ਦੁੱਖ (ਤੋਂ ਬਚਣ ਲਈ, ਤੇ) ਸੁਖ (ਦੀ ਪ੍ਰਾਪਤੀ ਲਈ) ਅਸਾਂ ਜੀਵਾਂ ਦੀ ਉਸ ਦੇ ਪਾਸ ਹੀ (ਸਦਾ ਅਰਦਾਸ) ਹੈ।
ਆਪਣੇ ਸੇਵਕ ਦੀ ਇੱਜ਼ਤ ਪਰਮਾਤਮਾ ਹਰ ਥਾਂ ਰੱਖ ਲੈਂਦਾ ਹੈ,
ਨਾਨਕ ਉਸ ਦੀ (ਹੀ ਸਦਾ) ਸਿਫ਼ਤ-ਸਾਲਾਹ ਕਰਦਾ ਹੈ ॥੪॥੧੯॥੩੨॥
(ਕਿਸੇ ਸੰਬੰਧੀ ਦੇ ਮਰਨ ਤੇ ਮਾਇਕ ਸੰਬੰਧਾਂ ਦੇ ਕਾਰਨ ਹੀ) ਰੋਣ ਵਾਲੀ ਇਸਤ੍ਰੀ (ਰੋਣ ਨੂੰ) ਹਰ ਰੋਜ਼ ਦਾ ਨੇਮ ਬਣਾਈ ਰੱਖਦੀ ਹੈ,
(ਕਿਉਂਕਿ ਉਸ ਨੂੰ ਵਿਛੁੜੇ ਸੰਬੰਧੀ ਦੇ ਨਾਲ) ਵਰਤਣ-ਵਿਹਾਰ ਦਾ ਸੰਬੰਧ ਚੇਤੇ ਆਉਂਦਾ ਰਹਿੰਦਾ ਹੈ।
ਪਰ ਜੇ ਕੋਈ ਪ੍ਰਾਣੀ (ਇਹ) ਸਮਝ ਕੇ (ਕਿ ਇਹ ਮਾਇਕ ਸੰਬੰਧ ਸਦਾ ਕਾਇਮ ਨਹੀਂ ਰਹਿ ਸਕਦੇ ਆਪਣੇ ਅੰਦਰ) ਨਿਰਮੋਹਤਾ ਪੈਦਾ ਕਰ ਲਏ,
ਤਾਂ ਉਸ ਨੂੰ (ਕਿਸੇ ਦੇ) ਜਨਮ (ਦੀ ਖ਼ੁਸ਼ੀ, ਤੇ, ਕਿਸੇ ਦੇ) ਮਰਨ ਦਾ ਗ਼ਮ ਨਹੀਂ ਵਿਆਪਦਾ ॥੧॥
(ਜਗਤ ਵਿਚ) ਮਾਇਆ ਦਾ ਹੀ ਸਾਰਾ ਧੰਧਾ ਹੈ, ਮਾਇਆ ਦਾ ਹੀ ਸਾਰਾ ਖਿਲਾਰਾ ਹੈ।
ਕਿਸੇ ਵਿਰਲੇ ਮਨੁੱਖ ਨੇ (ਮਾਇਆ ਦਾ ਆਸਰਾ ਛੱਡ ਕੇ) ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਹੈ ॥੧॥ ਰਹਾਉ ॥
ਇਹ ਤ੍ਰਿਗੁਣੀ ਮਾਇਆ (ਸਾਰੇ ਜੀਵਾਂ ਉਤੇ ਆਪਣਾ) ਜ਼ੋਰ ਪਾ ਰਹੀ ਹੈ।
ਜਿਹੜਾ ਮਨੁੱਖ (ਇਸ ਮਾਇਆ ਨੂੰ) ਚੰਬੜਿਆ ਰਹਿੰਦਾ ਹੈ, ਉਸ ਨੂੰ (ਅਨੇਕਾਂ) ਕਲੇਸ਼ ਵਿਆਪਦੇ ਰਹਿੰਦੇ ਹਨ।
ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਸੁਖ ਨਹੀਂ ਹੋ ਸਕਦਾ।
ਕੋਈ ਵਿਰਲਾ ਕਿਸਮਤ ਵਾਲਾ ਮਨੁੱਖ ਹੀ ਨਾਮ-ਖ਼ਜ਼ਾਨਾ ਹਾਸਲ ਕਰਦਾ ਹੈ ॥੨॥
ਜਿਹੜਾ ਮਨੁੱਖ ਕਿਸੇ ਸਾਂਗ-ਧਾਰੀ ਨਾਲ ਪਿਆਰ ਪਾ ਲੈਂਦਾ ਹੈ,
ਜਦੋਂ ਉਹ ਸਾਂਗ ਲਾਹ ਦਿੱਤਾ ਜਾਂਦਾ ਹੈ ਤਦੋਂ ਉਹ (ਪਿਆਰ ਪਾਣ ਵਾਲਾ ਅਸਲੀਅਤ ਵੇਖ ਕੇ) ਪਛੁਤਾਂਦਾ ਹੈ।
ਜਿਵੇਂ ਬੱਦਲਾਂ ਦੀ ਛਾਂ (ਨੂੰ ਟਿਕਵੀਂ ਛਾਂ ਸਮਝ ਕੇ ਉਸ) ਨਾਲ ਵਰਤਣ ਕਰਨਾ ਹੈ,
ਤਿਵੇਂ ਹੀ ਇਹ ਜਗਤ-ਪਸਾਰਾ ਮੋਹ ਆਦਿਕ ਵਿਕਾਰਾਂ ਦਾ ਮੂਲ ਹੈ ॥੩॥
ਜੇ ਕੋਈ ਮਨੁੱਖ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਲਏ,
ਉਸੇ ਦਾ ਹੀ (ਜੀਵਨ ਦਾ ਅਸਲ) ਕੰਮ ਕਿਸੇ ਸਿਰੇ ਚੜ੍ਹਦਾ ਹੈ।
ਜਿਸ ਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ,
ਹੇ ਨਾਨਕ! ਜਗਤ ਵਿਚ ਜੰਮਿਆ ਉਹੀ ਮਨੁੱਖ (ਲੋਕ ਪਰਲੋਕ ਵਿਚ) ਕਬੂਲ ਹੁੰਦਾ ਹੈ ॥੪॥੨੦॥੩੩॥
ਕਿਸੇ ਗੁਰਮੁਖ ਦੇ ਆਚਰਨ ਉਤੇ ਅਣਹੋਏ ਦੂਸ਼ਣ ਲਾਣ ਨਾਲ ਮਨੁੱਖ ਕਈ ਜੂਨਾਂ ਵਿਚ ਭਟਕਦਾ ਫਿਰਦਾ ਹੈ,
ਕਿਉਂਕਿ ਉਹ ਮਨੁੱਖ ਉਹਨਾਂ ਦੂਸ਼ਣਾਂ ਦਾ ਜ਼ਿਕਰ ਕਰਦਾ ਕਰਦਾ ਆਪ ਹੀ ਆਪਣੇ ਆਪ ਨੂੰ ਉਹਨਾਂ ਦੂਸ਼ਣਾਂ ਦਾ ਸ਼ਿਕਾਰ ਬਣਾ ਲੈਂਦਾ ਹੈ,
(ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਇਥੇ ਜਗਤ ਵਿਚ ਉਹ ਮਨੁੱਖ ਉਸ) ਨਿੰਦਾ ਦੇ ਕਾਰਨ (ਕਈ ਆਤਮਕ) ਦੁੱਖ ਸਹਾਰਦਾ ਰਹਿੰਦਾ ਹੈ.
(ਤੇ ਅਗਾਂਹ ਪਰਲੋਕ ਵਿਚ ਭੀ) ਨਿੰਦਕ ਨੂੰ ਜਮਰਾਜ ਸਜ਼ਾ ਦੇਂਦਾ ਹੈ ॥੧॥
ਜਿਹੜੇ ਮਨੁੱਖ ਪਰਮਾਤਮਾ ਦੇ ਭਗਤ ਨਾਲ ਝਗੜਾ ਖੜਾ ਕਰੀ ਰੱਖਦੇ ਹਨ,
ਉਹਨਾਂ ਨਿੰਦਕਾਂ ਨੂੰ ਜੀਵਨ ਦਾ ਕੋਈ ਆਤਮਕ ਆਨੰਦ ਨਹੀਂ ਆਉਂਦਾ ॥੧॥ ਰਹਾਉ ॥
ਕਿਸੇ ਗੁਰਮੁਖ ਉੱਤੇ ਚਿੱਕੜ ਸੁੱਟਣ ਨਾਲ ਮਨੁੱਖ ਆਪਣੇ ਹੀ ਸਰੀਰ ਨੂੰ ਉਹਨਾਂ ਦੂਸ਼ਣਾਂ ਨਾਲ ਪ੍ਰੋ ਲੈਂਦਾ ਹੈ,
(ਇਸ ਤਰ੍ਹਾਂ) ਗੁਰਮੁਖ ਦੀ ਨਿੰਦਾ (ਨਿੰਦਾ ਕਰਨ ਵਾਲੇ ਨੂੰ) ਨਰਕ (ਦਾ ਦੁੱਖ) ਭੋਗਾਂਦੀ ਹੈ,
ਉਸ ਨਿੰਦਾ ਦੇ ਕਾਰਨ ਮਨੁੱਖ ਅਨੇਕਾਂ ਜੂਨਾਂ ਵਿਚ ਗਲਦਾ ਫਿਰਦਾ ਹੈ,
ਤੇ, ਉੱਚੀ ਆਤਮਕ ਪਦਵੀ ਤੋਂ ਹੇਠਾਂ ਡਿੱਗ ਪੈਂਦਾ ਹੈ ॥੨॥
ਦੂਜਿਆਂ ਉੱਤੇ ਸਦਾ ਚਿੱਕੜ ਸੁੱਟਣ ਵਾਲੇ ਮਨੁੱਖ ਦੀ ਆਪਣੀ ਉੱਚੀ ਆਤਮਕ ਅਵਸਥਾ ਕਦੇ ਭੀ ਨਹੀਂ ਬਣਦੀ,
(ਇਸ ਤਰ੍ਹਾਂ ਨਿੰਦਕ ਨਿੰਦਾ ਦਾ ਇਹ ਮਾੜਾ ਬੀਜ) ਬੀਜ ਕੇ ਆਪ ਹੀ ਉਸ ਦਾ ਫਲ ਖਾਂਦਾ ਹੈ।
ਨਿੰਦਾ ਕਰਨ ਵਾਲਾ ਮਨੁੱਖ ਚੋਰ ਨਾਲੋਂ ਵਿਭਚਾਰੀ ਨਾਲੋਂ ਜੂਆਰੀਏ ਨਾਲੋਂ ਭੀ ਭੈੜਾ ਸਾਬਤ ਹੁੰਦਾ ਹੈ,
ਕਿਉਂਕਿ ਨਿੰਦਕ ਨੇ ਆਪਣੇ ਸਿਰ ਉਤੇ ਸਦਾ ਉਹਨਾਂ ਵਿਕਾਰਾਂ ਦਾ ਭਾਰ ਚੁੱਕਿਆ ਹੁੰਦਾ ਹੈ ਜੋ ਪਹਿਲਾਂ ਉਸ ਦੇ ਅੰਦਰ ਨਹੀਂ ਸਨ ॥੩॥
ਪਰਮਾਤਮਾ ਦੇ ਭਗਤ ਕਿਸੇ ਨਾਲ ਭੀ ਵੈਰ ਨਹੀਂ ਰੱਖਦੇ।
ਜਿਹੜਾ ਭੀ ਮਨੁੱਖ ਉਹਨਾਂ ਦੀ ਸਰਨ ਆਉਂਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
(ਪਰ ਨਿੰਦਕ ਦੇ ਭੀ ਕੀਹ ਵੱਸ?) ਪਰਮਾਤਮਾ ਨੇ ਆਪ ਹੀ ਨਿੰਦਕ ਨੂੰ ਗ਼ਲਤ ਰਸਤੇ ਪਾ ਰੱਖਿਆ ਹੈ।
ਹੇ ਨਾਨਕ! ਪਿਛਲੇ ਅਨੇਕਾਂ ਜਨਮਾਂ ਦੇ ਕੀਤੇ ਹੋਏ ਨਿੰਦਾ ਦੇ ਕਰਮਾਂ ਦੇ ਸੰਸਕਾਰਾਂ ਦਾ ਢੇਰ ਉਸ ਪਾਸੋਂ ਆਪਣੇ ਉੱਦਮ ਨਾਲ ਮਿਟਾਇਆ ਨਹੀਂ ਜਾ ਸਕਦਾ ॥੪॥੨੧॥੩੪॥
(ਜਦੋਂ ਤੋਂ ਗੁਰੂ ਨੇ ਮੇਰੇ ਅੰਦਰ ਹਰਿ-ਨਾਮ ਦ੍ਰਿੜ੍ਹ ਕੀਤਾ ਹੈ, ਤਦੋਂ ਤੋਂ) ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਵੇਦ (ਸ਼ਾਸਤ੍ਰ ਆਦਿਕਾਂ ਦੀ ਚਰਚਾ ਹੈ) ਅਤੇ (ਜੋਗੀਆਂ ਦਾ ਸਿੰਙੀ ਆਦਿਕ) ਵਜਾਣਾ ਹੋ ਚੁਕਾ ਹੈ।
ਪਰਮਾਤਮਾ ਦਾ ਨਾਮ ਮੇਰੇ ਸਾਰੇ ਕੰਮ ਸਿਰੇ ਚਾੜ੍ਹਦਾ ਹੈ,
ਇਹ ਹਰਿ-ਨਾਮ ਹੀ ਮੇਰੇ ਵਾਸਤੇ ਦੇਵ-ਪੂਜਾ ਹੈ,
ਹਰਿ ਨਾਮ ਸਿਮਰਨਾ ਹੀ ਮੇਰੇ ਵਾਸਤੇ ਗੁਰੂ ਦੀ ਸੇਵਾ-ਭਗਤੀ ਕਰਨੀ ਹੈ ॥੧॥
ਪੂਰੇ ਗੁਰੂ ਨੇ (ਮੇਰੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕਾ ਟਿਕਾ ਦਿੱਤਾ ਹੈ।
(ਹੁਣ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਸਭਨਾਂ ਕੰਮਾਂ ਨਾਲੋਂ ਪਰਮਾਤਮਾ ਦਾ ਨਾਮ ਸਿਮਰਨ ਦਾ ਕੰਮ ਸ੍ਰੇਸ਼ਟ ਹੈ ॥੧॥ ਰਹਾਉ ॥
(ਗੁਰੂ ਨੇ ਮੇਰੇ ਹਿਰਦੇ ਵਿਚ ਨਾਮ ਦ੍ਰਿੜ੍ਹ ਕਰ ਦਿੱਤਾ ਹੈ, ਹੁਣ) ਹਰਿ-ਨਾਮ ਜਪਣਾ ਹੀ ਮੇਰੇ ਲਈ ਪੁਰਬਾਂ ਸਮੇ ਤੀਰਥ-ਇਸ਼ਨਾਨ ਹੈ,
ਹਰਿ-ਨਾਮ ਜਪਣਾ ਹੀ ਮੇਰੇ ਲਈ (ਤੀਰਥਾਂ ਤੇ ਜਾ ਕੇ) ਸਭ ਕੁਝ (ਬ੍ਰਾਹਮਣਾਂ ਨੂੰ) ਦਾਨ ਕਰ ਦੇਣਾ-ਇਹ ਭੀ ਮੇਰੇ ਵਾਸਤੇ ਨਾਮ-ਸਿਮਰਨ ਹੀ ਹੈ।
ਜਿਹੜੇ ਮਨੁੱਖ ਨਾਮ ਜਪਦੇ ਹਨ ਉਹ ਸਾਰੇ ਸੁੱਚੇ ਆਚਰਨ ਵਾਲੇ ਬਣ ਜਾਂਦੇ ਹਨ,
ਨਾਮ ਜਪਣ ਵਾਲੇ ਹੀ ਮੇਰੇ ਭਰਾ ਹਨ ਮੇਰੇ ਮਿੱਤਰ ਹਨ ॥੨॥
(ਕਾਰਾਂ-ਵਿਹਾਰਾਂ ਦੀ ਸਫਲਤਾ ਵਾਸਤੇ ਲੋਕ) ਸਗਨ (ਵਿਚਾਰਦੇ ਹਨ) ਮੁਹੂਰਤ (ਕਢਾਂਦੇ ਹਨ) ਪਰ ਮੇਰੇ ਵਾਸਤੇ ਤਾਂ ਹਰਿ-ਨਾਮ ਹੀ ਸਭ ਕੁਝ ਹੈ।
ਦੁਨੀਆ ਦੇ ਸੁਆਦਲੇ ਪਦਾਰਥਾਂ ਨੂੰ ਖਾ ਖਾ ਕੇ ਰੱਜਣਾ-(ਇਹ ਸਾਰਾ ਸੁਆਦ) ਮੇਰੇ ਵਾਸਤੇ ਹਰਿ-ਨਾਮ ਦਾ ਸਿਮਰਨ ਹੈ।
(ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਸਾਰੇ ਧਰਮ-ਕਰਮ ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਹੈ।
ਪਰਮਾਤਮਾ ਦਾ ਨਾਮ ਹੀ ਮੇਰੇ ਲਈ ਪਵਿੱਤਰ ਕਾਰ-ਵਿਹਾਰ ਹੈ ॥੩॥
ਜਿਸ ਮਨੁੱਖ ਦੇ ਮਨ ਵਿਚ ਸਿਰਫ਼ ਪਰਮਾਤਮਾ ਆ ਵੱਸਿਆ ਹੈ (ਉਹ ਭਾਗਾਂ ਵਾਲਾ ਹੈ)।
ਪਰਮਾਤਮਾ (ਦਾ ਨਾਮ) ਹੀ ਸਾਰੇ ਜੀਵਾਂ ਦਾ ਸਹਾਰਾ ਹੈ।
ਹੇ ਨਾਨਕ! ਜਿਹੜਾ ਮਨੁੱਖ ਮਨੋਂ ਤਨੋਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ (ਉਹ ਭਾਗਾਂ ਵਾਲਾ ਹੈ)
(ਪਰ ਇਹ ਕੰਮ ਉਹੀ ਮਨੁੱਖ ਕਰਦਾ ਹੈ) ਜਿਸ ਨੂੰ ਪਰਮਾਤਮਾ ਸਾਧ ਸੰਗਤ ਵਿਚ ਰੱਖ ਕੇ ਆਪਣੇ ਨਾਮ ਦੀ ਦਾਤ ਦੇਂਦਾ ਹੈ ॥੪॥੨੨॥੩੫॥