ਰਾਗ ਕਾਨੜਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੇਰਾ ਮਨ ਸੰਤ ਜਨਾਂ ਨੂੰ ਮਿਲ ਕੇ ਆਤਮਕ ਜੀਵਨ ਵਾਲਾ ਬਣ ਗਿਆ ਹੈ।
ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ। (ਸੰਤ ਜਨਾਂ ਦੀ) ਸੰਗਤ ਵਿਚ ਮਿਲ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੧॥ ਰਹਾਉ ॥
ਹੇ ਹਰੀ! ਹੇ ਪ੍ਰਭੂ! (ਮੇਰੇ ਉਤੇ) ਆਪਣੀ ਮਿਹਰ ਕਰ, ਮੈਂ ਸੰਤ ਜਨਾਂ ਦੀ ਚਰਨੀਂ ਲੱਗਾ ਰਹਾਂ।
ਸ਼ਾਬਾਸ਼ ਹੈ ਸੰਤ ਜਨਾਂ ਨੂੰ ਜਿਨ੍ਹਾਂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੋਈ ਹੈ। ਸੰਤ ਜਨਾਂ ਨੂੰ ਮਿਲ ਕੇ ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖ ਵਿਕਾਰਾਂ ਤੋਂ ਬਚ ਜਾਂਦੇ ਹਨ ॥੧॥
(ਮਨੁੱਖ ਦਾ) ਮਨ (ਆਮ ਤੌਰ ਤੇ) ਕਈ ਤਰੀਕਿਆਂ ਨਾਲ ਸਦਾ ਭਟਕਦਾ ਫਿਰਦਾ ਹੈ, ਸੰਤ ਜਨਾਂ ਨੂੰ ਮਿਲ ਕੇ (ਇਉਂ) ਵੱਸ ਵਿਚ ਕਰ ਲਈਦਾ ਹੈ,
ਜਿਵੇਂ ਕਿਸੇ ਸ਼ਿਕਾਰੀ ਨੇ ਜਾਲ ਖਿਲਾਰਿਆ, ਅਤੇ ਮੱਛੀ ਨੂੰ (ਕੁੰਡੇ ਵਿਚ) ਫਸਾ ਕੇ ਕਾਬੂ ਕਰ ਕੇ ਲੈ ਗਿਆ ॥੨॥
ਪਰਮਾਤਮਾ ਦੇ ਸੇਵਕ ਸੰਤ ਜਨ ਭਲੇ ਅਤੇ ਚੰਗੇ ਜੀਵਨ ਵਾਲੇ ਹੁੰਦੇ ਹਨ, ਸੰਤ ਜਨਾਂ ਨੂੰ ਮਿਲ ਕੇ (ਮਨ ਦੀ ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ।
ਜਿਵੇਂ ਸਾਬਣ ਨਾਲ ਕੱਪੜਾ (ਸਾਫ਼) ਕਰ ਲਈਦਾ ਹੈ, (ਤਿਵੇਂ ਸੰਤ ਜਨਾਂ ਦੀ ਸੰਗਤ ਵਿਚ ਮਨੁੱਖ ਦੇ ਅੰਦਰੋਂ) ਹਉਮੈ ਦਾ ਵਿਕਾਰ ਸਾਰਾ ਨਿਕਲ ਜਾਂਦਾ ਹੈ ॥੩॥
ਹੇ ਦਾਸ ਨਾਨਕ! ਜਿਸ ਮਨੁੱਖ ਦੇ ਮੱਥੇ ਉੱਤੇ ਠਾਕੁਰ-ਪ੍ਰਭੂ ਨੇ ਧੁਰ ਦਰਗਾਹ ਤੋਂ (ਗੁਰੂ-ਮਿਲਾਪ ਦਾ ਲੇਖ) ਲਿਖ ਦਿੱਤਾ, ਉਸ ਨੇ ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਵਸਾ ਲਏ।
ਉਸ ਨੇ ਉਹ ਪਰਮਾਤਮਾ ਲੱਭ ਲਿਆ ਜਿਹੜਾ ਸਾਰੀ ਗ਼ਰੀਬੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਉਹ ਮਨੁੱਖ ਨਾਮ ਵਿਚ (ਜੁੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ ॥੪॥੧॥
ਮੇਰਾ ਮਨ ਸੰਤ ਜਨਾਂ ਦੇ ਚਰਨਾਂ ਦੀ ਧੂੜ (ਮੰਗਦਾ ਹੈ)।
ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ (ਜਿਸ ਨੇ ਭੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ, ਉਸ ਦਾ ਕੋਰਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਗਿਆ ॥੧॥ ਰਹਾਉ ॥
ਅਸੀਂ ਜੀਵ (ਪਰਮਾਤਮਾ ਵਲੋਂ) ਬੇ-ਧਿਆਨੇ ਗ਼ਾਫ਼ਿਲ ਰਹਿੰਦੇ ਹਾਂ, ਅਸੀਂ ਨਹੀਂ ਜਾਣਦੇ ਕਿ ਪਰਮਾਤਮਾ ਕਿਹੋ ਜਿਹਾ ਉੱਚੀ ਆਤਮਕ ਅਵਸਥਾ ਵਾਲਾ ਹੈ ਅਤੇ ਕੇਡਾ ਬੇਅੰਤ ਵੱਡਾ ਹੈ। (ਜਿਹੜੇ ਗੁਰੂ ਦੀ ਸਰਨ ਪੈ ਗਏ, ਉਹਨਾਂ ਨੂੰ) ਗੁਰੂ ਨੇ ਸਿਆਣੇ ਚਿੱਤ ਵਾਲੇ ਬਣਾ ਦਿੱਤਾ।
ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਨੇ ਜਿਸ ਦਾ ਪੱਖ ਕੀਤਾ, ਉਸ ਨੇ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ॥੧॥
ਜੇ (ਮੇਰੇ) ਮਨ ਦੇ ਪਿਆਰੇ ਸੰਤ ਜਨ (ਮੈਨੂੰ) ਮਿਲ ਪੈਣ, ਤਾਂ ਮੈਂ ਉਹਨਾਂ ਨੂੰ (ਆਪਣਾ) ਹਿਰਦਾ ਕੱਟ ਕੇ ਦੇ ਦਿਆਂ।
(ਜਿਨ੍ਹਾਂ ਨੂੰ) ਪਰਮਾਤਮਾ ਦੇ ਸੰਤ ਮਿਲ ਪਏ, ਉਹਨਾਂ ਨੂੰ ਪਰਮਾਤਮਾ ਮਿਲ ਪਿਆ। ਸੰਤ ਜਨ ਅਸਾਂ ਜੀਵਾਂ ਨੂੰ ਪਤਿਤਾਂ ਤੋਂ ਪਵਿੱਤਰ ਕਰ ਲੈਂਦੇ ਹਨ ॥੨॥
ਪਰਮਾਤਮਾ ਦੇ ਸੇਵਕ ਜਗਤ ਵਿਚ ਉੱਚੇ ਜੀਵਨ ਵਾਲੇ ਅਖਵਾਂਦੇ ਹਨ, ਕਿਉਂਕਿ ਉਹਨਾਂ ਨੂੰ ਮਿਲਿਆਂ ਪੱਥਰ (ਭੀ ਅੰਦਰੋਂ) ਸਿੱਜ ਜਾਂਦੇ ਹਨ (ਪੱਥਰ-ਦਿਲ ਮਨੁੱਖ ਭੀ ਨਰਮ-ਦਿਲ ਹੋ ਜਾਂਦੇ ਹਨ)।