ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 445


ਆਵਣ ਜਾਣਾ ਭ੍ਰਮੁ ਭਉ ਭਾਗਾ ਹਰਿ ਹਰਿ ਹਰਿ ਗੁਣ ਗਾਇਆ ॥

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹਨਾਂ ਦਾ ਜਨਮ ਮਰਨ, ਉਹਨਾਂ ਦੀ ਭਟਕਣਾ ਉਹਨਾਂ ਦਾ (ਹਰੇਕ ਕਿਸਮ ਦਾ) ਡਰ ਦੂਰ ਹੋ ਗਿਆ,

ਜਨਮ ਜਨਮ ਕੇ ਕਿਲਵਿਖ ਦੁਖ ਉਤਰੇ ਹਰਿ ਹਰਿ ਨਾਮਿ ਸਮਾਇਆ ॥

ਤੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਉਹਨਾਂ ਦੇ ਪਾਪ ਤੇ ਦੁੱਖ ਲਹਿ ਗਏ, ਉਹ ਸਦਾ ਲਈ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਏ।

ਜਿਨ ਹਰਿ ਧਿਆਇਆ ਧੁਰਿ ਭਾਗ ਲਿਖਿ ਪਾਇਆ ਤਿਨ ਸਫਲੁ ਜਨਮੁ ਪਰਵਾਣੁ ਜੀਉ ॥

ਜਿਨ੍ਹਾਂ ਨੇ ਧੁਰ ਦਰਗਾਹ ਤੋਂ ਲਿਖੇ ਭਾਗਾਂ ਅਨੁਸਾਰ ਨਾਮ ਦੀ ਦਾਤ ਪ੍ਰਾਪਤ ਕਰ ਲਈ ਤੇ ਹਰਿ-ਨਾਮ ਸਿਮਰਿਆ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਉਹ ਪ੍ਰਭੂ ਦੀ ਦਰਗਾਹ ਵਿਚ ਕਬੂਲ ਹੋ ਗਏ।

ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥੩॥

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦਾ ਨਾਮ) ਮਨ ਵਿਚ ਪਿਆਰਾ ਲੱਗਾ ਉਹਨਾਂ ਨੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਹਨਾਂ ਨੇ ਉਹ ਆਤਮਕ ਅਵਸਥਾ ਖੱਟ ਲਈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੩॥

ਜਿਨੑ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ (ਜਗਤ ਵਿਚ) ਇੱਜ਼ਤ ਵਾਲੇ ਹੋ ਜਾਂਦੇ ਹਨ, ਉਹ ਰੱਬ ਦੇ ਪਿਆਰੇ ਬੰਦੇ (ਹੋਰ ਖ਼ਲਕਤਿ ਨਾਲੋਂ) ਸ੍ਰੇਸ਼ਟ ਜੀਵਨ ਵਾਲੇ ਬਣ ਜਾਂਦੇ ਹਨ।

ਹਰਿ ਨਾਮੁ ਵਡਾਈ ਹਰਿ ਨਾਮੁ ਸਖਾਈ ਗੁਰਸਬਦੀ ਹਰਿ ਰਸ ਭੋਗ ਜੀਉ ॥

ਪਰਮਾਤਮਾ ਦਾ ਨਾਮ (ਉਹਨਾਂ ਵਾਸਤੇ) ਇੱਜ਼ਤ-ਮਾਣ ਹੈ, ਪਰਮਾਤਮਾ ਦਾ ਨਾਮ ਉਹਨਾਂ ਦਾ (ਸਦਾ ਲਈ) ਸਾਥੀ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪਰਮਾਤਮਾ ਦੇ ਨਾਮ-ਰਸ ਦਾ ਆਨੰਦ ਮਾਣਦੇ ਹਨ।

ਹਰਿ ਰਸ ਭੋਗ ਮਹਾ ਨਿਰਜੋਗ ਵਡਭਾਗੀ ਹਰਿ ਰਸੁ ਪਾਇਆ ॥

ਉਹ ਮਨੁੱਖ ਸਦਾ ਹਰਿ-ਨਾਮ-ਰਸ ਮਾਣਦੇ ਹਨ, ਜਿਸ ਦੀ ਬਰਕਤਿ ਨਾਲ ਉਹ ਬੜੇ ਨਿਰਲੇਪ ਰਹਿੰਦੇ ਹਨ, ਵੱਡੀ ਕਿਸਮਤ ਨਾਲ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਗਿਆ ਹੁੰਦਾ ਹੈ।

ਸੇ ਧੰਨੁ ਵਡੇ ਸਤ ਪੁਰਖਾ ਪੂਰੇ ਜਿਨ ਗੁਰਮਤਿ ਨਾਮੁ ਧਿਆਇਆ ॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਲੈ ਕੇ ਪ੍ਰਭੂ ਦਾ ਨਾਮ ਸਿਮਰਿਆ, ਉਹ ਵੱਡੇ ਭਾਗਾਂ ਵਾਲੇ ਬਣ ਗਏ ਉਹ ਉੱਚੇ ਤੇ ਪੂਰੇ ਆਤਮਕ ਜੀਵਨ ਵਾਲੇ ਬਣ ਗਏ।

ਜਨੁ ਨਾਨਕੁ ਰੇਣੁ ਮੰਗੈ ਪਗ ਸਾਧੂ ਮਨਿ ਚੂਕਾ ਸੋਗੁ ਵਿਜੋਗੁ ਜੀਉ ॥

ਦਾਸ ਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ (ਜਿਨ੍ਹਾਂ ਨੂੰ ਇਹ ਚਰਨ-ਧੂੜ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦੇ) ਮਨ ਵਿਚ ਵੱਸ ਰਿਹਾ ਚਿੰਤਾ ਫ਼ਿਕਰ ਦੂਰ ਹੋ ਜਾਂਦਾ ਹੈ ਉਹਨਾਂ ਦੇ ਮਨ ਵਿਚ ਵੱਸਦਾ ਪ੍ਰਭੂ-ਚਰਨਾਂ ਤੋਂ ਵਿਛੋੜਾ ਦੂਰ ਹੋ ਜਾਂਦਾ ਹੈ।

ਜਿਨੑ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥੪॥੩॥੧੦॥

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ (ਜਗਤ ਵਿਚ) ਇੱਜ਼ਤ ਵਾਲੇ ਹੋ ਜਾਂਦੇ ਹਨ, ਉਹ ਰੱਬ ਦੇ ਪਿਆਰੇ ਬੰਦੇ (ਹੋਰ ਖ਼ਲਕਤਿ ਨਾਲੋਂ) ਸ੍ਰੇਸ਼ਟ ਜੀਵਨ ਵਾਲੇ ਬਣ ਜਾਂਦੇ ਹਨ ॥੪॥੩॥੧੦॥

ਆਸਾ ਮਹਲਾ ੪ ॥

ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥

ਸਤਜੁਗੀ ਆਤਮਕ ਅਵਸਥਾ ਵਿਚ ਟਿਕੇ ਹੋਏ ਮਨੁੱਖ ਨੂੰ ਹਰ ਥਾਂ ਸੰਤੋਖ (ਆਤਮਕ ਸਹਾਰਾ) ਦੇਈ ਰੱਖਦਾ ਹੈ, ਹਰ ਵੇਲੇ ਮੁਕੰਮਲ ਧਰਮ ਉਸ ਦੇ ਜੀਵਨ ਦਾ ਨਿਸ਼ਾਨਾ ਹੁੰਦਾ ਹੈ।

ਮਨਿ ਤਨਿ ਹਰਿ ਗਾਵਹਿ ਪਰਮ ਸੁਖੁ ਪਾਵਹਿ ਹਰਿ ਹਿਰਦੈ ਹਰਿ ਗੁਣ ਗਿਆਨੁ ਜੀਉ ॥

(ਸਤਜੁਗੀ) ਆਤਮਕ ਅਵਸਥਾ ਵਿਚ ਟਿਕੇ ਹੋਏ (ਮਨੁੱਖ) ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ, ਤੇ ਸਭ ਤੋਂ ਉੱਚਾ ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਟਿਕੀ ਰਹਿੰਦੀ ਹੈ।

ਗੁਣ ਗਿਆਨੁ ਪਦਾਰਥੁ ਹਰਿ ਹਰਿ ਕਿਰਤਾਰਥੁ ਸੋਭਾ ਗੁਰਮੁਖਿ ਹੋਈ ॥

ਸਤਜੁਗੀ ਆਤਮਕ ਅਵਸਥਾ ਵਿਚ ਟਿਕਿਆ ਹੋਇਆ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਨੂੰ ਕੀਮਤੀ ਚੀਜ਼ ਜਾਣਦਾ ਹੈ, ਹਰਿ-ਨਾਮ ਸਿਮਰਨ ਵਿਚ ਆਪਣੇ ਜੀਵਨ ਨੂੰ ਸਫਲ ਸਮਝਦਾ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ (ਹਰ ਥਾਂ) ਸੋਭਾ ਮਿਲਦੀ ਹੈ।

ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਦੂਜਾ ਅਵਰੁ ਨ ਕੋਈ ॥

ਉਸ ਨੂੰ ਆਪਣੇ ਅੰਦਰ ਤੇ ਸਾਰੇ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਦਿੱਸਦਾ।

ਹਰਿ ਹਰਿ ਲਿਵ ਲਾਈ ਹਰਿ ਨਾਮੁ ਸਖਾਈ ਹਰਿ ਦਰਗਹ ਪਾਵੈ ਮਾਨੁ ਜੀਉ ॥

ਜੇਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜਦਾ ਹੈ, ਪਰਮਾਤਮਾ ਉਸ ਦਾ (ਸਦਾ ਲਈ) ਸਾਥੀ ਬਣ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ।

ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥੧॥

ਅਜੇਹੀ ਸਤਜੁਗੀ ਆਤਮਕ ਅਵਸਥਾ ਵਿਚ ਟਿਕੇ ਹੋਏ ਮਨੁੱਖ ਨੂੰ ਹਰ ਥਾਂ ਸੰਤੋਖ (ਆਤਮਕ ਸਹਾਰਾ ਦੇਈ ਰੱਖਦਾ ਹੈ) ਹਰ ਗੱਲੇ ਮੁਕੰਮਲ ਧਰਮ ਉਸ ਦੇ ਜੀਵਨ ਦਾ ਨਿਸ਼ਾਨਾ ਬਣਿਆ ਰਹਿੰਦਾ ਹੈ ॥੧॥

ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥

ਉਸ ਦੇ ਅੰਦਰ ਮਾਨੋ ਤ੍ਰੇਤਾ ਜੁਗ ਵਾਪਰ ਰਿਹਾ ਹੈ, ਜਿਸ ਮਨੁੱਖ ਦੇ ਅੰਦਰ (ਦੂਜਿਆਂ ਉਤੇ) ਧੱਕਾ (ਕਰਨ ਦਾ ਸੁਭਾਉ) ਆ ਵੱਸਦਾ ਹੈ, (ਉਹ ਮਨੁੱਖ ਪਰਮਾਤਮਾ ਦਾ ਸਿਮਰਨ ਭੁਲਾ ਕੇ) ਵੀਰਜ ਨੂੰ ਰੋਕਣਾ (ਹੀ ਧਰਮ ਸਮਝ ਲੈਂਦਾ ਹੈ) ਉਹ ਮਨੁੱਖ ਇੰਦ੍ਰਿਆਂ ਨੂੰ ਵੱਸ ਕਰਨ ਵਾਲੇ ਕਰਮ ਹੀ ਕਮਾਂਦਾ ਹੈ।

ਪਗੁ ਚਉਥਾ ਖਿਸਿਆ ਤ੍ਰੈ ਪਗ ਟਿਕਿਆ ਮਨਿ ਹਿਰਦੈ ਕ੍ਰੋਧੁ ਜਲਾਇ ਜੀਉ ॥

ਉਸ ਮਨੁੱਖ ਦੇ ਅੰਦਰੋਂ (ਧਰਮ-ਬਲਦ ਦਾ) ਚੌਥਾ ਪੈਰ ਤਿਲਕ ਜਾਂਦਾ ਹੈ (ਉਸ ਦੇ ਅੰਦਰ ਧਰਮ-ਬਲਦ) ਤਿੰਨਾਂ ਪੈਰਾਂ ਦੇ ਸਹਾਰੇ ਖਲੋਂਦਾ ਹੈ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਕ੍ਰੋਧ ਪੈਦਾ ਹੁੰਦਾ ਹੈ ਜੋ ਉਸ (ਦੇ ਆਤਮਕ ਜੀਵਨ) ਨੂੰ ਸਾੜਦਾ ਹੈ।

ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ ਨਿਰਪ ਧਾਵਹਿ ਲੜਿ ਦੁਖੁ ਪਾਇਆ ॥

ਉਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ ਕ੍ਰੋਧ ਪੈਦਾ ਹੋਇਆ ਰਹਿੰਦਾ ਹੈ ਜੋ, ਮਾਨੋ, ਇਕ ਵੱਡਾ ਵਿਹੁਲਾ ਰੁੱਖ (ਉੱਗਾ ਹੋਇਆ) ਹੈ। (ਧੱਕਾ ਕਰਨ ਦੇ ਸੁਭਾਵ ਤੋਂ ਪੈਦਾ ਹੋਏ ਇਸ ਕ੍ਰੋਧ ਦੇ ਕਾਰਨ ਹੀ) ਰਾਜੇ ਇਕ ਦੂਜੇ ਉਤੇ ਹਮਲੇ ਕਰਦੇ ਹਨ, ਆਪੋ ਵਿਚ ਲੜ ਲੜ ਕੇ ਦੁੱਖ ਪਾਂਦੇ ਹਨ।

ਅੰਤਰਿ ਮਮਤਾ ਰੋਗੁ ਲਗਾਨਾ ਹਉਮੈ ਅਹੰਕਾਰੁ ਵਧਾਇਆ ॥

ਜਿਸ ਮਨੁੱਖ ਦੇ ਅੰਦਰ ਮਮਤਾ ਦਾ ਰੋਗ ਲੱਗ ਜਾਂਦਾ ਹੈ ਉਸ ਦੇ ਅੰਦਰ ਹਉਮੈ ਵਧਦੀ ਹੈ ਅਹੰਕਾਰ ਵਧਦਾ ਹੈ,

ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਬਿਖੁ ਗੁਰਮਤਿ ਹਰਿ ਨਾਮਿ ਲਹਿ ਜਾਇ ਜੀਉ ॥

ਪਰ ਜਿਸ ਮਨੁੱਖ ਉੱਤੇ ਮੇਰੇ ਮਾਲਕ ਪ੍ਰਭੂ ਨੇ ਮੇਹਰ ਕੀਤੀ, ਗੁਰੂ ਦੀ ਮਤਿ ਦੀ ਬਰਕਤਿ ਨਾਲ ਹਰਿ-ਨਾਮ ਦੀ ਬਰਕਤਿ ਨਾਲ ਉਸ ਦੇ ਅੰਦਰੋਂ ਇਹ ਜ਼ਹਰ ਉਤਰ ਜਾਂਦੀ ਹੈ।

ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥੨॥

ਜਿਸ ਮਨੁੱਖ ਦੇ ਅੰਦਰ (ਦੂਜਿਆਂ ਉੱਤੇ) ਧੱਕਾ (ਕਰਨ ਦਾ ਸੁਭਾਉ) ਆ ਵੱਸਦਾ ਹੈ ਉਸ ਦੇ ਅੰਦਰ, ਮਾਨੋ, ਤ੍ਰੇਤਾ ਜੁਗ ਵਾਪਰ ਰਿਹਾ ਹੈ ॥੨॥

ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨੑੁ ਉਪਾਇ ਜੀਉ ॥

ਇਹ ਸਾਰੇ ਇਸਤ੍ਰੀ ਮਰਦ ਜੋ ਹਰੀ ਨੇ ਪੈਦਾ ਕੀਤੇ ਹਨ, ਇਹਨਾਂ ਵਿਚੋਂ ਜੇਹੜਾ (ਮਾਇਆ ਦੀ) ਭਟਕਣਾ ਵਿਚ ਭਟਕ ਰਿਹਾ ਹੈ (ਉਸ ਦੇ ਵਾਸਤੇ, ਮਾਨੋ) ਦੁਆਪੁਰ ਜੁਗ ਆਇਆ ਹੋਇਆ ਹੈ।

ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ ਅਤਿ ਕਿਰਿਆ ਕਰਮ ਕਮਾਇ ਜੀਉ ॥

(ਅਜੇਹੇ ਲੋਕ ਭਟਕਣਾ ਵਿਚ ਪੈ ਕੇ) ਤਪ ਸਾਧਦੇ ਹਨ, ਧੂਣੀਆਂ ਤਪਾਣ ਦੇ ਕਸ਼ਟ ਸਹਾਰਦੇ ਹਨ, ਜੱਗ ਆਦਿਕ (ਮਿਥੇ ਹੋਏ) ਪੁੰਨ ਕਰਮ ਕਰਦੇ ਹਨ।

ਕਿਰਿਆ ਕਰਮ ਕਮਾਇਆ ਪਗ ਦੁਇ ਖਿਸਕਾਇਆ ਦੁਇ ਪਗ ਟਿਕੈ ਟਿਕਾਇ ਜੀਉ ॥

(ਜੇਹੜਾ ਭੀ ਮਨੁੱਖ ਪਰਮਾਤਮਾ ਦਾ ਸਿਮਰਨ ਛੱਡ ਕੇ ਹੋਰ ਹੋਰ ਧਾਰਮਿਕ ਮਿਥਿਆ ਹੋਇਆ) ਕਿਰਿਆ ਕਰਮ ਕਰਦਾ ਹੈ (ਉਸ ਦੇ ਅੰਦਰੋਂ ਧਰਮ-ਬਲਦ ਆਪਣੇ ਦੋਵੇਂ) ਪੈਰ ਖਿਸਕਾ ਲੈਂਦਾ ਹੈ ਜਿਸ ਦੋ ਪੈਰਾਂ ਦੇ ਆਸਰੇ ਉਹ ਟਿਕਿਆ ਸਮਝਿਆ ਜਾਂਦਾ ਹੈ।

ਮਹਾ ਜੁਧ ਜੋਧ ਬਹੁ ਕੀਨੑੇ ਵਿਚਿ ਹਉਮੈ ਪਚੈ ਪਚਾਇ ਜੀਉ ॥

(ਇਹ ਦੁਆਪੁਰ ਜੁਗ ਦਾ ਪ੍ਰਭਾਵ ਹੀ ਸਮਝੋ ਕਿ ਮਾਇਆ ਦੀ ਭਟਕਣਾ ਵਿਚ ਫਸ ਕੇ) ਬੜੇ ਬੜੇ ਸੂਰਮੇ ਵੱਡੇ ਜੁੱਧ ਮਚਾ ਦੇਂਦੇ ਹਨ, (ਮਾਇਆ ਦੀ ਭਟਕਣਾ ਦੇ ਕਾਰਨ ਹੀ ਮਨੁੱਖ ਆਪ) ਹਉਮੈ ਵਿਚ ਸੜਦਾ ਹੈ ਤੇ ਹੋਰਨਾਂ ਨੂੰ ਸਾੜਦਾ ਹੈ।

ਦੀਨ ਦਇਆਲਿ ਗੁਰੁ ਸਾਧੁ ਮਿਲਾਇਆ ਮਿਲਿ ਸਤਿਗੁਰ ਮਲੁ ਲਹਿ ਜਾਇ ਜੀਉ ॥

ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲਾ ਦਿੱਤਾ, ਗੁਰੂ ਨੂੰ ਮਿਲ ਕੇ (ਉਸ ਦੇ ਅੰਦਰੋਂ ਮਾਇਆ ਦੀ) ਮੈਲ ਲਹਿ ਜਾਂਦੀ ਹੈ।

ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨੑੁ ਉਪਾਇ ਜੀਉ ॥੩॥

ਜੋ ਜੋ ਇਸਤ੍ਰੀ ਮਰਦ ਪਰਮਾਤਮਾ ਨੇ ਪੈਦਾ ਕੀਤਾ ਹੈ, ਜੇਹੜਾ ਜੇਹੜਾ ਮਾਇਆ ਦੀ ਭਟਕਣਾ ਵਿਚ ਭਟਕ ਰਿਹਾ ਹੈ (ਉਸ ਦੇ ਵਾਸਤੇ, ਮਾਨੋ) ਦੁਆਪੁਰ ਜੁਗ ਆਇਆ ਹੋਇਆ ਹੈ ॥੩॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430