ਰਾਗ ਗੋਂਡ ਵਿੱਚ ਭਗਤਾਂ ਦੀ ਬਾਣੀ।(ਰਾਗ ਗੋਂਡ) ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੇ ਕੋਈ ਭਲਾ ਮਨੁੱਖ ਮਿਲ ਪਏ ਤਾਂ (ਉਸ ਦੀ ਸਿੱਖਿਆ) ਸੁਣਨੀ ਚਾਹੀਦੀ ਹੈ, ਤੇ (ਜੀਵਨ ਦੇ ਰਾਹ ਦੀਆਂ ਗੁੰਝਲਾਂ) ਪੁੱਛਣੀਆਂ ਚਾਹੀਦੀਆਂ ਹਨ।
ਪਰ ਜੇ ਕੋਈ ਭੈੜਾ ਬੰਦਾ ਮਿਲ ਪਏ, ਤਾਂ ਉੱਥੇ ਚੁੱਪ ਰਹਿਣਾ ਹੀ ਠੀਕ ਹੈ ॥੧॥
ਹੇ ਭਾਈ! (ਜਗਤ ਵਿਚ ਰਹਿੰਦਿਆਂ) ਕਿਹੋ ਜਿਹੇ ਬੋਲ ਬੋਲੀਏ,
ਜਿਨ੍ਹਾਂ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਸੁਰਤ ਟਿਕੀ ਰਹੇ? (ਨੋਟ: ਬਾਕੀ ਦੇ ਸਾਰੇ ਸ਼ਬਦ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ) ॥੧॥ ਰਹਾਉ ॥
(ਕਿਉਂਕਿ) ਭਲਿਆਂ ਨਾਲ ਗੱਲ ਕੀਤਿਆਂ ਕੋਈ ਭਲਾਈ ਦੀ ਗੱਲ ਨਿਕਲੇਗੀ,
ਤੇ ਮੂਰਖ ਨਾਲ ਬੋਲਿਆਂ ਵਿਅਰਥ ਖਪ-ਖਪਾ ਹੀ ਹੋਵੇਗਾ ॥੨॥
(ਫਿਰ) ਜਿਉਂ ਜਿਉਂ (ਮੂਰਖ ਨਾਲ) ਗੱਲਾਂ ਕਰੀਏ (ਉਸ ਦੇ ਕੁਸੰਗ ਵਿਚ) ਵਿਕਾਰ ਹੀ ਵਿਕਾਰ ਵਧਦੇ ਹਨ; (ਪਰ ਇਸ ਦਾ ਭਾਵ ਇਹ ਨਹੀਂ ਕਿ ਕਿਸੇ ਨਾਲ ਭੀ ਬਹਿਣਾ-ਖਲੋਣਾ ਨਹੀਂ ਚਾਹੀਦਾ)।
ਜੇ ਭਲੇ ਮਨੁੱਖਾਂ ਨਾਲ ਭੀ ਨਹੀਂ ਬੋਲਾਂਗੇ, (ਭਾਵ, ਜੇ ਭਲਿਆਂ ਪਾਸ ਭੀ ਨਹੀਂ ਬੈਠਾਂਗੇ) ਤਾਂ ਵਿਚਾਰ ਦੀਆਂ ਗੱਲਾਂ ਕਿਵੇਂ ਕਰ ਸਕਦੇ ਹਾਂ? ॥੩॥
ਕਬੀਰ ਆਖਦਾ ਹੈ- ਸੱਚੀ ਗੱਲ ਇਹ ਹੈ ਕਿ (ਜਿਵੇਂ) ਖ਼ਾਲੀ ਘੜਾ ਬੋਲਦਾ ਹੈ, ਜੇ ਉਹ (ਪਾਣੀ ਨਾਲ) ਭਰਿਆ ਹੋਇਆ ਹੋਵੇ ਤਾਂ ਉਹ ਕਦੇ ਡੋਲਦਾ ਨਹੀਂ (ਇਸੇ ਤਰ੍ਹਾਂ ਬਹੁਤੀਆਂ ਫ਼ਾਲਤੂ ਗੱਲਾਂ ਗੁਣ-ਹੀਨ ਮਨੁੱਖ ਹੀ ਕਰਦਾ ਹੈ।
ਜੋ ਗੁਣਵਾਨ ਹੈ ਉਹ ਅਡੋਲ ਰਹਿੰਦਾ ਹੈ। ਸੋ, ਜਗਤ ਵਿਚ ਕੋਈ ਐਸਾ ਉੱਦਮ ਕਰੀਏ, ਜਿਸ ਨਾਲ ਗੁਣ ਗ੍ਰਹਿਣ ਕਰ ਸਕੀਏ, ਤੇ ਇਹ ਗੁਣ ਮਿਲ ਸਕਦੇ ਹਨ ਭਲਿਆਂ ਪਾਸੋਂ ਹੀ) ॥੪॥੧॥
(ਮੈਨੂੰ ਕਦੇ ਸੋਚ ਹੀ ਨਹੀਂ ਫੁਰਦੀ ਕਿ ਮੈਂ ਕਿਸ ਸਰੀਰ ਤੇ ਮਾਣ ਕਰ ਕੇ ਮੰਦੇ ਕੰਮ ਕਰਦਾ ਰਹਿੰਦਾ ਹਾਂ, ਮੇਰਾ ਅਸਲਾ ਤਾਂ ਇਹੀ ਹੈ ਨਾ ਕਿ) ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ (ਦਾ ਸਰੀਰ) ਕਿਸੇ ਕੰਮ ਨਹੀਂ ਆਉਂਦਾ,
ਪਰ ਪਸ਼ੂ ਮਰਦਾ ਹੈ ਤਾਂ (ਫਿਰ ਭੀ ਉਸ ਦਾ ਸਰੀਰ ਮਨੁੱਖ ਦੇ) ਕਈ ਕੰਮ ਸਵਾਰਦਾ ਹੈ ॥੧॥
ਹੇ ਬਾਬਾ! ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜਿਹੇ ਨਿੱਤ-ਕਰਮ ਕਰੀ ਜਾ ਰਿਹਾ ਹਾਂ, (ਮੈਂ ਮੰਦੇ ਪਾਸੇ ਹੀ ਲੱਗਾ ਰਹਿੰਦਾ ਹਾਂ, ਤੇ)
ਮੈਨੂੰ ਖ਼ਿਆਲ ਹੀ ਨਹੀਂ ਆਉਂਦਾ ॥੧॥ ਰਹਾਉ ॥
(ਹੇ ਬਾਬਾ! ਮੈਂ ਕਦੇ ਸੋਚਿਆ ਹੀ ਨਹੀਂ ਕਿ ਮੌਤ ਆਇਆਂ ਇਸ ਸਰੀਰ ਦੀਆਂ) ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ,
ਤੇ (ਇਸ ਦੇ) ਕੇਸ ਘਾਹ ਦੇ ਪੂਲੇ ਵਾਂਘ ਸੜ ਜਾਂਦੇ ਹਨ (ਤੇ ਜਿਸ ਸਰੀਰ ਦਾ ਮਗਰੋਂ ਇਹ ਹਾਲ ਹੁੰਦਾ ਹੈ, ਉਸੇ ਉੱਤੇ ਮੈਂ ਸਾਰੀ ਉਮਰ ਮਾਣ ਕਰਦਾ ਰਹਿੰਦਾ ਹਾਂ) ॥੨॥
(ਪਰ) ਕਬੀਰ ਆਖਦਾ ਹੈ- ਸੱਚ ਇਹ ਹੈ ਕਿ ਮਨੁੱਖ ਇਸ ਮੂਰਖਤਾ ਵਲੋਂ ਤਦੋਂ ਹੀ ਜਾਗਦਾ ਹੈ (ਤਦੋਂ ਹੀ ਪਛਤਾਉਂਦਾ ਹੈ)
ਜਦੋਂ ਮੌਤ ਦਾ ਡੰਡਾ ਇਸ ਦੇ ਸਿਰ ਉੱਤੇ ਆ ਵੱਜਦਾ ਹੈ ॥੩॥੨॥
(ਇਹ ਜਿੰਦ ਜਿਸ ਦਾ ਅੰਸ਼ ਹੈ ਉਹ) ਚੇਤਨ-ਸੱਤਾ ਅਕਾਸ਼ ਤੋਂ ਪਤਾਲ ਤੱਕ ਹਰ ਪਾਸੇ ਮੌਜੂਦ ਹੈ।
ਉਹੀ (ਜੀਵਾਂ ਦੇ) ਸੁਖ ਦਾ ਮੂਲ-ਕਾਰਨ ਹੈ। ਉਹ ਸਦਾ ਕਾਇਮ ਰਹਿਣ ਵਾਲਾ ਹੈ, ਉਹ ਹੀ (ਹੈ ਜਿਸ ਨੂੰ) ਉੱਤਮ ਪੁਰਖ (ਪਰਮਾਤਮਾ ਕਹੀਦਾ) ਹੈ। (ਜੀਵਾਂ ਦਾ) ਸਰੀਰ ਨਾਸ ਹੋ ਜਾਂਦਾ ਹੈ, ਪਰ (ਸਰੀਰ ਵਿਚ ਵੱਸਦੀ ਜਿੰਦ ਦਾ ਸੋਮਾ) ਚੇਤਨ-ਸੱਤਾ ਨਾਸ ਨਹੀਂ ਹੁੰਦੀ ॥੧॥
ਮੇਰੇ ਮਨ ਵਿੱਚ (ਹੋਰਨਾਂ ਗੱਲਾਂ ਵਲੋਂ) ਉਪਰਾਮਤਾ ਹੋ ਰਹੀ ਹੈ, (ਮੈਨੂੰ ਹੋਰ ਗੱਲਾਂ ਗ਼ੈਰ-ਜ਼ਰੂਰੀ ਜਾਪਦੀਆਂ ਹਨ।)
ਮੇਰਾ ਨਿਸ਼ਚਾ ਹੁਣ ਇਸ ਗੱਲ ਉੱਤੇ ਟਿਕ ਗਿਆ ਹੈ ਕਿ ਇਹ ਜਿੰਦ ਕਦੇ ਮਰਦੀ ਨਹੀਂ (ਕਿਉਂਕਿ ਇਹ ਜਿੰਦ ਉਸ ਸਰਬ-ਵਿਆਪਕ ਸਦਾ-ਥਿਰ ਚੇਤਨ-ਸੱਤਾ ਦਾ ਅੰਸ਼ ਹੈ) ॥੧॥ ਰਹਾਉ ॥
ਪੰਜਾਂ ਤੱਤਾਂ ਨੇ ਮਿਲ ਕੇ ਇਹ ਸਰੀਰ ਬਣਾਇਆ ਹੈ (ਪਰ ਇਹਨਾਂ ਤੱਤਾਂ ਦੀ ਭੀ ਕੋਈ ਵੱਖਰੀ ਹਸਤੀ ਨਹੀਂ ਹੈ), ਇਹ ਤੱਤ ਭੀ ਹੋਰ ਕਿੱਥੋਂ ਬਣਨੇ ਸਨ? (ਇਹ ਭੀ ਚੇਤਨ-ਸੱਤਾ ਤੋਂ ਹੀ ਬਣੇ ਹਨ)।
ਤੁਸੀ ਲੋਕ ਇਹ ਆਖਦੇ ਹੋ ਕਿ ਜੀਵਾਤਮਾ ਕੀਤੇ ਕਰਮਾਂ ਕਰਮਾਂ ਦਾ ਬੱਝਾ ਹੋਇਆ ਹੈ, (ਪਰ ਅਸਲ ਗੱਲ ਇਹ ਹੈ ਕਿ) ਕਰਮਾਂ ਨੂੰ ਭੀ ਪਹਿਲਾਂ ਚੇਤਨ-ਸੱਤਾ ਤੋਂ ਬਿਨਾ ਹੋਰ ਕਿਸ ਨੇ ਵਜੂਦ ਵਿਚ ਲਿਆਉਣਾ ਸੀ? (ਭਾਵ, ਕਰਮਾਂ ਨੂੰ ਭੀ ਪਹਿਲਾਂ ਇਹ ਚੇਤਨ-ਸੱਤਾ ਹੀ ਵਜੂਦ ਵਿਚ ਲਿਆਉਂਦੀ ਹੈ) ॥੨॥
ਹੇ ਭਾਈ! ਉਸ ਚੇਤਨ-ਸੱਤਾ ਪ੍ਰਭੂ ਦੇ ਅੰਦਰ ਇਹ (ਜੀਵਾਂ ਦਾ) ਸਰੀਰ ਵਜੂਦ ਵਿਚ ਆਉਂਦਾ ਹੈ, ਤੇ ਸਰੀਰਾਂ ਵਿਚ ਉਹ ਪ੍ਰਭੂ ਵੱਸਦਾ ਹੈ। ਸਭਨਾਂ ਦੇ ਅੰਦਰ ਉਹੀ ਹੈ, ਕਿਤੇ ਵਿੱਥ ਨਹੀਂ ਹੈ।
ਸੋ, ਕਬੀਰ ਆਖਦਾ ਹੈ-ਐਸੇ ਚੇਤਨ-ਸੱਤਾ ਪਰਮਾਤਮਾ ਦਾ ਨਾਮ ਮੈਂ ਕਦੇ ਨਹੀਂ ਭੁਲਾਵਾਂਗਾ, (ਨਾਮ ਸਿਮਰਨ ਦੀ ਬਰਕਤਿ ਨਾਲ ਹੀ ਇਹ ਸਮਝ ਆਉਂਦੀ ਹੈ ਕਿ) ਜੋ ਕੁਝ ਜਗਤ ਵਿਚ ਹੋ ਰਿਹਾ ਹੈ ਸੁਤੇ ਹੀ (ਉਸ ਚੇਤਨ-ਸੱਤਾ ਪ੍ਰਭੂ ਦੀ ਰਜ਼ਾ ਵਿਚ) ਹੋ ਰਿਹਾ ਹੈ ॥੩॥੩॥
ਰਾਗ ਗੋਂਡ, ਘਰ ੨ ਵਿੱਚ ਭਗਤ ਕਬੀਰ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੇਰੀਆਂ ਬਾਹਾਂ ਬੰਨ੍ਹ ਕੇ ਢੇਮ ਵਾਂਗ (ਮੈਨੂੰ ਇਹਨਾਂ ਲੋਕਾਂ ਹਾਥੀ ਅੱਗੇ) ਸੁੱਟ ਦਿੱਤਾ ਹੈ,
(ਮਹਾਵਤ ਨੇ) ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ (ਸੱਟ) ਮਾਰੀ ਹੈ।
ਪਰ ਹਾਥੀ (ਮੈਨੂੰ ਪੈਰਾਂ ਹੇਠ ਲਿਤਾੜਨ ਦੇ ਥਾਂ) ਚੀਕਾਂ ਮਾਰ ਕੇ (ਹੋਰ ਪਾਸੇ) ਭੱਜਦਾ ਹੈ,
(ਜਿਵੇਂ ਆਖਦਾ ਹੈ-) ਮੈਂ ਸਦਕੇ ਹਾਂ ਇਸ ਸੋਹਣੇ ਬੰਦੇ ਤੋਂ ॥੧॥
ਹੇ ਮੇਰੇ ਪ੍ਰਭੂ! ਮੈਨੂੰ ਤੇਰਾ ਤਾਣ ਹੈ (ਸੋ, ਤੇਰੀ ਬਰਕਤਿ ਨਾਲ ਮੈਨੂੰ ਕੋਈ ਫ਼ਿਕਰ ਨਹੀਂ ਹੈ)।
ਕਾਜ਼ੀ ਤਾਂ ਕਹਿ ਰਿਹਾ ਹੈ ਕਿ (ਇਸ ਕਬੀਰ ਉੱਤੇ) ਹਾਥੀ ਚਾੜ੍ਹ ਦੇਹ ॥੧॥ ਰਹਾਉ ॥
(ਕਾਜ਼ੀ ਆਖਦਾ ਹੈ-) ਨਹੀਂ ਤਾਂ ਮੈਂ ਤੇਰਾ ਸਿਰ ਉਤਰਾ ਦਿਆਂਗਾ,
ਇਸ ਹਾਥੀ ਨੂੰ ਸੱਟ ਮਾਰ ਤੇ (ਕਬੀਰ ਵਲ) ਤੋਰ।
ਪਰ ਹਾਥੀ ਤੁਰਦਾ ਨਹੀਂ (ਉਹ ਤਾਂ ਇਉਂ ਦਿੱਸਦਾ ਹੈ ਜਿਵੇਂ) ਪ੍ਰਭੂ-ਚਰਨਾਂ ਵਿਚ ਮਸਤ ਹੈ,
(ਜਿਵੇਂ) ਉਸ ਦੇ ਹਿਰਦੇ ਵਿਚ ਪਰਮਾਤਮਾ (ਪਰਗਟ ਹੋ ਕੇ) ਵੱਸ ਰਿਹਾ ਹੈ ॥੨॥
ਭਲਾ ਮੈਂ ਆਪਣੇ ਪ੍ਰਭੂ ਦੇ ਸੇਵਕ ਨੇ ਇਹਨਾਂ ਦਾ ਕੀਹ ਵਿਗਾੜ ਕੀਤਾ ਸੀ?
ਜੋ ਮੇਰੀ ਪੋਟਲੀ ਬੰਨ੍ਹ ਕੇ (ਇਹਨਾਂ ਮੈਨੂੰ) ਹਾਥੀ ਅੱਗੇ ਸੁੱਟ ਦਿੱਤਾ।
(ਭਾਵੇਂ ਕਿ) ਹਾਥੀ (ਮੇਰੇ ਸਰੀਰ ਦੀ ਬਣੀ) ਪੋਟਲੀ ਨੂੰ ਮੁੜ ਮੁੜ ਸਿਰ ਨਿਵਾ ਰਿਹਾ ਹੈ,
ਪਰ ਕਾਜ਼ੀ ਨੂੰ (ਤੁਅੱਸਬ ਦੇ) ਹਨੇਰੇ ਵਿਚ ਇਹ ਸਮਝ ਹੀ ਨਹੀਂ ਆਈ ॥੩॥
(ਕਾਜ਼ੀ ਨੇ ਹਾਥੀ ਨੂੰ ਮੇਰੇ ਉਪਰ ਚਾੜ੍ਹ ਚਾੜ੍ਹ ਕੇ) ਤਿੰਨ ਵਾਰੀ ਪਰਤਾਵਾ ਲਿਆ,