ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 448


ਆਸਾ ਮਹਲਾ ੪ ਛੰਤ ॥

ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥

ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ, ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ, ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ।

ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ ਜੀਉ ॥

ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ, ਉਸ ਦਾ ਵਡੱਪਣ ਭੀ ਮਿਣਿਆ ਨਹੀਂ ਜਾ ਸਕਦਾ, ਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ।

ਗੋਵਿੰਦੁ ਅਲਖ ਅਪਾਰੁ ਅਪਰੰਪਰੁ ਆਪੁ ਆਪਣਾ ਜਾਣੈ ॥

ਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ, ਪਰੇ ਤੋਂ ਪਰੇ ਹੈ, ਆਪਣੇ ਆਪ ਨੂੰ ਉਹ ਹੀ ਜਾਣਦਾ ਹੈ।

ਕਿਆ ਇਹ ਜੰਤ ਵਿਚਾਰੇ ਕਹੀਅਹਿ ਜੋ ਤੁਧੁ ਆਖਿ ਵਖਾਣੈ ॥

ਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਸਰੂਪ ਦੱਸ ਸੱਕਣ)? (ਹੇ ਪ੍ਰਭੂ! ਕੋਈ ਭੀ ਐਸਾ ਜੀਵ ਨਹੀਂ ਹੈ) ਜੋ ਤੇਰੀ ਹਸਤੀ ਨੂੰ ਬਿਆਨ ਕਰ ਕੇ ਸਮਝਾ ਸਕੇ।

ਜਿਸ ਨੋ ਨਦਰਿ ਕਰਹਿ ਤੂੰ ਅਪਣੀ ਸੋ ਗੁਰਮੁਖਿ ਕਰੇ ਵੀਚਾਰੁ ਜੀਉ ॥

ਹੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਆਪਣੀ ਮੇਹਰ ਦੀ ਨਿਗਾਹ ਕਰਦਾ ਹੈਂ, ਉਹ ਗੁਰੂ ਦੀ ਸਰਨ ਪੈ ਕੇ (ਤੇਰੇ ਗੁਣਾਂ ਦੀ) ਵਿਚਾਰ ਕਰਦਾ ਹੈ।

ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥੧॥

ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ, (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ ॥੧॥

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥

ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ। ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ।

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਸਭ ਮਹਿ ਰਹਿਆ ਸਮਾਇ ਜੀਉ ॥

ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੂੰ ਇਕ-ਰਸ ਸਭਨਾਂ ਵਿਚ ਸਮਾ ਰਿਹਾ ਹੈਂ।

ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ ਤਾ ਕਾ ਅੰਤੁ ਨ ਪਾਇਆ ॥

ਪਾਰਬ੍ਰਹਮ ਪਰਮੇਸਰ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ ਉਸ ਦੇ ਗੁਣਾਂ ਦਾ ਅੰਤ (ਕੋਈ ਜੀਵ) ਨਹੀਂ ਪਾ ਸਕਦਾ।

ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ ਲਖਾਇਆ ॥

ਉਸ ਪ੍ਰਭੂ ਦਾ ਕੋਈ ਖ਼ਾਸ ਰੂਪ ਕੋਈ ਖ਼ਾਸ ਚਿਹਨ ਚੱਕਰ ਦੱਸਿਆ ਨਹੀਂ ਜਾ ਸਕਦਾ। ਉਹ ਪ੍ਰਭੂ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਦੀ ਰਾਹੀਂ ਹੀ ਇਹ ਸਮਝ ਪੈਂਦੀ ਹੈ ਕਿ ਉਸ ਪਰਮਾਤਮਾ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।

ਸਦਾ ਅਨੰਦਿ ਰਹੈ ਦਿਨੁ ਰਾਤੀ ਸਹਜੇ ਨਾਮਿ ਸਮਾਇ ਜੀਉ ॥

(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ) ਦਿਨ ਰਾਤ ਹਰ ਵੇਲੇ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ, ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥੨॥

ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ। ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ ॥੨॥

ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥

ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਤੂੰ ਸਭ ਤੋਂ ਵੱਡਾ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ।

ਹਰਿ ਹਰਿ ਪ੍ਰਭੁ ਏਕੋ ਅਵਰੁ ਨ ਕੋਈ ਤੂੰ ਆਪੇ ਪੁਰਖੁ ਸੁਜਾਨੁ ਜੀਉ ॥

ਹੇ ਹਰੀ! ਤੂੰ ਹੀ ਇਕੋ ਇਕ ਮਾਲਕ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਤੂੰ ਆਪ ਹੀ ਸਭ ਦੇ ਅੰਦਰ ਮੌਜੂਦ ਹੈਂ, ਤੂੰ ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ।

ਪੁਰਖੁ ਸੁਜਾਨੁ ਤੂੰ ਪਰਧਾਨੁ ਤੁਧੁ ਜੇਵਡੁ ਅਵਰੁ ਨ ਕੋਈ ॥

ਹੇ ਹਰੀ! ਤੂੰ ਸਭ ਵਿਚ ਵਿਆਪਕ ਹੈਂ, ਤੂੰ ਘਟ ਘਟ ਦੀ ਜਾਣਨ ਵਾਲਾ ਹੈਂ, ਤੂੰ ਸਭ ਤੋਂ ਸ਼ਿਰੋਮਣੀ ਹੈਂ, ਤੇਰੇ ਜੇਡਾ ਹੋਰ ਕੋਈ ਨਹੀਂ ਹੈ।

ਤੇਰਾ ਸਬਦੁ ਸਭੁ ਤੂੰਹੈ ਵਰਤਹਿ ਤੂੰ ਆਪੇ ਕਰਹਿ ਸੁ ਹੋਈ ॥

ਹਰ ਥਾਂ ਤੇਰਾ ਹੀ ਹੁਕਮ ਚੱਲ ਰਿਹਾ ਹੈ, ਹਰ ਥਾਂ ਤੂੰ ਹੀ ਤੂੰ ਮੌਜੂਦ ਹੈਂ, ਜਗਤ ਵਿਚ ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ।

ਹਰਿ ਸਭ ਮਹਿ ਰਵਿਆ ਏਕੋ ਸੋਈ ਗੁਰਮੁਖਿ ਲਖਿਆ ਹਰਿ ਨਾਮੁ ਜੀਉ ॥

ਸਾਰੀ ਸ੍ਰਿਸ਼ਟੀ ਵਿਚ ਇਕ ਉਹ ਪਰਮਾਤਮਾ ਹੀ ਰਮ ਰਿਹਾ ਹੈ, ਗੁਰੂ ਦੀ ਸਰਨ ਪਿਆਂ ਉਸ ਪਰਮਾਤਮਾ ਦੇ ਨਾਮ ਦੀ ਸੂਝ ਪੈਂਦੀ ਹੈ।

ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥੩॥

ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਭ ਤੋਂ ਵੱਡਾ ਹਾਕਮ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ ॥੩॥

ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥

ਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ। ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ, (ਆਪਣੀ ਇਸ ਰਚਨਾ ਨੂੰ ਆਪਣੇ ਹੁਕਮ ਵਿਚ) ਤੋਰ।

ਤੁਧੁ ਆਪੇ ਭਾਵੈ ਤਿਵੈ ਚਲਾਵਹਿ ਸਭ ਤੇਰੈ ਸਬਦਿ ਸਮਾਇ ਜੀਉ ॥

ਹੇ ਕਰਤਾਰ! ਜਿਵੇਂ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸ੍ਰਿਸ਼ਟੀ ਨੂੰ ਕਾਰੇ ਲਾ ਰਿਹਾ ਹੈਂ, ਸਾਰੀ ਲੁਕਾਈ ਤੇਰੇ ਹੀ ਹੁਕਮ ਦੇ ਅਨੁਸਾਰ ਹੋ ਕੇ ਤੁਰਦੀ ਹੈ।

ਸਭ ਸਬਦਿ ਸਮਾਵੈ ਜਾਂ ਤੁਧੁ ਭਾਵੈ ਤੇਰੈ ਸਬਦਿ ਵਡਿਆਈ ॥

ਸਾਰੀ ਲੁਕਾਈ ਤੇਰੇ ਹੁਕਮ ਵਿਚ ਹੀ ਟਿਕੀ ਰਹਿੰਦੀ ਹੈ, ਜਦੋਂ ਤੈਨੂੰ ਚੰਗਾ ਲੱਗਦਾ ਹੈ, ਤਾਂ ਤੇਰੇ ਹੁਕਮ ਅਨੁਸਾਰ ਹੀ (ਜੀਵਾਂ ਨੂੰ) ਆਦਰ-ਮਾਣ ਮਿਲਦਾ ਹੈ।

ਗੁਰਮੁਖਿ ਬੁਧਿ ਪਾਈਐ ਆਪੁ ਗਵਾਈਐ ਸਬਦੇ ਰਹਿਆ ਸਮਾਈ ॥

ਜੇ ਗੁਰੂ ਦੀ ਸਰਨ ਪੈ ਕੇ ਚੰਗੀ ਅਕਲ ਹਾਸਲ ਕਰ ਲਈਏ, ਜੇ (ਆਪਣੇ ਅੰਦਰੋਂ) ਹਉਮੈ-ਅਹੰਕਾਰ ਦੂਰ ਕਰ ਲਈਏ, ਤਾਂ ਗੁਰ-ਸ਼ਬਦ ਦੀ ਬਰਕਤਿ ਨਾਲ ਉਹ ਕਰਤਾਰ ਹਰ ਥਾਂ ਵਿਆਪਕ ਦਿੱਸਦਾ ਹੈ।

ਤੇਰਾ ਸਬਦੁ ਅਗੋਚਰੁ ਗੁਰਮੁਖਿ ਪਾਈਐ ਨਾਨਕ ਨਾਮਿ ਸਮਾਇ ਜੀਉ ॥

ਹੇ ਨਾਨਕ! (ਆਖ-ਹੇ ਕਰਤਾਰ!) ਤੇਰਾ ਹੁਕਮ ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ (ਤੇਰੇ ਹੁਕਮ ਦੀ ਸਮਝ) ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ, (ਜਿਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਉਹ ਤੇਰੇ) ਨਾਮ ਵਿਚ ਲੀਨ ਹੋ ਜਾਂਦਾ ਹੈ।

ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥੪॥੭॥੧੪॥

ਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ। ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਆਪਣੀ ਇਸ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿਚ) ਤੋਰ ॥੪॥੭॥੧੪॥

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਮਹਲਾ ੪ ਛੰਤ ਘਰੁ ੪ ॥

ਰਾਗ ਆਸਾ, ਘਰ ੪ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।

ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥

ਮੇਰੀਆਂ ਅੱਖਾਂ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਜਲ ਨਾਲ ਸਰੂਰ ਵਿਚ ਆ ਗਈਆਂ ਹਨ, ਮੇਰਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਗਿਆ ਹੈ।

ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥

ਪਰਮਾਤਮਾ ਨੇ ਮੇਰੇ ਮਨ ਨੂੰ (ਆਪਣੇ ਨਾਮ ਦੀ) ਕਸਵੱਟੀ ਉਤੇ ਘਸਾਇਆ ਹੈ, ਤੇ ਇਹ ਸੁੱਧ ਸੋਨਾ ਬਣ ਗਿਆ ਹੈ।

ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥

ਗੁਰੂ ਦੀ ਸਰਨ ਪਿਆਂ ਮੇਰਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਗੂੜ੍ਹਾ ਲਾਲ ਹੋ ਗਿਆ ਹੈ, ਮੇਰਾ ਮਨ ਤਰੋ-ਤਰ ਹੋ ਗਿਆ ਹੈ, ਮੇਰਾ ਹਿਰਦਾ ਤਰੋ-ਤਰ ਹੋ ਗਿਆ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430