ਪਰ ਉਸ ਨੂੰ ਆਪਣੇ ਮਨ ਵਿਚ ਗੁਰੂ ਦੇ ਬਚਨ ਪਿਆਰੇ ਨਹੀਂ ਲੱਗਦੇ, ਉਸ ਦੇ ਇਹ ਸਾਰੇ (ਸਰੀਰਕ) ਸੋਹਣੇ ਸ਼ਿੰਗਾਰ ਫੋਕੇ ਹੀ ਰਹਿ ਜਾਂਦੇ ਹਨ ॥੩॥
ਹੇ ਸਖੀ! ਹੇ ਸਹੇਲੀ! ਮਾਲਕ-ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਈ ਰੱਖ, (ਤੇ ਇਸ ਤਰ੍ਹਾਂ) ਆਤਮਕ ਅਡੋਲਤਾ ਨਾਲ ਜੀਵਨ-ਸਫ਼ਰ ਵਿਚ ਤੁਰ।
ਹੇ ਸਹੇਲੀਏ! ਗੁਰੂ ਦੀ ਸਰਨ ਪੈ ਕੇ ਕੀਤੀ ਹੋਈ ਸੇਵਾ-ਭਗਤੀ ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਹੇ ਸਤਿਗੁਰ! ਮੈਨੂੰ (ਭੀ) ਅਲੱਖ ਪ੍ਰਭੂ ਦੀ ਸੂਝ ਬਖ਼ਸ਼ ॥੪॥
ਹੇ ਸਖੀ! (ਉਂਞ ਤਾਂ ਚਾਹੇ) ਇਸਤ੍ਰੀ ਹੈ (ਚਾਹੇ) ਮਰਦ ਹੈ, (ਚਾਹੇ) ਮਰਦ ਹੈ (ਚਾਹੇ) ਇਸਤ੍ਰੀ ਹੈ, ਸਭਨਾਂ ਵਿਚ ਹਰ ਥਾਂ ਇਕੋ ਸਰਬ-ਵਿਆਪਕ ਪਰਮਾਤਮਾ ਹੀ ਵੱਸ ਰਿਹਾ ਹੈ;
ਪਰ ਜਿਸ ਮਨੁੱਖ ਨੂੰ ਸੰਤ ਜਨਾਂ (ਦੇ ਚਰਨਾਂ) ਦੀ ਧੂੜ (ਆਪਣੇ) ਮਨ ਵਿਚ ਪਿਆਰੀ ਲੱਗਦੀ ਹੈ, ਉਸ ਨੂੰ ਹੀ ਪ੍ਰਭੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ। ਹੇ ਸਖੀ! ਸੰਤ ਜਨਾਂ ਨੂੰ ਮਿਲਿਆਂ ਹੀ ਪ੍ਰਭੂ ਪਾਰ ਲੰਘਾਂਦਾ ਹੈ ॥੫॥
ਹੇ ਸਖੀ! ਪਿੰਡ ਪਿੰਡ ਸ਼ਹਿਰ ਸ਼ਹਿਰ ਸਭਨੀਂ ਥਾਈਂ ਫਿਰ ਕੇ ਵੇਖ ਲਿਆ ਹੈ (ਪਰਮਾਤਮਾ ਇਉਂ ਬਾਹਰ ਭਾਲਿਆਂ ਨਹੀਂ ਲੱਭਦਾ), ਸੰਤ ਜਨਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਲਭਿਆ ਹੈ।
ਹੇ ਹਰੀ! (ਮੇਰੇ ਅੰਦਰ ਭੀ) ਸਰਧਾ ਪੈਦਾ ਕਰ ਕੇ ਮੈਨੂੰ ਭੀ (ਗੁਰੂ ਦੀ ਰਾਹੀਂ) ਆਪਣੇ ਚਰਨਾਂ ਵਿਚ ਜੋੜ, ਮੈਨੂੰ ਭੀ ਗੁਰੂ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥੬॥
ਹੇ ਸਖੀ! ਜਿਸ ਮਨੁੱਖ ਨੇ ਗੁਰੂ (ਦੇ ਚਰਨਾਂ) ਵਿਚ (ਜੁੜ ਕੇ) ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾ ਕੇ (ਨਾਮ ਸਿਮਰਨ ਦੀ ਬਰਕਤਿ ਨਾਲ) ਆਪਣੇ ਸੁਆਸਾਂ ਦੀ ਲੜੀ ਨੂੰ ਸੋਹਣਾ ਬਣਾ ਲਿਆ।
ਉਸ ਨੇ ਮਾਇਆ ਦਾ ਮੋਹ ਦੂਰ ਕਰ ਕੇ ਜਗਤ (ਦੀ ਅਸਲੀਅਤ) ਨੂੰ ਵੇਖ ਕੇ, ਅੰਤਰ ਆਤਮੇ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲਿਆ ॥੭॥
ਹੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ। ਤੂੰ ਇਕ ਸੋਹਣਾ ਮੰਦਰ ਹੈਂ ਅਸੀਂ ਜੀਵ ਉਸ ਵਿਚ ਰਹਿਣ ਵਾਲੇ ਨਿੱਕੇ ਨਿੱਕੇ ਕੀੜੇ ਹਾਂ।
ਹੇ ਨਾਨਕ! ਜੇ ਮੇਰੇ ਤੇ ਮਿਹਰ ਹੋਵੇ ਤੇ ਮੈਨੂੰ ਗੁਰੂ ਨਾਲ ਮਿਲਾ ਜਾਵੇ ਤਾਂ ਮੇਰਾ ਮਨ ਨਾਮ ਜਪ ਜਪ ਕੇ (ਤੇਰੇ ਚਰਨਾਂ ਵਿਚ) ਸਦਾ ਟਿਕਿਆ ਰਹੇ ॥੮॥੫॥
ਹੇ ਮੇਰੇ ਮਨ! ਅਪਹੁੰਚ ਤੇ ਬੇਅੰਤ ਮਾਲਕ-ਪ੍ਰਭੂ ਦੇ ਗੁਣ ਯਾਦ ਕਰਿਆ ਕਰ,
(ਤੇ ਆਖਿਆ ਕਰ-ਹੇ ਪ੍ਰਭੂ!) ਅਸੀਂ ਜੀਵ ਪਾਪੀ ਹਾਂ, ਗੁਣਾਂ ਤੋਂ ਬਹੁਤ ਸੱਖਣੇ ਹਾਂ। ਕਿਰਪਾ ਕਰ ਕੇ ਸਾਨੂੰ ਗੁਰੂ ਦੀ ਰਾਹੀਂ (ਗੁਰੂ ਦੀ ਸਰਨ ਪਾ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੧॥ ਰਹਾਉ ॥
ਹੇ ਪਿਆਰੇ ਗੁਰੂ! ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਪ੍ਰਾਪਤ ਕਰਦਾ ਹੈ ਉਹ ਭੀ ਗੁਰਮੁਖ ਬਣ ਜਾਂਦਾ ਹੈ, ਮੈਂ ਭੀ (ਤੇਰੇ ਦਰ ਤੇ) ਬੇਨਤੀ ਕਰਦਾ ਹਾਂ (ਮੈਨੂੰ ਭੀ ਸੰਤ ਜਨਾਂ ਦੀ ਸੰਗਤ ਬਖ਼ਸ਼, ਅਤੇ)
ਮੈਨੂੰ ਪਰਮਾਤਮਾ ਦਾ ਨਾਮ-ਧਨ ਸਰਮਾਇਆ ਦੇਹ ਜੋ ਮੇਰੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਸਭ ਦੂਰ ਕਰ ਦੇਵੇ ॥੧॥
ਪਤੰਗਾ (ਦੀਵੇ ਦੀ ਲਾਟ ਉੱਤੇ) ਸੜ ਜਾਂਦਾ ਹੈ; ਹਰਨ, ਭੌਰਾ, ਹਾਥੀ, ਮੱਛੀ ਇਹਨਾਂ ਨੂੰ ਭੀ ਇਕ ਇਕ ਵਿਕਾਰ-ਵਾਸਨਾ ਆਪਣੇ ਵੱਸ ਵਿਚ ਕਰ ਕੇ ਮਾਰ ਦੇਂਦੇ ਹਨ।
ਪਰ ਮਨੁੱਖਾ ਸਰੀਰ ਵਿਚ ਤਾਂ ਇਹ ਕਾਮਾਦਿਕ ਪੰਜੇ ਹੀ ਦੈਂਤ ਬਲਵਾਨ ਹਨ, (ਮਨੁੱਖ ਇਹਨਾਂ ਦਾ ਟਾਕਰਾ ਕਿਵੇਂ ਕਰੇ?)। ਗੁਰੂ ਹੀ ਸਤਿਗੁਰੂ ਹੀ ਇਹਨਾਂ ਵਿਕਾਰਾਂ ਨੂੰ ਦੂਰ ਕਰਦਾ ਹੈ ॥੨॥
ਵੇਦ ਸ਼ਾਸਤਰ ਕਈ ਵਾਰੀ ਸੋਧ ਕੇ ਵੇਖ ਲਏ ਹਨ, ਨਾਰਦ ਆਦਿਕ ਰਿਸ਼ੀ ਮੁਨੀ ਭੀ (ਜੀਵਨ ਜੁਗਤਿ ਬਾਰੇ) ਜੋ ਬਚਨ ਜ਼ੋਰ ਦੇ ਕੇ ਕਹਿ ਗਏ ਹਨ,
(ਉਹ ਭੀ ਸੋਧ ਵੇਖੇ ਹਨ; ਪਰ ਅਸਲ ਗੱਲ ਇਹ ਹੈ ਕਿ ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਸਿੱਖੋਗੇ ਤਦੋਂ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ, ਗੁਰੂ ਨੇ ਸਾਧ ਸੰਗਤ ਵਿਚ ਹੀ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਏ ਹਨ ॥੩॥
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੀਤਮ ਪ੍ਰਭੂ ਦਾ ਪਿਆਰ ਬਣਿਆ ਹੈ (ਉਹ ਉਸ ਦੇ ਮਿਲਾਪ ਲਈ ਇਉਂ ਤਾਂਘਦਾ ਰਹਿੰਦਾ ਹੈ) ਜਿਵੇਂ ਕੌਲ ਫੁੱਲ ਸੂਰਜ ਨੂੰ ਤੱਕਦਾ ਹੈ (ਤੇ ਖਿੜਦਾ ਹੈ, ਜਿਵੇਂ)
ਜਦੋਂ ਬੱਦਲ (ਵਰ੍ਹਨ ਲਈ) ਬਹੁਤ ਝੁਕਦਾ ਹੈ ਤਦੋਂ ਉੱਚੇ ਪਹਾੜਾਂ (ਵਲੋਂ ਘਟਾਂ ਆਉਂਦੀਆਂ ਵੇਖ ਕੇ) ਮੋਰ ਬਹੁਤ ਨੱਚਦਾ ਹੈ ॥੪॥
ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ (ਮਾਨੋ, ਇਕ ਵਿਹੁਲਾ ਰੁੱਖ ਹੈ) ਉਸ ਨੂੰ ਭਾਵੇਂ ਕਿਤਨਾ ਹੀ ਅੰਮ੍ਰਿਤ ਸਿੰਜੀ ਜਾਓ, ਉਸ ਦੀਆਂ ਟਾਹਣੀਆਂ ਉਸ ਦੇ ਫੁੱਲ ਸਭ ਵਿਹੁਲੇ ਹੀ ਰਹਿਣਗੇ।
ਸਾਕਤ ਮਨੁੱਖ ਨਾਲ ਜਿਉਂ ਜਿਉਂ ਲੋਕ ਨਿਮ੍ਰਤਾ ਦੀ ਵਰਤੋਂ ਕਰਦੇ ਹਨ, ਤਿਉਂ ਤਿਉਂ ਉਹ ਛੇੜ-ਖਾਨੀਆਂ ਕਰ ਕੇ (ਆਪਣੇ ਅੰਦਰੋਂ) ਕੌੜਾ ਜ਼ਹਰ ਹੀ ਕੱਢਦਾ ਹੈ ॥੫॥
(ਇਸ ਵਾਸਤੇ, ਸਾਕਤ ਨਾਲ ਸਾਂਝ ਪਾਣ ਦੇ ਥਾਂ) ਸੰਤ ਜਨਾਂ ਨਾਲ ਗੁਰਮੁਖਾਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ। ਸੰਤ ਜਨ ਦੂਜਿਆਂ ਦੀ ਭਲਾਈ ਵਾਲੇ ਭਲੇ ਬਚਨ ਹੀ ਬੋਲਦੇ ਹਨ।
ਜਿਵੇਂ ਪਾਣੀ ਨੂੰ ਮਿਲ ਕੇ ਕੌਲ ਫੁੱਲ ਖਿੜਦੇ ਹਨ, ਤਿਵੇਂ ਜਦੋਂ ਕੋਈ ਸੰਤ ਕਿਸੇ ਸੰਤ ਨੂੰ ਮਿਲਦਾ ਹੈ ਤਾਂ ਉਸ ਦਾ ਮਨ ਖਿੜ ਪੈਂਦਾ ਹੈ ॥੬॥
ਲੋਭ ਦੀ ਲਹਿਰ ਨਿਰੋਲ ਹਲਕਾਇਆ ਕੁੱਤਾ ਹੀ ਹੈ (ਜਿਵੇਂ) ਹਲਕਾਇਆ ਕੁੱਤਾ ਸਭਨਾਂ ਨੂੰ (ਵੱਢ ਵੱਢ ਕੇ) ਵਿਗਾੜਦਾ ਜਾਂਦਾ ਹੈ (ਤਿਵੇਂ ਲੋਭੀ ਮਨੁੱਖ ਹੋਰਨਾਂ ਨੂੰ ਭੀ ਆਪਣੀ ਸੰਗਤ ਵਿਚ ਲੋਭੀ ਬਣਾਈ ਜਾਂਦਾ ਹੈ)।
(ਇਸ ਲੋਭ ਤੋਂ ਬਚਣ ਲਈ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ-ਦਰ ਤੇ ਪੁਕਾਰ ਕਰਦਾ ਹੈ, ਤਦੋਂ) ਪਰਮਾਤਮਾ ਦੀ ਹਜ਼ੂਰੀ ਵਿਚ ਉਸ ਦੀ ਅਰਜ਼ੋਈ ਦੀ ਖ਼ਬਰ ਪਹੁੰਚਦੀ ਹੈ, ਪਰਮਾਤਮਾ ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਲੈ ਕੇ ਉਸ ਦੇ ਅੰਦਰੋਂ ਲੋਭ ਦਾ ਹਲਕਾਇਆ ਕੁੱਤਾ ਮਾਰ ਦੇਂਦਾ ਹੈ ॥੭॥
ਹੇ ਮੇਰੇ ਪ੍ਰਭੂ! (ਇਸ ਲੋਭ-ਕੁੱਤੇ ਤੋਂ) ਮੈਨੂੰ ਭੀ ਬਚਾ ਲੈ, ਬਚਾ ਲੈ, ਬਚਾ ਲੈ, ਕਿਰਪਾ ਕਰ ਕੇ ਮੈਨੂੰ ਭੀ ਬਚਾ ਲੈ।
ਹੇ ਨਾਨਕ! (ਆਖ) ਮੇਰਾ ਹੋਰ ਕੋਈ ਆਸਰਾ ਨਹੀਂ। ਗੁਰੂ ਹੀ ਮੇਰਾ ਆਸਰਾ ਹੈ, ਗੁਰੂ ਹੀ ਪਾਰ ਲੰਘਾਂਦਾ ਹੈ (ਮੈਨੂੰ ਗੁਰੂ ਦੀ ਸਰਨ ਰੱਖ)।੮।੬।ਛਕਾ ॥੮॥੬॥ਛਕਾ ੧ ॥