ਰਾਗ ਤੁਖਾਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਬਾਰਹ ਮਾਹਾ ਛੰਤ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਹਰੀ! (ਮੇਰੀ ਬੇਨਤੀ) ਸੁਣ। ਪੂਰਬਲੇ ਕਮਾਏ ਕੀਤੇ ਕਰਮਾਂ ਅਨੁਸਾਰ-
ਹਰੇਕ ਜੀਵ ਦੇ ਸਿਰ ਉਤੇ ਜੋ ਸੁਖ ਤੇ ਦੁੱਖ (ਝੱਲਣ ਲਈ) ਤੂੰ ਦੇਂਦਾ ਹੈਂ ਉਹੀ ਠੀਕ ਹੈ।
ਹੇ ਹਰੀ! ਮੈਂ ਤੇਰੀ ਰਚੀ ਮਾਇਆ ਵਿਚ (ਰੁੱਝਾ ਪਿਆ) ਹਾਂ। ਮੇਰਾ ਕੀਹ ਹਾਲ ਹੋਵੇਗਾ? ਤੈਥੋਂ ਬਿਨਾ (ਤੇਰੀ ਯਾਦ ਤੋਂ ਬਿਨਾ) ਇਕ ਘੜੀ ਭੀ ਜੀਊਣਾ ਇਹ ਕੇਹੀ ਜ਼ਿੰਦਗੀ ਹੈ?
ਹੇ ਪਿਆਰੇ! ਤੇਰੇ ਬਿਨਾ ਮੈਂ ਦੁੱਖੀ ਹਾਂ, (ਇਸ ਦੁੱਖ ਵਿਚੋਂ ਕੱਢਣ ਵਾਸਤੇ) ਕੋਈ ਮਦਦਗਾਰ ਨਹੀਂ ਹੈ। (ਮੇਹਰ ਕਰ ਕਿ) ਗੁਰੂ ਦੀ ਸਰਨ ਪੈ ਕੇ ਮੈਂ ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਾਂ।
ਅਸੀਂ ਜੀਵ ਨਿਰੰਕਾਰ ਦੀ ਰਚੀ ਮਾਇਆ ਵਿਚ ਹੀ ਫਸੇ ਪਏ ਹਾਂ (ਇਹ ਕਾਹਦਾ ਜੀਵਨ ਹੈ?), ਪ੍ਰਭੂ ਨੂੰ ਮਨ ਵਿਚ ਵਸਾਣਾ ਹੀ ਸਭ ਕੰਮਾਂ ਤੋਂ ਸ੍ਰੇਸ਼ਟ ਕੰਮ ਹੈ (ਇਹੀ ਹੈ ਮਨੁੱਖ ਵਾਸਤੇ ਜੀਵਨ-ਮਨੋਰਥ)।
ਹੇ ਨਾਨਕ! ਹੇ ਸਰਬ ਵਿਆਪਕ ਪਰਮਾਤਮਾ! ਤੂੰ (ਜੀਵ-ਇਸਤ੍ਰੀ ਦੀ ਅਰਜ਼ੋਈ) ਸੁਣ (ਤੇ ਉਸ ਨੂੰ ਆਪਣਾ ਦਰਸਨ ਦੇਹ), ਜੀਵ-ਇਸਤ੍ਰੀ ਤੇਰਾ ਰਾਹ ਤੱਕ ਰਹੀ ਹੈ ॥੧॥
(ਜਿਵੇਂ) ਪਪੀਹਾ 'ਪ੍ਰਿਉ ਪ੍ਰਿਉ' ਬੋਲਦਾ ਹੈ ਜਿਵੇਂ ਕੋਇਲ ('ਕੂ ਕੂ' ਦੀ ਮਿੱਠੀ) ਬੋਲੀ ਬੋਲਦੀ ਹੈ,
(ਤਿਵੇਂ ਜੇਹੜੀ ਜੀਵ-ਇਸਤ੍ਰੀ ਵੈਰਾਗ ਵਿਚ ਆ ਕੇ ਮਿੱਠੀ ਸੁਰ ਨਾਲ ਪ੍ਰਭੂ-ਪਤੀ ਨੂੰ ਯਾਦ ਕਰਦੀ ਹੈ, ਉਹ) ਜੀਵ-ਇਸਤ੍ਰੀ (ਪ੍ਰਭੂ-ਮਿਲਾਪ ਦੇ) ਸਾਰੇ ਆਨੰਦ ਮਾਣਦੀ ਹੈ, ਤੇ ਉਸ ਦੇ ਚਰਨਾਂ ਵਿਚ ਟਿਕੀ ਰਹਿੰਦੀ ਹੈ।
ਜਦੋਂ ਉਹ ਪ੍ਰਭੂ ਨੂੰ ਚੰਗੀ ਲੱਗ ਪੈਂਦੀ ਹੈ, (ਤਾਂ ਉਸ ਦੀ ਮਿਹਰ ਨਾਲ) ਉਸ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹੀ ਜੀਵ-ਇਸਤ੍ਰੀ ਚੰਗੇ ਭਾਗਾਂ ਵਾਲੀ ਹੈ।
ਉਹ ਆਪਣੇ ਸਰੀਰ ਨੂੰ (ਸਰੀਰਕ ਇੰਦ੍ਰਿਆਂ ਨੂੰ) ਜੁਗਤੀ ਵਿਚ ਰੱਖ ਕੇ ਪ੍ਰਭੂ ਦੇ ਆਪਣੇ ਸਰੂਪ ਵਿਚ ਟਿਕ ਜਾਂਦੀ ਹੈ, ਤੇ (ਮਾਇਕ ਪਦਾਰਥਾਂ ਦੇ ਮੋਹ ਤੋਂ ਉੱਠ ਕੇ) ਪ੍ਰਭੂ ਦਾ ਉੱਚਾ ਟਿਕਾਣਾ ਮੱਲ ਲੈਂਦੀ ਹੈ।
ਉਹ ਜੀਵ-ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਦਿਨ ਰਾਤ ਉਸ ਨੂੰ ਸਿਮਰਦੀ ਹੈ, ਤੇ ਆਖਦੀ ਹੈ-ਇਹ ਸਾਰੀ ਸ੍ਰਿਸ਼ਟੀ ਤੇਰੀ ਰਚੀ ਹੋਈ ਹੈ, ਤੂੰ ਹੀ ਮੇਰਾ ਪਿਆਰਾ ਖਸਮ-ਸਾਈਂ ਹੈਂ।
ਹੇ ਨਾਨਕ! ਜਿਵੇਂ ਪਪੀਹਾ ਪ੍ਰਿਉ ਪ੍ਰਿਉ ਬੋਲਦਾ ਹੈ ਜਿਵੇਂ ਕੋਇਲ ਮਿੱਠਾ ਬੋਲ ਬੋਲਦੀ ਹੈ, ਤਿਵੇਂ ਉਹ ਜੀਵ-ਇਸਤ੍ਰੀ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਸੋਹਣੀ ਲੱਗਦੀ ਹੈ ॥੨॥
ਹੇ ਮੇਰੇ ਪ੍ਰੀਤਮ! ਹੇ ਰਸ-ਭਿੰਨੇ ਹਰੀ! ਤੂੰ (ਮੇਰੀ ਅਰਜ਼ੋਈ) ਸੁਣ,
ਹੇ ਮੇਰੇ ਮਨ ਤਨ ਵਿਚ ਰਮੇ ਹੋਏ ਪ੍ਰਭੂ! (ਮੇਰਾ ਮਨ ਤੈਨੂੰ) ਇਕ ਘੜੀ ਵਾਸਤੇ ਭੀ ਭੁਲਾ ਨਹੀਂ ਸਕਦਾ।
ਮੈਂ ਇਕ ਘੜੀ ਭਰ ਭੀ ਤੈਨੂੰ ਵਿਸਾਰ ਨਹੀਂ ਸਕਦਾ, ਮੈਂ ਤੈਥੋਂ (ਸਦਾ) ਸਦਕੇ ਹਾਂ, ਤੇਰੀ ਸਿਫ਼ਤ-ਸਾਲਾਹ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।
(ਪਰਮਾਤਮਾ ਤੋਂ ਬਿਨਾ ਤੋੜ ਨਿਭਣ ਵਾਲਾ) ਨਾ ਕੋਈ ਮੇਰਾ (ਸਦਾ ਦਾ) ਸਾਥੀ ਹੈ ਨਾਹ ਹੀ ਮੈਂ ਕਿਸੇ ਦਾ (ਸਦਾ ਦਾ) ਸਾਥੀ ਹਾਂ, ਪਰਮਾਤਮਾ ਦੀ ਯਾਦ ਤੋਂ ਬਿਨਾ ਮੇਰਾ ਮਨ ਧੀਰਜ ਨਹੀਂ ਫੜਦਾ।
ਜਿਸ ਮਨੁੱਖ ਨੇ ਪਰਮਾਤਮਾ ਦਾ ਆਸਰਾ ਲਿਆ ਹੈ, ਜਿਸ ਦੇ ਹਿਰਦੇ ਵਿਚ ਪ੍ਰਭੂ ਦੇ ਚਰਨ ਵੱਸ ਪਏ ਹਨ, ਉਸ ਦਾ ਸਰੀਰ ਪਵਿੱਤ੍ਰ ਹੋ ਜਾਂਦਾ ਹੈ।
ਹੇ ਨਾਨਕ! ਉਹ ਮਨੁੱਖ ਲੰਮੇ ਜਿਗਰੇ ਵਾਲਾ ਹੋ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਮਨ ਧੀਰਜ ਵਾਲਾ ਬਣ ਜਾਂਦਾ ਹੈ ॥੩॥
(ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ), ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਸੁਹਾਵਣੀਆਂ ਬੂੰਦਾਂ ਦੀ ਧਾਰ ਵਰ੍ਹਦੀ ਹੈ,
ਉਸ ਅਡੋਲ ਅਵਸਥਾ ਵਿਚ ਟਿਕੀ ਹੋਈ ਨੂੰ ਪ੍ਰੇਮ ਵਿਚ ਟਿਕੀ ਹੋਈ ਨੂੰ ਸੱਜਣ ਪ੍ਰਭੂ ਆ ਮਿਲਦਾ ਹੈ, ਪ੍ਰਭੂ ਨਾਲ ਉਸ ਦੀ ਪ੍ਰੀਤ ਬਣ ਜਾਂਦੀ ਹੈ।
(ਉਸ ਜੀਵ-ਇਸਤ੍ਰੀ ਦਾ ਹਿਰਦਾ ਪ੍ਰਭੂ-ਦੇਵ ਦੇ ਟਿਕਣ ਲਈ ਮੰਦਰ ਬਣ ਜਾਂਦਾ ਹੈ) ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹ ਉਸ ਜੀਵ-ਇਸਤ੍ਰੀ ਦੇ ਹਿਰਦੇ-ਮੰਦਰ ਵਿਚ ਆ ਟਿਕਦਾ ਹੈ, ਉਹ ਜੀਵ-ਇਸਤ੍ਰੀ ਉਤਾਵਲੀ ਹੋ ਹੋ ਕੇ ਉਸ ਦੇ ਗੁਣ ਗਾਂਦੀ ਹੈ,
(ਤੇ ਆਖਦੀ ਹੈ-) ਹਰੇਕ ਭਾਗਾਂ ਵਾਲੀ ਦੇ ਹਿਰਦੇ-ਘਰ ਵਿਚ ਪ੍ਰਭੂ-ਪਤੀ ਰਲੀਆਂ ਮਾਣਦਾ ਹੈ, ਪ੍ਰਭੂ-ਪਤੀ ਨੇ ਮੈਨੂੰ ਕਿਉਂ ਭੁਲਾ ਦਿੱਤਾ ਹੈ?
(ਉਹ ਤਰਲੇ ਲੈ ਲੈ ਕੇ ਗੁਰੂ ਅੱਗੇ ਇਉਂ ਅਰਦਾਸ ਕਰਦੀ ਹੈ-) ਹੇ ਲਿਫ਼ ਕੇ ਘਟ ਬੰਨ੍ਹ ਕੇ ਆਏ ਬੱਦਲ! ਪ੍ਰੇਮ ਨਾਲ ਵਰ੍ਹ (ਹੇ ਤਰਸ ਕਰ ਕੇ ਆਏ ਗੁਰੂ ਪਾਤਿਸ਼ਾਹ! ਪ੍ਰੇਮ ਨਾਲ ਮੇਰੇ ਅੰਦਰ ਸਿਫ਼ਤ-ਸਾਲਾਹ ਦੀ ਵਰਖਾ ਕਰ), ਪ੍ਰਭੂ ਦਾ ਪਿਆਰ ਮੇਰੇ ਮਨ ਵਿਚ, ਮੇਰੇ ਤਨ ਵਿਚ ਆਨੰਦ ਪੈਦਾ ਕਰਦਾ ਹੈ।
ਹੇ ਨਾਨਕ! ਜਿਸ (ਸੁਭਾਗ) ਹਿਰਦੇ-ਘਰ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੀ ਵਰਖਾ ਹੁੰਦੀ ਹੈ, ਪ੍ਰਭੂ ਕਿਰਪਾ ਧਾਰ ਕੇ ਆਪ ਉਥੇ ਆ ਟਿਕਦਾ ਹੈ ॥੪॥
ਚੇਤ (ਦਾ ਮਹੀਨਾ) ਚੰਗਾ ਲੱਗਦਾ ਹੈ, (ਚੇਤ ਵਿਚ) ਬਸੰਤ (ਦਾ ਮੌਸਮ ਭੀ) ਪਿਆਰਾ ਲੱਗਦਾ ਹੈ, ਤੇ (ਫੁੱਲਾਂ ਉਤੇ ਬੈਠੇ ਹੋਏ) ਭਵਰ ਸੋਹਣੇ ਲੱਗਦੇ ਹਨ।