ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 470


ਸਲੋਕੁ ਮਃ ੧ ॥

ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥

ਹੇ ਨਾਨਕ! ਚੌਰਾਸੀਹ ਲੱਖ ਜੂਨਾਂ ਵਿਚੋਂ ਸ਼ਿਰੋਮਣੀ ਮਨੁੱਖਾ ਸਰੀਰ ਦਾ ਇਕ ਰਥ ਹੈ ਤੇ ਇਕ ਰਥਵਾਹੀ ਹੈ (ਭਾਵ, ਇਹ ਜ਼ਿੰਦਗੀ ਦਾ ਇਕ ਲੰਮਾ ਸਫ਼ਰ ਹੈ, ਮਨੁੱਖ ਮੁਸਾਫ਼ਰ ਹੈ; ਇਸ ਲੰਮੇ ਸਫ਼ਰ ਨੂੰ ਸੌਖੇ ਤਰੀਕੇ ਨਾਲ ਤੈ ਕਰਨ ਵਾਸਤੇ ਜੀਵ ਸਮੇ ਦੇ ਪਰਭਾਵ ਵਿਚ ਆਪਣੀ ਮਤ ਅਨੁਸਾਰ ਕਿਸੇ ਨ ਕਿਸੇ ਦੀ ਅਗਵਾਈ ਵਿਚ ਤੁਰ ਰਹੇ ਹਨ, ਕਿਸੇ ਨ ਕਿਸੇ ਦਾ ਆਸਰਾ ਤੱਕ ਰਹੇ ਹਨ। ਪਰ ਜਿਉਂ ਜਿਉਂ ਸਮਾ ਗੁਜ਼ਰਦਾ ਜਾ ਰਿਹਾ ਹੈ, ਜੀਵਾਂ ਦੇ ਸੁਭਾਉ ਬਦਲ ਰਹੇ ਹਨ, ਇਸ ਵਾਸਤੇ ਜੀਵਾਂ ਦਾ ਆਪਣੀ ਜ਼ਿੰਦਗੀ ਦਾ ਨਿਸ਼ਾਨਾ, ਜ਼ਿੰਦਗੀ ਦਾ ਮਨੋਰਥ ਭੀ ਬਦਲ ਰਿਹਾ ਹੈ; ਤਾਂ ਤੇ)

ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥

ਹਰੇਕ ਜੁਗ ਵਿਚ ਇਹ ਰਥ ਤੇ ਰਥਵਾਹੀ ਮੁੜ ਮੁੜ ਬਦਲਦੇ ਰਹਿੰਦੇ ਹਨ, ਇਸ ਭੇਦ ਨੂੰ ਸਿਆਣੇ ਮਨੁੱਖ ਸਮਝਦੇ ਹਨ।

ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ ॥

ਸਤਜੁਗ ਵਿਚ ਮਨੁੱਖਾ-ਸਰੀਰ ਦਾ ਰਥ 'ਸੰਤੋਖ' ਹੁੰਦਾ ਹੈ ਤੇ ਰਥਵਾਹੀ 'ਧਰਮ' ਹੈ (ਭਾਵ, ਜਦੋਂ ਮਨੁੱਖਾਂ ਦਾ ਆਮ ਤੌਰ ਤੇ ਜ਼ਿੰਦਗੀ ਦਾ ਨਿਸ਼ਾਨਾ 'ਧਰਮ' ਹੋਵੇ, 'ਧਰਮ' ਜੀਵਨ-ਮਨੋਰਥ ਹੋਣ ਕਰਕੇ ਸੁਤੇ ਹੀ 'ਸੰਤੋਖ' ਉਹਨਾਂ ਦੀ ਸਵਾਰੀ ਹੁੰਦਾ ਹੈ, 'ਸੰਤੋਖ' ਵਾਲਾ ਸੁਭਾਉ ਜੀਵਾਂ ਦੇ ਅੰਦਰ ਪਰਬਲ ਹੁੰਦਾ ਹੈ। ਇਹ ਜੀਵ, ਮਾਨੋ, ਸਤਜੁਗੀ ਹਨ, ਸਤਜੁਗ ਵਿਚ ਵੱਸ ਰਹੇ ਹਨ)।

ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥

ਤ੍ਰੇਤੇ ਜੁਗ ਵਿਚ ਮਨੁੱਖਾ-ਸਰੀਰ ਦਾ ਰਥ 'ਜਤੁ' ਹੈ ਤੇ ਇਸ 'ਜਤ' ਰੂਪ ਰਥ ਦੇ ਅੱਗੇ ਰਥਵਾਹੀ 'ਜੋਰੁ' ਹੈ (ਭਾਵ, ਜਦੋਂ ਮਨੁੱਖਾਂ ਦਾ ਜ਼ਿੰਦਗੀ ਦਾ ਨਿਸ਼ਾਨਾ 'ਸੂਰਮਤਾ' (Chivalry) ਹੋਵੇ, ਤਦੋਂ ਸੁਤੇ ਹੀ 'ਜਤੁ' ਉਹਨਾਂ ਦੀ ਸਵਾਰੀ ਹੁੰਦਾ ਹੈ। 'ਸੂਰਮਤਾ' ਦੇ ਪਿਆਰੇ ਮਨੁੱਖਾਂ ਦੇ ਅੰਦਰ 'ਜਤੀ' ਰਹਿਣ ਦਾ ਵਲਵਲਾ ਸਭ ਤੋਂ ਵਧੀਕ ਪਰਬਲ ਹੁੰਦਾ ਹੈ।)

ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥

ਦੁਆਪਰ ਜੁਗ ਵਿਚ ਮਨੁੱਖਾ-ਸਰੀਰ ਦਾ ਰਥ 'ਤਪੁ' ਹੈ ਤੇ ਇਸ 'ਤਪ' ਰੂਪ ਰਥ ਦੇ ਅੱਗੇ ਰਥਵਾਹੀ 'ਸਤੁ' ਹੁੰਦਾ ਹੈ (ਭਾਵ, ਜਦੋਂ ਮਨੁੱਖਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਉੱਚਾ ਆਚਰਨ ਹੋਵੇ, ਤਦੋਂ ਸੁਤੇ ਹੀ 'ਤਪ' ਉਹਨਾਂ ਦੀ ਸਵਾਰੀ ਹੁੰਦਾ ਹੈ। 'ਉੱਚੇ ਆਚਰਨ' ਦੇ ਆਸ਼ਕ ਆਪਣੇ ਸਰੀਰਕ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਣ ਦੀ ਖ਼ਾਤਰ ਕਈ ਤਰ੍ਹਾਂ ਦੇ ਤਪ, ਕਸ਼ਟ ਝੱਲਦੇ ਹਨ)।

ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥

ਕਲਜੁਗ ਵਿਚ ਮਨੁੱਖਾ-ਸਰੀਰ ਦਾ ਰਥ ਤ੍ਰਿਸ਼ਨਾ-ਅੱਗ ਹੈ ਤੇ ਇਸ 'ਅੱਗ' ਰੂਪ ਰਥ ਦੇ ਅੱਗੇ ਰਥਵਾਹੀ 'ਕੂੜੁ' ਹੈ (ਭਾਵ, ਜਦੋਂ ਜੀਵਾਂ ਦਾ ਜ਼ਿੰਦਗੀ ਦਾ ਮਨੋਰਥ 'ਕੂੜੁ' ਠੱਗੀ ਆਦਿਕ ਹੋਵੇ ਤਦੋਂ ਸੁਤੇ ਹੀ 'ਤ੍ਰਿਸ਼ਨਾ' ਰੂਪ ਅੱਗ ਉਹਨਾਂ ਦੀ ਸਵਾਰੀ ਹੁੰਦੀ ਹੈ। ਕੂੜ ਠੱਗੀ ਤੋਂ ਵਿਕੇ ਹੋਏ ਮਨੁੱਖਾਂ ਦੇ ਅੰਦਰ ਤ੍ਰਿਸ਼ਨਾ ਅੱਗ ਭੜਕਦੀ ਰਹਿੰਦੀ ਹੈ) ॥੧॥

ਮਃ ੧ ॥

ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ॥

ਸਾਮ ਵੇਦ ਆਖਦਾ ਹੈ ਕਿ (ਭਾਵ, ਸਤਜੁਗ ਵਿਚ) ਜਗਤ ਦੇ ਮਾਲਕ (ਸੁਆਮੀ) ਦਾ ਨਾਮ 'ਸੇਤੰਬਰੁ' (ਪਰਸਿੱਧ) ਹੈ (ਭਾਵ, ਤਦੋਂ ਰੱਬ ਨੂੰ 'ਸੇਤੰਬਰ' ਮੰਨ ਕੇ ਪੂਜਾ ਹੋ ਰਹੀ ਸੀ), ਜੋ ਸਦਾ 'ਸੱਚ' ਵਿਚ ਟਿਕਿਆ ਰਹਿੰਦਾ ਹੈ;

ਸਭੁ ਕੋ ਸਚਿ ਸਮਾਵੈ ॥

ਤਦੋਂ ਹਰੇਕ ਜੀਵ 'ਸੱਚ' ਵਿਚ ਲੀਨ ਹੁੰਦਾ ਹੈ ('ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ'); (ਜਦੋਂ ਆਮ ਤੌਰ ਤੇ ਹਰੇਕ ਜੀਵ 'ਸੱਚ' ਵਿਚ, 'ਧਰਮੁ' ਵਿਚ ਦ੍ਰਿੜ੍ਹ ਸੀ, ਤਦੋਂ ਸਤਜੁਗ ਵਰਤ ਰਿਹਾ ਸੀ)।

ਰਿਗੁ ਕਹੈ ਰਹਿਆ ਭਰਪੂਰਿ ॥

ਰਿਗਵੇਦ ਆਖਦਾ ਹੈ ਕਿ (ਭਾਵ, ਤ੍ਰੇਤੇ ਜੁਗ ਵਿਚ) (ਸ੍ਰੀ) ਰਾਮ (ਜੀ) ਦਾ ਨਾਮ ਹੀ ਸਾਰੇ ਸਭ ਥਾਈਂ ਵਿਆਪਕ ਹੈ,

ਰਾਮ ਨਾਮੁ ਦੇਵਾ ਮਹਿ ਸੂਰੁ ॥

(ਸ੍ਰੀ) ਰਾਮ (ਜੀ) ਦਾ ਨਾਮ ਦੇਵਤਿਆਂ ਵਿਚ ਸੂਰਜ ਵਾਂਗ ਚਮਕਦਾ ਹੈ।

ਨਾਇ ਲਇਐ ਪਰਾਛਤ ਜਾਹਿ ॥

(ਸ੍ਰੀ ਰਾਮ ਜੀ) ਦਾ ਨਾਮ ਲਿਆਂ (ਹੀ) ਪਾਪ ਦੂਰ ਹੋ ਜਾਂਦੇ ਹਨ,

ਨਾਨਕ ਤਉ ਮੋਖੰਤਰੁ ਪਾਹਿ ॥

ਹੇ ਨਾਨਕ! (ਰਿਗਵੇਦ ਆਖਦਾ ਹੈ ਕਿ ਜੀਵ) ਤਦੋਂ ਮੁਕਤੀ ਪ੍ਰਾਪਤ ਕਰ ਲੈਂਦੇ ਹਨ।

ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨੑ ਕ੍ਰਿਸਨੁ ਜਾਦਮੁ ਭਇਆ ॥

ਯਜੁਰ ਵੇਦ (ਵਿਚ ਭਾਵ, ਦੁਆਪਰ ਵਿਚ) ਜਗਤ ਦੇ ਮਾਲਕ ਦਾ ਨਾਮ ਸਾਂਵਲ 'ਜਾਦਮੁ' ਕ੍ਰਿਸ਼ਨ ਪਰਸਿੱਧ ਹੋ ਗਿਆ, ਜਿਸ ਨੇ ਜ਼ੋਰ ਨਾਲ ਚੰਦ੍ਰਾਵਲੀ ਨੂੰ ਛਲ ਲਿਆਂਦਾ,

ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ ॥

ਜਿਸ ਨੇ ਆਪਣੀ ਗੋਪੀ (ਸਤ੍ਯਭਾਮਾ) ਦੀ ਖ਼ਾਤਰ ਪਾਰਜਾਤ ਰੁੱਖ (ਇੰਦਰ ਦੇ ਬਾਗ਼ ਵਿਚੋਂ) ਲੈ ਆਂਦਾ ਅਤੇ ਜਿਸ ਨੇ ਬਿੰਦ੍ਰਾਬਨ ਵਿਚ ਕੌਤਕ ਵਰਤਾਇਆ।

ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ ॥

ਕਲਜੁਗ ਵਿਚ ਅਥਰਬਣ ਵੇਦ ਪਰਧਾਨ ਹੋ ਗਿਆ ਹੈ, ਜਗਤ ਦੇ ਮਾਲਕ ਦਾ ਨਾਮ 'ਖੁਦਾਇ' ਤੇ 'ਅਲਹੁ' ਵੱਜਣ ਲੱਗ ਪਿਆ ਹੈ;

ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥

ਤੁਰਕਾਂ ਤੇ ਪਠਾਣਾਂ ਦਾ ਰਾਜ ਹੋ ਗਿਆ ਹੈ ਜਿਨ੍ਹਾਂ ਨੇ ਨੀਲੇ ਰੰਗ ਦਾ ਬਸਤਰ ਲੈ ਕੇ ਉਹਨਾਂ ਨੇ ਕੱਪੜੇ ਪਾਏ ਹੋਏ ਸਨ।

ਚਾਰੇ ਵੇਦ ਹੋਏ ਸਚਿਆਰ ॥

ਚਾਰੇ ਵੇਦ ਸੱਚੇ ਹੋ ਗਏ ਹਨ (ਭਾਵ, ਚੌਹਾਂ ਹੀ ਜੁਗਾਂ ਵਿਚ ਜਗਤ ਦੇ ਮਾਲਕ ਦਾ ਨਾਮ ਵਖੋ-ਵਖਰਾ ਵੱਜਦਾ ਰਿਹਾ ਹੈ, ਹਰੇਕ ਸਮੇ ਇਹੀ ਖ਼ਿਆਲ ਬਣਿਆ ਰਿਹਾ ਹੈ ਕਿ ਜੋ ਜੋ ਮਨੁੱਖ 'ਸੇਤੰਬਰ', 'ਰਾਮ', 'ਕ੍ਰਿਸ਼ਨ' ਤੇ 'ਅਲਹੁ' ਆਖ ਆਖ ਕੇ ਜਪੇਗਾ, ਉਹੀ ਮੁਕਤੀ ਪਾਏਗਾ);

ਪੜਹਿ ਗੁਣਹਿ ਤਿਨੑ ਚਾਰ ਵੀਚਾਰ ॥

ਅਤੇ ਜੋ ਜੋ ਮਨੁੱਖ ਇਹਨਾਂ ਵੇਦਾਂ ਨੂੰ ਪੜ੍ਹਦੇ ਵਿਚਾਰਦੇ ਹਨ, (ਭਾਵ, ਆਪੋ ਆਪਣੇ ਸਮੇ ਵਿਚ ਜੋ ਜੋ ਮਨੁੱਖ ਇਸ ਉਪਰੋਕਤ ਯਕੀਨ ਨਾਲ ਆਪਣੇ ਧਰਮ-ਪੁਸਤਕ ਪੜ੍ਹਦੇ ਤੇ ਵਿਚਾਰਦੇ ਰਹੇ ਹਨ) ਉਹ ਹੋਏ ਭੀ ਚੰਗੀਆਂ ਯੁਕਤੀਆਂ (ਚਾਰ=ਸੁੰਦਰ; ਵੀਚਾਰ=ਦਲੀਲ, ਯੁਕਤੀ) ਵਾਲੇ ਹਨ।

ਭਾਉ ਭਗਤਿ ਕਰਿ ਨੀਚੁ ਸਦਾਏ ॥

(ਪਰ) ਹੇ ਨਾਨਕ! ਜਦੋਂ ਮਨੁੱਖ ਪ੍ਰੇਮ-ਭਗਤੀ ਕਰ ਕੇ ਆਪਣੇ ਆਪ ਨੂੰ ਨੀਵਾਂ ਅਖਵਾਂਦਾ ਹੈ (ਭਾਵ, ਅਹੰਕਾਰ ਤੋਂ ਬਚਿਆ ਰਹਿੰਦਾ ਹੈ)

ਤਉ ਨਾਨਕ ਮੋਖੰਤਰੁ ਪਾਏ ॥੨॥

ਤਦੋਂ ਉਹ ਮੁਕਤੀ ਪ੍ਰਾਪਤ ਕਰਦਾ ਹੈ ॥੨॥

ਪਉੜੀ ॥

ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥

ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ, ਜਿਸ ਨੂੰ ਮਿਲਣ ਕਰ ਕੇ ਮੈਂ ਮਾਲਕ ਨੂੰ ਯਾਦ ਕਰਦਾ ਹਾਂ,

ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨੑੀ ਨੇਤ੍ਰੀ ਜਗਤੁ ਨਿਹਾਲਿਆ ॥

ਅਤੇ ਜਿਸ ਨੇ ਆਪਣੀ ਸਿੱਖਿਆ ਦੇ ਕੇ (ਮਾਨੋ) ਗਿਆਨ ਦਾ ਸੁਰਮਾ ਦੇ ਦਿੱਤਾ ਹੈ, (ਜਿਸ ਦੀ ਬਰਕਤਿ ਕਰਕੇ) ਮੈਂ ਇਹਨਾਂ ਅੱਖਾਂ ਨਾਲ ਜਗਤ (ਦੀ ਅਸਲੀਅਤ) ਨੂੰ ਵੇਖ ਲਿਆ ਹੈ।

ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥

(ਅਤੇ ਸਮਝ ਲਿਆ ਹੈ ਕਿ) ਜੋ ਮਨੁੱਖ ਮਾਲਕ ਨੂੰ ਵਿਸਾਰ ਕੇ ਕਿਸੇ ਹੋਰ ਵਿਚ ਚਿੱਤ ਜੋੜ ਰਹੇ ਹਨ, ਉਹ ਇਸ ਸੰਸਾਰ (ਸਾਗਰ) ਵਿਚ ਡੁੱਬ ਗਏ ਹਨ।

ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥

(ਸੰਸਾਰ ਸਾਗਰ ਤੋਂ ਪਾਰ ਹੋਣ ਵਾਸਤੇ) ਸਤਗੁਰੂ ਜਹਾਜ਼ ਹੈ (ਪਰ) ਕਿਸੇ ਵਿਰਲੇ ਮਨੁੱਖ ਨੇ ਹੀ ਇਸ ਗੱਲ ਨੂੰ ਸਮਝਿਆ ਹੈ।

ਕਰਿ ਕਿਰਪਾ ਪਾਰਿ ਉਤਾਰਿਆ ॥੧੩॥

(ਮੇਰੇ ਸਤਿਗੁਰੂ ਨੇ) ਮਿਹਰ ਕਰ ਕੇ ਮੈਨੂੰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਕਰ ਦਿੱਤਾ ਹੈ ॥੧੩॥

ਸਲੋਕੁ ਮਃ ੧ ॥

ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥

ਸਿੰਮਲ ਦਾ ਰੁੱਖ ਕੇਡਾ ਸਿੱਧਾ, ਲੰਮਾ ਤੇ ਮੋਟਾ ਹੁੰਦਾ ਹੈ।

ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥

(ਪਰ) ਉਹ ਪੰਛੀ ਜੋ (ਫਲ ਖਾਣ ਦੀ) ਆਸ ਰੱਖ ਕੇ (ਇਸ ਉਤੇ) ਆ ਬੈਠਦੇ ਹਨ, ਉਹ ਨਿਰਾਸ ਹੋ ਕੇ ਕਿਉਂ ਜਾਂਦੇ ਹਨ?

ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥

ਇਸ ਦਾ ਕਾਰਨ ਇਹ ਹੈ ਕਿ ਰੁੱਖ ਭਾਵੇਂ ਏਡਾ ਉੱਚਾ, ਲੰਮਾ ਤੇ ਮੋਟਾ ਹੈ, ਪਰ (ਇਸ ਦੇ) ਫਲ ਫਿੱਕੇ ਹੁੰਦੇ ਹਨ, ਤੇ ਫੁੱਲ ਬੇਸੁਆਦੇ ਹਨ, ਪੱਤਰ ਭੀ ਕਿਸੇ ਕੰਮ ਨਹੀਂ ਆਉਂਦੇ।

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥

ਹੇ ਨਾਨਕ! ਨੀਵੇਂ ਰਹਿਣ ਵਿਚ ਮਿਠਾਸ ਹੈ, ਗੁਣ ਹਨ, ਨੀਵਾਂ ਰਹਿਣਾ ਸਾਰੇ ਗੁਣਾਂ ਦਾ ਸਾਰ ਹੈ, ਭਾਵ, ਸਭ ਤੋਂ ਚੰਗਾ ਗੁਣ ਹੈ।

ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥

(ਭਾਵੇਂ ਆਮ ਤੌਰ ਤੇ ਜਗਤ ਵਿਚ) ਹਰੇਕ ਜੀਵ ਆਪਣੇ ਸੁਆਰਥ ਲਈ ਲਿਫਦਾ ਹੈ, ਕਿਸੇ ਦੂਜੇ ਦੀ ਖ਼ਾਤਰ ਨਹੀਂ,

ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥

(ਇਹ ਭੀ ਵੇਖ ਲਵੋ ਕਿ) ਜੇ ਤੱਕੜੀ ਉਤੇ ਧਰ ਕੇ ਤੋਲਿਆ ਜਾਏ (ਭਾਵ, ਜੇ ਚੰਗੀ ਤਰ੍ਹਾਂ ਪਰਖ ਕੀਤੀ ਜਾਏ ਤਾਂ ਭੀ) ਨੀਵਾਂ ਪੱਲੜਾ ਹੀ ਭਾਰਾ ਹੁੰਦਾ ਹੈ, (ਭਾਵ ਜੋ ਲਿਫਦਾ ਹੈ ਉਹੀ ਵੱਡਾ ਗਿਣੀਦਾ ਹੈ)।

ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥

(ਪਰ ਨਿਊਣ ਦਾ ਭਾਵ, ਮਨੋਂ ਨਿਊਣਾ ਹੈ, ਨਿਰਾ ਸਰੀਰ ਨਿਵਾਉਣਾ ਨਹੀਂ ਹੈ; ਜੇ ਸਰੀਰ ਦੇ ਨਿਵਾਉਣ ਨੂੰ ਨੀਵਾਂ ਰਹਿਣਾ ਆਖੀਦਾ ਹੋਵੇ ਤਾਂ) ਸ਼ਿਕਾਰੀ ਜੋ ਮਿਰਗ ਮਾਰਦਾ ਫਿਰਦਾ ਹੈ, ਲਿਫ ਕੇ ਦੋਹਰਾ ਹੋ ਜਾਂਦਾ ਹੈ,

ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥੧॥

ਪਰ ਜੇ ਨਿਰਾ ਸਿਰ ਹੀ ਨਿਵਾ ਦਿੱਤਾ ਜਾਏ, ਤੇ ਅੰਦਰੋਂ ਜੀਵ ਖੋਟੇ ਹੀ ਰਹਿਣ ਤਾਂ ਇਸ ਨਿਊਣ ਦਾ ਕੋਈ ਲਾਭ ਨਹੀਂ ਹੋ ਸਕਦਾ ਹੈ ॥੧॥

ਮਃ ੧ ॥

ਪੜਿ ਪੁਸਤਕ ਸੰਧਿਆ ਬਾਦੰ ॥

(ਪੰਡਤ ਵੇਦ ਆਦਿਕ ਧਾਰਮਿਕ) ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ ਅਤੇ (ਹੋਰਨਾਂ ਨਾਲ) ਚਰਚਾ ਛੇੜਦਾ ਹੈ,

ਸਿਲ ਪੂਜਸਿ ਬਗੁਲ ਸਮਾਧੰ ॥

ਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ;

ਮੁਖਿ ਝੂਠ ਬਿਭੂਖਣ ਸਾਰੰ ॥

ਮੁਖੋਂ ਝੂਠ ਬੋਲਦਾ ਹੈ; (ਪਰ ਉਸ ਝੂਠ ਨੂੰ) ਬੜੇ ਸੋਹਣੇ ਗਹਿਣਿਆਂ ਵਾਂਗ ਸੋਹਣਾ ਕਰਕੇ ਵਿਖਾਲਦਾ ਹੈ;

ਤ੍ਰੈਪਾਲ ਤਿਹਾਲ ਬਿਚਾਰੰ ॥

(ਹਰ ਰੋਜ਼) ਤਿੰਨ ਵੇਲੇ ਗਾਯਤ੍ਰੀ ਮੰਤਰ ਨੂੰ ਵਿਚਾਰਦਾ ਹੈ;

ਗਲਿ ਮਾਲਾ ਤਿਲਕੁ ਲਿਲਾਟੰ ॥

ਗਲ ਵਿਚ ਮਾਲਾ ਰੱਖਦਾ ਹੈ, ਤੇ ਮੱਥੇ ਉਤੇ ਤਿਲਕ ਲਾਂਦਾ ਹੈ;

ਦੁਇ ਧੋਤੀ ਬਸਤ੍ਰ ਕਪਾਟੰ ॥

(ਸਦਾ) ਦੋ ਧੋਤੀਆਂ ਪਾਸ ਰੱਖਦਾ ਹੈ ਤੇ (ਸੰਧਿਆ ਕਰਨ ਵੇਲੇ) ਸਿਰ ਉੱਤੇ ਇਕ ਵਸਤਰ ਧਰ ਲੈਂਦਾ ਹੈ।

ਜੇ ਜਾਣਸਿ ਬ੍ਰਹਮੰ ਕਰਮੰ ॥

ਪਰ ਜੇ ਇਹ ਪੰਡਤ ਰੱਬ (ਦੀ ਸਿਫ਼ਤਿ-ਸਾਲਾਹ) ਦਾ ਕੰਮ ਜਾਣਦਾ ਹੋਵੇ,

ਸਭਿ ਫੋਕਟ ਨਿਸਚਉ ਕਰਮੰ ॥

ਤਦ ਨਿਸਚਾ ਕਰ ਕੇ ਜਾਣ ਲਵੋ ਕਿ, ਇਹ ਸਭ ਕੰਮ ਫੋਕੇ ਹਨ।

ਕਹੁ ਨਾਨਕ ਨਿਹਚਉ ਧਿਆਵੈ ॥

ਆਖ, ਹੇ ਨਾਨਕ! (ਮਨੁੱਖ) ਸਰਧਾ ਧਾਰ ਕੇ ਰੱਬ ਨੂੰ ਸਿਮਰੇ-ਕੇਵਲ ਇਹੋ ਰਸਤਾ ਗੁਣਕਾਰੀ ਹੈ,

ਵਿਣੁ ਸਤਿਗੁਰ ਵਾਟ ਨ ਪਾਵੈ ॥੨॥

(ਪਰ) ਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ ॥੨॥

ਪਉੜੀ ॥

ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥

ਇਹ ਸੋਹਣਾ ਸਰੀਰ ਤੇ ਸੋਹਣਾ ਰੂਪ (ਇਸੇ ਜਗਤ ਵਿਚ) (ਜੀਵਾਂ ਨੇ) ਛੱਡ ਕੇ ਤੁਰ ਜਾਣਾ ਹੈ।

ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥

(ਹਰੇਕ ਜੀਵ ਨੇ) ਆਪੋ ਆਪਣੇ ਕੀਤੇ ਹੋਏ ਚੰਗੇ ਤੇ ਮੰਦੇ ਕਰਮਾਂ ਦਾ ਫਲ ਆਪ ਭੋਗਣਾ ਹੈ।

ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥

ਜਿਸ ਮਨੁੱਖ ਨੇ ਮਨ-ਮੰਨੀਆਂ ਹਕੂਮਤਾਂ ਕੀਤੀਆਂ ਹਨ, ਉਸ ਨੂੰ ਅਗਾਂਹ ਔਖੀਆਂ ਘਾਟੀਆਂ ਵਿਚੋਂ ਦੀ ਲੰਘਣਾ ਪਵੇਗਾ (ਭਾਵ, ਆਪਣੀਆਂ ਕੀਤੀਆਂ ਹੋਈਆਂ ਵਧੀਕੀਆਂ ਦੇ ਵੱਟੇ ਕਸ਼ਟ ਸਹਿਣੇ ਪੈਣਗੇ)।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430