ਰਾਗ ਬੈਰਾੜੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ (ਮੇਰੇ) ਮਨ! ਉਸ ਪਰਮਾਤਮਾ ਦਾ ਨਾਮ ਤੇ ਸਿਫ਼ਤਿ-ਸਾਲਾਹ ਸੁਣਿਆ ਕਰ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
ਹੇ ਮਨ! ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦਾ ਭਜਨ ਕਰਿਆ ਕਰ। ਤੂੰ ਧਨ-ਪਦਾਰਥ, ਉੱਚੀ ਅਕਲ, ਕਰਾਮਾਤੀ ਤਾਕਤਾਂ, ਸਾਰੇ ਸੁਖ (ਹਰਿ-ਨਾਮ ਵਿਚ ਹੀ) ਪ੍ਰਾਪਤ ਕਰ ਲਏਂਗਾ ॥੧॥ ਰਹਾਉ ॥
ਹੇ ਮਨ! (ਉਸ ਅਕਥ ਪਰਮਾਤਮਾ ਦਾ ਸਿਮਰਨ ਕਰਿਆ ਕਰ ਜਿਸ ਦਾ) ਉੱਤਮ ਜਸ (ਮਹਾ ਭਾਰਤ ਆਦਿਕ) ਅਨੇਕਾਂ ਪ੍ਰਸੰਗ, ਪੁਰਾਣ ਅਤੇ ਛੇ ਸ਼ਾਸਤਰ ਗਾਂਦੇ ਹਨ (ਪਰ ਉਸ ਦਾ ਅੰਤ ਨਹੀਂ ਪਾ ਸਕੇ)।
ਸ਼ਿਵ ਜੀ ਅਤੇ ਤੇਤੀ ਕ੍ਰੋੜ ਦੇਵਤਿਆਂ ਨੇ ਭੀ ਉਸ ਦਾ ਧਿਆਨ ਧਰਿਆ, ਪਰ ਉਸ ਹਰੀ ਦਾ ਭੇਤ ਨਹੀਂ ਪਾਇਆ ॥੧॥
(ਹੇ ਮਨ! ਉਸ ਪਰਮਾਤਮਾ ਦੀ ਕਥਾ ਸੁਣਿਆ ਕਰ ਜਿਸ ਦਾ) ਜਸ ਦੇਵਤੇ ਮਨੁੱਖ ਗਣ ਗੰਧਰਬ ਗਾਂਦੇ ਆ ਰਹੇ ਹਨ, ਜਿਤਨੀ ਭੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ ਸਾਰੀ ਜਿਸ ਦੇ ਗੁਣ ਗਾਂਦੀ ਹੈ।
ਹੇ ਨਾਨਕ! (ਆਖ-ਹੇ ਮਨ!) ਪਰਮਾਤਮਾ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕਰਦਾ ਹੈ, ਉਹ ਮਨੁੱਖ ਉੱਚੇ ਜੀਵਨ ਵਾਲੇ ਸੰਤ ਬਣ ਜਾਂਦੇ ਹਨ ਉਂਞ ਉਸ ਦਾ ਭੇਤ ਕੋਈ ਨਹੀਂ ਪਾ ਸਕਦਾ) ॥੨॥੧॥
ਹੇ ਮਨ! ਉਸ ਮਨੁੱਖ ਨੇ ਸੰਤ ਜਨਾਂ ਨਾਲ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ,
ਗੁਰੂ ਨੇ ਸਤਿਗੁਰੂ ਨੇ (ਜਿਸ ਮਨੁੱਖ ਨੂੰ ਪਰਮਾਤਮਾ ਪਾਸੋਂ) ਪਰਮਾਤਮਾ ਦਾ ਰਤਨ ਨਾਮ ਕੀਮਤੀ ਨਾਮ ਬਖ਼ਸ਼ਸ਼ ਵਜੋਂ ਦਿਵਾ ਦਿੱਤਾ ॥੧॥ ਰਹਾਉ ॥
ਹੇ ਮਨ! ਮੈਂ ਉਸ ਮਨੁੱਖ ਨੂੰ ਆਪਣਾ ਮਨ ਤਨ ਸਭ ਕੁਝ ਭੇਟਾ ਕਰਦਾ ਹਾਂ, ਜਿਸ ਨੇ (ਮੈਨੂੰ) ਪਰਮਾਤਮਾ ਦਾ ਨਾਮ ਸੁਣਾਇਆ ਹੈ,
ਧਨ-ਪਦਾਰਥ ਮਾਇਆ ਉਸ ਦੇ ਹਵਾਲੇ ਕਰਦਾ ਹਾਂ, ਜਿਸ ਨੇ (ਮੈਨੂੰ) ਮਿੱਤਰ ਪ੍ਰਭੂ ਮਿਲਾਇਆ ਹੈ ॥੧॥
ਹੇ ਮਨ! ਜਗਤ ਦੇ ਮਾਲਕ-ਪ੍ਰਭੂ ਨੇ ਜਦੋਂ (ਕਿਸੇ ਸੇਵਕ ਉਤੇ) ਇਕ ਪਲ ਭਰ ਲਈ ਥੋੜੀ ਜਿਤਨੀ ਭੀ ਮੇਹਰ ਕਰ ਦਿੱਤੀ, ਉਸ ਨੇ ਤਦੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ।
ਹੇ ਨਾਨਕ! ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਜੀ ਮਿਲ ਪਏ, ਉਸ ਦਾ ਹਰੇਕ ਦੁੱਖ (ਤੇ) ਹਉਮੈ ਦਾ ਰੋਗ ਦੂਰ ਹੋ ਗਿਆ ॥੨॥੨॥
ਹੇ ਭਾਈ! ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।
ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ ॥੧॥ ਰਹਾਉ ॥
ਹੇ ਭਾਈ! (ਭਗਤ ਆਪਣੀ ਨਿੰਦਾ ਸੁਣ ਕੇ ਭੀ ਆਪਣਾ ਸੁਭਾਉ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ) ਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ (ਜੀਵਾਂ ਵਿਚ ਬੈਠ ਕੇ) ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ।
ਮਾਲਕ-ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਮਤਿ ਦੇਂਦਾ ਹੈ, ਆਪ ਹੀ (ਹਰੇਕ ਵਿਚ ਬੈਠਾ) ਬੋਲ ਰਿਹਾ ਹੈ, ਆਪ ਹੀ (ਹਰੇਕ ਜੀਵ ਨੂੰ) ਬੋਲਣ ਦੀ ਪ੍ਰੇਰਨਾ ਕਰ ਰਿਹਾ ਹੈ ॥੧॥