(ਸਾਧ ਸੰਗਤਿ ਵਿਚ ਪਹੁੰਚੇ ਹੋਏ ਜਿਨ੍ਹਾਂ ਮਨੁੱਖਾਂ ਦੇ) ਮਾਨਸਕ ਝਗੜੇ ਤੇ ਕਲੇਸ਼ ਗੁਰੂ ਦੇ ਸ਼ਬਦ ਨੇ ਦੂਰ ਕਰ ਦਿੱਤੇ,
ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਹਨਾਂ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ ॥੧॥
(ਹੇ ਭਾਈ!) ਜਿਨ੍ਹਾਂ ਨੇ ਨਿਰਭਉ ਹਰੀ ਦਾ ਧਿਆਨ (ਆਪਣੇ ਹਿਰਦੇ ਵਿਚ) ਧਰਿਆ ਹੈ, ਉਹਨਾਂ ਦੇ (ਦੁਨੀਆ ਵਾਲੇ ਸਾਰੇ) ਡਰ ਦੂਰ ਹੋ ਗਏ ਹਨ।
ਸਾਧ ਸੰਗਤਿ ਵਿਚ (ਜਾ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆਂ (ਨਿਰਭਉ ਹੋਈਦਾ ਹੈ) ॥੧॥ ਰਹਾਉ ॥
(ਸਾਧ ਸੰਗਤਿ ਦੀ ਬਰਕਤਿ ਨਾਲ ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾ ਲਏ,
ਗੁਰੂ ਨੇ ਉਹਨਾਂ ਨੂੰ ਤ੍ਰਿਸ਼ਨਾ-ਅੱਗ ਦੇ ਸਮੁੰਦਰ ਵਿਚੋਂ ਪਾਰ ਲੰਘਾ ਦਿੱਤਾ ॥੨॥
(ਵਿਕਾਰਾਂ ਦੇ ਸਮੁੰਦਰ ਵਿਚ) ਡੁੱਬ ਰਹੇ ਮਨੁੱਖਾਂ ਨੂੰ ਪੂਰੇ ਗੁਰੂ ਨੇ (ਬਾਹੋਂ ਫੜ ਕੇ ਬਾਹਰ) ਕੱਢ ਲਿਆ (ਜਦੋਂ ਉਹ ਸਾਧ ਸੰਗਤਿ ਵਿਚ ਅੱਪੜ ਗਏ),
ਉਹਨਾਂ ਨੂੰ (ਪਰਮਾਤਮਾ ਨਾਲੋਂ) ਅਨੇਕਾਂ ਜਨਮਾਂ ਦੇ ਟੁੱਟਿਆਂ ਹੋਇਆਂ ਨੂੰ (ਗੁਰੂ ਨੇ ਮੁੜ ਪਰਮਾਤਮਾ ਦੇ ਨਾਲ) ਮਿਲਾ ਦਿੱਤਾ ॥੩॥
ਨਾਨਕ ਆਖਦਾ ਹੈ- ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ,
ਜਿਸ ਨੂੰ ਮਿਲਿਆਂ ਸਾਡੀ (ਜੀਵਾਂ ਦੀ) ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ॥੪॥੫੬॥੧੨੪॥
(ਹੇ ਮੇਰੇ ਵੀਰ!) ਸਾਧ ਸੰਗਤਿ ਵਿਚ ਜਾ ਕੇ ਉਸ ਪਰਮਾਤਮਾ ਦਾ ਆਸਰਾ ਲੈ।
ਆਪਣਾ ਮਨ ਆਪਣਾ ਤਨ (ਭਾਵ, ਆਪਣਾ ਹਰੇਕ ਗਿਆਨ-ਇੰਦ੍ਰਾ) ਉਸ ਪਰਮਾਤਮਾ ਦੇ ਹਵਾਲੇ ਕਰ ਦੇਹ ॥੧॥
ਹੇ ਮੇਰੇ ਵੀਰ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ (ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰ।
ਜਿਸ ਨੇ ਨਾਮ ਸਿਮਰਿਆ ਹੈ) ਉਸ ਨੇ ਸਿਮਰ ਸਿਮਰ ਕੇ (ਆਪਣੇ ਅੰਦਰੋਂ ਵਿਕਾਰਾਂ ਦੀ) ਸਾਰੀ ਸੜਨ ਬੁਝਾ ਲਈ ਹੈ ॥੧॥ ਰਹਾਉ ॥
(ਹੇ ਮੇਰੇ ਵੀਰ! ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ ਜਨਮ ਮਰਨ ਦਾ ਗੇੜ ਮੁਕਾ ਲੈ।
ਪਰਮਾਤਮਾ ਦੇ ਸੇਵਕ ਦੇ ਚਰਨਾਂ ਉਤੇ ਆਪਣਾ ਸਿਰ ਰੱਖ ਦੇ ॥੨॥
(ਹੇ ਮੇਰੇ ਭਾਈ!) ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਸਾਂਭ ਰੱਖ।
ਉਹ (ਨਾਮ-) ਧਨ ਇਕੱਠਾ ਕਰ ਜੇਹੜਾ ਤੇਰੇ ਨਾਲ ਸਾਥ ਕਰੇ ॥੩॥
(ਪਰ ਇਹ ਨਾਮ-ਧਨ ਇਕੱਠਾ ਕਰਨਾ ਜੀਵਾਂ ਦੇ ਵੱਸ ਦੀ ਗੱਲ ਨਹੀਂ। ਇਹ ਨਾਮ-ਧਨ) ਉਸ ਮਨੁੱਖ ਨੂੰ ਹੀ ਮਿਲਦਾ ਹੈ, ਜਿਸ ਦੇ ਮੱਥੇ ਉਤੇ ਭਾਗ ਜਾਗੇ।
ਨਾਨਕ ਆਖਦਾ ਹੈ- (ਹੇ ਮੇਰੇ ਭਾਈ!) ਤੂੰ ਉਸ ਮਨੁੱਖ ਦੀ ਚਰਨੀਂ ਲੱਗ (ਜਿਸ ਨੂੰ ਨਾਮ-ਧਨ ਮਿਲਿਆ ਹੈ) ॥੪॥੫੭॥੧੨੬॥
ਗੁਰੂ ਇਕ ਖਿਨ ਵਿਚ ਆਤਮਕ ਜੀਵਨ ਦੇ ਰਸ ਤੋਂ ਸੁੰਞੇ ਹੋ ਚੁੱਕੇ ਮਨੁੱਖਾਂ ਨੂੰ ਹਰੇ (ਭਾਵ, ਆਤਮਕ ਜੀਵਨ ਵਾਲੇ) ਬਣਾ ਦੇਂਦਾ ਹੈ।
ਗੁਰੂ ਨਾਮ-ਜਲ ਸਿੰਜ ਕੇ ਉਨ੍ਹਾਂ ਨੂੰ ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ ਕੇ ਆਤਮਕ ਜੀਵਨ ਬਖ਼ਸ਼ਦਾ ਹੈ ॥੧॥
ਪੂਰੇ ਗੁਰੂ ਨੇ ਉਸ ਦੇ ਸਾਰੇ ਕਸ਼ਟ ਕੱਟ ਦਿੱਤੇ,
ਜਿਸ ਸੇਵਕ ਨੂੰ (ਪਰਮਾਤਮਾ ਨੇ) ਆਪਣੀ ਸੇਵਾ-ਭਗਤੀ (ਦੀ ਦਾਤਿ) ਦਿੱਤੀ ॥੧॥ ਰਹਾਉ ॥
ਉਸ ਦੀ (ਹਰੇਕ ਕਿਸਮ ਦੀ) ਚਿੰਤਾ ਮਿਟ ਗਈ, ਉਸ ਦੇ ਮਨ ਦੀ (ਹਰੇਕ) ਆਸ ਪੂਰੀ ਹੋ ਗਈ,
ਗੁਣਾਂ ਦੇ ਖ਼ਜ਼ਾਨੇ ਸਤਿਗੁਰੂ ਨੇ ਜਿਸ ਮਨੁੱਖ ਉਤੇ ਮਿਹਰ ਕੀਤੀ ॥੨॥
ਉਸ ਦੇ ਸਾਰੇ ਦੁੱਖ ਦੂਰ ਹੋ ਗਏ, ਉਸ ਦੇ ਅੰਦਰ (ਸਾਰੇ) ਸੁਖ ਆ ਕੇ ਟਿਕ ਗਏ।
ਜਦੋਂ ਗੁਰੂ ਨੇ ਜਿਸ ਮਨੁੱਖ ਉਤੇ ਬਖ਼ਸ਼ਸ਼ ਹੋਣ ਦਾ ਹੁਕਮ ਕੀਤਾ, ਰਤਾ ਭੀ ਢਿੱਲ ਨਾਹ ਹੋਈ ॥੩॥
ਜੇਹੜੇ ਮਨੁੱਖ ਪੂਰੇ ਗੁਰੂ ਨੂੰ ਮਿਲ ਪਏ, ਉਹਨਾਂ ਦੀ (ਹਰੇਕ ਕਿਸਮ ਦੀ) ਇੱਛਾ ਪੂਰੀ ਹੋ ਗਈ,
ਹੇ ਨਾਨਕ! ਉਹਨਾਂ ਨੂੰ ਉੱਚੇ ਆਤਮਕ ਗੁਣਾਂ ਦੇ ਸੋਹਣੇ ਫਲ ਲੱਗ ਪਏ ॥੪॥੫੮॥੧੨੭॥
ਜਿਨ੍ਹਾਂ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਹ ਠੰਡੇ ਜਿਗਰੇ ਵਾਲੇ ਬਣ ਜਾਂਦੇ ਹਨ।
ਪਰਮਾਤਮਾ ਨੇ ਉਹਨਾਂ ਦੇ ਅੰਦਰ ਐਸੀ ਆਤਮਕ ਠੰਢ ਵਰਤਾ ਦਿੱਤੀ ਹੁੰਦੀ ਹੈ ਕਿ ਉਹਨਾਂ ਦੇ ਸਾਰੇ ਤਾਪ-ਕਲੇਸ਼ ਦੂਰ ਹੋ ਜਾਂਦੇ ਹਨ ॥੧॥
(ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਹ ਮਨੁੱਖ) ਪਰਮਾਤਮਾ ਦੀ ਕਿਰਪਾ ਨਾਲ ਸੌਖੇ (ਜੀਵਨ ਵਾਲੇ) ਹੋ ਜਾਂਦੇ ਹਨ,
ਉਹਨਾਂ ਨੂੰ ਅਨੇਕਾਂ ਜਨਮਾਂ ਦੇ ਵਿੱਛੁੜਿਆਂ ਨੂੰ ਪਰਮਾਤਮਾ (ਆਪਣੇ ਨਾਲ) ਮਿਲਾ ਲੈਂਦਾ ਹੈ ॥੧॥ ਰਹਾਉ ॥
(ਜਿਨ੍ਹਾਂ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ) ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਉਹਨਾਂ ਦੇ ਅੰਦਰੋਂ)
ਸਾਰੇ ਰੋਗਾਂ ਦਾ ਨਿਸ਼ਾਨ ਹੀ ਮਿਟ ਜਾਂਦਾ ਹੈ ॥੨॥
(ਜਿਸ ਮਨੁੱਖ ਨੂੰ ਪਰਮਾਤਮਾ ਨਾਮ ਦੀ ਦਾਤ ਦੇਂਦਾ ਹੈ ਉਹ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ-ਪਿਆਰ ਵਿਚ ਲੀਨ ਹੋ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ।
ਹੇ ਪ੍ਰਾਣੀ! (ਤੂੰ ਭੀ ਉਸ ਦੇ ਦਰ ਤੋਂ ਨਾਮ ਦੀ ਦਾਤ ਮੰਗ, ਤੇ) ਅੱਠੇ ਪਹਰ ਪ੍ਰਭੂ ਦਾ ਨਾਮ ਸਿਮਰਦਾ ਰਹੁ ॥੩॥
ਕੋਈ ਦੁੱਖ-ਦਰਦ ਉਸ ਦੇ ਨੇੜੇ ਨਹੀਂ ਆਉਂਦਾ, ਉਸ ਨੂੰ ਮੌਤ ਦਾ ਡਰ ਨਹੀਂ ਪੋਂਹਦਾ (ਆਤਮਕ ਮੌਤ ਦਾ ਉਸ ਨੂੰ ਖ਼ਤਰਾ ਨਹੀਂ ਰਹਿ ਜਾਂਦਾ),
ਨਾਨਕ ਆਖਦਾ ਹੈ- (ਪਰਮਾਤਮਾ ਦੀ ਮਿਹਰ ਨਾਲ) ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੪॥੫੯॥੧੨੮॥
(ਹੇ ਭਾਈ!) ਉਹ ਦਿਨ ਸੁਹਾਵਣੇ ਹੁੰਦੇ ਹਨ ਉਹ ਮਿਲਾਪ ਦੇ ਅਵਸਰ ਸੁਖਦਾਈ ਹੁੰਦੇ ਹਨ,
ਜਦੋਂ (ਮਾਇਆ ਤੋਂ) ਨਿਰਲੇਪ ਪ੍ਰਭੂ ਜੀ ਮਿਲ ਪੈਂਦੇ ਹਨ ॥੧॥
(ਹੇ ਭਾਈ!) ਮੈਂ ਉਸ ਵੇਲੇ ਤੋਂ ਕੁਰਬਾਨ ਜਾਂਦਾ ਹਾਂ,
ਜਿਸ ਵੇਲੇ ਮੇਰਾ ਮਨ ਪਰਮਾਤਮਾ ਦਾ ਨਾਮ ਜਪਦਾ ਹੈ ॥੧॥ ਰਹਾਉ ॥
(ਹੇ ਭਾਈ!) ਮਨੁੱਖ ਵਾਸਤੇ ਉਹ ਮੁਹੂਰਤ ਭਾਗਾਂ ਵਾਲਾ ਹੁੰਦਾ ਹੈ ਉਹ ਘੜੀ ਸੁਲੱਖਣੀ ਹੁੰਦੀ ਹੈ,
ਜਦੋਂ ਉਸ ਦੀ ਜੀਭ ਪਰਮਾਤਮਾ ਦਾ ਨਾਮ ਉਚਾਰਦੀ ਹੈ ॥੨॥
(ਹੇ ਭਾਈ!) ਉਹ ਮੱਥਾ ਭਾਗਾਂ ਵਾਲਾ ਹੈ ਜੇਹੜਾ ਗੁਰੂ-ਸੰਤ ਦੇ ਚਰਨਾਂ ਉਤੇ ਨਿਊਂਦਾ ਹੈ।
ਉਹ ਪੈਰ ਪਵਿਤ੍ਰ ਹੋ ਜਾਂਦੇ ਹਨ ਜੇਹੜੇ ਪਰਮਾਤਮਾ (ਦੇ ਮਿਲਾਪ) ਦੇ ਰਸਤੇ ਉਤੇ ਤੁਰਦੇ ਹਨ ॥੩॥
ਨਾਨਕ ਆਖਦਾ ਹੈ- ਮੇਰੇ ਵੱਡੇ ਭਾਗ (ਜਾਗ ਪੈਂਦੇ ਹਨ)
ਜਦੋਂ ਮੈਂ ਗੁਰੂ ਦੇ ਚਰਨ ਪਰਸਦਾ ਹਾਂ ॥੪॥੬੦॥੧੨੮॥