ਇਹਨਾਂ ਦੇ ਆਪਣੇ ਅੰਦਰ ਤਾਂ ਮਾਇਆ ਦੇ ਮੋਹ ਦੀ ਮੈਲ ਹੈ ਤੇ ਮਾਇਆ ਦੇ ਹੀ ਵਿਪਾਰ ਕਰਦੇ ਹਨ।
ਜਿਨ੍ਹਾਂ ਨੂੰ ਜਗਤ ਵਿਚ ਮਾਇਆ ਦਾ ਵਿਪਾਰ ਪਿਆਰਾ ਹੈ ਉਹ ਜਨਮ ਮਰਨ ਦੇ ਗੇੜ ਵਿਚ ਦੁੱਖ ਪਾਂਦੇ ਹਨ।
ਇੰਜ ਮਨੁੱਖ ਜ਼ਹਿਰ ਦਾ ਕੀੜਾ ਬਣਿਆ ਰਹਿੰਦਾ ਹੈ, ਇਸੇ ਜ਼ਹਿਰ ਨਾਲ ਚੰਬੜਿਆ ਰਹਿੰਦਾ ਹੈ, ਇਸੇ ਗੰਦ ਵਿਚ ਆਤਮਕ ਜੀਵਨ ਮੁਕਾ ਲੈਂਦਾ ਹੈ।
ਜੋ ਕੁਝ ਧੁਰ ਤੋਂ ਮਨੁੱਖ ਦੇ ਭਾਗ ਵਿੱਚ ਲਿਖਿਆ ਗਿਆ ਹੈ ਉਹ ਉਹੀ ਕੁਝ ਕਮਾਂਦਾ ਰਹਿੰਦਾ ਹੈ; ਕੋਈ ਵੀ ਇਸ (ਸਚਾਈ) ਨੂੰ ਮਿਟਾ ਨਹੀਂ ਸਕਦਾ।
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਉਹ ਸਦਾ ਹੀ ਆਨੰਦ ਮਾਣਦੇ ਹਨ, ਬਾਕੀ ਤਾਂ ਮੂਰਖ ਹਨ ਜੋ ਹੋਰਨਾਂ ਨੂੰ ਹੀ ਉਪਦੇਸ਼ ਕਰ ਕਰ ਕੇ ਗਵਾਰਪੁਣਾ ਕਮਾਂਦੇ ਹਨ ॥੩॥
ਮਾਇਆ ਦੇ ਮੋਹ ਵਿਚ ਜਿਸ ਮਨ ਰੰਗਿਆ ਜਾਂਦਾ ਹੈ ਉਸ ਨੂੰ ਮੋਹ ਵਿਚ ਫਸ ਕੇ (ਆਤਮਕ ਜੀਵਨ ਦੀ) ਕੋਈ ਸਮਝ ਨਹੀਂ ਆਉਂਦੀ।
ਜੇ ਇਸ ਮਨ ਨੂੰ ਗੁਰੂ ਦੀ ਸਰਨ ਪੈ ਕੇ (ਨਾਮ-ਰੰਗ ਨਾਲ) ਰੰਗ ਲਿਆ ਜਾਏ, ਤਾਂ (ਇਸ ਤੋਂ) ਮਾਇਆ ਦੇ ਮੋਹ ਦਾ ਰੰਗ ਉਤਰ ਜਾਂਦਾ ਹੈ।
ਜਦੋਂ ਮਾਇਆ ਦੇ ਮੋਹ ਦਾ ਰੰਗ ਲਹਿ ਜਾਂਦਾ ਹੈ, ਤਦੋਂ ਸਦਾ-ਥਿਰ ਹਰਿ-ਨਾਮ ਵਿਚ ਲੀਨ ਹੋ ਜਾਈਦਾ ਹੈ ਤਾਂ ਸਦਾ-ਥਿਰ ਹਰਿ-ਨਾਮ-ਧਨ ਨਾਲ (ਆਤਮਕ) ਖ਼ਜ਼ਾਨੇ ਭਰ ਜਾਂਦੇ ਹਨ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹੀ (ਇਸ ਭੇਤ ਨੂੰ) ਸਮਝਦਾ ਹੈ ਤੇ ਸਦਾ-ਥਿਰ ਹਰਿ-ਨਾਮ ਨਾਲ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ।
ਜਿਸ ਨੂੰ ਪਰਮਾਤਮਾ ਆਪ (ਆਪਣੇ ਨਾਲ) ਮਿਲਾਂਦਾ ਹੈ ਉਹੀ ਪਰਮਾਤਮਾ ਨੂੰ ਮਿਲ ਸਕਦਾ ਹੈ ਕੋਈ ਹੋਰ ਉਪਾਉ ਦੱਸਿਆ ਨਹੀਂ ਜਾ ਸਕਦਾ।
ਹੇ ਨਾਨਕ! ਜਗਤ ਨਾਮ ਤੋਂ ਬਿਨਾ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਪਰ, ਕਈ ਐਸੇ ਭੀ ਹਨ ਜੋ (ਪ੍ਰਭੂ-ਚਰਨਾਂ ਨਾਲ) ਪ੍ਰੀਤ ਜੋੜ ਕੇ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ॥੪॥੫॥
ਹੇ ਮੇਰੇ ਮਨ! ਜਗਤ ਤਾਂ ਜਨਮ ਮਰਨ ਦਾ ਗੇੜ ਹੈ, ਆਖ਼ਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਜੁੜਿਆਂ ਹੀ ਇਸ ਵਿਚੋਂ ਨਿਕਲਿਆ ਜਾਂਦਾ ਹੈ।
ਜਦੋਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਬਖ਼ਸ਼ਦਾ ਹੈ ਤਾਂ ਹੀ ਜਗਤ ਵਿਚ ਮੁੜ ਮੁੜ ਫੇਰਾ ਨਹੀਂ ਪਾਣਾ ਪੈਂਦਾ।
ਗੁਰੂ ਦੀ ਸਰਨ ਪੈਣ ਵਾਲੇ ਨੂੰ ਫਿਰ ਉਸ ਨੂੰ ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਮਿਲਦਾ ਤੇ ਸਦਾ ਲਈ ਇਹ ਟੈਂਟਾ ਖਤਮ ਹੋ ਜਾਂਦਾ ਹੈ ਅਤੇ ਉਸ ਨੂੰ ਇੱਜ਼ਤ ਮਿਲਦੀ ਹੈ।
ਜੇਹੜੇ ਸਦਾ-ਥਿਰ ਹਰੀ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ, ਤੇ, ਆਤਮਕ ਅਡੋਲਤਾ ਦੀ ਰਾਹੀਂ ਹੀ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ।
ਜਿਨ੍ਹਾਂ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲੈਂਦੇ ਹਨ ਤੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਜਨਮ ਮਰਨ ਦਾ ਆਖ਼ਰ ਖ਼ਾਤਮਾ ਹੋ ਜਾਂਦਾ ਹੈ।
ਹੇ ਨਾਨਕ! ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ, ਉਹਨਾਂ ਨੂੰ ਸੰਸਾਰ-ਸਮੁੰਦਰ ਵਿਚ ਮੁੜ ਮੁੜ ਫੇਰਾ ਨਹੀਂ ਪਾਣਾ ਪੈਂਦਾ ॥੧॥
ਮਾਇਆ ਦਾ ਮੋਹ ਨਿਰਾ-ਪੁਰਾ ਪਾਗਲ-ਪਨ ਹੈ ਜਿਸ ਕਾਰਨ ਸਹੀ ਜੀਵਨ-ਰਾਹ ਖੁੰਝੀ ਜਾ ਰਹੀ ਹੈ।
ਮਾਂ ਪਿਉ ਤਾਂ ਨਿਰਾ ਮੋਹ ਹੈ, ਇਸ ਮੋਹ ਵਿਚ ਹੀ ਦੁਨੀਆ ਉਲਝੀ ਪਈ ਹੈ।
ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਲੁਕਾਈ ਮੋਹ ਵਿਚ ਫਸੀ ਰਹਿੰਦੀ ਹੈ ਤੇ ਮਨੁੱਖ ਇਸ ਨੂੰ ਮਿਟਾ ਨਹੀਂ ਸਕਦਾ।
ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਹ ਮਾਇਆ ਦਾ ਮੋਹ ਰਚ ਕੇ (ਤਮਾਸ਼ਾ) ਵੇਖ ਰਿਹਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਕੇ (ਮੋਹ ਵਿਚ) ਸੜ ਸੜ ਕੇ ਦੁੱਖੀ ਹੁੰਦਾ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਉਸ ਨੂੰ ਸ਼ਾਂਤੀ ਨਹੀਂ ਮਿਲ ਸਕਦੀ।
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਕੁਰਾਹੇ ਪਿਆ ਹੋਇਆ ਹੈ ਤੇ ਮਾਇਆ ਦੇ ਮੋਹ ਦੇ ਕਾਰਨ ਸਹੀ ਜੀਵਨ-ਰਾਹ ਤੋਂ ਖੁੰਝਾ ਹੋਇਆ ਹੈ ॥੨॥
ਇਸ ਸੰਸਾਰ ਨੂੰ (ਵਿਕਾਰਾਂ ਵਿਚ) ਸੜਦਾ ਵੇਖ ਕੇ (ਜੇਹੜੇ ਮਨੁੱਖ) ਦੌੜ ਕੇ ਪਰਮਾਤਮਾ ਦੀ ਸਰਨ ਜਾ ਪੈਂਦੇ ਹਨ (ਉਹ ਸੜਨੋਂ ਬਚ ਜਾਂਦੇ ਹਨ)।
ਮੈਂ ਪੂਰੇ ਗੁਰੂ ਅੱਗੇ ਅਰਜ਼ੋਈ ਕਰਦਾ ਹਾਂ ਕਿ ਮੈਨੂੰ (ਵਿਕਾਰਾਂ ਦੀ ਸੜਨ ਤੋਂ) ਬਚਾ ਲੈ, ਮੈਨੂੰ (ਇਹ) ਵਡਿਆਈ ਬਖ਼ਸ਼।
ਮੈਨੂੰ ਆਪਣੀ ਸਰਨ ਵਿਚ ਰੱਖ ਤੇ ਪਰਮਾਤਮਾ ਦਾ ਨਾਮ ਜਪਣ ਦੀ ਵਡਿਆਈ ਬਖ਼ਸ਼; ਇਹ ਦਾਤ ਬਖ਼ਸ਼ਣ ਦੀ ਸਮਰੱਥਾ ਰੱਖਣ ਵਾਲਾ ਤੇਰੇ ਜੇਡਾ ਹੋਰ ਕੋਈ ਨਹੀਂ।
ਜੇਹੜੇ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ, ਉਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ਜੇਹੜਾ ਹਰੇਕ ਜੁਗ ਵਿਚ ਇਕ ਆਪ ਹੀ ਆਪ ਹੈ।
ਭਾਵੇਂ ਕੋਈ ਜਤ ਸਤ ਸੰਜਮ (ਆਦਿਕ) ਕਰਮ ਕਮਾਵੇ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ।
ਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਜਾ ਪੈਂਦਾ ਹੈ, ਪਰਮਾਤਮਾ ਉਸ ਨੂੰ ਗੁਰੂ ਦਾ ਸ਼ਬਦ ਸਮਝਣ ਦੀ ਦਾਤ ਬਖ਼ਸ਼ਦਾ ਹੈ ॥੩॥
ਪਰਮਾਤਮਾ ਜੇਹੜੀ ਅਕਲ (ਮਨੁੱਖ ਨੂੰ) ਦੇਂਦਾ ਹੈ ਉਹੀ ਮੱਤ ਪਰਗਟ ਹੁੰਦੀ ਹੈ; (ਪ੍ਰਭੂ ਦੀ ਦਿੱਤੀ ਮੱਤ ਤੋਂ ਬਿਨਾ) ਹੋਰ ਕੋਈ ਮੱਤ (ਮਨੁੱਖ ਗ੍ਰਹਿਣ) ਨਹੀਂ (ਕਰ ਸਕਦਾ)।
(ਹੇ ਪ੍ਰਭੂ! ਹਰੇਕ ਜੀਵ ਦੇ) ਅੰਦਰ ਤੇ ਬਾਹਰ ਸਿਰਫ਼ ਤੂੰ ਹੀ ਵੱਸਦਾ ਹੈਂ, ਤੂੰ ਆਪ ਹੀ ਜੀਵ ਨੂੰ ਸਮਝ ਬਖ਼ਸ਼ਦਾ ਹੈਂ।
(ਹੇ ਪ੍ਰਭੂ!) ਤੂੰ ਆਪ ਹੀ (ਜੀਵ ਨੂੰ) ਅਕਲ ਦੇਂਦਾ ਹੈਂ (ਤੇਰੀ ਦਿੱਤੀ ਹੋਈ ਅਕਲ ਤੋਂ ਬਿਨਾ) ਕੋਈ ਹੋਰ (ਅਕਲ ਜੀਵ ਨੂੰ) ਪਸੰਦ ਹੀ ਨਹੀਂ ਆ ਸਕਦੀ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਦਾ ਸਵਾਦ ਚੱਖਦਾ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਅਡੋਲ ਚਿੱਤ ਟਿਕਿਆ ਰਹਿੰਦਾ ਹੈ।