ਮਨਮੁਖ ਦਾ ਮਾਇਆ ਵਿਚ ਮੋਹ ਹੈ (ਇਸ ਕਰ ਕੇ) ਨਾਮ ਵਿਚ ਉਸਦਾ ਪਿਆਰ ਨਹੀਂ ਬਣਦਾ।
ਉਹ (ਮਾਇਆ ਰੂਪ) ਖੋਟ ਕਮਾਉਂਦਾ, ਖੋਟ ਹੀ ਇਕੱਠੀ ਕਰਦਾ ਹੈ ਤੇ ਖੋਟ ਨੂੰ ਹੀ ਆਪਣੀ ਖ਼ੁਰਾਕ ਬਣਾਉਂਦਾ ਹੈ (ਭਾਵ, ਜ਼ਿੰਦਗੀ ਦਾ ਆਸਰਾ ਸਮਝਦਾ ਹੈ)।
(ਮਨੁੱਖ) ਵਿਹੁ ਰੂਪ ਮਾਇਆ-ਧਨ ਨੂੰ ਇਕੱਠਾ ਕਰ ਕਰ ਕੇ ਖਪਦੇ ਮਰਦੇ ਹਨ ਤੇ ਉਹ ਸਾਰਾ ਧਨ ਅਖ਼ੀਰ ਵੇਲੇ ਸੁਆਹ (ਵਾਂਗ) ਹੋ ਜਾਂਦਾ ਹੈ।
ਉਹ ਆਪਣੇ ਵਲੋਂ ਕਰਮ ਤੇ ਧਰਮ ਪਵਿਤ੍ਰਤਾ ਦੇ ਸਾਧਨ ਤੇ ਹੋਰ ਸੰਜਮ (ਭੀ) ਕਰਦੇ ਹਨ (ਪਰ) ਉਹਨਾਂ ਦੇ ਹਿਰਦੇ ਵਿਚ ਲੋਭ ਤੇ ਵਿਕਾਰ (ਹੀ) ਰਹਿੰਦਾ ਹੈ।
ਹੇ ਨਾਨਕ! ਮਨ ਦੇ ਅਧੀਨ ਹੋਇਆ ਹੋਇਆ ਮਨੁੱਖ ਜੋ ਕੁਝ (ਭੀ) ਕਰਦਾ ਹੈ ਉਹ ਕਬੂਲ ਨਹੀਂ ਹੁੰਦਾ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਉਹ ਖ਼ੁਆਰ ਹੁੰਦਾ ਹੈ ॥੨॥
ਪ੍ਰਭੂ ਆਪ ਹੀ ਖਾਣੀਆਂ, ਬੋਲੀਆਂ, ਖੰਡ ਤੇ ਬ੍ਰਹਮੰਡ ਬਣਾਉਂਦਾ ਹੈ।
ਆਪ ਹੀ ਸਮੁੰਦਰ ਸਾਗਰ ਹੈ ਤੇ ਉਸ ਨੇ ਆਪ ਹੀ ਇਸ ਵਿਚ (ਸਿਫ਼ਤ-ਸਾਲਾਹ ਰੂਪ) ਰਤਨ ਲੁਕਾ ਰੱਖੇ ਹਨ।
ਜਿਸ ਤੇ ਕਿਰਪਾ ਕਰਦਾ ਹੈ, ਤੇ ਜਿਸ ਨੂੰ ਸਤਿਗੁਰੂ ਦੇ ਸਨਮੁਖ ਕਰਦਾ ਹੈ ਉਸ ਨੂੰ ਆਪ ਹੀ ਉਹ ਰਤਨ ਲਭਾ ਦੇਂਦਾ ਹੈ।
ਪ੍ਰਭੂ ਆਪ ਹੀ (ਸੰਸਾਰ) ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਆਪ ਹੀ ਮੱਲਾਹ ਹੈ ਤੇ ਆਪ ਹੀ ਤਰਦਾ ਹੈ।
ਆਪ ਹੀ ਸਭ ਕੁਝ ਕਰਦਾ ਕਰਾਉਂਦਾ ਹੈ। ਹੇ ਪ੍ਰਭੂ! ਤੇਰੇ ਜਿਹਾ ਦੂਜਾ ਕੋਈ ਨਹੀਂ ॥੯॥
ਜੇ ਮਨੁੱਖ ਮਨ ਟਿਕਾ ਕੇ ਸਤਿਗੁਰੂ ਦੀ (ਦੱਸੀ ਹੋਈ) ਕਾਰ ਕਰੇ, ਤਾਂ ਉਹ ਸੇਵਾ ਜ਼ਰੂਰ ਫਲ ਦੇਂਦੀ ਹੈ।
ਇੰਜ ਨਾਮ ਧਨ ਮਿਲ ਜਾਂਦਾ ਹੈ ਤੇ ਚਿੰਤਾ ਤੋਂ ਰਹਿਤ (ਪ੍ਰਭੂ) ਮਨ ਵਿਚ ਆ ਵੱਸਦਾ ਹੈ।
ਤੇ ਇਹ ਸਾਰੀ ਉਮਰ ਦਾ ਦੁੱਖ ਕੱਟਿਆ ਜਾਂਦਾ ਹੈ ਤੇ ਹਉਮੈ ਮਮਤਾ ਦੂਰ ਹੋ ਜਾਂਦੀ ਹੈ।
ਤੇ ਇੰਜ (ਪ੍ਰਭੂ ਦੀ ਹਜ਼ੂਰੀ ਵਿਚ) ਵੱਡਾ ਰੁਤਬਾ ਮਿਲਦਾ ਹੈ, ਮਨੁੱਖ ਸੱਚੇ ਹਰੀ ਵਿਚ ਸਮਾਇਆ ਰਹਿੰਦਾ ਹੈ।
ਹੇ ਨਾਨਕ! ਮੁੱਢ ਤੋਂ ਜਿਨ੍ਹਾਂ ਦੇ ਹਿਰਦੇ ਵਿਚ (ਚੰਗੇ ਸੰਸਕਾਰ) ਉੱਕਰੇ ਹੋਏ ਹਨ, ਉਹਨਾਂ ਨੂੰ ਹੀ ਸਤਿਗੁਰੂ ਆ ਮਿਲਦਾ ਹੈ (ਭਾਵ, ਉਹੀ ਸਤਿਗੁਰੂ ਨੂੰ ਪਛਾਣ ਲੈਂਦੇ ਹਨ) ॥੧॥
ਸਤਿਗੁਰੂ (ਪ੍ਰਭੂ ਦੇ) ਨਾਮ ਵਿਚ ਭਿੱਜਾ ਹੋਇਆ ਹੁੰਦਾ ਹੈ ਤੇ ਕਲਿਜੁਗ (ਦੇ ਜੀਆਂ ਨੂੰ ਤਾਰਨ) ਲਈ ਜਹਾਜ਼ ਬਣਦਾ ਹੈ।
ਗੁਰੂ ਦੇ ਸਨਮੁਖ ਹੋਣ ਕਾਰਨ ਜਿਸ ਦੇ ਅੰਦਰ ਪ੍ਰਭੂ ਸਮਾ ਜਾਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
ਇੰਜ ਮਨੁੱਖ ਨਾਮ ਨੂੰ ਸਾਂਭਦਾ ਹੈ ਤੇ ਨਾਮ ਧਨ ਇਕੱਠਾ ਕਰਦਾ ਹੈ ਤੇ ਨਾਮ ਦੇ ਕਾਰਨ ਹੀ ਉਸ ਦਾ ਆਦਰ ਹੁੰਦਾ ਹੈ।
ਹੇ ਨਾਨਕ! ਸਤਿਗੁਰੂ ਨੂੰ ਮਿਲ ਕੇ ਪ੍ਰਭੂ ਦੀ ਮੇਹਰ ਨਾਲ ਹੀ (ਭਾਵ, ਬਖ਼ਸ਼ਸ਼ ਦਾ ਪਾਤ੍ਰ ਬਣਿਆਂ ਹੀ) ਨਾਮ ਦੀ ਪ੍ਰਾਪਤੀ ਹੁੰਦੀ ਹੈ ॥੨॥
ਪ੍ਰਭੂ ਸੁਆਮੀ ਆਪ ਹੀ ਪਾਰਸ ਹੈ, ਆਪ ਹੀ ਲੋਹਾ ਹੈ ਤੇ ਉਸ ਨੇ ਆਪ ਹੀ (ਉਸ ਤੋਂ) ਸੋਨਾ ਬਣਾਇਆ ਹੈ।
ਆਪ ਹੀ ਠਾਕੁਰ ਹੈ, ਆਪ ਹੀ ਸੇਵਕ ਹੈ ਤੇ ਆਪ ਹੀ ਪਾਪ ਦੂਰ ਕਰਨ ਵਾਲਾ ਹੈ।
ਸਾਰੇ ਸਰੀਰਾਂ ਵਿਚ ਆਪ ਹੀ ਵਿਆਪਕ ਹੋ ਕੇ ਮਾਇਕ ਪਦਾਰਥ ਭੋਗਦਾ ਹੈ ਤੇ ਸਾਰੀ ਮਾਇਆ ਭੀ ਆਪ ਹੀ ਹੈ।
ਆਪ ਹੀ ਬਿਬੇਕ (ਭਾਵ, ਗਿਆਨ) ਹੈ, ਆਪ ਹੀ ਸਾਰੇ (ਬਿਬੇਕ) ਨੂੰ ਜਾਣਨ ਵਾਲਾ ਹੈ ਤੇ ਆਪ ਹੀ ਸਤਿਗੁਰੂ ਦੇ ਸਨਮੁਖ ਹੋ ਕੇ (ਮਾਇਆ ਦੇ ਬੰਧਨ) ਤੋੜਨ ਵਾਲਾ ਹੈ।
ਹੇ ਕਰਤਾਰ! ਦਾਸ ਨਾਨਕ ਤੇਰੀ ਸਿਫ਼ਤ-ਸਾਲਾਹ ਕਰ ਕੇ ਰੱਜਦਾ ਨਹੀਂ (ਭਾਵ ਮੈਂ ਤੇਰੀ ਕੇਹੜੀ ਸਿਫ਼ਤ ਕਰਾਂ?), ਤੂੰ ਸਭ ਤੋਂ ਵੱਡਾ ਸੁਖਾਂ ਦਾ ਦਾਤਾ ਹੈਂ ॥੧੦॥
ਸਤਿਗੁਰੂ ਦੀ ਦੱਸੀ ਹੋਈ ਕਾਰ ਕਰਨ ਤੋਂ ਬਿਨਾ ਜਿਤਨੇ ਕੰਮ ਜੀਵ ਕਰਦੇ ਹਨ ਉਹ ਉਹਨਾਂ ਲਈ ਬੰਧਨ ਬਣਦੇ ਹਨ।
ਸਤਿਗੁਰੂ ਦੀ ਸੇਵਾ ਤੋਂ ਬਿਨਾ ਕੋਈ ਹੋਰ ਆਸਰਾ ਜੀਵਾਂ ਨੂੰ ਮਿਲਦਾ ਨਹੀਂ (ਤੇ ਇਸ ਕਰ ਕੇ) ਮਰਦੇ ਤੇ ਜੰਮਦੇ ਰਹਿੰਦੇ ਹਨ।
ਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਤੋਂ ਖੁੰਝ ਕੇ ਮਨੁੱਖ ਹੋਰ ਹੋਰ ਫਿੱਕੇ ਬੋਲ ਬੋਲਦਾ ਹੈ ਤੇ ਇਸ ਦੇ ਹਿਰਦੇ ਵਿਚ ਨਾਮ ਨਹੀਂ ਵੱਸਦਾ।
ਹੇ ਨਾਨਕ! ਸਤਿਗੁਰੂ ਦੀ ਸੇਵਾ ਤੋਂ ਬਿਨਾ ਜੀਵ (ਮਾਨੋ) ਜਮਪੁਰੀ ਵਿਚ ਬੱਧੇ ਮਾਰੀਦੇ ਹਨ ਤੇ (ਤੁਰਨ ਵੇਲੇ) ਜੱਗ ਤੋਂ ਮੁਕਾਲਖ ਖੱਟ ਕੇ ਜਾਂਦੇ ਹਨ ॥੧॥
ਕਈ ਮਨੁੱਖ ਸਤਿਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਕਰਦੇ ਹਨ ਤੇ ਉਹਨਾਂ ਦਾ ਪ੍ਰਭੂ ਦੇ ਨਾਮ ਵਿਚ ਪਿਆਰ ਬਣ ਜਾਂਦਾ ਹੈ।
ਹੇ ਨਾਨਕ! ਐਸੇ ਮਨੁੱਖ ਆਪਣਾ ਜਨਮ ਸਵਾਰ ਲੈਂਦੇ ਹਨ ਤੇ ਆਪਣੀ ਕੁਲ ਭੀ ਤਾਰ ਲੈਂਦੇ ਹਨ ॥੨॥
ਪ੍ਰਭੂ ਆਪ ਹੀ ਪਾਠਸ਼ਾਲਾ ਹੈ, ਆਪ ਹੀ ਉਸਤਾਦ ਹੈ, ਤੇ ਆਪ ਹੀ ਵਿਦਆਰਥੀ ਪੜ੍ਹਨ ਨੂੰ ਲਿਆਉਂਦਾ ਹੈ।
ਆਪ ਹੀ ਮਾਂ ਪਿਉ ਹੈ ਤੇ ਆਪ ਹੀ ਬਾਲਕਾਂ ਨੂੰ ਸਿਆਣੇ ਕਰਦਾ ਹੈ।
ਇਕ ਥਾਂ ਸਭ ਕੁਝ ਪੜ੍ਹ ਕੇ ਆਪ ਹੀ ਸਮਝਦਾ ਹੈ ਤੇ ਇਕ ਥਾਂ ਆਪ ਹੀ ਬਾਲਕਾਂ ਨੂੰ ਇੰਞਾਣੇ ਕਰ ਦੇਂਦਾ ਹੈ।
ਤੂੰ ਇਕਨਾਂ ਨੂੰ ਆਪਣੇ ਮਹਿਲ ਵਿਚ ਧੁਰ ਅੰਦਰ ਬੁਲਾ ਲੈਂਦਾ ਹੈਂ ਜਦੋਂ ਉਹ ਤੇਰੇ ਮਨ ਨੂੰ ਚੰਗੇ ਲੱਗਦੇ ਹਨ।