ਜਿਸ ਮਨੁੱਖ ਨੂੰ ਪਿਆਰੇ ਗੁਰਮੁਖਿ ਸੱਜਣ ਮਿਲ ਪੈਂਦੇ ਹਨ ਉਸ ਦੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਪਿਆਰ ਬਣ ਜਾਂਦਾ ਹੈ।
ਹੇ ਨਾਨਕ! ਉਹ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦਾ ਹੈ ਅਤੇ ਉਹ (ਆਪਣੇ ਅੰਦਰੋਂ) ਸਾਰੇ ਰੋਗ ਦੂਰ ਕਰ ਲੈਂਦਾ ਹੈ ॥੨॥੧੦॥੧੫॥
ਰਾਗ ਟੋਡੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੂਰਖ (ਮਨ)! ਮੈਂ ਸਮਝ ਲਿਆ ਹੈ ਕਿ ਤੂੰ (ਮਾਇਆ ਨਾਲ) ਚੰਬੜਿਆ ਹੋਇਆ ਹੈਂ, (ਤੇਰੀ ਉਸ ਨਾਲ ਪ੍ਰੀਤ ਭੀ) ਕੁਝ ਥੋੜੀ ਜਿਹੀ ਨਹੀਂ ਹੈ।
(ਜੇਹੜੀ ਮਾਇਆ ਸਦਾ) ਤੇਰੀ ਨਹੀਂ ਬਣੀ ਰਹਿਣੀ, ਉਸ ਨੂੰ ਤੂੰ ਆਪਣੀ ਸਮਝ ਰਿਹਾ ਹੈਂ ਰਹਾਉ॥
ਹੇ ਭਾਈ! ਪਰਮਾਤਮਾ (ਹੀ) ਆਪਣਾ (ਅਸਲ ਸਾਥੀ ਹੈ ਉਸ ਨਾਲ ਤੂੰ) ਇਕ ਛਿਨ ਵਾਸਤੇ ਭੀ ਜਾਣ-ਪਛਾਣ ਨਹੀਂ ਪਾਈ।
ਜੇਹੜੀ (ਮਾਇਆ) ਬਿਗਾਨੀ (ਬਣ ਜਾਣੀ) ਹੈ ਉਸ ਨੂੰ ਤੂੰ ਆਪਣੀ ਮੰਨ ਲਿਆ ਹੈ ॥੧॥
ਹੇ ਭਾਈ! ਪਰਮਾਤਮਾ ਦਾ ਨਾਮ (ਅਸਲ) ਸਾਥੀ ਹੈ, ਉਸ ਨੂੰ ਤੂੰ ਆਪਣੇ ਮਨ ਵਿਚ (ਕਦੇ) ਨਹੀਂ ਵਸਾਇਆ।
(ਜੇਹੜੇ ਪਦਾਰਥ ਆਖ਼ਰ) ਛੱਡ ਜਾਣਗੇ, ਉਹਨਾਂ ਨਾਲ ਤੂੰ ਚਿੱਤ ਜੋੜਿਆ ਹੋਇਆ ਹੈ ॥੨॥
ਹੇ ਭਾਈ! ਤੂੰ ਉਸ ਧਨ-ਪਦਾਰਥ ਨੂੰ ਇਕੱਠਾ ਕਰ ਰਿਹਾ ਹੈਂ, ਜਿਸ ਦੀ ਰਾਹੀਂ (ਮਾਇਆ ਦੀ) ਭੁੱਖ ਤ੍ਰੇਹ (ਬਣੀ ਰਹੇਗੀ)।
ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜੀਵਨ-ਸਫ਼ਰ ਦਾ ਖ਼ਰਚ ਹੈ, ਉਹ ਤੂੰ ਹਾਸਲ ਨਹੀਂ ਕੀਤਾ ॥੩॥
(ਹੇ ਭਾਈ!) ਤੂੰ ਕਾਮ ਕ੍ਰੋਧ ਵਿਚ ਤੂੰ ਮੋਹ ਦੇ ਖੂਹ ਵਿਚ ਪਿਆ ਹੋਇਆ ਹੈਂ।
(ਪਰ ਤੇਰੇ ਭੀ ਕੀਹ ਵੱਸ?) ਕੋਈ ਵਿਰਲਾ ਮਨੁੱਖ ਹੇ ਨਾਨਕ! (ਆਖ-) ਗੁਰੂ ਦੀ ਕਿਰਪਾ ਨਾਲ (ਇਸ ਖੂਹ ਵਿਚੋਂ) ਪਾਰ ਲੰਘਦਾ ਹੈ ॥੪॥੧॥੧੬॥
ਹੇ ਭਾਈ! ਮੈਂ ਆਪਣੇ ਹਿਰਦੇ ਵਿਚ ਇਕ ਪਰਮਾਤਮਾ ਦਾ ਹੀ ਆਸਰਾ ਰੱਖਿਆ ਹੋਇਆ ਹੈ।
(ਪਰਮਾਤਮਾ ਤੋਂ ਬਿਨਾ) ਮੈਂ ਕੋਈ ਹੋਰ ਆਸਰਾ ਨਹੀਂ ਪਛਾਣਦਾ ਰਹਾਉ॥
ਹੇ ਭਾਈ! ਬੜੀ ਕਿਸਮਤਿ ਨਾਲ ਮੈਂ ਆਪਣਾ ਗੁਰੂ ਲੱਭਾ।
ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ (ਦੇ ਕੇ) ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ॥੧॥
ਹੁਣ, ਹੇ ਭਾਈ! ਪਰਮਾਤਮਾ ਦਾ ਨਾਮ ਹੀ (ਮੇਰੇ ਵਾਸਤੇ) ਜਪ ਤਪ ਹੈ, ਵਰਤ ਹੈ, ਧਾਰਮਿਕ ਨਿਯਮ ਹੈ।
ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੈਨੂੰ ਸਾਰੇ ਸੁਖ ਆਨੰਦ ਪ੍ਰਾਪਤ ਹੋ ਰਹੇ ਹਨ ॥੨॥
ਹੇ ਭਾਈ! ਪਰਮਾਤਮਾ ਦੇ ਗੁਣ ਗਾਣੇ (ਹੁਣ ਮੇਰੇ ਵਾਸਤੇ) ਧਾਰਮਿਕ ਰਸਮਾਂ ਅਤੇ (ਉੱਚੀ) ਜਾਤਿ ਹੈ।
ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ (ਮੇਰੇ ਅੰਦਰ) ਵੱਡਾ ਆਨੰਦ ਪੈਦਾ ਹੁੰਦਾ ਹੈ ॥੩॥
ਨਾਨਕ ਆਖਦਾ ਹੈ- ਜਿਸ ਮਨੁੱਖ ਨੇ (ਆਪਣੇ ਹਿਰਦੇ ਵਿਚ ਵੱਸਦਾ) ਪਰਮਾਤਮਾ ਲੱਭ ਲਿਆ,
ਉਸ ਦੇ ਹਿਰਦੇ-ਘਰ ਵਿਚ ਹਰੇਕ ਚੀਜ਼ ਆ ਗਈ ॥੪॥੨॥੧੭॥
ਰਾਗ ਟੋਡੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਭਾਈ! ਉਂਞ ਤਾਂ ਇਹ) ਮਨ ਪਰਮਾਤਮਾ ਦਾ ਸੋਹਣਾ ਪ੍ਰੇਮ-ਰੰਗ (ਪ੍ਰਾਪਤ ਕਰਨਾ) ਚਾਹੁੰਦਾ ਰਹਿੰਦਾ ਹੈ,
ਪਰ ਨਿਰੀਆਂ ਗੱਲਾਂ ਨਾਲ ਪ੍ਰੇਮ ਨਹੀਂ ਮਿਲਦਾ ਰਹਾਉ॥
ਹੇ ਭਾਈ! ਪਰਮਾਤਮਾ ਦਾ ਦਰਸਨ ਕਰਨ ਵਾਸਤੇ ਮੈਂ (ਜਾਪ ਤਾਪ ਕਰਮ ਕਾਂਡ ਆਦਿਕ ਦੀ) ਗਲੀ ਗਲੀ ਢੂੰਢਦੀ ਰਹੀ, ਵੇਖਦੀ ਰਹੀ।
(ਆਖ਼ਰ) ਗੁਰੂ ਨੂੰ ਮਿਲ ਕੇ (ਮੈਂ ਆਪਣੇ ਮਨ ਦੀ) ਭਟਕਣਾ ਦੂਰ ਕੀਤੀ ਹੈ ॥੧॥
(ਹੇ ਭਾਈ! ਮਨ ਦੀ ਭਟਕਣਾ ਦੂਰ ਕਰਨ ਦੀ) ਇਹ ਅਕਲ ਮੈਂ ਗੁਰੂ ਪਾਸੋਂ ਹਾਸਲ ਕੀਤੀ, ਮੇਰੇ ਮੱਥੇ ਉਤੇ (ਗੁਰੂ ਦੇ ਮਿਲਾਪ ਦਾ) ਲੇਖ ਧੁਰ ਦਰਗਾਹ ਤੋਂ ਲਿਖਿਆ ਹੋਇਆ ਸੀ।
ਹੇ ਨਾਨਕ! (ਆਖ-) ਇਸ ਤਰ੍ਹਾਂ ਮੈਂ ਪਰਮਾਤਮਾ ਨੂੰ (ਹਰ ਥਾਂ ਵੱਸਦਾ) ਆਪਣੀਆਂ ਅੱਖਾਂ ਨਾਲ ਵੇਖ ਲਿਆ ॥੨॥੧॥੧੮॥
ਹੇ ਭਾਈ! ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ।
ਇਸ ਹਿਰਦੇ ਨੂੰ ਮਹਾਰਾਜ (ਪ੍ਰਭੂ) ਦੀ ਮਾਇਆ ਨੇ-
ਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ (ਜਿਵੇਂ ਮੱਛੀ ਨੂੰ ਕੁੰਡੀ ਵਿਚ) ਰਹਾਉ॥
ਹੇ ਭਾਈ! (ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹੁਤ ਬਹੁਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੍ਰਾਪਤ ਕਰੇ?
ਹੇ ਭਾਈ! ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ, ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨੁੱਖ (ਆਪਣੇ ਮਨ ਨੂੰ ਤ੍ਰਿਸ਼ਨਾ ਦੀ) ਅੱਗ ਨਾਲ ਜੋੜੀ ਰੱਖਦਾ ਹੈ ॥੧॥
ਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ, (ਇਸ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਮਿਟ ਜਾਣਗੇ।
ਹੇ ਦਾਸ ਨਾਨਕ! (ਆਖ-) ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕੁਝ ਪ੍ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ ॥੨॥੨॥੧੯॥