ਮਾਇਆ ਦਾ ਮੋਹ ਦੁਖਦਾਈ ਸਾਬਤ ਹੁੰਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰਾ (ਉੱਦਮ) ਦੁਖ (ਦਾ ਹੀ ਮੂਲ) ਹੈ।
ਹੇ ਨਾਨਕ! ਗੁਰੂ ਦੀ ਸ਼ਰਨ ਪੈ ਕੇ (ਜਿਸ ਮਨੁੱਖ ਨੂੰ ਇਹ ਭੇਤ) ਦਿੱਸ ਪੈਂਦਾ ਹੈ, (ਉਸ ਦੇ ਅੰਦਰੋਂ) ਮਾਇਆ ਦਾ ਸਾਰਾ ਮੋਹ ਦੂਰ ਹੋ ਜਾਂਦਾ ਹੈ ॥੧੭॥
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਿਹ ਕੇ ਖਸਮ-ਪ੍ਰਭੂ ਦਾ ਹੁਕਮ ਮੰਨਦਾ ਹੈ, ਉਹ ਹੁਕਮ ਵਿਚ ਟਿਕ ਕੇ ਹੀ ਆਤਮਕ ਆਨੰਦ ਮਾਣਦਾ ਹੈ।
ਉਹ ਮਨੁੱਖ ਪ੍ਰਭੂ ਦੇ ਹੁਕਮ ਨੂੰ ਹਰ ਵੇਲੇ ਚੇਤੇ ਰੱਖਦਾ ਹੈ, ਹੁਕਮ ਦੀ ਭਗਤੀ ਕਰਦਾ ਹੈ, ਹਰ ਵੇਲੇ ਹੁਕਮ ਵਿਚ ਲੀਨ ਰਹਿੰਦਾ ਹੈ।
ਵਰਤ (ਆਦਿਕ ਰੱਖਣ ਦਾ) ਨੇਮ, ਸਰੀਰਕ ਪਵਿਤ੍ਰਤਾ, ਇੰਦ੍ਰਿਆਂ ਨੂੰ ਰੋਕਣ ਦਾ ਜਤਨ-ਇਹ ਸਭ ਕੁਝ ਉਸ ਮਨੁੱਖ ਦੇ ਵਾਸਤੇ ਪ੍ਰਭੂ ਦਾ ਹੁਕਮ ਮੰਨਣਾ ਹੀ ਹੈ। (ਹੁਕਮ ਮੰਨ ਕੇ) ਉਹ ਮਨੁੱਖ ਮਨ-ਮੰਗੀ ਮੁਰਾਦ ਪ੍ਰਾਪਤ ਕਰਦਾ ਹੈ।
ਜਿਹੜੀ ਜੀਵ-ਇਸਤ੍ਰੀ ਪਰਮਾਤਮਾ ਦੀ ਰਜ਼ਾ ਨੂੰ ਸਮਝਦੀ ਹੈ, ਜਿਹੜੀ ਸੁਰਤ ਜੋੜ ਕੇ ਗੁਰੂ ਦੀ ਸਰਨ ਪਈ ਰਹਿੰਦੀ ਹੈ, ਉਹ ਜੀਵ-ਇਸਤ੍ਰੀ ਸਦਾ ਭਾਗਾਂ ਵਾਲੀ ਹੈ।
ਹੇ ਨਾਨਕ! ਜਿਨ੍ਹਾਂ ਜੀਵਾਂ ਉੱਤੇ (ਪਰਮਾਤਮਾ) ਮਿਹਰ ਕਰਦਾ ਹੈ, ਉਹਨਾਂ ਨੂੰ (ਆਪਣੇ) ਹੁਕਮ ਵਿਚ ਲੀਨ ਕਰ ਲੈਂਦਾ ਹੈ ॥੧੮॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਬਦ-ਨਸੀਬ ਜੀਵ-ਇਸਤ੍ਰੀ (ਪਰਮਾਤਮਾ ਦੀ) ਰਜ਼ਾ ਨੂੰ ਨਹੀਂ ਸਮਝਦੀ, ਸਦਾ ਹਉਮੈ ਦੇ ਆਸਰੇ (ਆਪਣੇ ਵਲੋਂ ਮਿਥੇ ਹੋਏ ਧਾਰਮਿਕ) ਕੰਮ ਕਰਦੀ ਰਹਿੰਦੀ ਹੈ।
ਉਹ ਵਰਤ ਨੇਮ ਸੁੱਚ ਸੰਜਮ ਦੇਵ-ਪੂਜਾ (ਆਦਿਕ ਕਰਮ ਕਰਦੀ ਹੈ, ਪਰ ਇਹ ਹਨ ਨਿਰਾ ਵਿਖਾਵਾ, ਤੇ) ਵਿਖਾਵੇ ਨਾਲ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ।
(ਜਿਨ੍ਹਾਂ ਮਨੁੱਖਾਂ ਦਾ ਮਨ) ਅੰਦਰੋਂ ਖੋਟਾ ਰਹਿੰਦਾ ਹੈ, ਜਿਹੜੇ ਮਾਇਆ ਦੇ ਮੋਹ ਵਿਚ ਵਿੱਝੇ ਰਹਿੰਦੇ ਹਨ (ਉਹਨਾਂ ਦੇ ਕੀਤੇ ਧਾਰਮਿਕ ਕਰਮ ਇਉਂ ਹੀ ਹਨ) ਜਿਵੇਂ ਹਾਥੀ (ਨ੍ਹਾ ਕੇ ਆਪਣੇ ਉੱਤੇ) ਮਿੱਟੀ ਉਡਾ ਕੇ ਪਾ ਲੈਂਦਾ ਹੈ।
ਉਹ ਮਨੁੱਖ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਜਿਸ ਨੇ (ਉਹਨਾਂ ਨੂੰ) ਪੈਦਾ ਕੀਤਾ। (ਹਰਿ-ਨਾਮ ਦਾ) ਸਿਮਰਨ ਕਰਨ ਤੋਂ ਬਿਨਾ ਕੋਈ ਮਨੁੱਖ ਕਦੇ ਸੁਖ ਨਹੀਂ ਪਾ ਸਕਦਾ।
ਹੇ ਨਾਨਕ! ਕਰਾਤਰ ਨੇ ਹੀ ਧੁਰ ਦਰਗਾਹ ਤੋਂ (ਆਪਣੇ ਹੁਕਮ ਨਾਲ) ਜਗਤ-ਰਚਨਾ ਕੀਤੀ ਹੋਈ ਹੈ, ਹਰੇਕ ਜੀਵ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ (ਹੁਣ ਭੀ) ਕਰਮ ਕਰੀ ਜਾਂਦਾ ਹੈ ॥੧੯॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ (ਗੁਰੂ ਵਾਸਤੇ) ਸਰਧਾ ਬਣੀ ਰਹਿੰਦੀ ਹੈ, (ਉਸ ਦਾ) ਮਨ (ਗੁਰੂ ਵਿਚ) ਪਤੀਜਿਆ ਰਹਿੰਦਾ ਹੈ, ਉਹ ਹਰ ਵੇਲੇ ਸੇਵਾ ਕਰਦਿਆਂ (ਸੇਵਾ ਵਿਚ) ਮਸਤ ਰਹਿੰਦਾ ਹੈ।
(ਜਿਸ ਮਨੁੱਖ ਦੇ) ਹਿਰਦੇ ਵਿਚ (ਸਦਾ) ਗੁਰੂ ਵੱਸਦਾ ਹੈ ਸਭ ਦਾ ਆਦਰ-ਸਤਕਾਰ ਕਰਦਾ ਹੈ, ਉਹ ਸਾਰੀ ਲੁਕਾਈ ਵਿਚ ਗੁਰੂ ਦਾ ਦਰਸਨ ਕਰਦਾ ਹੈ।
ਸਭ ਤੋਂ ਉੱਚੀ ਆਤਮਕ ਵਿਚਾਰ ਦੇ ਮਾਲਕ ਗੁਰੂ ਵਿਚ ਸਰਧਾ ਬਣਾਣੀ ਚਾਹੀਦੀ ਹੈ, ਜਿਸ (ਗੁਰੂ) ਦੇ ਮਿਲਿਆਂ (ਮਾਇਆ ਦੀ) ਸਾਰੀ ਭੁੱਖ ਸਾਰੀ ਤ੍ਰਿਹ ਦੂਰ ਹੋ ਜਾਂਦੀ ਹੈ।
ਮੈਂ ਸਦਾ ਹੀ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਕਿਉਂਕਿ ਉਹ ਗੁਰੂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲਾ ਦੇਂਦਾ ਹੈ।
ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੇ ਚਰਨਾਂ ਵਿਚ ਆ ਕੇ ਟਿਕ ਗਏ, ਉਹਨਾਂ ਨੇ ਸਦਾ ਕਾਇਮ ਰਹਿਣ ਵਾਲੀ (ਰੱਬੀ) ਮਿਹਰ ਪ੍ਰਾਪਤ ਕਰ ਲਈ ॥੨੦॥
ਜਿਨ੍ਹਾਂ (ਸਤ ਸੰਗੀਆਂ ਦਾ) ਪਿਆਰੇ ਪ੍ਰਭੂ ਨਾਲ ਪਿਆਰ ਬਣਿਆ ਹੋਇਆ ਹੈ, ਉਹ ਸਤਸੰਗੀ ਸੱਜਣ ਮੇਰੇ ਨਾਲ (ਸਹਾਈ) ਹਨ।
(ਉਹਨਾਂ ਦੇ ਸਤਸੰਗ ਦੀ ਬਰਕਤਿ ਨਾਲ) ਮੈਂ ਅੰਦਰ ਬਾਹਰ (ਦੁਨੀਆ ਦੇ ਕਾਰ ਵਿਹਾਰ ਵਿਚ ਭੀ) ਤੁਰਿਆ ਫਿਰਦਾ ਹਾਂ, (ਫਿਰ) ਭੀ (ਪਰਮਾਤਮਾ ਨੂੰ ਆਪਣੇ) ਹਿਰਦੇ ਵਿਚ ਸੰਭਾਲ ਕੇ ਰੱਖਦਾ ਹਾਂ ॥੨੧॥
ਜਿਨ੍ਹਾਂ ਮਨੁੱਖਾਂ ਨੇ ਗੁਰ ਚਰਨਾਂ ਵਿਚ ਚਿੱਤ ਜੋੜ ਕੇ ਇਕਾਗਰ ਮਨ ਨਾਲ ਇਕਾਗਰ ਚਿੱਤ ਨਾਲ (ਪਰਮਾਤਮਾ ਦਾ ਨਾਮ) ਸਿਮਰਿਆ ਹੈ,
ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਹਨਾਂ ਦੀ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ, ਉਹਨਾਂ ਦੇ ਅੰਦਰੋਂ ਹਉਮੈ ਦਾ ਵੱਡਾ ਰੋਗ ਦੂਰ ਹੋ ਜਾਂਦਾ ਹੈ, (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ।
ਉਹ ਮਨੁੱਖ ਸਦਾ ਪ੍ਰਭੂ ਦੇ ਗੁਣ ਗਾਂਦੇ ਹਨ, ਗੁਣ ਉਚਾਰਦੇ ਹਨ। (ਗੁਰੂ-ਚਰਨਾਂ ਵਿਚ ਸੁਰਤ ਜੋੜ ਕੇ) ਮਨੁੱਖ ਪਰਮਾਤਮਾ ਦੇ ਗੁਣਾਂ ਵਿਚ ਸਦਾ ਲੀਨ ਰਹਿੰਦਾ ਹੈ ਟਿਕਿਆ ਰਹਿੰਦਾ ਹੈ।
ਹੇ ਨਾਨਕ! ਪਰਮਾਤਮਾ ਪੂਰੇ ਗੁਰੂ ਦੀ ਰਾਹੀਂ ਮਿਲਦਾ ਹੈ, ਆਤਮਕ ਅਡੋਲਤਾ ਵਿਚ ਆ ਮਿਲਦਾ ਹੈ ॥੨੨॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਅੰਦਰ ਮਾਇਆ ਦਾ ਮੋਹ (ਬਣਿਆ ਰਹਿੰਦਾ) ਹੈ, (ਇਸ ਵਾਸਤੇ ਉਸ ਦਾ ਪਰਮਾਤਮਾ ਦੇ) ਨਾਮ ਵਿਚ ਪਿਆਰ ਨਹੀਂ ਬਣਦਾ।
ਉਹ ਮਨੁੱਖ ਠੱਗੀ-ਫ਼ਰੇਬ ਕਰਦਾ ਰਹਿੰਦਾ ਹੈ, ਠੱਗੀ-ਫ਼ਰੇਬ (ਦੇ ਸੰਸਕਾਰ ਆਪਣੇ ਅੰਦਰ) ਇਕੱਠੇ ਕਰਦਾ ਜਾਂਦਾ ਹੈ, ਠੱਗੀ-ਫ਼ਰੇਬ ਦੀ ਰਾਹੀਂ ਹੀ ਆਪਣੀ ਰੋਜ਼ੀ ਬਣਾਈ ਰੱਖਦਾ ਹੈ।
ਆਤਮਕ ਮੌਤ ਲਿਆਉਣ ਵਾਲੀ ਮਾਇਆ ਵਾਲਾ ਧਨ (ਮਨੁੱਖ ਦੇ) ਅੰਤ ਸਮੇ (ਉਸ ਦੇ ਭਾ ਦਾ) ਸਾਰਾ ਸੁਆਹ ਹੋ ਜਾਂਦਾ ਹੈ, (ਪਰ ਇਸੇ) ਧਨ ਨੂੰ ਜੋੜ ਜੋੜ ਕੇ (ਜੀਵ) ਆਤਮਕ ਮੌਤ ਸਹੇੜਦੇ ਰਹਿੰਦੇ ਹਨ,
(ਆਪਣੇ ਵਲੋਂ ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਧਾਰਮਿਕ ਕਰਮ ਕਰਦੇ ਹਨ, ਸਰੀਰਕ ਪਵਿੱਤ੍ਰਤਾ ਰੱਖਦੇ ਹਨ, (ਇਹੋ ਜਿਹਾ ਹਰੇਕ) ਸੰਜਮ ਕਰਦੇ ਹਨ, (ਪਰ ਉਹਨਾਂ ਦੇ) ਅੰਦਰ ਲੋਭ ਟਿਕਿਆ ਰਹਿੰਦਾ ਹੈ ਵਿਕਾਰ ਟਿਕੇ ਰਹਿੰਦੇ ਹਨ।
ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਸਾਰੀ ਉਮਰ) ਜੋ ਕੁਝ ਕਰਦਾ ਰਹਿੰਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਪਰਵਾਨ ਨਹੀਂ ਹੁੰਦਾ, ਉਥੇ ਉਹ ਖ਼ੁਆਰ ਹੀ ਹੁੰਦਾ ਹੈ ॥੨੩॥
ਹੇ ਭਾਈ! ਸਾਰੇ ਰਾਗਾਂ ਵਿਚ ਉਹ (ਹਰਿ-ਨਾਮ ਸਿਮਰਨ ਹੀ) ਚੰਗਾ (ਉੱਦਮ) ਹੈ, ਕਿਉਂਕਿ ਉਸ (ਸਿਮਰਨ) ਦੀ ਰਾਹੀਂ (ਹੀ ਪਰਮਾਤਮਾ ਮਨੁੱਖ ਦੇ) ਮਨ ਵਿਚ ਆ ਕੇ ਵੱਸਦਾ ਹੈ।
ਹੇ ਭਾਈ! ਸਦਾ-ਥਿਰ ਹਰਿ-ਨਾਮ (ਦਾ ਸਿਮਰਨ ਹੀ ਮਨੁੱਖ ਵਾਸਤੇ) ਸਭ ਕੁਝ ਹੈ, ਸਦਾ-ਥਿਰ ਹਰਿ-ਨਾਮ ਹੀ (ਮਨੁੱਖ ਵਾਸਤੇ) ਰਾਗ ਹੈ ਨਾਦ ਹੈ, (ਹਰਿ-ਨਾਮ ਦੇ ਸਿਮਰਨ ਦਾ) ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ।
ਪਰਮਾਤਮਾ (ਦਾ ਮਿਲਾਪ) ਰਾਗ (ਦੀ ਕੈਦ) ਤੋਂ ਪਰੇ ਹੈ, ਨਾਦ (ਦੀ ਕੈਦ) ਤੋਂ ਪਰੇ ਹੈ। ਇਹਨਾਂ (ਰਾਗਾਂ ਨਾਦਾਂ) ਦੀ ਰਾਹੀਂ (ਪਰਮਾਤਮਾ ਦੀ) ਰਜ਼ਾ ਨੂੰ ਸਮਝਿਆ ਨਹੀਂ ਜਾ ਸਕਦਾ।
ਹੇ ਨਾਨਕ! (ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਸਮਝ ਲੈਂਦਾ ਹੈ ਉਹਨਾਂ ਵਾਸਤੇ (ਰਾਗ ਭੀ) ਸਹਾਈ ਹੋ ਸਕਦਾ ਹੈ (ਉਂਞ ਨਿਰੇ ਰਾਗ ਹੀ ਆਤਮਕ ਜੀਵਨ ਦੇ ਰਸਤੇ ਵਿਚ ਸਹਾਈ ਨਹੀਂ ਹਨ)।
ਗੁਰੂ ਪਾਸੋਂ ਇਹ ਸਮਝ ਪੈਂਦੀ ਹੈ ਕਿ ਸਭ ਕੁਝ ਉਸ ਪਰਮਾਤਮਾ ਤੋਂ ਹੀ ਹੋ ਰਿਹਾ ਹੈ, ਜਿਵੇਂ ਉਸ ਦੀ ਰਜ਼ਾ ਹੈ, (ਤਿਵੇਂ ਹੀ ਸਭ ਕੁਝ ਹੋ ਰਿਹਾ ਹੈ) ॥੨੪॥