ਨਾਨਕ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ ਉਹ ਸਿੱਖ (ਹੀ) ਖਿੜੇ-ਮੱਥੇ ਰਹਿ ਸਕਦਾ ਹੈ (ਉਸ ਦੇ ਹੀ ਅੰਦਰ ਆਤਮਕ ਖੇੜਾ ਹੋ ਸਕਦਾ ਹੈ, ਉਹੀ ਆਤਮਕ ਆਨੰਦ ਮਾਣ ਸਕਦਾ ਹੈ) ॥੨੧॥
(ਜਿਥੇ ਮਾਇਆ ਦੇ ਮੋਹ ਦੇ ਕਾਰਨ ਸਹਿਮ ਹੈ ਉਥੇ ਆਤਮਕ ਆਨੰਦ ਨਹੀਂ ਪਲ੍ਹਰ ਸਕਦਾ, ਪਰ) ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਮੋੜ ਲਏ (ਉਸ ਨੂੰ ਆਤਮਕ ਆਨੰਦ ਨਸੀਬ ਨਹੀਂ ਹੋ ਸਕਦਾ ਕਿਉਂਕਿ) ਗੁਰੂ ਤੋਂ ਬਿਨਾ ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ ਨਹੀਂ ਮਿਲਦੀ।
ਬੇਸ਼ੱਕ ਕਿਸੇ ਵਿਚਾਰਵਾਨਾਂ ਤੋਂ ਜਾ ਕੇ ਪੁੱਛ ਲਵੋ (ਤੇ ਤਸੱਲੀ ਕਰ ਲਵੋ, ਇਹ ਪੱਕੀ ਗੱਲ ਹੈ ਕਿ ਗੁਰੂ ਤੋਂ ਬਿਨਾ) ਕਿਸੇ ਭੀ ਹੋਰ ਥਾਂ ਤੋਂ ਮਾਇਕ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲਦੀ।
(ਮਾਇਆ ਦੇ ਮੋਹ ਵਿਚ ਫਸਿਆ ਮਨੁੱਖ) ਅਨੇਕਾਂ ਜੂਨੀਆਂ ਵਿਚ ਭਟਕਦਾ ਆਉਂਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਇਸ ਮੋਹ ਤੋਂ ਖ਼ਲਾਸੀ ਨਹੀਂ ਮਿਲਦੀ।
ਆਖ਼ਰ ਗੁਰੂ ਦੀ ਚਰਨੀਂ ਲੱਗ ਕੇ ਹੀ ਮਾਇਆ ਦੇ ਮੋਹ ਤੋਂ ਛੁਟਕਾਰਾ ਮਿਲਦਾ ਹੈ ਕਿਉਂਕਿ ਗੁਰੂ (ਸਹੀ ਜੀਵਨ-ਮਾਰਗ ਦਾ) ਉਪਦੇਸ਼ ਸੁਣਾਂਦਾ ਹੈ।
ਨਾਨਕ ਆਖਦਾ ਹੈ ਕਿ ਵਿਚਾਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਮਾਇਆ ਦੇ ਬੰਧਨ ਤੋਂ ਆਜ਼ਾਦੀ ਨਹੀਂ ਮਿਲਦੀ, (ਤੇ ਇਸ ਮੁਕਤੀ ਤੋਂ ਬਿਨਾ ਆਤਮਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ) ॥੨੨॥
ਹੇ ਸਤਿਗੁਰੂ ਦੇ ਪਿਆਰੇ ਸਿੱਖੋ! ਆਵੋ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੋੜਨ ਵਾਲੀ ਬਾਣੀ (ਰਲ ਕੇ) ਗਾਵੋ।
ਆਪਣੇ ਗੁਰੂ ਦੀ ਬਾਣੀ ਗਾਵੋ, ਇਹ ਬਾਣੀ ਹੋਰ ਸਭ ਬਾਣੀਆਂ ਨਾਲੋਂ ਸ਼ਿਰੋਮਣੀ ਹੈ।
ਇਹ ਬਾਣੀ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਹੀ ਟਿਕਦੀ ਹੈ ਜਿਨ੍ਹਾਂ ਉਤੇ ਪਰਮਾਤਮਾ ਦੀ ਮੇਹਰ ਦੀ ਨਜ਼ਰ ਹੋਵੇ, ਬਖ਼ਸ਼ਸ਼ ਹੋਵੇ।
(ਹੇ ਪਿਆਰੇ ਗੁਰਸਿੱਖੋ!) ਪਰਮਾਤਮਾ ਦਾ ਨਾਮ ਸਿਮਰੋ, ਪਰਮਾਤਮਾ ਦੇ ਪਿਆਰ ਵਿਚ ਸਦਾ ਜੁੜੇ ਰਹੋ, ਇਹ (ਆਨੰਦ ਦੇਣ ਵਾਲਾ, ਆਤਮਕ ਹੁਲਾਰਾ ਪੈਦਾ ਕਰਨ ਵਾਲਾ) ਨਾਮ-ਜਲ ਪੀਓ।
ਨਾਨਕ ਆਖਦਾ ਹੈ ਕਿ (ਹੇ ਗੁਰਸਿੱਖੋ!) ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਇਹ ਬਾਣੀ ਸਦਾ ਗਾਵੋ (ਇਸੇ ਵਿਚ ਆਤਮਕ ਆਨੰਦ ਹੈ) ॥੨੩॥
ਗੁਰ-ਆਸ਼ੇ ਤੋਂ ਉਲਟ ਬਾਣੀ (ਮਾਇਆ) ਦੀ ਝਲਕ ਦੇ ਸਾਹਮਣੇ ਥਿੜਕਾ ਦੇਣ ਵਾਲੀ ਹੁੰਦੀ ਹੈ।
ਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ।
ਇਹ ਪੱਕੀ ਗੱਲ ਹੈ ਕਿ ਗੁਰ-ਆਸ਼ੇ ਦੇ ਉਲਟ ਜਾਣ ਵਾਲੀ ਬਾਣੀ ਨੂੰ ਸੁਣਨ ਵਾਲਿਆਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ, ਸੁਣਨ ਵਾਲਿਆਂ ਦੇ ਮਨ ਭੀ ਥਿੜਕ ਜਾਂਦੇ ਹਨ, ਤੇ ਜੋ ਅਜੇਹੀ ਬਾਣੀ ਦੀ ਪੜ੍ਹ ਪੜ੍ਹ ਕੇ ਵਿਆਖਿਆ ਕਰਦੇ ਹਨ, ਉਹ ਭੀ ਕਮਜ਼ੋਰ ਮਨ ਦੇ ਹੋ ਜਾਂਦੇ ਹਨ।
ਜੇ ਉਹ ਬੰਦੇ ਜੀਭ-ਨਾਲ ਹਰੀ-ਨਾਮ ਭੀ ਬੋਲਣ ਤਾਂ ਭੀ ਜੋ ਕੁਝ ਉਹ ਬੋਲਦੇ ਹਨ ਉਸ ਨਾਲ ਉਹਨਾਂ ਦੀ ਡੂੰਘੀ ਸਾਂਝ ਨਹੀਂ ਪੈਂਦੀ,
ਕਿਉਂਕਿ ਉਹਨਾਂ ਦੇ ਮਨ ਨੂੰ ਮਾਇਆ ਨੇ ਮੋਹ ਰੱਖਿਆ ਹੈ, ਉਹ ਜੋ ਕੁਝ ਬੋਲਦੇ ਹਨ ਜ਼ਬਾਨੀ ਜ਼ਬਾਨੀ ਹੀ ਬੋਲਦੇ ਹਨ।
ਨਾਨਕ ਆਖਦਾ ਹੈ ਕਿ ਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ ॥੨੪॥
ਸਤਿਗੁਰੂ ਦਾ ਸ਼ਬਦ ਇਕ ਐਸੀ ਅਮੋਲਕ ਦਾਤ ਹੈ ਜਿਸ ਵਿਚ ਪਰਮਾਤਮਾ ਦੀਆਂ ਵਡਿਆਈਆਂ ਭਰੀਆਂ ਪਈਆਂ ਹਨ।
ਸ਼ਬਦ, ਮਾਨੋ, (ਐਸਾ) ਰਤਨ ਹੈ, ਕਿ ਉਸ ਦੀ ਰਾਹੀਂ (ਮਨੁੱਖ ਦਾ) ਮਨ (ਪਰਮਾਤਮਾ ਦੀ ਯਾਦ ਵਿਚ) ਟਿਕ ਜਾਂਦਾ ਹੈ (ਪਰਮਾਤਮਾ ਵਿਚ) ਇਕ ਅਸਚਰਜ ਲੀਨਤਾ ਬਣੀ ਰਹਿੰਦੀ ਹੈ।
ਜੇ ਸ਼ਬਦ ਵਿਚ (ਮਨੁੱਖ ਦਾ) ਮਨ ਜੁੜ ਜਾਏ, ਤਾਂ (ਇਸ ਦੀ ਬਰਕਤਿ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ (ਉਸ ਦਾ) ਪ੍ਰੇਮ ਬਣ ਜਾਂਦਾ ਹੈ।
(ਉਸ ਦੇ ਅੰਦਰ ਪਰਮਾਤਮਾ ਦਾ) ਹੀਰਾ-ਨਾਮ ਹੀ ਟਿਕਿਆ ਰਹਿੰਦਾ ਹੈ, (ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਰਤਨ-ਸ਼ਬਦ ਹੀ ਟਿਕਿਆ ਰਹਿੰਦਾ ਹੈ। (ਪਰ ਇਹ ਦਾਤ ਉਸ ਨੂੰ ਹੀ ਮਿਲਦੀ ਹੈ) ਜਿਸ ਨੂੰ (ਪ੍ਰਭੂ ਆਪ ਇਹ) ਸੂਝ ਬਖ਼ਸ਼ਦਾ ਹੈ।
ਨਾਨਕ ਆਖਦਾ ਹੈ ਕਿ ਗੁਰੂ ਦਾ ਸ਼ਬਦ, ਮਾਨੋ, ਇਕ ਰਤਨ ਹੈ ਜਿਸ ਵਿਚ ਪ੍ਰਭੂ ਦਾ ਨਾਮ-ਰੂਪ ਹੀਰਾ ਜੜਿਆ ਹੋਇਆ ਹੈ ॥੨੫॥
ਜੀਵਾਤਮਾ ਅਤੇ ਮਾਇਆ ਪੈਦਾ ਕਰ ਕੇ ਪਰਮਾਤਮਾ ਆਪ ਹੀ (ਇਹ) ਹੁਕਮ ਵਰਤਾਂਦਾ ਹੈ ਕਿ (ਮਾਇਆ ਦਾ ਜ਼ੋਰ ਜੀਵਾਂ ਉਤੇ ਪਿਆ ਰਹੇ)।
ਪ੍ਰਭੂ ਆਪ ਹੀ ਇਹ ਹੁਕਮ ਵਰਤਾਂਦਾ ਹੈ, ਆਪ ਹੀ ਇਹ ਖੇਡ ਵੇਖਦਾ ਹੈ (ਕਿ ਕਿਸ ਤਰ੍ਹਾਂ ਜੀਵ ਮਾਇਆ ਦੇ ਹੱਥਾਂ ਉਤੇ ਨੱਚ ਰਹੇ ਹਨ), ਕਿਸੇ ਕਿਸੇ ਵਿਰਲੇ ਨੂੰ ਗੁਰੂ ਦੀ ਰਾਹੀਂ (ਇਸ ਖੇਡ ਦੀ) ਸੂਝ ਦੇ ਦੇਂਦਾ ਹੈ।
(ਜਿਸ ਨੂੰ ਸੂਝ ਬਖ਼ਸ਼ਦਾ ਹੈ ਉਸ ਦੇ) ਮਾਇਆ (ਦੇ ਮੋਹ) ਦੇ ਬੰਧਨ ਤੋੜ ਦੇਂਦਾ ਹੈ, ਉਹ ਬੰਦਾ ਮਾਇਆ ਦੇ ਬੰਧਨਾਂ ਤੋਂ ਸੁਤੰਤਰ ਹੋ ਜਾਂਦਾ ਹੈ (ਕਿਉਂਕਿ) ਉਹ ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾ ਲੈਂਦਾ ਹੈ।
ਗੁਰੂ ਦੇ ਦੱਸੇ ਰਾਹ ਉਤੇ ਤੁਰਨ ਜੋਗਾ ਉਹੀ ਮਨੁੱਖ ਹੁੰਦਾ ਹੈ ਜਿਸ ਨੂੰ ਪ੍ਰਭੂ ਇਹ ਸਮਰੱਥਾ ਦੇਂਦਾ ਹੈ, ਉਹ ਮਨੁੱਖ ਇਕ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜਦਾ ਹੈ (ਉਸ ਦੇ ਅੰਦਰ ਆਤਮਕ ਆਨੰਦ ਬਣਦਾ ਹੈ, ਤੇ ਉਹ ਮਾਇਆ ਦੇ ਮੋਹ ਵਿਚੋਂ ਨਿਕਲਦਾ ਹੈ)।
ਨਾਨਕ ਆਖਦਾ ਹੈ ਕਿ ਪਰਮਾਤਮਾ ਆਪ ਹੀ (ਜੀਵਾਤਮਾ ਤੇ ਮਾਇਆ ਦੀ) ਰਚਨਾ ਕਰਦਾ ਹੈ ਤੇ ਆਪ ਹੀ (ਕਿਸੇ ਵਿਰਲੇ ਨੂੰ ਇਹ) ਸੂਝ ਬਖ਼ਸ਼ਦਾ ਹੈ (ਕਿ ਮਾਇਆ ਦਾ ਪ੍ਰਭਾਵ ਭੀ ਉਸ ਦਾ ਆਪਣਾ ਹੀ) ਹੁਕਮ (ਜਗਤ ਵਿਚ ਵਰਤ ਰਿਹਾ) ਹੈ ॥੨੬॥
ਸਿੰਮ੍ਰਿਤੀਆਂ ਸ਼ਾਸਤ੍ਰ ਆਦਿਕ ਪੜ੍ਹਨ ਵਾਲੇ ਪੰਡਿਤ ਸਿਰਫ਼ ਇਹੀ ਵਿਚਾਰਾਂ ਕਰਦੇ ਹਨ ਕਿ (ਇਹਨਾਂ ਪੁਸਤਕਾਂ ਅਨੁਸਾਰ) ਪਾਪ ਕੀਹ ਹੈ ਤੇ ਪੁੰਨ ਕੀਹ ਹੈ, ਉਹਨਾਂ ਨੂੰ ਆਤਮਕ ਆਨੰਦ ਦਾ ਰਸ ਨਹੀਂ ਆ ਸਕਦਾ।
(ਇਹ ਗੱਲ ਯਕੀਨੀ ਜਾਣੋ ਕਿ) ਸਤਿਗੁਰੂ ਦੀ ਸਰਨ ਆਉਣ ਤੋਂ ਬਿਨਾ ਆਤਮਕ ਆਨੰਦ ਦਾ ਰਸ ਨਹੀਂ ਆ ਸਕਦਾ।
ਜਗਤ ਤਿੰਨਾਂ ਗੁਣਾਂ ਵਿਚ ਹੀ ਭਟਕ ਭਟਕ ਕੇ ਗ਼ਾਫ਼ਿਲ ਹੋਇਆ ਪਿਆ ਹੈ, ਮਾਇਆ ਦੇ ਮੋਹ ਵਿਚ ਸੁੱਤਿਆਂ ਦੀ ਹੀ ਸਾਰੀ ਉਮਰ ਗੁਜ਼ਰ ਜਾਂਦੀ ਹੈ (ਸਿੰਮ੍ਰਿਤੀਆਂ ਸ਼ਾਸਤ੍ਰਾਂ ਦੀਆਂ ਵਿਚਾਰਾਂ ਇਸ ਨੀਂਦ ਵਿਚੋਂ ਜਗਾ ਨਹੀਂ ਸਕਦੀਆਂ)।
(ਮੋਹ ਦੀ ਨੀਂਦ ਵਿਚੋਂ) ਗੁਰੂ ਦੀ ਕਿਰਪਾ ਨਾਲ (ਸਿਰਫ਼) ਉਹ ਮਨੁੱਖ ਜਾਗਦੇ ਹਨ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ ਹੈ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਹਨ।
ਨਾਨਕ ਆਖਦਾ ਹੈ ਕਿ ਉਹੀ ਮਨੁੱਖ ਆਤਮਕ ਆਨੰਦ ਮਾਣਦਾ ਹੈ ਜੋ ਹਰ ਵੇਲੇ ਪ੍ਰਭੂ ਦੀ ਯਾਦ ਦੀ ਲਗਨ ਵਿਚ ਟਿਕਿਆ ਰਹਿੰਦਾ ਹੈ, ਤੇ ਜਿਸ ਦੀ ਉਮਰ (ਇਸ ਤਰ੍ਹਾਂ ਮੋਹ ਦੀ ਨੀਂਦ ਵਿਚੋਂ) ਜਾਗਦਿਆਂ ਬੀਤਦੀ ਹੈ ॥੨੭॥
(ਜੇ ਆਤਮਕ ਆਨੰਦ ਪ੍ਰਾਪਤ ਕਰਨਾ ਹੈ ਤਾਂ) ਉਸ ਪਰਮਾਤਮਾ ਨੂੰ ਕਦੇ ਭੁਲਾਣਾ ਨਹੀਂ ਚਾਹੀਦਾ, ਜੋ ਮਾਂ ਦੇ ਪੇਟ ਵਿਚ (ਭੀ) ਪਾਲਣਾ ਕਰਦਾ ਹੈ।
ਇਤਨੇ ਵੱਡੇ ਦਾਤੇ ਨੂੰ ਮਨੋਂ ਭੁਲਾਣਾ ਨਹੀਂ ਚਾਹੀਦਾ ਜੋ (ਮਾਂ ਦੇ ਪੇਟ ਦੀ) ਅੱਗ ਵਿਚ (ਭੀ) ਖ਼ੁਰਾਕ ਅਪੜਾਂਦਾ ਹੈ।
(ਇਹ ਮੋਹ ਹੀ ਹੈ ਜੋ ਆਨੰਦ ਤੋਂ ਵਾਂਜਿਆਂ ਰੱਖਦਾ ਹੈ, ਪਰ) ਉਸ ਬੰਦੇ ਨੂੰ (ਮੋਹ ਆਦਿਕ) ਕੁਝ ਭੀ ਪੋਹ ਨਹੀਂ ਸਕਦਾ ਜਿਸ ਨੂੰ ਪ੍ਰਭੂ ਆਪਣੇ ਚਰਨਾਂ ਦੀ ਪ੍ਰੀਤ ਬਖ਼ਸ਼ਦਾ ਹੈ।