ਰਾਗ ਧਨਾਸਰੀ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
ਸਾਰਾ ਆਕਾਸ਼ (ਮਾਨੋ) ਥਾਲ ਹੈ ਤੇ ਸੂਰਜ ਤੇ ਚੰਦ (ਉਸ ਥਾਲ ਵਿਚ) ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ, ਮਾਨੋ, (ਥਾਲ ਵਿਚ) ਮੋਤੀ ਰੱਖੇ ਹੋਏ ਹਨ।
ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ, ਤੇ ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਵਾਸਤੇ ਫੁੱਲ ਦੇ ਰਹੀ ਹੈ ॥੧॥
(ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! ਇਹ ਹੈ ਤੇਰੀ ਅਦਭੁਤ ਆਰਤੀ!
(ਸਭ ਜੀਵਾਂ ਵਿਚ ਰੁਮਕ ਰਹੀ) ਇੱਕੋ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਾਗਾਰੇ ਵੱਜ ਰਹੇ ਹਨ ॥੧॥ ਰਹਾਉ ॥
(ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ।
ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, (ਪਰ ਨਿਰਾਕਾਰ ਹੋਣ ਕਰਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ ॥੨॥
ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ।
ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ।
ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। (ਗੁਰੂ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ)।
(ਇਸ ਸਰਬ-ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ, ਉਹ ਜੀਵ ਨੂੰ ਚੰਗਾ ਲੱਗੇ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ) ॥੩॥
ਹੇ ਹਰੀ! ਤੇਰੇ ਚਰਨ-ਰੂਪ ਕੌਲ-ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ।
ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ ॥੪॥੩॥
(ਮਨੁੱਖ ਦਾ ਇਹ ਸਰੀਰ-) ਸ਼ਹਰ ਕਾਮ ਅਤੇ ਕ੍ਰੋਧ ਨਾਲ ਭਰਿਆ ਰਹਿੰਦਾ ਹੈ। ਗੁਰੂ ਨੂੰ ਮਿਲ ਕੇ ਹੀ (ਕਾਮ ਕ੍ਰੋਧ ਆਦਿਕ ਦੇ ਇਸ ਜੋੜ ਨੂੰ) ਤੋੜਿਆ ਜਾ ਸਕਦਾ ਹੈ।
ਜਿਸ ਮਨੁੱਖ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ (ਅਤੇ ਉਸ ਦੇ ਅੰਦਰੋਂ ਕਾਮਾਦਿਕਾਂ ਦਾ ਜੋੜ ਟੁੱਟ ਜਾਂਦਾ ਹੈ) ॥੧॥
(ਹੇ ਭਾਈ!) ਗੁਰੂ ਅੱਗੇ ਹੱਥ ਜੋੜ, ਇਹ ਬਹੁਤ ਭਲਾ ਕੰਮ ਹੈ।
ਗੁਰੂ ਅੱਗੇ ਢਹਿ ਪਉ, ਇਹ ਬੜਾ ਨੇਕ ਕੰਮ ਹੈ ॥੧॥ ਰਹਾਉ ॥
ਜੇਹੜੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ, ਉਹ ਉਸ ਦੇ ਨਾਮ ਦੇ ਰਸ ਦੇ ਸੁਆਦ ਨੂੰ ਸਮਝ ਨਹੀਂ ਸਕਦੇ। ਉਹਨਾਂ ਦੇ ਮਨ ਵਿਚ ਅਹੰਕਾਰ ਦਾ (ਮਾਨੋ) ਕੰਡਾ ਚੁੱਭਾ ਹੋਇਆ ਹੈ।
ਜਿਉਂ ਜਿਉਂ ਉਹ ਤੁਰਦੇ ਹਨ (ਜਿਉਂ ਜਿਉਂ ਉਹ ਹਉਮੈ ਦੇ ਸੁਭਾਵ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਅਤੇ ਆਪਣੇ ਸਿਰ ਉੱਤੇ ਆਤਮਕ ਮੌਤ-ਰੂਪ ਡੰਡਾ ਸਹਾਰਦੇ ਹਨ (ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ) ॥੨॥
(ਦੂਜੇ ਪਾਸੇ) ਪਰਮਾਤਮਾ ਦੇ ਪਿਆਰੇ ਬੰਦੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿੰਦੇ ਹਨ। ਉਹਨਾਂ ਦਾ ਸੰਸਾਰ ਦਾ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ।
ਉਹਨਾਂ ਨੂੰ ਕਦੇ ਨਾਸ਼ ਨਾਹ ਹੋਣ ਵਾਲਾ ਸਰਬ-ਵਿਆਪਕ ਪਰਮੇਸਰ ਮਿਲ ਪੈਂਦਾ ਹੈ। ਉਹਨਾਂ ਦੀ ਸੋਭਾ ਸਾਰੇ ਖੰਡਾਂ ਬ੍ਰਹਮੰਡਾਂ ਵਿਚ ਹੋ ਜਾਂਦੀ ਹੈ ॥੩॥
ਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਗਰੀਬ ਮੰਗਦੇ ਹਾਂ। ਤੂੰ ਸਭ ਤੋਂ ਵੱਡਾ ਸਹਾਈ ਹੈਂ। ਸਾਨੂੰ (ਇਹਨਾਂ ਕਾਮਾਦਿਕਾਂ ਤੋਂ) ਬਚਾ ਲੈ।
ਹੇ ਪ੍ਰਭੂ! ਤੇਰੇ ਦਾਸ ਨਾਨਕ ਨੂੰ ਤੇਰਾ ਨਾਮ ਹੀ ਆਸਰਾ ਹੈ, ਤੇਰਾ ਨਾਮ ਹੀ ਸਹਾਰਾ ਹੈ। ਤੇਰੇ ਨਾਮ ਵਿਚ ਜੁੜਿਆਂ ਹੀ ਸੁਖ ਮਿਲਦਾ ਹੈ ॥੪॥੪॥
ਹੇ ਮੇਰੇ ਮਿੱਤਰੋ! ਸੁਣੋ! ਮੈਂ ਬੇਨਤੀ ਕਰਦਾ ਹਾਂ-(ਹੁਣ) ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ।
(ਜੇ ਸੇਵਾ ਕਰੋਗੇ, ਤਾਂ) ਇਸ ਜਨਮ ਵਿਚ ਪ੍ਰਭੂ ਦੇ ਨਾਮ ਦੀ ਖੱਟੀ ਖੱਟ ਕੇ ਜਾਵੋਗੇ, ਅਤੇ ਪਰਲੋਕ ਵਿਚ ਰਹਿਣਾ ਸੌਖਾ ਹੋ ਜਾਇਗਾ ॥੧॥
ਹੇ ਮਨ! ਦਿਨ ਰਾਤ (ਬੀਤ ਬੀਤ ਕੇ) ਉਮਰ ਘਟਦੀ ਜਾ ਰਹੀ ਹੈ।
ਹੇ (ਮੇਰੇ) ਮਨ! ਗੁਰੂ ਨੂੰ ਮਿਲ ਕੇ (ਮਨੁੱਖਾ ਜੀਵਨ ਦਾ) ਕੰਮ ਸਿਰੇ ਚਾੜ੍ਹ ॥੧॥ ਰਹਾਉ ॥
ਇਹ ਜਗਤ ਵਿਕਾਰਾਂ ਨਾਲ ਭਰਪੂਰ ਹੈ। (ਜਗਤ ਦੇ ਜੀਵ) ਤੌਖ਼ਲਿਆਂ ਵਿਚ (ਡੁੱਬ ਰਹੇ ਹਨ। ਇਹਨਾਂ ਵਿਚੋਂ) ਉਹੀ ਮਨੁੱਖ ਨਿਕਲਦਾ ਹੈ ਜਿਸ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ।
(ਵਿਕਾਰਾਂ ਵਿਚ ਸੁੱਤੇ ਹੋਏ) ਜਿਸ ਮਨੁੱਖ ਨੂੰ ਪ੍ਰਭੂ ਆਪ ਜਗਾ ਕੇ ਇਹ ਨਾਮ-ਅੰਮ੍ਰਿਤ ਪਿਲਾਂਦਾ ਹੈ, ਉਸ ਮਨੁੱਖ ਨੇ ਅਕੱਥ ਪ੍ਰਭੂ ਦੀਆਂ ਗੱਲਾਂ (ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ) ਕਰਨ ਦੀ ਜਾਚ ਸਿੱਖ ਲਈ ਹੈ ॥੨॥
(ਹੇ ਭਾਈ!) ਜਿਸ ਕੰਮ ਵਾਸਤੇ (ਇੱਥੇ) ਆਏ ਹੋ, ਉਸ ਦਾ ਵਣਜ ਕਰੋ। ਉਹ ਹਰਿ-ਨਾਮ ਗੁਰੂ ਦੀ ਰਾਹੀਂ (ਹੀ) ਮਨ ਵਿਚ ਵੱਸ ਸਕਦਾ ਹੈ।
(ਜੇ ਗੁਰੂ ਦੀ ਸਰਨ ਪਵੋਗੇ, ਤਾਂ) ਆਤਮਕ ਆਨੰਦ ਅਤੇ ਅਡੋਲਤਾ ਵਿਚ ਟਿਕ ਕੇ ਆਪਣੇ ਅੰਦਰ ਹੀ ਪਰਮਾਤਮਾ ਦਾ ਟਿਕਾਣਾ ਲੱਭ ਲਵੋਗੇ। ਫਿਰ ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ ॥੩॥
ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸਰਬ-ਵਿਆਪਕ ਸਿਰਜਨਹਾਰ! ਮੇਰੇ ਮਨ ਦੀ ਇੱਛਾ ਪੂਰੀ ਕਰ।
ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇਹ ॥੪॥੫॥