ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 451


ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ ॥

ਉਹ ਆਪਣੇ ਗੁਰੂ ਨੂੰ ਅਭੁੱਲ ਜਾਣ ਕੇ ਉਸ ਦੀ ਦੱਸੀ ਹੋਈ ਸੇਵਾ ਕਰਦੇ ਰਹਿੰਦੇ ਹਨ (ਜਿਸ ਦੀ ਬਰਕਤਿ ਨਾਲ ਉਹਨਾਂ ਦੇ ਮਨ ਵਿਚੋਂ) ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ,

ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ ॥

ਗੁਰੂ ਦੇ ਸ਼ਰਨ ਲਗਿਆਂ ਦੀ ਮਾਇਆ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਹੈ, ਤੇ ਉਹਨਾਂ ਦੀ ਸੰਗਤ ਵਿੱਚ ਹੋਰ ਬਥੇਰੀ ਲੁਕਾਈ ਨਾਮ ਸਿਮਰਨ ਦੀ ਆਤਮਕ ਖ਼ੁਰਾਕ ਖਾਂਦੀ ਹੈ।

ਜਨ ਨਾਨਕ ਹਰਿ ਪੁੰਨੁ ਬੀਜਿਆ ਫਿਰਿ ਤੋਟਿ ਨ ਆਵੈ ਹਰਿ ਪੁੰਨ ਕੇਰੀ ॥੩॥

ਹੇ ਦਾਸ ਨਾਨਕ! ਜੇਹੜੇ ਮਨੁੱਖ (ਆਪਣੇ ਹਿਰਦੇ-ਖੇਤ ਵਿਚ) ਹਰਿ-ਨਾਮ ਸਿਮਰਨ ਦਾ ਭਲਾ ਬੀਜ ਬੀਜਦੇ ਹਨ, ਉਹਨਾਂ ਦੇ ਅੰਦਰ ਇਸ ਭਲੇ ਕਰਮ ਦੀ ਕਦੇ ਕਮੀ ਨਹੀਂ ਹੁੰਦੀ ॥੩॥

ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥

ਜਿਨ੍ਹਾਂ ਗੁਰਸਿੱਖਾਂ ਨੇ ਪਿਆਰੇ ਗੁਰੂ ਦਾ ਦਰਸ਼ਨ ਕਰ ਲਿਆ, ਉਹਨਾਂ ਦੇ ਮਨ ਵਿਚ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ।

ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ ॥

ਜੇ ਕੋਈ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਆ ਸੁਣਾਏ ਤਾਂ ਉਹ ਮਨੁੱਖ ਗੁਰਸਿੱਖਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।

ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨੑਾ ਮੇਰਾ ਸਤਿਗੁਰੁ ਤੁਠਾ ॥

ਜਿਨ੍ਹਾਂ ਗੁਰਸਿੱਖਾਂ ਉਤੇ ਪਿਆਰਾ ਸਤਿਗੁਰੂ ਮੇਹਰਬਾਨ ਹੁੰਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿਚ ਆਦਰ-ਮਾਣ ਮਿਲਦਾ ਹੈ।

ਜਨ ਨਾਨਕੁ ਹਰਿ ਹਰਿ ਹੋਇਆ ਹਰਿ ਹਰਿ ਮਨਿ ਵੁਠਾ ॥੪॥੧੨॥੧੯॥

ਨਾਨਕ ਆਖਦਾ ਹੈ- ਉਹ ਗੁਰਸਿੱਖ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ਪਰਮਾਤਮਾ ਉਹਨਾਂ ਦੇ ਮਨ ਵਿਚ ਸਦਾ ਵੱਸਿਆ ਰਹਿੰਦਾ ਹੈ ॥੪॥੧੨॥੧੯॥

ਆਸਾ ਮਹਲਾ ੪ ॥

ਜਿਨੑਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰਿ ਨਾਮੁ ਦ੍ਰਿੜਾਵੈ ਰਾਮ ਰਾਜੇ ॥

ਜਿਨ੍ਹਾਂ ਮਨੁੱਖਾਂ ਨੇ ਪਿਆਰੇ ਗੁਰੂ ਦਾ ਪੱਲਾ ਫੜ ਲਿਆ, ਗੁਰੂ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦੇਂਦਾ ਹੈ।

ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ ਜੋ ਹਰਿ ਨਾਮੁ ਧਿਆਵੈ ॥

ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਮਨੁੱਖ ਦੀ ਮਾਇਆ ਵਾਲੀ ਭੁੱਖ-ਤ੍ਰੇਹ ਸਾਰੀ ਦੂਰ ਹੋ ਜਾਂਦੀ ਹੈ।

ਜੋ ਹਰਿ ਹਰਿ ਨਾਮੁ ਧਿਆਇਦੇ ਤਿਨੑ ਜਮੁ ਨੇੜਿ ਨ ਆਵੈ ॥

ਜੇਹੜੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ (ਆਤਮਕ ਮੌਤ ਉਹਨਾਂ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ)।

ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਨਿਤ ਜਪੈ ਹਰਿ ਨਾਮੁ ਹਰਿ ਨਾਮਿ ਤਰਾਵੈ ॥੧॥

ਹੇ ਦਾਸ ਨਾਨਕ! ਜਿਸ ਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਸਦਾ ਉਸ ਦਾ ਨਾਮ ਜਪਦਾ ਹੈ, ਤੇ, ਪਰਮਾਤਮਾ ਉਸ ਨੂੰ ਆਪਣੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥

ਜਿਨੀ ਗੁਰਮੁਖਿ ਨਾਮੁ ਧਿਆਇਆ ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ॥

ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹਨਾਂ ਦੇ ਜੀਵਨ-ਸਫ਼ਰ ਵਿਚ ਮੁੜ (ਵਿਕਾਰਾਂ ਆਦਿਕ ਦੀ) ਕੋਈ ਰੁਕਾਵਟ ਨਹੀਂ ਪੈਂਦੀ।

ਜਿਨੀ ਸਤਿਗੁਰੁ ਪੁਰਖੁ ਮਨਾਇਆ ਤਿਨ ਪੂਜੇ ਸਭੁ ਕੋਈ ॥

ਜੇਹੜੇ ਮਨੁੱਖ (ਆਪਣਾ ਜੀਵਨ ਸੁੱਚਾ ਬਣਾ ਕੇ) ਸਮਰਥਾ ਵਾਲੇ ਗੁਰੂ ਨੂੰ ਪ੍ਰਸੰਨ ਕਰ ਲੈਂਦੇ ਹਨ, ਹਰੇਕ ਜੀਵ ਉਹਨਾਂ ਦਾ ਆਦਰ-ਸਤਕਾਰ ਕਰਦਾ ਹੈ।

ਜਿਨੑੀ ਸਤਿਗੁਰੁ ਪਿਆਰਾ ਸੇਵਿਆ ਤਿਨੑਾ ਸੁਖੁ ਸਦ ਹੋਈ ॥

ਜੇਹੜੇ ਮਨੁੱਖ ਪਿਆਰੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ (ਗੁਰੂ ਦਾ ਆਸਰਾ ਲੈਂਦੇ ਹਨ) ਉਹਨਾਂ ਨੂੰ ਸਦਾ ਹੀ ਆਤਮਕ ਆਨੰਦ ਪ੍ਰਾਪਤ ਰਹਿੰਦਾ ਹੈ।

ਜਿਨੑਾ ਨਾਨਕੁ ਸਤਿਗੁਰੁ ਭੇਟਿਆ ਤਿਨੑਾ ਮਿਲਿਆ ਹਰਿ ਸੋਈ ॥੨॥

ਨਾਨਕ (ਆਖਦਾ ਹੈ) ਜੇਹੜੇ ਮਨੁੱਖ ਗੁਰੂ ਦਾ ਪੱਲਾ ਫੜਦੇ ਹਨ ਉਹਨਾਂ ਨੂੰ ਪਰਮਾਤਮਾ ਆਪ ਆ ਮਿਲਦਾ ਹੈ ॥੨॥

ਜਿਨੑਾ ਅੰਤਰਿ ਗੁਰਮੁਖਿ ਪ੍ਰੀਤਿ ਹੈ ਤਿਨੑ ਹਰਿ ਰਖਣਹਾਰਾ ਰਾਮ ਰਾਜੇ ॥

ਗੁਰੂ ਦੇ ਦੱਸੇ ਰਸਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦੀ ਪ੍ਰੀਤਿ ਪੈਦਾ ਹੋ ਜਾਂਦੀ ਹੈ, ਬਚਾਣ ਦੀ ਸਮਰਥਾ ਵਾਲਾ ਪਰਮਾਤਮਾ (ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ।)

ਤਿਨੑ ਕੀ ਨਿੰਦਾ ਕੋਈ ਕਿਆ ਕਰੇ ਜਿਨੑ ਹਰਿ ਨਾਮੁ ਪਿਆਰਾ ॥

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਕੋਈ ਮਨੁੱਖ ਉਹਨਾਂ ਦੀ ਨਿੰਦਾ ਨਹੀਂ ਕਰ ਸਕਦਾ ਕਿਉਂਕਿ ਕੋਈ ਨਿੰਦਣ-ਜੋਗ ਭੈੜ ਉਹਨਾਂ ਦੇ ਜੀਵਨ ਵਿਚ ਰਹਿ ਹੀ ਨਹੀਂ ਜਾਂਦਾ।

ਜਿਨ ਹਰਿ ਸੇਤੀ ਮਨੁ ਮਾਨਿਆ ਸਭ ਦੁਸਟ ਝਖ ਮਾਰਾ ॥

ਸੋ ਜਿਨ੍ਹਾਂ ਦਾ ਮਨ ਪਰਮਾਤਮਾ ਨਾਲ ਗਿੱਝ ਜਾਂਦਾ ਹੈ, ਭੈੜੇ ਮਨੁੱਖ (ਉਹਨਾਂ ਨੂੰ ਬਦਨਾਮ ਕਰਨ ਲਈ ਐਵੇਂ) ਵਿਅਰਥ ਟੱਕਰਾਂ ਮਾਰਦੇ ਹਨ।

ਜਨ ਨਾਨਕ ਨਾਮੁ ਧਿਆਇਆ ਹਰਿ ਰਖਣਹਾਰਾ ॥੩॥

ਹੇ ਦਾਸ ਨਾਨਕ! (ਆਖ-) ਜੇਹੜੇ ਮਨੁੱਖ ਹਰਿ-ਨਾਮ ਸਿਮਰਦੇ ਹਨ, ਬਚਾਣ ਦੀ ਸਮਰਥਾ ਵਾਲਾ ਹਰੀ (ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ) ॥੩॥

ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥

ਪਰਮਾਤਮਾ ਹਰੇਕ ਜੁਗ ਵਿਚ ਹੀ ਭਗਤ ਪੈਦਾ ਕਰਦਾ ਹੈ, ਤੇ, (ਭੀੜਾ ਸਮੇ) ਉਹਨਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ।

ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥

(ਜਿਵੇਂ ਕਿ, ਪ੍ਰਹਿਲਾਦ ਦੇ ਜ਼ਾਲਮ ਪਿਤਾ) ਚੰਦਰੇ ਹਰਣਾਖੁਸ਼ ਨੂੰ ਪਰਮਾਤਮਾ ਨੇ (ਆਖ਼ਰ ਜਾਨੋਂ) ਮਾਰ ਦਿੱਤਾ (ਤੇ ਆਪਣੇ ਭਗਤ) ਪ੍ਰਹਿਲਾਦ ਨੂੰ (ਪਿਉ ਦੇ ਦਿੱਤੇ ਕਸ਼ਟਾਂ ਤੋਂ) ਸਹੀ ਸਲਾਮਤਿ ਬਚਾ ਲਿਆ।

ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥

(ਜਿਵੇਂ ਕਿ, ਮੰਦਰ ਵਿਚੋਂ ਧੱਕੇ ਦੇਣ ਵਾਲੇ) ਨਿੰਦਕਾਂ ਤੇ (ਜਾਤਿ-) ਅਭਿਮਾਨੀਆਂ ਨੂੰ (ਪਰਮਾਤਮਾ ਨੇ) ਪਿੱਠ ਦੇ ਕੇ (ਆਪਣੇ ਭਗਤ) ਨਾਮਦੇਵ ਨੂੰ ਦਰਸ਼ਨ ਦਿੱਤਾ।

ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥੧੩॥੨੦॥

ਹੇ ਦਾਸ ਨਾਨਕ! ਜੇਹੜਾ ਭੀ ਮਨੁੱਖ ਇਹੋ ਜਿਹੀ ਸਮਰਥਾ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ ਪਰਮਾਤਮਾ ਉਸ ਨੂੰ (ਦੋਖੀਆਂ ਵਲੋਂ ਦਿੱਤੇ ਜਾ ਰਹੇ ਸਭ ਕਸ਼ਟਾਂ ਤੋਂ) ਆਖ਼ਰ ਬਚਾ ਲੈਂਦਾ ਹੈ ॥੪॥੧੩॥੨੦॥

ਆਸਾ ਮਹਲਾ ੪ ਛੰਤ ਘਰੁ ੫ ॥

ਰਾਗ ਆਸਾ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥

ਹੇ ਥਾਂ ਥਾਂ ਭਟਕ ਰਹੇ ਮਨ! ਹੇ ਪਿਆਰੇ ਮਨ! ਕਦੇ ਤਾਂ ਪ੍ਰਭੂ-ਚਰਨਾਂ ਵਿਚ ਜੁੜ।

ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ ॥

ਹੇ ਮੇਰੇ ਪਿਆਰੇ ਮਨ! ਹਰਿ-ਰੂਪ ਗੁਰੂ ਨੂੰ ਮਿਲ (ਤੈਨੂੰ ਸਮਝ ਪੈ ਜਾਇਗੀ ਕਿ ਸਭ ਸੁਖਾਂ ਦਾ ਦਾਤਾ) ਪਰਮਾਤਮਾ ਤੇਰੇ ਅੰਦਰ ਹੀ ਵੱਸ ਰਿਹਾ ਹੈ।

ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ ॥

ਹੇ ਮੇਰੇ ਪਿਆਰੇ ਮਨ! ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਆਤਮਕ ਆਨੰਦ ਮਾਣ (ਅਰਦਾਸ ਕਰਦਾ ਰਹੁ ਕਿ ਤੇਰੇ ਉਤੇ) ਪ੍ਰਭੂ ਇਹ ਮੇਹਰ (ਦੀ ਦਾਤਿ) ਕਰੇ।

ਗੁਰੁ ਨਾਨਕੁ ਤੁਠਾ ਮੇਰੇ ਪਿਆਰੇ ਮੇਲੇ ਹਰੇ ॥੧॥

ਨਾਨਕ (ਆਖਦਾ ਹੈ-) ਹੇ ਮੇਰੇ ਪਿਆਰੇ ਮਨ! ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਨੂੰ ਪਰਮਾਤਮਾ ਨਾਲ ਮਿਲਾ ਦੇਂਦਾ ਹੈ ॥੧॥

ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ਭਾਉ ਕਰੇ ॥

ਹੇ ਮੇਰੇ ਪਿਆਰੇ! ਮੈਂ (ਪ੍ਰਭੂ-ਚਰਨਾਂ ਵਿਚ) ਪ੍ਰੇਮ ਜੋੜ ਕੇ ਉਸ ਦੇ ਪਿਆਰ ਦਾ ਸੁਆਦ (ਕਦੇ ਭੀ) ਨਹੀਂ ਚੱਖਿਆ,

ਮਨਿ ਤ੍ਰਿਸਨਾ ਨ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ ॥

(ਕਿਉਂਕਿ) ਹੇ ਮੇਰੇ ਪਿਆਰੇ! ਮੇਰੇ ਮਨ ਵਿਚ (ਵੱਸ ਰਹੀ ਮਾਇਆ ਦੀ) ਤ੍ਰਿਸ਼ਨਾ ਕਦੇ ਮੁੱਕੀ ਹੀ ਨਹੀਂ, (ਮੇਰਾ ਮਨ) ਸਦਾ (ਮਾਇਆ ਦੀਆਂ ਹੀ) ਆਸਾਂ ਬਣਾਂਦਾ ਰਹਿੰਦਾ ਹੈ।

ਨਿਤ ਜੋਬਨੁ ਜਾਵੈ ਮੇਰੇ ਪਿਆਰੇ ਜਮੁ ਸਾਸ ਹਿਰੇ ॥

ਹੇ ਮੇਰੇ ਪਿਆਰੇ! ਸਦਾ (ਇਸੇ ਹਾਲਤ ਵਿਚ ਹੀ) ਮੇਰੀ ਜਵਾਨੀ ਲੰਘਦੀ ਜਾ ਰਹੀ ਹੈ ਤੇ ਮੌਤ ਦਾ ਦੇਵਤਾ ਮੇਰੇ ਸੁਆਸਾਂ ਨੂੰ (ਗਹੁ ਨਾਲ) ਤੱਕ ਰਿਹਾ ਹੈ (ਕਿ ਸੁਆਸ ਪੂਰੇ ਹੋਣ ਤੇ ਇਸ ਨੂੰ ਆ ਫੜਾਂ)।

ਭਾਗ ਮਣੀ ਸੋਹਾਗਣਿ ਮੇਰੇ ਪਿਆਰੇ ਨਾਨਕ ਹਰਿ ਉਰਿ ਧਾਰੇ ॥੨॥

ਹੇ ਨਾਨਕ! (ਆਖ-) ਹੇ ਮੇਰੇ ਪਿਆਰੇ! ਉਹੀ ਜੀਵ-ਇਸਤ੍ਰੀ ਭਾਗਾਂ ਵਾਲੀ ਬਣਦੀ ਹੈ ਉਸ ਦੇ ਮੱਥੇ ਉਤੇ ਭਾਗਾਂ ਦੀ ਮਣੀ ਚਮਕਦੀ ਹੈ ਜੇਹੜੀ ਪਰਮਾਤਮਾ (ਦੀ ਯਾਦ) ਆਪਣੇ ਹਿਰਦੇ ਵਿਚ ਟਿਕਾਈ ਰੱਖਦੀ ਹੈ ॥੨॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430
Flag Counter