ਹੇ ਨਾਨਕ! ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੪॥੨॥੨੦॥
(ਜਿਸ ਮਨੁੱਖ ਉੱਤੇ) ਪਰਮਾਤਮਾ ਦਇਆਵਾਨ ਹੁੰਦਾ ਹੈ,
(ਉਸ ਦੇ ਹਿਰਦੇ ਵਿਚ ਗੁਰੂ ਦਾ ਉਪਦੇਸ਼) ਬੱਦਲ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀਆਂ ਧਾਰਾਂ ਦੀ ਵਰਖਾ ਕਰਦਾ ਹੈ।
(ਜਿਨ੍ਹਾਂ ਉੱਤੇ ਇਹ ਵਰਖਾ ਹੁੰਦੀ ਹੈ, ਉਹ) ਸਾਰੇ ਜੀਵ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ।
ਉਹਨਾਂ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੧॥
ਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦਾ ਨਾਮ ਯਾਦ ਕਰਦਾ ਰਹੁ।
(ਇਹ ਨਾਮ) ਪੂਰੇ ਗੁਰੂ ਦੀ ਸਰਨ ਪਿਆਂ ਮਿਲਦਾ ਹੈ, ਅਤੇ ਇਸ ਲੋਕ ਤੇ ਪਰਲੋਕ ਵਿਚ (ਜੀਵ ਦੇ ਨਾਲ) ਸਾਥ ਦੇਂਦਾ ਹੈ ॥੧॥ ਰਹਾਉ ॥
(ਜੀਵਾਂ ਦੇ) ਸਾਰੇ ਡਰ ਨਾਸ ਕਰ ਸਕਣ ਵਾਲੇ ਉਸ ਪ੍ਰਭੂ ਨੇ-
ਆਪਣੇ ਪੈਦਾ ਕੀਤੇ ਜੀਵਾਂ ਦੀ ਸਦਾ ਸੰਭਾਲ ਕੀਤੀ ਹੈ, ਤੇ (ਜੀਵਾਂ ਦਾ) ਹਰੇਕ ਦੁੱਖ ਦੂਰ ਕੀਤਾ ਹੈ।
ਰੱਖਿਆ ਕਰਨ ਦੀ ਸਮਰਥਾ ਵਾਲਾ ਪਰਮਾਤਮਾ (ਜੀਵਾਂ ਉੱਤੇ) ਸਦਾ ਦਇਆਵਾਨ ਰਹਿੰਦਾ ਹੈ,
ਉਸ ਦੇ (ਚਰਨਾਂ) ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ॥੨॥
(ਜਿਸ ਨੇ ਭੀ ਨਾਮ ਜਪਿਆ ਹੈ) ਕਰਤਾਰ ਨੇ (ਉਸ ਦੇ ਸਿਰ ਤੋਂ ਆਤਮਕ) ਮੌਤ ਦੂਰ ਕਰ ਦਿੱਤੀ।
(ਤਾਂ ਤੇ) ਹੇ ਮਨ! ਸਦਾ ਹੀ ਸਦਾ ਹੀ ਉਸ ਪਰਮਾਤਮਾ ਦਾ ਨਾਮ ਜਪਿਆ ਕਰ।
(ਉਸ ਭਗਵਾਨ ਨੇ) ਮਿਹਰ ਦੀ ਨਿਗਾਹ ਕਰ ਕੇ ਸਾਰੇ ਜੀਵਾਂ ਦੀ (ਸਦਾ) ਰੱਖਿਆ ਕੀਤੀ ਹੈ।
ਭਗਵਾਨ ਦੇ ਗੁਣ ਸਦਾ ਹੀ ਗਾਂਦੇ ਰਹੋ ॥੩॥
ਕਰਤਾਰ ਆਪ ਹੀ ਆਪ (ਹਰ ਥਾਂ ਮੌਜੂਦ) ਹੈ,
ਉਸਦੇ ਭਗਤ ਉਸ ਦਾ ਤੇਜ-ਪਰਤਾਪ ਜਾਣਦੇ ਹਨ।
(ਉਹ ਸਰਨ-ਜੋਗ ਹੈ, ਸਰਨ ਪਿਆਂ ਦੀ ਬਾਂਹ ਫੜਦਾ ਹੈ, ਆਪਣੇ ਇਸ) ਨਾਮ ਦੀ ਲਾਜ ਉਹ (ਸਦਾ ਹੀ) ਰੱਖਦਾ ਆ ਰਿਹਾ ਹੈ।
ਉਸ ਦਾ ਦਾਸ ਨਾਨਕ ਉਸ (ਕਰਤਾਰ) ਦਾ ਪਰੇਰਿਆ ਹੋਇਆ ਹੀ (ਉਸਦੀ ਸਿਫ਼ਤ-ਸਾਲਾਹ ਦਾ ਬੋਲ) ਬੋਲਦਾ ਹੈ ॥੪॥੩॥੨੧॥
ਗੁਰੂ ਦੀ ਸਰਨ ਪਏ ਰਿਹਾਂ ਸਾਰੇ ਖ਼ਜ਼ਾਨੇ (ਮਿਲ ਜਾਂਦੇ ਹਨ);
ਸਦਾ ਕਾਇਮ ਰਹਿਣ ਵਾਲੀ ਰੱਬੀ ਦਰਗਾਹ ਵਿਚ ਆਦਰ ਮਿਲਦਾ ਹੈ।
(ਜਿਹੜਾ ਮਨੁੱਖ ਪਰਮਾਤਮਾ ਦੇ ਗਾਂਦਾ ਹੈ, ਉਸ ਦਾ) ਭਰਮ; ਡਰ, ਹਰੇਕ ਦੁੱਖ-ਦਰਦ ਦੂਰ ਹੋ ਜਾਂਦਾ ਹੈ।
(ਤਾਂ ਤੇ) ਗੁਰੂ ਦੀ ਸੰਗਤ ਵਿਚ ਰਹਿ ਕੇ ਸਦਾ ਪਰਮਾਤਮਾ ਦੇ ਗੁਣ ਗਾਇਆ ਕਰ ॥੧॥
ਹੇ ਮੇਰੇ ਮਨ! ਪੂਰੇ ਗੁਰੂ ਦੀ (ਸਦਾ) ਸਿਫ਼ਤ-ਸਾਲਾਹ ਕਰਿਆ ਕਰ।
(ਗੁਰੂ ਦੀ ਸਰਨ ਪੈ ਕੇ) ਦਿਨ ਰਾਤ ਪਰਮਾਤਮਾ ਦਾ ਨਾਮ ਜਪਿਆ ਕਰ (ਇਹੀ ਹੈ ਸਾਰੇ ਸੁਖਾਂ ਦਾ) ਖ਼ਜ਼ਾਨਾ। (ਜਿਹੜਾ ਮਨੁੱਖ ਜਪਦਾ ਹੈ, ਉਹ) ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ ॥੧॥ ਰਹਾਉ ॥
(ਬਖ਼ਸ਼ਸ਼ਾਂ ਕਰਨ ਵਿਚ) ਗੁਰੂ ਦੇ ਬਰਾਬਰ ਦਾ ਹੋਰ ਕੋਈ ਨਹੀਂ।
ਉਹ ਗੁਰੂ ਪਾਰਬ੍ਰਹਮ ਹੈ, ਗੁਰੂ ਪਰਮੇਸਰ ਹੈ।
ਗੁਰੂ ਜੰਮਣ ਮਰਨ ਦੇ ਗੇੜ ਦੇ ਦੁੱਖਾਂ ਤੋਂ ਬਚਾਂਦਾ ਹੈ।
(ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ) ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਰ ਨੂੰ ਮੁੜ ਮੁੜ ਸੁਆਦ ਲਾ ਲਾ ਕੇ ਨਹੀਂ ਚੱਖਦਾ ਰਹਿੰਦਾ ॥੨॥
ਗੁਰੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
ਗੁਰੂ ਪਰਮੇਸਰ (ਦਾ ਰੂਪ) ਹੈ, ਗੁਰੂ (ਪਰਮਾਤਮਾ ਦੇ) ਸਦਾ ਕਾਇਮ ਰਹਿਣ ਵਾਲੇ ਨਾਮ ਵਿਚ (ਲੀਨ ਰਹਿੰਦਾ ਹੈ)।
ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ-ਇਹੀ ਹੈ ਗੁਰੂ ਦਾ ਸੰਜਮ। ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ-ਇਹੀ ਹੈ ਗੁਰੂ ਦੀ ਕਰਣੀ।
ਜਿਹੜਾ ਮਨ ਗੁਰੂ ਦੀ ਸੰਗਤ ਵਿਚ ਮਸਤ ਰਹਿੰਦਾ ਹੈ ਉਹ ਮਨ ਪਵਿੱਤਰ ਹੋ ਜਾਂਦਾ ਹੈ ॥੩॥
ਪੂਰਾ ਗੁਰੂ ਵੱਡੀ ਕਿਸਮਤ ਨਾਲ ਮਿਲਦਾ ਹੈ,
(ਜਿਸ ਨੂੰ ਮਿਲਦਾ ਹੈ, ਉਹ ਮਨੁੱਖ ਆਪਣੇ) ਮਨ ਵਿਚੋਂ ਕਾਮ ਕ੍ਰੋਧ ਲੋਭ (ਆਦਿਕ ਵਿਕਾਰ) ਦੂਰ ਕਰ ਕੇ (ਗੁਰੂ ਦੀ ਸਰਨ ਪਿਆ ਰਹਿੰਦਾ ਹੈ)।
(ਹੇ ਪ੍ਰਭੂ!) ਮਿਹਰ ਕਰ ਕੇ (ਮੈਨੂੰ) ਗੁਰੂ ਦੇ ਚਰਨਾਂ ਵਿਚ ਟਿਕਾਈ ਰੱਖ,
ਹੇ ਪ੍ਰਭੂ! ਨਾਨਕ ਦੀ ਇਹ ਅਰਦਾਸ ਹੈ, (ਸੇਵਕ ਨੂੰ) ਆਪਣਾ ਸਦਾ-ਥਿਰ ਨਾਮ ਬਖ਼ਸ਼ ॥੪॥੪॥੨੨॥
ਰਾਗ ਮਲਾਰ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਸਖੀ! (ਜਿਸ ਜੀਵ-ਇਸਤ੍ਰੀ ਨੇ ਆਪਣੇ) ਗੁਰੂ ਦੀ ਪ੍ਰਸੰਨਤਾ ਹਾਸਲ ਕਰ ਕੇ ਦਇਆ ਦੇ ਸੋਮੇ ਪਿਆਰੇ ਪ੍ਰਭੂ ਨਾਲ ਆਤਮਕ ਅਨੰਦ ਮਾਨਣਾ ਸ਼ੁਰੂ ਕਰ ਦਿੱਤਾ,
ਉਸ ਨੇ ਸਾਰੇ (ਆਤਮਕ) ਸਿੰਗਾਰ ਕਰ ਲਏ (ਭਾਵ, ਉਸ ਦੇ ਅੰਦਰ ਉੱਚੇ ਆਤਮਕ ਗੁਣ ਪੈਦਾ ਹੋ ਗਏ),
ਉਸ ਨੇ ਸਾਰੇ ਵਿਕਾਰ ਤਿਆਗ ਦਿੱਤੇ,
ਉਸ ਦਾ (ਪਹਿਲਾ) ਭਟਕਦਾ ਮਨ ਡੋਲਣੋਂ ਹਟ ਗਿਆ ॥੧॥ ਰਹਾਉ ॥
ਹੇ (ਮੇਰੇ) ਮਨ! ਤੂੰ ਭੀ ਇਸੇ ਤਰ੍ਹਾਂ (ਪ੍ਰਭੂ ਦਾ ਮਿਲਾਪ) ਹਾਸਲ ਕਰ ਕੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਕੇ ਸੰਤ ਜਨਾਂ ਨਾਲ ਸੰਗਤ ਕਰਿਆ ਕਰ।
(ਤੇਰੇ ਅੰਦਰ ਐਸਾ ਆਨੰਦ ਬਣਿਆ ਰਹੇਗਾ, ਜਿਵੇਂ) ਇਕ-ਰਸ ਢੋਲ ਆਦਿਕ ਸਾਜ਼ ਵੱਜ ਰਹੇ ਹਨ, (ਤੇਰੀ ਜੀਭ ਇਉਂ) ਪਰਮਾਤਮਾ ਦਾ ਨਾਮ (ਉਚਾਰਿਆ ਕਰੇਗੀ, ਜਿਵੇਂ) ਕੋਇਲ ਮਿੱਠੇ ਅਤੇ ਬੜੇ ਸੁੰਦਰ ਬੋਲ ਬੋਲਦੀ ਹੈ ॥੧॥
ਹੇ ਪਿਆਰੇ ਪ੍ਰਭੂ! ਹੇ ਬਹੁਤ ਬੇਅੰਤ ਪ੍ਰਭੂ! ਤੇਰੇ ਦਰਸਨ ਦੀ ਵਡਿਆਈ ਅਜਿਹੀ ਹੈ ਕਿ ਸਫਲਤਾ ਦੇ ਨਿਸ਼ਾਨੇ ਤੋਂ ਉੱਕਦੀ ਨਹੀਂ। ਤੇਰੇ ਸੰਤ ਭੀ ਤੇਰੇ ਚਰਨਾਂ ਵਿਚ ਜੁੜ ਕੇ (ਤੇਰੇ ਵਰਗੇ) ਬਣ ਜਾਂਦੇ ਹਨ
ਸੰਸਾਰ-ਸਮੁੰਦਰ ਤੋਂ ਪਾਰ ਕਰਨ ਵਾਲਾ ਤੇਰਾ ਨਾਮ ਜਪ ਜਪ ਕੇ-
ਜਿਹੜੇ ਸੇਵਕ ਪਰਮਾਤਮਾ ਦੇ ਨਾਮ ਦੀ ਸੁੰਦਰ ਮਾਲਾ-