ਹੇ ਨਾਨਕ! ਗੁਰੂ ਦੀ ਰਾਹੀਂ ਨਾਮ ਵਿਚ ਲੀਨ ਹੋ ਕੇ ਉਹ ਮਨੁੱਖ (ਪਰਮਾਤਮਾ ਵਿਚ) ਲੀਨ ਰਹਿੰਦਾ ਹੈ, ਉਹ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਹੈ ॥੧੨॥
ਭਗਤਾਂ ਦੇ ਮੂੰਹ ਵਿਚ (ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਟਿਕੀ ਰਹਿੰਦੀ ਹੈ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਨਾਮ (ਆਪ) ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦਾ ਹੈ।
ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਦਾ ਮਨ ਸਦਾ ਖਿੜਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਆਪਣਾ ਮਨ ਜੋੜੀ ਰੱਖਦਾ ਹੈ ॥੧੩॥
ਹੇ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਅੰਞਾਣ ਹਾਂ, ਸਾਨੂੰ ਆਤਮਕ ਜੀਵਨ ਦੀ ਕੁਝ ਭੀ ਸੂਝ ਨਹੀਂ ਹੈ।
ਗੁਰੂ ਪਾਸੋਂ (ਇਹ) ਸਮਝ ਮਨ ਵਿਚ ਪੈਂਦੀ ਹੈ।
ਹੇ ਪ੍ਰਭੂ! ਦਇਆਵਾਨ ਹੋ, ਮਿਹਰ ਕਰ, (ਸਾਨੂੰ) ਗੁਰੂ ਦੀ ਸੇਵਾ ਵਿਚ ਲਾਈ ਰੱਖ ॥੧੪॥
ਜਿਸ ਮਨੁੱਖ ਨੇ ਗੁਰੂ ਨਾਲ ਸਾਂਝ ਪਾ ਲਈ, ਉਸ ਨੇ ਇਕ ਪਰਮਾਤਮਾ ਨੂੰ (ਇਉਂ) ਪਛਾਣ ਲਿਆ,
ਕਿ ਉਹ ਸੁਖਦਾਤਾ ਪ੍ਰਭੂ ਸਭਨਾਂ ਵਿਚ ਵੱਸ ਰਿਹਾ ਹੈ।
ਉਸ ਮਨੁੱਖ ਨੇ ਆਪਣੇ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਿਆ। ਉਸ ਦੀ ਸੁਰਤ ਪਰਮਾਤਮਾ ਦੀ ਸੇਵਾ-ਭਗਤੀ ਵਿਚ ਟਿਕੀ ਰਹਿੰਦੀ ਹੈ ॥੧੫॥
ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਇੱਜ਼ਤ ਮਿਲਦੀ ਹੈ,
ਉਹਨਾਂ ਦੇ ਮਨ ਵਿਚ ਗੁਰੂ ਵੱਸਿਆ ਰਹਿੰਦਾ ਹੈ।
ਉਹ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦੇ ਹਨ। ਹੇ ਨਾਨਕ! ਉਹਨਾਂ ਨੂੰ ਜਗਤ ਦਾ ਸਹਾਰਾ ਦਾਤਾਰ ਆਪ ਆ ਮਿਲਦਾ ਹੈ, ਉਹ ਪ੍ਰਭੂ ਦੀ ਗੋਦ ਵਿਚ (ਪ੍ਰਭੂ-ਚਰਨਾਂ ਵਿਚ) ਸਮਾਏ ਰਹਿੰਦੇ ਹਨ ॥੧੬॥੧॥
ਪਰਮਾਤਮਾ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਦਾ ਹੀ ਨਾਸ ਰਹਿਤ ਹੈ,
ਸਭ ਜੀਵਾਂ ਵਿਚ ਵਿਆਪਕ ਹੈ, ਸਭ ਸਰੀਰਾਂ ਵਿਚ ਵੱਸਣ ਵਾਲਾ ਹੈ।
ਉਸ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ। ਹੇ ਪ੍ਰਾਣੀ! ਉਸੇ ਪਰਮਾਤਮਾ ਦਾ ਸਿਮਰਨ ਕਰਿਆ ਕਰੋ ॥੧॥
ਬਚਾਣ ਦੀ ਸਮਰਥਾ ਵਾਲਾ ਪਰਮਾਤਮਾ ਜਿਸ (ਮਨੁੱਖ) ਦੀ ਰੱਖਿਆ ਕਰਦਾ ਹੈ,
ਉਸ ਨੂੰ ਕੋਈ ਮਾਰ ਨਹੀਂ ਸਕਦਾ।
ਹੇ ਸੰਤ ਜਨੋ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ। ਉਸ ਦੀ ਸਿਫ਼ਤ-ਸਾਲਾਹ ਦੀ ਬਾਣੀ ਜੀਵਨ ਨੂੰ ਉੱਚਾ ਕਰ ਦੇਂਦੀ ਹੈ ॥੨॥
ਜਦੋਂ ਇਹ ਸਮਝ ਆ ਜਾਂਦੀ ਹੈ ਕਿ ਕਿਤੇ ਭੀ ਕੋਈ ਚੀਜ਼ (ਸਦਾ-ਥਿਰ) ਨਹੀਂ ਹੈ,
ਤਦੋਂ ਕਰਤਾਰ ਨੂੰ ਹੀ ਹਰ ਥਾਂ ਵਿਆਪਕ ਸਮਝੋ (ਜੋ ਸਦਾ ਕਾਇਮ ਰਹਿਣ ਵਾਲਾ ਹੈ)।
ਉਹ ਕਰਤਾਰ ਸੁੱਕੇ ਤੋਂ ਹਰਾ ਕਰਨ ਵਾਲਾ ਹੈ। ਉਸ ਹਰੀ ਦਾ ਸਿਮਰਨ ਕਰਦੇ ਰਹੋ, ਉਹ ਅਸਚਰਜ ਕੌਤਕ ਕਰਨ ਵਾਲਾ ਹੈ ॥੩॥
ਹੇ ਭਾਈ! ਜੋ ਸਭ ਜੀਵਾਂ ਦੇ ਦਿਲ ਦੀ ਪੀੜ ਜਾਣਦਾ ਹੈ,
ਮੈਂ ਤਾਂ ਉਸ ਮਾਲਕ ਤੋਂ ਸਦਾ ਸਦਕੇ ਜਾਂਦਾ ਹਾਂ।
ਹੇ ਭਾਈ! ਉਸ ਪਰਮਾਤਮਾ ਦੀ ਹਜ਼ੂਰੀ ਵਿਚ ਅਰਦਾਸ ਕਰਿਆ ਕਰ, ਜਿਹੜਾ ਸਾਰੇ ਸੁਖਾਂ ਦਾ ਦੇਣ ਵਾਲਾ ਹੈ ॥੪॥
ਜਿਹੜਾ ਮਨੁੱਖ (ਕਿਸੇ ਹੋਰ ਦੀ) ਜਿੰਦ ਦਾ ਦੁੱਖ-ਦਰਦ ਨਹੀਂ ਸਮਝ ਸਕਦਾ,
ਉਸ ਮੂਰਖ ਨਾਲ (ਆਪਣੇ ਦੁੱਖ-ਦਰਦ ਦੀ) ਕੋਈ ਗੱਲ ਨਹੀਂ ਕਰਨੀ ਚਾਹੀਦੀ।
ਹੇ ਪ੍ਰਾਣੀ! ਉਸ ਮੂਰਖ ਨਾਲ ਕੋਈ ਝੇੜਾ ਨਾਹ ਕਰ। ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਉਹੀ ਵਾਸਨਾ-ਰਹਿਤ ਆਤਮਕ ਦਰਜਾ ਦੇਣ ਵਾਲਾ ਹੈ ॥੫॥
(ਰੋਜ਼ੀ ਦੀ ਖ਼ਾਤਰ) ਚਿੰਤਾ-ਫ਼ਿਕਰ ਨਾਹ ਕਰ, ਇਹ ਫ਼ਿਕਰ ਕਰਤਾਰ ਨੂੰ ਹੈ।
ਉਹ ਕਰਤਾਰ ਜਲ ਵਿਚ ਧਰਤੀ ਵਿਚ (ਵੱਸਣ ਵਾਲੇ) ਸਭ ਜੀਵਾਂ ਨੂੰ (ਰਿਜ਼ਕ) ਦੇਂਦਾ ਹੈ।
ਮੇਰਾ ਪ੍ਰਭੂ ਉਹ ਉਹ ਦਾਤ ਦੇਂਦਾ ਹੈ ਜਿਸ ਦਾ ਸਾਨੂੰ ਚਿੱਤ-ਚੇਤਾ ਭੀ ਨਹੀਂ ਹੁੰਦਾ। ਪੱਥਰਾਂ ਵਿਚ ਵੱਸਣ ਵਾਲੇ ਕੀੜਿਆਂ ਨੂੰ ਭੀ (ਰਿਜ਼ਕ) ਦੇਂਦਾ ਹੈ ॥੬॥
ਮਿੱਤਰ ਦੀ, ਪੁੱਤਰ ਦੀ, ਭਰਾ ਦੀ-ਕਿਸੇ ਦੀ ਭੀ ਆਸ ਨਾਹ ਕਰ।
ਕਿਸੇ ਸ਼ਾਹ ਦੀ, ਕਿਸੇ ਵਿਹਾਰ ਦੀ-ਕੋਈ ਭੀ ਪਰਾਈ ਆਸ ਨਾਹ ਕਰ।
ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਮਦਦਗਾਰ ਨਹੀਂ। ਉਸ ਪਰਮਾਤਮਾ ਦਾ ਹੀ ਨਾਮ ਜਪਣਾ ਚਾਹੀਦਾ ਹੈ ॥੭॥
ਹਰ ਵੇਲੇ ਪਰਮਾਤਮਾ ਦਾ ਹੀ ਨਾਮ ਜਪਦੇ ਰਹੋ।
ਉਹੀ ਤੇਰੀ ਹਰੇਕ ਆਸ ਪੂਰੀ ਕਰਦਾ ਹੈ, ਤੇਰਾ ਹਰੇਕ ਫੁਰਨਾ ਪੂਰਾ ਕਰਦਾ ਹੈ।
ਹੇ ਦਾਸ ਨਾਨਕ! ਸਦਾ ਹਰਿ-ਨਾਮ ਜਪਦੇ ਰਹੋ। ਹਰਿ-ਨਾਮ ਜਨਮ ਮਰਨ ਦੇ ਗੇੜ ਦਾ ਨਾਸ ਕਰਨ ਵਾਲਾ ਹੈ। (ਜਿਹੜਾ ਮਨੁੱਖ ਜਪਦਾ ਹੈ ਉਸ ਦੀ) ਉਮਰ-ਰਾਤ ਸੁਖ ਵਿਚ ਆਤਮਕ ਅਡੋਲਤਾ ਵਿਚ ਬੀਤਦੀ ਹੈ ॥੮॥
ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਕੀਤੀ ਉਸ ਨੇ ਸੁਖ ਪ੍ਰਾਪਤ ਕੀਤਾ।
ਉਹ ਬਿਨਾ ਕਿਸੇ (ਤਪ ਆਦਿਕ) ਜਤਨ ਦੇ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।
ਬੇਸ਼ੱਕ ਵੇਦਾਂ ਪੁਰਾਣਾਂ (ਦੇ ਪੜ੍ਹਨ ਵਾਲਿਆਂ) ਪਾਸੋਂ ਜਾ ਕੇ ਪੁੱਛ ਲਵੋ। ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ, ਪਰਮਾਤਮਾ ਉਸ ਦੀ ਲਾਜ ਰੱਖਦਾ ਹੈ ॥੯॥
ਪਰ, ਉਹੀ ਮਨੁੱਖ ਪਰਮਾਤਮਾ ਦੀ ਭਗਤੀ ਵਿਚ ਲੱਗਦਾ ਹੈ, ਜਿਸ ਨੂੰ ਪਰਮਾਤਮਾ ਆਪ ਲਾਂਦਾ ਹੈ।
ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਮਨੁੱਖ ਦੀ ਭਟਕਣਾ ਉਸ ਦਾ ਡਰ ਦੂਰ ਹੋ ਜਾਂਦਾ ਹੈ।
ਜਿਵੇਂ ਕੌਲ ਫੁੱਲ ਪਾਣੀ ਵਿਚ (ਪਾਣੀ ਤੋਂ) ਨਿਰਲੇਪ ਰਹਿੰਦਾ ਹੈ, ਤਿਵੇਂ ਉਹ ਮਨੁੱਖ ਗ੍ਰਿਹਸਤ ਦੇ ਵਿਚ ਹੀ (ਮਾਇਆ ਤੋਂ) ਸਦਾ ਉਪਰਾਮ ਰਹਿੰਦਾ ਹੈ ॥੧੦॥