮਝਾਈ ਹੈ ਕਿ ਅਸਲ ਸਹਾਈ ਸਭ ਤੋਂ ਉੱਚਾ ਉਹ ਪ੍ਰਭੂ ਹੈ, ਜੋ ਜਗਤ ਦਾ ਮੂਲ ਹੈ (ਉਸੇ ਨੇ ਜਗਤ ਬਣਾਇਆ, ਤੇ ਉਹੀ ਸੰਸਾਰ-ਸਮੁੰਦਰ ਵਿਚੋਂ ਪਾਰ ਉਤਾਰਦਾ ਹੈ) ॥੩॥੩॥
(ਹੇ ਮੇਰੇ ਮਨ!) ਜੇ ਕੋਈ ਮਨੁੱਖ ਕਾਸ਼ੀ ਜਾ ਕੇ ਉਲਟਾ ਲਟਕ ਕੇ ਤਪ ਕਰੇ, ਤੀਰਥਾਂ ਤੇ ਸਰੀਰ ਤਿਆਗੇ, (ਧੂਣੀਆਂ ਦੀ) ਅੱਗ ਵਿਚ ਸੜੇ, ਜਾਂ ਜੋਗ-ਅੱਭਿਆਸ ਆਦਿਕ ਨਾਲ ਸਰੀਰ ਨੂੰ ਚਿਰੰਜੀਵੀ ਕਰ ਲਏ;
ਜੇ ਕੋਈ ਅਸਮੇਧ ਜੱਗ ਕਰੇ, ਜਾਂ ਸੋਨਾ (ਫਲ ਆਦਿਕਾਂ ਵਿਚ) ਲੁਕਾ ਕੇ ਦਾਨ ਕਰੇ; ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥੧॥
ਹੇ (ਮੇਰੇ) ਪਖੰਡੀ ਮਨ! ਕਪਟ ਨਾ ਕਰ, ਛੱਡ ਇਹ ਕਪਟ, ਛੱਡ ਇਹ ਕਪਟ।
ਸਦਾ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥
(ਹੇ ਮੇਰੇ ਮਨ!) ਕੁੰਭ ਦੇ ਮੇਲੇ ਤੇ ਜੇ ਗੰਗਾ ਜਾਂ ਗੋਦਾਵਰੀ ਤੀਰਥ ਤੇ ਜਾਈਏ, ਕੇਦਾਰ ਤੀਰਥ ਤੇ ਇਸ਼ਨਾਨ ਕਰੀਏ ਜਾਂ ਗੋਮਤੀ ਨਦੀ ਦੇ ਕੰਢੇ ਹਜ਼ਾਰ ਗਊਆਂ ਦਾ ਦਾਨ ਕਰੀਏ;
(ਹੇ ਮਨ!) ਜੇ ਕੋਈ ਕ੍ਰੋੜਾਂ ਵਾਰੀ ਤੀਰਥ-ਜਾਤ੍ਰਾ ਕਰੇ, ਜਾਂ ਆਪਣਾ ਸਰੀਰ ਹਿਮਾਲੈ ਪਰਬਤ ਦੀ ਬਰਫ਼ ਵਿਚ ਗਾਲ ਦੇਵੇ, ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥੨॥
(ਹੇ ਮੇਰੇ ਮਨ!) ਜੇ ਘੋੜੇ ਦਾਨ ਕਰੀਏ, ਹਾਥੀ ਦਾਨ ਕਰੀਏ, ਸੇਜ ਦਾਨ ਕਰੀਏ, ਵਹੁਟੀ ਦਾਨ ਕਰ ਦੇਈਏ, ਆਪਣੀ ਜ਼ਿਮੀਂ ਦਾਨ ਕਰ ਦੇਈਏ; ਜੇ ਸਦਾ ਹੀ ਅਜਿਹਾ (ਕੋਈ ਨ ਕੋਈ) ਦਾਨ ਕਰਦੇ ਹੀ ਰਹੀਏ;
ਜੇ ਆਪਣਾ ਆਪ ਭੀ ਭੇਟ ਕਰ ਦੇਈਏ; ਜੇ ਆਪਣੇ ਬਰਾਬਰ ਤੋਲ ਕੇ ਸੋਨਾ ਦਾਨ ਕਰੀਏ, ਤਾਂ ਭੀ (ਹੇ ਮਨ!) ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥੩॥
(ਹੇ ਜਿੰਦੇ! ਜੇ ਸਦਾ ਅਜਿਹੇ ਕੰਮ ਹੀ ਕਰਦੇ ਰਹਿਣਾ ਹੈ, ਤੇ ਨਾਮ ਨਹੀਂ ਸਿਮਰਨਾ ਤਾਂ ਫਿਰ) ਮਨ ਵਿਚ ਗਿਲਾ ਨਾ ਕਰਨਾ, ਜਮ ਨੂੰ ਦੋਸ਼ ਨਾ ਦੇਣਾ (ਕਿ ਉਹ ਕਿਉਂ ਆ ਗਿਆ ਹੈ; ਇਹਨੀਂ ਕੰਮੀਂ ਜਮ ਨੇ ਖ਼ਲਾਸੀ ਨਹੀਂ ਕਰਨੀ); (ਹੇ ਜਿੰਦੇ!) ਪਵਿੱਤਰ, ਵਾਸ਼ਨਾ-ਰਹਿਤ ਅਵਸਥਾ ਨਾਲ ਜਾਣ-ਪਛਾਣ ਪਾ;
ਨਾਮਦੇਵ ਬੇਨਤੀ ਕਰਦਾ ਹੈ (ਸਭ ਰਸਾਂ ਦਾ) ਮੂਲ-ਰਸ ਨਾਮ-ਅੰਮ੍ਰਿਤ ਹੀ ਪੀਣਾ ਚਾਹੀਦਾ ਹੈ, ਇਹ ਨਾਮ-ਅੰਮ੍ਰਿਤ ਹੀ ਮੇਰਾ (ਨਾਮਦੇਵ ਦਾ) ਰਾਜਾ ਰਾਮ ਚੰਦਰ ਹੈ, ਜੋ ਰਾਜਾ ਜਸਰਥ ਦਾ ਪੁੱਤਰ ਹੈ ॥੪॥੪॥
ਰਾਗ ਰਾਮਕਲੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਰ ਥਾਂ ਪ੍ਰਭੂ ਦਾ ਨਾਮ ਪੜ੍ਹੀਦਾ (ਭੀ) ਹੈ, ਸੁਣੀਦਾ (ਭੀ) ਹੈ ਤੇ ਵਿਚਾਰੀਦਾ (ਭੀ) ਹੈ (ਭਾਵ, ਸਭ ਜੀਵ ਪ੍ਰਭੂ ਦਾ ਨਾਮ ਪੜ੍ਹਦੇ ਹਨ, ਵਿਚਾਰਦੇ ਹਨ, ਸੁਣਦੇ ਹਨ; ਪਰ ਕਾਮਾਦਿਕਾਂ ਦੇ ਕਾਰਨ ਮਨ ਵਿਚ ਸਹਿਮ ਦੀ ਗੰਢ ਬਣੀ ਰਹਿਣ ਕਰਕੇ, ਇਹਨਾਂ ਦੇ ਅੰਦਰ} ਪ੍ਰਭੂ ਦਾ ਪਿਆਰ ਪੈਦਾ ਨਹੀਂ ਹੁੰਦਾ, ਪ੍ਰਭੂ ਦਾ ਦਰਸ਼ਨ ਨਹੀਂ ਹੁੰਦਾ;
(ਦਰਸ਼ਨ ਹੋਵੇ ਭੀ ਕਿਸ ਤਰ੍ਹਾਂ? ਕਾਮਾਦਿਕ ਦੇ ਕਾਰਨ, ਮਨ ਦੇ ਨਾਲ ਪ੍ਰਭੂ ਦੀ ਛੋਹ ਹੀ ਨਹੀਂ ਬਣਦੀ, ਤੇ) ਜਦ ਤਕ ਲੋਹਾ ਪਾਰਸ ਨਾਲ ਛੁਹੇ ਨਾਹ, ਤਦ ਤਕ ਇਹ ਸ਼ੁੱਧ ਸੋਨਾ ਕਿਵੇਂ ਬਣ ਸਕਦਾ ਹੈ? ॥੧॥