ਰਾਗ ਆਸਾਵਰੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੇਰੇ ਮਨ! ਜਿਸ ਮਨੁੱਖ ਦੀ ਪ੍ਰੀਤ ਪਰਮਾਤਮਾ ਨਾਲ ਬਣ ਜਾਂਦੀ ਹੈ,
ਗੁਰੂ ਦੀ ਸੰਗਤਿ ਵਿਚ ਪਰਮਾਤਮਾ ਦਾ ਨਾਮ ਜਪਦਿਆਂ ਉਸ ਦੀ ਇਹੋ ਰੋਜ਼ਾਨਾ ਪਵਿਤ੍ਰ ਕਾਰ ਬਣ ਜਾਂਦੀ ਹੈ ਕਿ ਸਦਾ-ਥਿਰ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ ॥੧॥ ਰਹਾਉ ॥
ਹੇ ਪ੍ਰਭੂ! ਤੇਰੇ ਅਨੇਕਾਂ ਕਿਸਮਾਂ ਦੇ ਗੁਣਾਂ ਨੂੰ ਯਾਦ ਕਰਦਿਆਂ (ਮੇਰੇ ਅੰਦਰ) ਤੇਰੇ ਦਰਸਨ ਦੀ ਤਾਂਘ ਬਹੁਤ ਬਣ ਗਈ ਹੈ,
ਹੇ ਪਾਰਬ੍ਰਹਮ! ਹੇ ਮੁਰਾਰੀ! ਮੇਹਰ ਕਰ, ਕਿਰਪਾ ਕਰ (ਦੀਦਾਰ ਬਖ਼ਸ਼) ॥੧॥
ਅਨੇਕਾਂ ਜੂਨਾਂ ਵਿਚ ਭਟਕਦਾ ਜਦੋਂ ਕੋਈ ਮਨ ਗੁਰੂ ਦੀ ਸੰਗਤਿ ਵਿਚ ਆ ਮਿਲਦਾ ਹੈ,
ਜਿਸ (ਉੱਚੇ ਆਤਮਕ ਜੀਵਨ ਦੇ) ਸੌਦੇ ਨੂੰ ਉਹ ਸਦਾ ਤਰਸਦਾ ਆ ਰਿਹਾ ਸੀ ਉਹ ਉਸ ਨੂੰ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਜੁੜਿਆਂ ਮਿਲ ਜਾਂਦਾ ਹੈ ॥੨॥
ਮਾਇਆ ਦੇ ਜਿਤਨੇ ਭੀ ਕੌਤਕ ਤੇ ਸੁਆਦਲੇ ਪਦਾਰਥ ਦਿੱਸ ਰਹੇ ਹਨ ਇਕ ਖਿਨ ਵਿਚ ਨਾਸ ਹੋ ਜਾਂਦੇ ਹਨ,
ਤੇਰੇ ਭਗਤ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਹਰ ਥਾਂ ਅਨੰਦ ਮਾਣਦੇ ਹਨ ॥੩॥
ਸਾਰਾ ਸੰਸਾਰ ਨਾਸਵੰਤ ਦਿੱਸ ਰਿਹਾ ਹੈ, ਸਦਾ ਕਾਇਮ ਰਹਿਣ ਵਾਲਾ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ।
ਗੁਰੂ ਨਾਲ ਪਿਆਰ ਪਾ (ਉਸ ਪਾਸੋਂ ਇਹ ਹਰਿ-ਨਾਮ ਮਿਲੇਗਾ, ਤੇ) ਤੂੰ ਉਹ ਟਿਕਾਣਾ ਲੱਭ ਲਏਂਗਾ ਜੇਹੜਾ ਕਦੀ ਭੀ ਨਾਸ ਹੋਣ ਵਾਲਾ ਨਹੀਂ ॥੪॥
ਮਿੱਤਰ, ਸੱਜਣ, ਪੁੱਤਰ, ਰਿਸ਼ਤੇਦਾਰ-ਕੋਈ ਭੀ ਸਦਾ ਦੇ ਸਾਥੀ ਨਹੀਂ ਬਣ ਸਕਦੇ।
ਸਦਾ ਸਾਥ ਨਿਬਾਹੁਣ ਵਾਲਾ ਸਿਰਫ਼ ਉਸ ਪਰਮਾਤਮਾ ਦਾ ਨਾਮ ਹੀ ਹੈ ਜੇਹੜਾ ਗਰੀਬਾਂ ਦਾ ਰਾਖਾ ਹੈ ॥੫॥
ਜਿਸ ਮਨੁੱਖ ਦੇ ਵਾਸਤੇ ਗੁਰੂ ਦੇ ਸੋਹਣੇ ਕੋਮਲ ਚਰਨ ਜਹਾਜ਼ ਬਣ ਗਏ ਉਹ ਇਹਨਾਂ ਚਰਨਾਂ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦਾ ਪਰਮਾਤਮਾ ਨਾਲ ਸਦਾ ਲਈ ਪੱਕਾ ਪਿਆਰ ਬਣ ਗਿਆ ॥੬॥
ਹੇ ਪ੍ਰਭੂ! ਤੇਰੇ ਸੇਵਕ ਦੀ (ਤੇਰੇ ਪਾਸੋਂ ਸਦਾ ਇਹੀ) ਮੰਗ ਹੈ ਕਿ ਸਾਹ ਲੈਂਦਿਆਂ ਰੋਟੀ ਖਾਂਦਿਆਂ ਕਦੇ ਭੀ ਨਾਹ ਵਿੱਸਰ।
ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਤੇਰੇ ਸੇਵਕ ਨੂੰ ਭੀ ਉਹੀ ਚੰਗਾ ਲੱਗਦਾ ਹੈ, ਤੇਰੀ ਰਜ਼ਾ ਵਿਚ ਤੁਰਿਆਂ ਤੇਰੇ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੭॥
ਸੁਖਾਂ ਦਾ ਸਮੁੰਦਰ ਪ੍ਰੀਤਮ-ਪ੍ਰਭੂ ਜੀ ਜਿਸ ਮਨੁੱਖ ਨੂੰ ਮਿਲ ਪੈਂਦੇ ਹਨ ਉਸ ਦੇ ਅੰਦਰ ਬੜਾ ਆਨੰਦ ਪੈਦਾ ਹੋ ਜਾਂਦਾ ਹੈ,
ਨਾਨਕ ਆਖਦਾ ਹੈ- ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਜੀ ਜਿਸ ਨੂੰ ਮਿਲਦੇ ਹਨ ਉਸ ਦੇ ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ ॥੮॥੧॥੨॥
ਰਾਗ ਆਸਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਬਿਰਹੜੇ ਛੰਤਾਂ ਕੀ ਜਤਿ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪਿਆਰੇ! ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਮੈਂ ਉਸ ਪਰਮਾਤਮਾ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ ॥੧॥
ਹੇ ਪਿਆਰੇ! ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਭੁੱਲ ਜਾਂਦੇ ਹਨ, ਉਸ ਨੂੰ ਛੱਡਣਾ ਨਹੀਂ ਚਾਹੀਦਾ ॥੨॥
ਹੇ ਪਿਆਰੇ! ਮੈਂ ਤਾਂ ਆਪਣਾ ਇਹ ਸਰੀਰ ਉਸ ਗੁਰੂ ਦੇ ਪਾਸ ਵੇਚਣ ਨੂੰ ਤਿਆਰ ਹਾਂ ਜਿਹੜਾ ਪ੍ਰੀਤਮ-ਪ੍ਰਭੂ ਨਾਲ ਮਿਲਾ ਦੇਂਦਾ ਹੈ ॥੩॥
ਹੇ ਮੇਰੀ ਮਾਂ! ਮੈਂ ਮਾਇਆ ਦੇ ਸੁਖ ਮਾਇਆ ਦੇ ਸੁਹਜ ਸਭ ਛੱਡ ਦਿੱਤੇ ਹਨ (ਨਾਮ-ਰਸ ਦੇ ਟਾਕਰੇ ਤੇ ਇਹ ਸਾਰੇ) ਬੇ-ਸੁਆਦੇ ਹਨ ॥੪॥
ਹੇ ਪਿਆਰੇ! ਜਦੋਂ ਦਾ ਮੈਂ ਗੁਰੂ ਦੀ ਚਰਨੀਂ ਜਾ ਪਿਆ ਹਾਂ, ਕਾਮ ਕ੍ਰੋਧ ਲੋਭ ਆਦਿਕ ਸਾਰੇ ਮੇਰਾ ਖਹਿੜਾ ਛੱਡ ਗਏ ਹਨ ॥੫॥
ਹੇ ਪਿਆਰੇ! ਜੇਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗੇ ਜਾਂਦੇ ਹਨ (ਪਰਮਾਤਮਾ ਨੂੰ ਛੱਡ ਕੇ ਉਹਨਾਂ ਵਿਚੋਂ ਕੋਈ ਭੀ) ਕਿਸੇ ਹੋਰ ਥਾਂ ਨਹੀਂ ਜਾਂਦਾ ॥੬॥
ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲੈਂਦੇ ਹਨ ਉਹ (ਮਾਇਕ ਪਦਾਰਥਾਂ ਵਲੋਂ) ਤ੍ਰਿਪਤ ਹੋ ਜਾਂਦੇ ਹਨ, ਰੱਜ ਜਾਂਦੇ ਹਨ ॥੭॥
ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦਾ ਪੱਲਾ ਫੜ ਲਿਆ ਉਹ ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੮॥੧॥੩॥
ਹੇ ਪਿਆਰੇ! ਜਦੋਂ ਪ੍ਰਭੂ-ਪਾਤਿਸ਼ਾਹ ਮਿਲ ਪੈਂਦਾ ਹੈ ਤਦੋਂ ਜਨਮ ਮਰਨ ਦੇ ਗੇੜ ਦਾ ਦੁੱਖ ਕੱਟਿਆ ਜਾਂਦਾ ਹੈ ॥੧॥
(ਮੇਰਾ) ਪ੍ਰਭੂ (-ਪਾਤਿਸ਼ਾਹ) ਸੋਹਣਾ ਹੈ ਸੁਚੱਜਾ ਹੈ ਸਿਆਣਾ ਹੈ, ਜਦੋਂ ਉਹ ਮੈਨੂੰ ਦੀਦਾਰ ਦੇਂਦਾ ਹੈ ਮੇਰੇ ਅੰਦਰ ਜਾਨ ਪੈ ਜਾਂਦੀ ਹੈ (ਪ੍ਰਭੂ ਦਾ ਦੀਦਾਰ ਹੀ ਮੇਰੀ ਜ਼ਿੰਦਗੀ ਹੈ) ॥੨॥
ਹੇ ਪਿਆਰੇ ਪ੍ਰਭੂ! ਜੇਹੜੇ ਜੀਵ ਤੈਥੋਂ ਵਿਛੁੜ ਜਾਂਦੇ ਹਨ ਉਹ (ਮਾਇਆ ਦੇ ਮੋਹ ਦਾ) ਜ਼ਹਰ ਖਾ ਕੇ ਮਨੁੱਖਾ ਜਨਮ ਵਿਚ ਆਏ ਹੋਏ ਭੀ ਆਤਮਕ ਮੌਤੇ ਮਰ ਜਾਂਦੇ ਹਨ ॥੩॥
(ਪਰ,) ਹੇ ਪਿਆਰੇ ਜੀਵ! (ਜੀਵਾਂ ਦੇ ਕੀਹ ਵੱਸ?) ਜਿਸ ਜੀਵ ਨੂੰ ਤੂੰ ਆਪ (ਆਪਣੇ ਨਾਲ) ਮਿਲਾਂਦਾ ਹੈਂ ਉਹੀ ਤੈਨੂੰ ਮਿਲਦਾ ਹੈ। ਮੈਂ ਉਸ (ਵਡ-ਭਾਗੀ) ਦੇ ਚਰਨੀਂ ਲੱਗਦਾ ਹਾਂ ॥੪॥
ਹੇ ਪਿਆਰੇ (ਪ੍ਰਭੂ)! ਤੇਰਾ ਦਰਸਨ ਕੀਤਿਆਂ ਜੇਹੜਾ ਆਨੰਦ (ਅਨੁਭਵ ਹੁੰਦਾ ਹੈ) ਉਹ ਮੂੰਹੋਂ ਦੱਸਿਆ ਨਹੀਂ ਜਾ ਸਕਦਾ ॥੫॥
ਹੇ ਪਿਆਰੇ! ਜਿਸ ਨੇ ਸਦਾ-ਥਿਰ ਪ੍ਰਭੂ ਨਾਲ ਪੱਕਾ ਪਿਆਰ ਪਾ ਲਿਆ, ਉਸ ਦਾ ਉਹ ਪਿਆਰ ਕਦੇ ਟੁੱਟ ਨਹੀਂ ਸਕਦਾ, ਉਹ ਪਿਆਰ ਤਾਂ ਜੁਗਾਂ ਪ੍ਰਯੰਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ ॥੬॥